(ਸਮਾਜ ਵੀਕਲੀ)
ਹਉਕੇ ਲੈ ਲੈ ਰੋਨੇ ਆ ਨਿੱਤ,
ਪਰ ਲੋਕੋਂ ਵੇ ਮਨ ਦੇ ਹੀ ਵਿੱਚ।
ਦਰਦ ਕਿਸੇ ਨਾ ਸਮਝਿਆਂ ਮੇਰਾ,
ਚੁੰਨੀ ਲੱਥੀ ਵੇਖ ਲਈ ਹਿੱਕ।
ਕੁੱਖ ਦੇ ਵਿੱਚ ਲਾ ਦਿੱਤੀ ਮਹਿੰਦੀ ,
ਜਨਮ ਲਿਆ ਤਾਂ ਡੋਲੀ ਦੇ ਵਿੱਚ ।
ਮਜਬੂਰ ਬਾਲੜੀ ਵਿਆਹ ਕੇ ਲਿਆਂਦੀ ,
ਰਾਜ਼ੀ ਕਰ ਲਿਆ ਛੱਕੇ ਨੇ ਚਿੱਤ।
ਭੁੱਖ ਤੇਹ ਕੱਟੀ ਜ਼ੁਲਮ ਸਹੇ ਕਿੰਨੇ ,
ਪਰ ਕਿਸੇ ਨੇ ਵੇਖਿਆ ਨਾ ਇੱਕ ।
ਐ ਅੱਲ੍ਹਾ ਕਿਸਮਤ ਐਨੀ ਮਾੜੀ ,
ਰੋਂਦੀ ਦਾ ਦਿਨ ਜਾਂਦਾ ਏ ਛਿੱਪ।
ਕਹਿਣ ਲਈ ਘਰ ਵਿੱਚ ਬੰਦੇ ਸੀ,
ਬੰਦਿਆਂ ਵਰਗਾ ਬੰਦਾ ਨੀ ਇੱਕ।
ਖ਼ਸਮ ਭਾਲਿਆ ਆਪ ਖ਼ਸਮ ਨੇ,
ਤਾਂ ਕਿ ਤੀਂਵੀ ਵੀ ਜਾਵੇ ਟਿੱਕ।
ਵੀਰਪਾਲ ਪਿਆ ਸਮਝੌਤਾ ਕਰਨਾ,
ਖੁਸ਼ੀ ਤਾਂ ਭਾਵੇਂ ਹੈਨ੍ਹੀ ਸੀ ਵਿੱਚ ।
ਮੋਢਿਆਂ ਉੱਤੇ ਭਾਰ ਸੀ ਲੱਦਿਆ ,
ਕਿੱਤੇ ਤਾਂ ਲੈ ਕੇ ਜਾਣਾ ਸੀ ਖਿੱਚ।
ਵੀਰਪਾਲ ਕੌਰ ਭੱਠਲ



