ਚੰਡੀਗੜ੍ਹ ਵਾਲੀ ਜੇਤੂ ਲਹਿਰ ਹੁਣ ਪੰਜਾਬ ’ਚ ਚੱਲੇਗੀ: ਕੇਜਰੀਵਾਲ

ਚੰਡੀਗੜ੍ਹ(ਸਮਾਜ ਵੀਕਲੀ):  ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣ ਵਾਲੀ ਜੇਤੂ ਲਹਿਰ ਹੁਣ ਪੰਜਾਬ ਵਿੱਚ ਚੱਲੇਗੀ| ਉਨ੍ਹਾਂ ਕਿਹਾ ਕਿ ਪਹਿਲਾਂ ‘ਆਪ’ ਨੇ ਦੇਸ਼ ਦੀ ਰਾਜਧਾਨੀ ਦਿੱਲੀ ਜਿੱਤੀ ਅਤੇ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਜਿੱਤ ਪ੍ਰਾਪਤ ਕੀਤੀ ਹੈ, ‘ਆਪ’ ਹੁਣ ਪੰਜਾਬ ਵਿੱਚ ਸਰਕਾਰ ਬਣਾਵੇਗੀ| ਸ੍ਰੀ ਕੇਜਰੀਵਾਲ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ‘ਆਪ’ ਨੂੰ ਮਿਲੀ ਜਿੱਤ ਮਗਰੋਂ ਇੱਥੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਤੇ ਰੋਡ ਸ਼ੋਅ ਕੱਢ ਕੇ ਪੰਜਾਬ ਨੂੰ ਸਿਆਸੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ|

ਅਰਵਿੰਦ ਕੇਜਰੀਵਾਲ ਅੱਜ ਦਿੱਲੀ ਤੋਂ ਚੰਡੀਗੜ੍ਹ ਪੁੱਜੇ। ਉਨ੍ਹਾਂ ਇਸ ਮੌਕੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੇ ‘ਆਪ’ ਦੀ ਇਮਾਨਦਾਰੀ ਵਾਲੀ ਸਿਆਸਤ ਵਿੱਚ ਭਰੋਸਾ ਪ੍ਰਗਟਾਇਆ ਹੈ ਅਤੇ ‘ਆਪ’ ਦੀ ਚੰਡੀਗੜ੍ਹ ਵਿੱਚ ਇਹ ਪਹਿਲੀ ਚੋਣ ਸੀ| ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਵਿੱਚ ਚਮਤਕਾਰ ਹੋਇਆ ਹੈ ਅਤੇ ਹੁਣ ਨਤੀਜੇ ਦੇਖ ਕੇ ਲੋਕ ਆਖਣ ਲੱਗੇ ਹਨ ਕਿ ਭਾਜਪਾ ਤੇ ਕਾਂਗਰਸ ਨੂੰ ਹਰਾਇਆ ਜਾ ਸਕਦਾ ਹੈ| ਉਨ੍ਹਾਂ ਇਹ ਇਸ਼ਾਰਾ ਵੀ ਕੀਤਾ ਕਿ ਇਹ ਚਮਤਕਾਰ ਹੁਣ ਪੰਜਾਬ ਵਿੱਚ ਵੀ ਹੋਵੇਗਾ| ਚੇਤੇ ਰਹੇ ਕਿ ਚੰਡੀਗੜ੍ਹ ਚੋਣਾਂ ਵਿੱਚ ‘ਆਪ’ ਦੇ ਸਭ ਤੋਂ ਵੱਧ 14 ਉਮੀਦਵਾਰ ਜਿੱਤੇ ਹਨ| ਅਰਵਿੰਦ ਕੇਜਰੀਵਾਲ ਦੀ ਫੇਰੀ ਮੌਕੇ ‘ਆਪ’ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ‘ਆਪ’ ਵੱਲੋਂ ਚੰਡੀਗੜ੍ਹ ਵਿੱਚ ਜੇਤੂ ਮਾਰਚ ਕੱਢਿਆ ਗਿਆ|

ਇਸ ਮੌਕੇ ‘ਆਪ’ ਪੰਜਾਬ ਦੇ ਕਨਵੀਨਰ ਭਗਵੰਤ ਮਾਨ, ਸਹਿ- ਇੰਚਾਰਜ ਰਾਘਵ ਚੱਢਾ, ‘ਆਪ’ ਦੇ ਚੰਡੀਗੜ੍ਹ ਦੇ ਆਗੂ ਪ੍ਰੇਮ ਗਰਗ, ਪ੍ਰਦੀਪ ਛਾਬੜਾ, ਸਾਬਕਾ ਮੰਤਰੀ ਹਰਮੋਹਨ ਧਵਨ ਅਤੇ ਚੰਦਰਮੁਖੀ ਸ਼ਰਮਾ ਹਾਜ਼ਰ ਸਨ| ਇਸ ਮੌਕੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਵਿੱਚ ‘ਆਪ’ ਨੂੰ ਦਿੱਲੀ ਮਾਡਲ ਕਰਕੇ ਵੋਟ ਮਿਲੇ ਹਨ| ਉਨ੍ਹਾਂ ਕਿਹਾ ਕਿ ਦਿੱਲੀ ਮਾਡਲ ਨੂੰ ਹੁਣ ਚੰਡੀਗੜ੍ਹ ਵਿੱਚ ਲਾਗੂ ਕੀਤਾ ਜਾਵੇਗਾ| ਇਸ ਮੌਕੇ ‘ਆਪ’ ਕਨਵੀਨਰ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਨੂੰ ਨੰਬਰ ਵਨ ਸ਼ਹਿਰ ਬਣਾਇਆ ਜਾਵੇਗਾ| ਇਸ ਦੌਰਾਨ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਦਾ ਮੇਅਰ ਬਣਾਉਣ ਲਈ ਕਿਸੇ ਪਾਰਟੀ ਦਾ ਸਹਿਯੋਗ ਲੈਣ ਦੇ ਸੁਆਲ ਨੂੰ ਟਾਲ ਗਏ| ਕੇਜਰੀਵਾਲ ਦੇ ਸਵਾਗਤ ਵਿੱਚ ਅੱਜ ਚੰਡੀਗੜ੍ਹ ’ਚ ਸਵਾਗਤੀ ਗੇਟ ਬਣਾਏ ਗਏ ਅਤੇ ਆਗੂਆਂ ਤੇ ਵਰਕਰਾਂ ਨੇ ਗੁਲਦਸਤੇ ਭੇਟ ਕੀਤੇ|

ਕੌਂਸਲਰਾਂ ਨੂੰ ਚੰਡੀਗੜ੍ਹ ਵਾਸੀਆਂ ਦਾ ਭਰੋਸਾ ਨਾ ਤੋੜਨ ਦੀ ਸਹੁੰ ਚੁਕਾਈ

ਅਰਵਿੰਦ ਕੇਜਰੀਵਾਲ ਨੂੰ ਅੰਦਰੋਂ ਇਹ ਖ਼ਦਸ਼ਾ ਵੀ ਸੀ ਕਿ ਕਿਤੇ ‘ਆਪ’ ਦੇ ਕੌਂਸਲਰਾਂ ਨੂੰ ਰਵਾਇਤੀ ਧਿਰਾਂ ਆਪਣੇ ਪਾਲੇ ਵਿੱਚ ਨਾ ਕਰ ਲੈਣ ਜਿਸ ਕਾਰਨ ਉਨ੍ਹਾਂ ਅਜਿਹੇ ਰਾਹ ਬੰਦ ਕਰਨ ਲਈ ਅੱਜ ‘ਆਪ’ ਕੌਂਸਲਰਾਂ ਨੂੰ ਸਹੁੰ ਵੀ ਚੁਕਵਾਈ ਕਿ ਉਹ (ਕੌਂਸਲਰ) ਚੰਡੀਗੜ੍ਹ ਵਾਸੀਆਂ ਦਾ ਭਰੋਸਾ ਨਹੀਂ ਤੋੜਨਗੇ ਅਤੇ ਚੰਡੀਗੜ੍ਹ ਅਤੇ ‘ਆਪ’ ਨਾਲ ਕਿਸੇ ਤਰ੍ਹਾਂ ਦਾ ਦਗ਼ਾ ਨਹੀਂ ਕਰਨਗੇ ਤੇ ਜੇਕਰ ਅਜਿਹਾ ਕੀਤਾ ਤਾਂ ਉਹ ਮੁੜ ਲੋਕਾਂ ਤੋਂ ਵੋਟ ਨਹੀਂ ਮੰਗਣਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਗਾਲੈਂਡ ’ਚ ਅਫ਼ਸਪਾ ਛੇ ਹੋਰ ਮਹੀਨਿਆਂ ਲਈ ਵਧਾਇਆ
Next articleਚੰਨੀ ਵੱਲੋਂ ਕਾਂਗਰਸ ਦੀ ਸਰਕਾਰ ਬਣਾਉਣ ਦਾ ਸੱਦਾ