ਲੱਗੇ_ਸੋਚ_ਨੂੰ_ਜੇ_ਕੀੜਾ

ਰੋਮੀ ਘੜਾਮੇਂ ਵਾਲਾ

(ਸਮਾਜ ਵੀਕਲੀ)

ਲੱਗੇ ਜਾੜ੍ਹ ਨੂੰ ਜੇ ਕੀੜਾ ਹੈ ਕਢਾ ਕੇ ਸਰ ਜਾਂਦਾ
ਪੈ ਜਏ ਜਖ਼ਮ ਚ ਕੀੜਾ ਤਾਂ ਵਢਾ ਕੇ ਸਰ ਜਾਂਦਾ

ਯਾਨਿ ਬਹੁਤਾ ਕੁਝ ਯਾਰੋ ਨਹੀਂਉਂ ਹੁੰਦਾ ਬਰਬਾਦ
ਲੱਗੇ ਸੋਚ ਨੂੰ ਜੇ ਕੀੜਾ ਉਹਦਾ ਕੋਈ ਨਾ ਇਲਾਜ

  1. ਭੈੜਾ ਸਾਰਿਆਂ ਤੋਂ ਖਾਨਦਾਨੀ ਟੌਹਰ ਵਾਲਾ ਕੀੜਾ
    ਟੇਢਾ ਕਰਦਾ ਸਲੀਕਾ ਤੇ ਨਜ਼ਰੀਆ ਵੀ ਭੀੜਾ

ਔਖੇ ਨੌਕਰੀ, ਵਪਾਰ, ਕਹਿੰਦੇ ਕੋਣ ਪਿੱਟੇ ਧੰਦ
ਵੱਡਾ ਵੱਸ ਦੀ ਨਾ ਗੱਲ ਛੋਟਾ ਆਉਂਦਾ ਨਾ ਪਸੰਦ

ਫੇਰ ਕਰਜ਼ੇ ਨੂੰ ਚਾਲੇ ਤਾਂ ਕਿ ਖੜ੍ਹੀ ਰਹੇ ਮੁੱਛ
ਕਹਿੰਦੇ ਆਂਢ ਤੇ ਗਵਾਂਢ ਚਾਹੀਦੀ ਹੈ ਦੱਸ – ਪੁੱਛ

ਔਖਾ ਮੋੜਨਾ ਏ ਮੂਲ ਉੱਤੋਂ ਵਿਆਜ ਤੇ ਵਿਆਜ
ਲੱਗੇ ਸੋਚ ਨੂੰ ਜੇ ਕੀੜਾ ਉਹਦਾ ਕੋਈ ਨਾ ਇਲਾਜ

2. ਲੱਗ ਸੋਚ ਨੂੰ ਜੇ ਜਾਵੇ ਦੂਜਾ ਕੀੜਾ ਜ਼ਾਤ ਵਾਲਾ
ਵਿੱਚ ਜਿੰਦਗੀ ਦੇ ਵੱਡਾ ਪਾ ਕੇ ਰੱਖਦਾ ਖਿਲਾਰਾ

ਗਾਲ਼ ਜਿੰਦਗੀ ਦੇ ਸਾਲ ਧੀ ਨੇ ਕੀਤੀਆਂ ਪੜ੍ਹਾਈਆਂ
ਰਹਿਕੇ ਅੱਵਲਾਂ ਦੇ ਵਿੱਚ ਵੱਡੀ ਡਿਗਰੀਆਂ ਪਾਈਆਂ

ਫੇਰ ਕਰਦੇ ਕਰਾਉਂਦੇ ਆਇਆ ਵਿਆਹ ਦਾ ਸਵਾਲ
ਬਾਕੀ ਸਾਰਾ ਕੁਝ ਮਿੱਟੀ ਵਿਆਹਤੀ ਜਾਇਦਾਦ ਨਾਲ

ਫੇਰ ਕਰਤੀ ਗੁਲਾਮ ਮਸਾਂ ਹੋਈ ਸੀ ਆਬਾਦ
ਲੱਗੇ ਸੋਚ ਨੂੰ ਜੇ ਕੀੜਾ ਉਹਦਾ ਕੋਈ ਨਾ ਇਲਾਜ

3. ਤੀਜਾ ਰੀਸ ਵਾਲਾ ਕੀੜਾ ਵੀ ਵਿਖਾਵੇ ਵੱਡੇ ਰੰਗ
ਬੰਦੇ ਕਹਿੰਦੇ ਤੋਂ ਕਹਾਉਂਦੇ ਕਰੇ ਦਿਨਾਂ ਵਿੱਚ ਨੰਗ

ਪਾ ਲਈ ਵੱਡੇ ਭਾਈ ਕੋਠੀ ਛੋਟਾ ਉਹਤੋਂ ਵੱਡੀ ਪਾਵੇ
ਭਾਵੇਂ ਗਹਿਣਾ-ਗੱਟਾ, ਡੰਗਰ, ਜ਼ਮੀਨ ਵਿਕ ਜਾਵੇ

ਲੈ ਲਈ ਸਾਂਢੂ ਨੇ ਜੇ ਕਾਰ ਦੂਜਾ ਘੂਰੀਆਂ ਜੀ ਵੱਟੇ
ਲੋਨ ਬੈਂਕ ਤੋਂ ਕਰਾ ਕੇ ਫੇਰ ਚੁੱਕ ਦਿੰਦਾ ਫੱਟੇ

ਭਰ ਕਿਸ਼ਤਾਂ ਬੇਸ਼ੱਕ ਨਾਨੀ ਆ ਜੇ ਫੇਰ ਯਾਦ
ਲੱਗੇ ਸੋਚ ਨੂੰ ਜੇ ਕੀੜਾ ਉਹਦਾ ਕੋਈ ਨਾ ਇਲਾਜ

4. ਪਨ੍ਹਾ ਰੋਮੀਆਂ ਬਚਾਈਂ ਕੀੜੇ ਉੱਤੇ ਹੀ ਇਹ ਪਏ
ਰਹਿਣ ਲੜਨੇ ਨੂੰ ਕਾਹਲੇ ਕੋਈ ਪੰਗਾ ‘ਕੇਰਾਂ ਲਏ

ਐਵੇਂ ਫੂਕ ਜਈ ਚ ਆ ਕੇ ਮਨ ਪੈ ਜਵੇ ਜੇ ਕਾਹਲਾ
ਪਹਿਲਾਂ ਪਿੰਡ ਵੇ ਘੜਾਮੇਂ ਤੱਕੀਂ ਆਲਾ ਤੇ ਦੁਆਲਾ

ਸੁਣੀ ਕਿੱਥੇ-ਕਿੱਥੇ ਕੀਹਦਾ-ਕੀਹਦਾ ਕੀ-ਕੀ ਏ ਜ਼ਿਕਰ
ਹੁੰਦੇ ਨਰਕਾਂ ਦੇ ਘਰ ਪਛਤਾਵਾ ਤੇ ਫ਼ਿਕਰ

ਛੱਡ ਕੱਲ੍ਹ ਦਾ ਸਵਾਲ ਲੈ ਲੈ ਅੱਜ ਦਾ ਸਵਾਦ
ਲੱਗੇ ਸੋਚ ਨੂੰ ਜੇ ਕੀੜਾ ਉਹਦਾ ਕੋਈ ਨਾ ਇਲਾਜ

ਰੋਮੀ ਘੜਾਮੇਂ ਵਾਲਾ
98552-81105

Previous articleयहाँ भी रावण वहां भी रावण !!
Next articleਬਲਬੀਰ ਕੌਰ ਰਾਏਕੋਟੀ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ 29 ਅਕਤੂਬਰ ਨੂੰ