ਪਿਆਸ

ਬੌਬੀ ਗੁਰ ਪਰਵੀਨ

(ਸਮਾਜ ਵੀਕਲੀ)

ਇਹ ਕੈਸਾ ਰਿਸ਼ਤਾ ਹੈ
ਪਾਣੀ ਦਾ ਪਿਆਸ ਤੇ
ਪਿਆਸ ਦਾ ਆਸ ਨਾਲ
ਨਿਰੰਤਰ ਇਹ
ਨਾਲ ਨਾਲ ਚੱਲਦੇ ਹਨ
ਨਾ ਪਿਆਸ ਬੁੱਝਦੀ ਐ
ਨਾ ਆਸ ਮੁੱਕਦੀ ਐ
ਪਾਣੀ ਲੱਭ ਵੀ ਜਾਏ
ਤਾਂ ਪਿਆਸ ਮਿਟਦੀ ਕਿੱਥੇ ਐ
ਬੱਸ ਕੁੱਝ ਪਲ ਦੀ ਤ੍ਰਿਪਤੀ
ਮਨ ਨੂੰ ਛਲਾਵੇ ਦੇਂਦੀ ਹੈ
ਫੇਰ ਭੜਕ ਉੱਠਦੀ ਐ
ਅੱਧ ਬੁੱਝੀ ਅੱਗ ਵਾਂਗ
ਪਾਣੀ ਦੀ
ਭਾਲ ਵਿੱਚ ਭਟਕਦੀ
ਕਦੇ ਮਿਰਗ ਤ੍ਰਿਸ਼ਨਾ ਦੇ
ਜਾਲ ਵਿੱਚ ਫਸਦੀ
ਕਦੇ ਸੁੱਕੇ ਦਰਿਆਵਾਂ ਕੰਢੇ ਸਿਸਕਦੀ
ਪਰ ਉਮੀਦ ਦੀ ਬੁੱਕਲ ਨਾ ਛੱਡਦੀ
ਇਹ ਪਿਆਸ ਹੈ
ਲਾਸ਼ਾਂ ਨੂੰ ਨਹੀਂ ਲੱਗਦੀ
ਇਹ ਜਿਉਂਦੀਆਂ ਰੂਹਾਂ
ਨੂੰ ਲੱਗਦੀ ਹੈ

ਸਦੀਆਂ ਤੋਂ
ਵਿਯੋਗ ਦੀ ਅੱਗ ਵਿੱਚ ਸੜਦੀ
ਮਹਿਜ਼ ਇੱਕ ਝਲਕ ਲਈ ਤੜਫ਼ਦੀ
ਕਦੇ ਮਹੀਵਾਲ ਦੇ ਦੀਦਾਰ ਲਈ
ਕੱਚੇ ਘੜੇ ਤੇ
ਸੋਹਣੀ ਬਣ ਤਰਦੀ
ਕਦੇ ਪੁਨੂੰ ਦੀਆਂ ਪੈੜਾਂ ਚੁੰਮ
ਸੱਸੀ ਬਣ
ਥਲਾਂ ਵਿੱਚ ਵਿਲਕਦੀ
ਪਿਆਸ ਕਦੇ ਨਿਰਾਸ਼ ਨਹੀਂ ਹੁੰਦੀ
ਬੁੱਝਦੀ ਹੈ ਪਰ ਫੇਰ ਜਾਗ ਜਾਂਦੀ ਹੈ
ਜਬਰ ਜ਼ੁਲਮ ਦੀ ਤਲਵਾਰ ਬਣ
ਇਹ ਬੇਗੁਨਾਹਾਂ ਦੇ ਲਹੂ ਭਾਲਦੀ
ਸਬਰ ਦਾ ਬੰਨ੍ਹ ਟੁੱਟੇ ਜਾਵੇ ਤਾਂ
ਬਗ਼ਾਵਤ ਕਰ ਤਖ਼ਤ ਪਲਟਾਉਂਦੀ
ਪਰ ਇਹ ਅੰਦਰ ਪਲਦੀ ਰਹਿੰਦੀ ਹੈ
ਕੋਈ ਵੀ
ਇਸਦੀ ਗ੍ਰਿਫ਼ਤ ਤੋਂ ਅਜ਼ਾਦ ਨਹੀਂ
ਕੀ ਕੋਈ ਹੈ
ਜਿਸ ਅੰਦਰ ਪਿਆਸ ਨਹੀਂ ?
ਮੁਰਦਾ ਚੁੱਪੀ ਨੂੰ ਨਕਾਰਦੀ
ਜੀਓਂਦੇ ਹੋਣ ਦਾ ਅਹਿਸਾਸ ਕਰਵਾਉਂਦੀ
ਪਿਆਸ ਹੈ ਤਾਂ ਜ਼ਿੰਦਗੀ ਹੈ
ਜਿਊਣਾ ਹੈ ਤਾਂ ਪਿਆਸ ਜ਼ਰੂਰੀ ਹੈ

ਹੱਕ ਸੱਚ ਦੀ ਲੜਾਈ ਲਈ
ਅਨਿਆਂ ਵਿਰੁੱਧ ਡਟਣ ਲਈ
ਗ਼ਲਤ ਨੂੰ ਗ਼ਲਤ ਕਹਿਣ ਲਈ
ਲੋਥਾਂ ਵਿੱਚ ਰੂਹ ਭਰਨ ਲਈ
ਆਪਣੀ ਹੋਂਦ ਬਚਾਉਣ ਲਈ
ਆਪਣੇ ਜਿਉਂਦੇ ਹੋਣ ਦਾ
ਸਬੂਤ ਦੇਣ ਲਈ
ਪਿਆਸ ਜ਼ਰੂਰੀ ਹੈ!

ਬੌਬੀ ਗੁਰ ਪਰਵੀਨ

Previous articleਪੁਣੇ ਪੋਰਸ਼ ਦੁਰਘਟਨਾ ਮਾਮਲੇ ‘ਚ ਵੱਡਾ ਖੁਲਾਸਾ, ਦੋਸ਼ੀ ਦੇ ਦੋਸਤਾਂ ਦੇ ਖੂਨ ਦੇ ਨਮੂਨੇ ਵੀ ਬਦਲੇ
Next articleਬਸਪਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੀਖਿਆ ਮੀਟਿੰਗ ਹੋਈ