ਟੋਕੀਓ (ਸਮਾਜ ਵੀਕਲੀ): ਸਟਰਾਈਕਰ ਵੰਦਨਾ ਕਟਾਰੀਆ ਦੀ ਇਤਿਹਾਸਕ ਹੈਟ੍ਰਿਕ ਦੇ ਦਮ ’ਤੇ ਭਾਰਤ ਨੇ ਅੱਜ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿੱਚ ਹੇਠਲੀ ਦਰਜਾਬੰਦੀ ਵਾਲੀ ਦੱਖਣੀ ਅਫਰੀਕਾ ਦੀ ਟੀਮ ਨੂੰ 4-3 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲੇ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਵੰਦਨਾ ਨੇ ਚੌਥੇ, 17ਵੇਂ ਤੇ 49ਵੇਂ ਮਿੰਟ ਵਿੱਚ ਗੋਲ ਕੀਤੇ। ਉਹ ਓਲੰਪਿਕ ਦੇ ਇਤਿਹਾਸ ਵਿੱਚ ਹੈਟ੍ਰਿਕ ਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਇਕ ਗੋਲ ਨੇਹਾ ਨੇ 32ਵੇਂ ਮਿੰਟ ਵਿੱਚ ਕੀਤਾ। ਦੱਖਣੀ ਅਫ਼ਰੀਕਾ ਲਈ ਟੈਰਿਨ ਗਲਾਸਬੀ (15ਵਾਂ), ਕਪਤਾਨ ਐਰਿਨ ਹੰਟਰ (30ਵੇਂ) ਤੇ ਮੈਰੀਜੇਨ ਮਰਾਇਸਨ (39ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਗਰੁੱਪ ਗੇੜ ਵਿੱਚ ਪਹਿਲੇ ਤਿੰਨ ਮੈਚ ਹਾਰਨ ਮਗਰੋਂ ਆਖਰੀ ਦੋ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਪੂਲ ਏ ਵਿੱਚ ਚੌਥੇ ਸਥਾਨ ’ਤੇ ਹੈ, ਪਰ ਆਇਰਲੈਂਡ ਕੋਲ ਉਸ ਨੂੰ ਹੇਠਲੇ ਸਥਾਨ ’ਤੇ ਧੱਕਣ ਦਾ ਮੌਕਾ ਹੈ।
ਭਾਰਤ ਨੂੰ ਮੁਕਾਬਲੇ ਵਿੱਚ ਬਣੇ ਰਹਿਣ ਲਈ ਦੱਖਣੀ ਅਫ਼ਰੀਕਾ ਖ਼ਿਲਾਫ਼ ਜਿੱਤ ਜ਼ਰੂਰੀ ਸੀ। ਭਾਰਤੀ ਟੀਮ ਨੇ ਪਹਿਲੇ ਹੀ ਮਿੰਟ ਵਿੱਚ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂਆਤੀ ਦੋ ਮਿੰਟਾਂ ਵਿੱਚ ਭਾਰਤ ਨੂੰ ਦੋ ਪੈਨਲਟੀ ਕਾਰਨਰ ਮਿਲੇ, ਪਰ ਡਰੈਗ ਫਲਿੱਕਰ ਗੁਰਜੀਤ ਕੌਰ ਦੀ ਖਰਾਬ ਲੈਅ ਜਾਰੀ ਰਹੀ। ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਮੈਚ ਉਪਰੰਤ ਕਿਹਾ, ‘‘ਅੱਜ ਦਾ ਮੈਚ ਬਹੁਤ ਮੁਸ਼ਕਲ ਸੀ। ਦੱਖਣੀ ਅਫਰੀਕਾ ਨੇ ਸਖ਼ਤ ਚੁਣੌਤੀ ਦਿੱਤੀ। ਉਨ੍ਹਾਂ ਨੇ ਆਪਣੇ ਕਈ ਮੌਕਿਆਂ ਨੂੰ ਗੋਲ ਵਿੱਚ ਤਬਦੀਲ ਕੀਤਾ। ਅਸੀਂ ਡਿਫੈਂਸ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ।’’ ਭਾਰਤ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ, ‘‘ਅਸੀਂ ਕਾਫ਼ੀ ਗੋਲ ਦਿੱਤੇ। ਅਸੀਂ ਇਸ ਤੋਂ ਵਧ ਗੋਲ ਕਰ ਸਕਦੇ ਸੀ। ਅਸੀਂ ਇਹ ਮੈਚ ਹਰ ਹਾਲ ਜਿੱਤਣਾ ਸੀ ਤੇ ਅਸੀਂ ਜਿੱਤੇ ਵੀ।’’ ਕੋਚ ਨੇ ਕਿਹਾ, ‘‘ਇਨ੍ਹਾਂ ਹਾਲਾਤ ਵਿੱਚ ਖੇਡਣਾ ਸੌਖਾ ਨਹੀਂ ਹੈ। ਪਿੱਚ ’ਤੇ 35 ਡਿਗਰੀ ਤੋਂ ਵਧ ਤਾਪਮਾਨ ਤੇ ਹੁੰਮਸ ਸੀ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly