(ਸਮਾਜ ਵੀਕਲੀ) ਪਰਵਾਸ ਇੱਕ ਕੁਦਰਤੀ ਵਰਤਾਰਾ ਹੈ। ਇਹ ਆਦਿ ਕਾਲ ਤੋਂ ਹੀ ਚੱਲ ਰਿਹਾ ਹੈ। ਮਨੁੱਖ ਹਮੇਸ਼ਾ ਹੀ ਇੱਕ ਥਾਂ ਤੋਂ ਦੂਜੀ ਥਾਂ ਰੋਜ਼ੀ ਰੋਟੀ ਦੀ ਭਾਲ ਵਿੱਚ ਜਾਂਦਾ ਰਿਹਾ। ਉਸ ਜਗ੍ਹਾ ਜਿੱਥੇ ਰੁਜ਼ਗਾਰ ਦੇ ਮੌਕੇ ਹੋਣ ਲੋਕਾਂ ਦਾ ਪ੍ਰਵਾਸ ਕਰਨਾ ਉਚਿਤ ਹੈ। ਹਿੰਦੁਸਤਾਨ ਦੇ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾ ਕੇ ਕੰਮ ਕਰਨਾ ਆਮ ਜਿਹੀ ਗੱਲ ਹੈ।
ਸ਼ੁਰੂ ਤੋਂ ਹੀ ਇਹ ਵਰਤਾਰਾ ਚੱਲਦਾ ਆ ਰਿਹਾ ਹੈ। ਪੰਜਾਬੀ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿੱਚ ਸਾਰੇ ਸੰਸਾਰ ਵਿੱਚ ਗਏ ਹਨ। ਉਹਨਾਂ ਉੱਥੇ ਬਹੁਤ ਕਮਾਈ ਕੀਤੀ ਹੈ ਤੇ ਆਪਣੇ ਘਰਾਂ ਨੂੰ ਵੀ ਬਹੁਤ ਪੈਸਾ ਭੇਜਿਆ ਹੈ। ਠੀਕ ਇਸੇ ਤਰ੍ਹਾਂ ਯੂਪੀ ਬਿਹਾਰ ਤੇ ਹੋਰ ਕਈ ਪ੍ਰਦੇਸ਼ਾਂ ਤੋਂ ਲੋਕ ਪੰਜਾਬ ਵਿੱਚ ਆਉਂਦੇ ਹਨ ਤੇ ਕੰਮ ਕਾਰ ਕਰਦੇ ਹਨ। ਉਹ ਆਪਣੇ ਘਰਾਂ ਨੂੰ ਪੈਸਾ ਭੇਜਦੇ ਹਨ ਤੇ ਉਨਾਂ ਨੂੰ ਚੰਗੀਆਂ ਸੁੱਖ ਸੁਵਿਧਾਵਾਂ ਦਿੰਦੇ ਹਨ। ਪਹਿਲਾਂ ਇਹ ਇਸ ਤਰ੍ਹਾਂ ਹੀ ਚੱਲ ਰਿਹਾ ਸੀ। ਪਿਛਲੇ ਕੁਝ ਸਮੇਂ ਤੋਂ ਉਨਾਂ ਨੇ ਪਰਿਵਾਰ ਸਮੇਤ ਪੰਜਾਬ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਕੁਝ ਗਲਤ ਵੀ ਨਹੀਂ ਹੈ। ਹਿੰਦੁਸਤਾਨ ਦੇ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾ ਕੇ ਰਹਿਣਾ ਕੋਈ ਗਲਤ ਗੱਲ ਨਹੀਂ।
ਹਰ ਮਨੁੱਖ ਜਿੱਥੇ ਵੀ ਹੈ ਆਪਣਾ ਕੰਮ ਕਰਦਾ ਹੈ ਤੇ ਉਸ ਕੰਮ ਤੋਂ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਹੈ। ਇੱਥੇ ਤੱਕ ਕਿਸੇ ਨੂੰ ਕੋਈ ਸਮੱਸਿਆ ਨਹੀਂ। ਸਮੱਸਿਆ ਸਰਕਾਰੀ ਤੰਤਰ ਵਿੱਚ ਹੈ। ਸਮੱਸਿਆ ਇਸ ਗੱਲ ਵਿੱਚ ਹੈ ਕਿ ਜਦੋਂ ਇੱਕ ਸੂਬੇ ਤੋਂ ਦੂਸਰੇ ਸੂਬੇ ਵਿੱਚ ਕੋਈ ਆ ਕੇ ਰਹਿਣਾ ਸ਼ੁਰੂ ਕਰਦਾ ਹੈ ਤਾਂ ਉਸ ਦੀ ਨਾ ਕੋਈ ਤਸਦੀਕ ਕੀਤੀ ਜਾਂਦੀ ਹੈ ਨਾ ਕੋਈ ਪੁੱਛ ਪੜਤਾਲ। ਅਕਸਰ ਦੇਖਿਆ ਗਿਆ ਹੈ ਕਿ ਕੋਈ ਕਾਨੂੰਨੀ ਅਪਰਾਧ ਕਰਕੇ ਦੂਜੇ ਸੂਬੇ ਵਿੱਚ ਚਲਾ ਜਾਂਦਾ ਹੈ ਤੇ ਕਈ ਵਾਰ ਉਥੋਂ ਗਿਰਫਤਾਰ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਸਾਨੂੰ ਇਹ ਪਤਾ ਹੈ ਕਿ ਜਦੋਂ ਅਸੀਂ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਂਦੇ ਹਾਂ ਆਪਣੇ ਪਿਛੋਕੜ ਨੂੰ ਲੁਕਾ ਸਕਦੇ ਹਾਂ।
ਸਾਡੇ ਕੋਲ ਦੂਜੇ ਸੂਬਿਆਂ ਤੋਂ ਆਏ ਬਹੁਤ ਸਾਰੇ ਲੋਕ ਕੰਮ ਕਰਦੇ ਹਨ। ਅੱਜ ਪੰਜਾਬ ਦੇ ਬਹੁਤੇ ਕੰਮਾਂ ਦਾ ਜਿੰਮਾ ਇਹਨਾਂ ਲੋਕਾਂ ਨੇ ਲੈ ਲਿਆ ਹੈ। ਇਹ ਲੋਕ ਮਨ ਲਾ ਕੇ ਮਿਹਨਤ ਕਰਦੇ ਹਨ ਤੇ ਆਪਣੇ ਕੰਮ ਵਿੱਚ ਨਿਪੁੰਨ ਵੀ ਹਨ। ਬੰਦਾ ਕਿਤੇ ਵੀ ਚਲਾ ਜਾਵੇ ਕਾਮਯਾਬ ਉਸ ਨੂੰ ਉਸ ਦੀ ਮਿਹਨਤ ਹੀ ਕਰਦੀ ਹੈ। ਮੁਸ਼ਕਿਲ ਇਹ ਹੈ ਕਿ ਜਦੋਂ ਕਿਸੇ ਅਪਰਾਧਿਕ ਪਿਛੋਕੜ ਦਾ ਵਿਅਕਤੀ ਇੱਕ ਥਾਂ ਤੋਂ ਦੂਜੇ ਥਾਂ ਤੇ ਜਾ ਕੇ ਰਹਿਣਾ ਸ਼ੁਰੂ ਕਰਦਾ ਹੈ ਤਾਂ ਉਸਦੇ ਬਿਰਤੀ ਨਹੀਂ ਬਦਲਦੀ। ਕੁਝ ਸੂਬੇ ਨੂੰ ਛੱਡ ਕੇ ਆਇਆ ਹੈ ਉੱਥੇ ਜੋ ਗੁਨਾਹ ਕਰਕੇ ਆਇਆ ਹੈ ਉਹਨਾਂ ਨੂੰ ਉਥੇ ਹੀ ਦੱਬ ਦਿੱਤਾ ਜਾਂਦਾ ਹੈ। ਨਵੀਂ ਥਾਂ ਤੇ ਜਾ ਕੇ ਨਾ ਤਾਂ ਉਹ ਆਪਣੇ ਪਿਛੋਕੜ ਬਾਰੇ ਕੁਝ ਦੱਸਦਾ ਹੈ ਤੇ ਨਾ ਹੀ ਉਹ ਲੋਪ ਉਸ ਬਾਰੇ ਕੁਝ ਪਤਾ ਕਰਦੇ ਹਨ। ਉਹ ਵਿਅਕਤੀ ਕੁਝ ਦੇਰ ਸਹੀ ਤਰੀਕੇ ਨਾਲ ਕੰਮ ਕਰਦਾ ਹੈ ਹੈ ਪਰ ਉਸਦੇ ਅੰਦਰ ਦੀ ਅਪਰਾਧਿਕ ਬਿਰਤੀ ਉਸਨੂੰ ਫਿਰ ਅਪਰਾਧ ਕਰਨ ਤੇ ਮਜਬੂਰ ਕਰ ਦਿੰਦੀ ਹੈ। ਇਸ ਵਿੱਚ ਇਹ ਗੱਲ ਵੀ ਉਸ ਦੀ ਬਹੁਤ ਮਦਦ ਕਰਦੀ ਹੈ ਕਿ ਪਹਿਲੀ ਵਾਰ ਦੀ ਸਜ਼ਾ ਕੱਟਣ ਤੋਂ ਬਾਅਦ ਜਾ ਅਪਰਾਧ ਕਰਨ ਤੋਂ ਬਾਅਦ ਉਸਦਾ ਕੁਝ ਨਹੀਂ ਵਿਗੜਿਆ ਤੇ ਉਸਨੇ ਦੂਜੇ ਸੂਬੇ ਵਿੱਚ ਆ ਕੇ ਇੱਕ ਵਧੀਆ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ।
ਇਹ ਬਿਲਕੁਲ ਸਹੀ ਹੈ ਕਿ ਕਿਸੇ ਇੱਕ ਦੇ ਕੀਤੇ ਲਈ ਕੋਈ ਸਮੂਹ ਜਿੰਮੇਵਾਰ ਨਹੀਂ ਹੋ ਸਕਦਾ। ਕਿਸੇ ਇੱਕ ਦੀ ਕੀਤੀ ਦੀ ਸਜ਼ਾ ਸਾਰਿਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸੇ ਇੱਕ ਦੇ ਮਾੜੇ ਹੋਣ ਨਾਲ ਉਹ ਸਾਰੀ ਬਿਰਾਦਰੀ ਮਾੜੀ ਨਹੀਂ ਹੋ ਜਾਂਦੀ। ਹਰ ਵਿਅਕਤੀ ਆਪਣੇ ਆਪ ਵਿੱਚ ਇੱਕ ਇਕਾਈ ਹੈ। ਅਸੀਂ ਇੱਕ ਬੰਦੇ ਦੀ ਗਲਤੀ ਕਰਕੇ ਉਸ ਦੇ ਨਾਲ ਦੇ ਸਾਰੇ ਬੰਦਿਆਂ ਨੂੰ ਸ਼ੱਕ ਦੇ ਦਾਇਰੇ ਵਿੱਚ ਖੜਾ ਨਹੀਂ ਕਰ ਸਕਦੇ। ਅਜਿਹਾ ਕਰਨਾ ਬਿਲਕੁਲ ਗਲਤ ਹੈ।
ਇੱਥੇ ਇਹ ਜਰੂਰੀ ਹੋ ਜਾਂਦਾ ਹੈ ਕਿ ਸਾਡੀ ਸਰਕਾਰ ਇਸ ਬਾਰੇ ਸੋਚੇ। ਦੂਜੇ ਸੂਬੇ ਤੋਂ ਆਏ ਕਿਸੇ ਵੀ ਬੰਦੇ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ। ਜਦੋਂ ਸਕੂਲ ਵਿੱਚ ਬੱਚੇ ਦੇ ਦਾਖਲ ਹੋਣ ਲਈ ਅਸੀਂ ਉਸਦੇ ਪਿਤਰੀ ਸ਼ਹਿਰ ਦੇ ਜਿਲਾ ਸਿੱਖਿਆ ਅਫਸਰ ਤੋਂ ਕਾਊਂਟਰ ਸਾਈਨ ਕੀਤਾ ਹੋਇਆ ਸਰਟੀਫਿਕੇਟ ਮੰਗਦੇ ਹਾਂ ਤਾਂ ਫਿਰ ਉਸਦੇ ਪਿਤਾ ਤੋਂ ਅਜਿਹਾ ਕੋਈ ਸਰਟੀਫਿਕੇਟ ਕਿਉਂ ਨਹੀਂ ਮੰਗਿਆ ਜਾਂਦਾ ਜੋ ਉਸਦੀ ਪੁਲਿਸ ਵੈਰੀਫਿਕੇਸ਼ਨ ਹੋਵੇ। ਅਸੀਂ ਜੋ ਸਾਡੇ ਕੋਲ ਕੰਮ ਕਰਦਾ ਹੈ ਉਸ ਬਾਰੇ ਸਾਰੀ ਜਾਣਕਾਰੀ ਪੁਲਿਸ ਕੋਲ ਮੁਹਈਆ ਕਿਉਂ ਨਹੀਂ ਕਰਾਉਂਦੇ?
ਸਰਕਾਰ ਦੇ ਨਾਲ ਨਾਲ ਅਸੀਂ ਵੀ ਗਲਤ ਹਾਂ। ਕੰਮ ਦੇ ਲਾਲਚ ਵਿੱਚ ਅਸੀਂ ਉਸ ਮਨੁੱਖ ਨੂੰ ਫਟਾਫਟ ਕੰਮ ਤੇ ਰੱਖ ਲੈਂਦੇ ਹਾਂ ਬਿਨਾਂ ਇਹ ਪਤਾ ਕੀਤੇ ਕਿ ਉਸ ਦਾ ਪਿਛੋਕੜ ਕੀ ਹੈ। ਉਸਦੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਸੱਚ ਹੈ ਕਿ ਜ਼ਿੰਦਗੀ ਵਿਸ਼ਵਾਸ ਦੇ ਸਿਰ ਤੇ ਚੱਲਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਕਿਸੇ ਬਾਰੇ ਪਤਾ ਨਹੀਂ ਕਰਨਾ ਚਾਹੀਦਾ। ਕਿਸੇ ਨੂੰ ਆਪਣੇ ਕੰਮ ਦਾ ਆਪਣੇ ਰੁਜ਼ਗਾਰ ਦਾ ਆਪਣੇ ਘਰ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਉਸ ਦੇ ਪਿਛੋਕੜ ਬਾਰੇ ਪਤਾ ਕਰ ਲੈਣਾ ਬਹੁਤ ਜਰੂਰੀ ਹੈ।
ਆਧਾਰ ਕਾਰਡ ਵੋਟਰ ਕਾਰਡ ਬਿਨਾਂ ਕੋਈ ਜਾਂਚ ਕੀਤੇ ਬਣ ਰਹੇ ਹਨ। ਅਸੀਂ ਸਭ ਜਾਣਦੇ ਹਾਂ ਕਿ ਗਲਤ ਕਾਗਜ਼ਾਤ ਬੜੀ ਆਸਾਨੀ ਨਾਲ ਬਣ ਜਾਂਦੇ ਹਨ। ਸਰਕਾਰ ਨੂੰ ਇਹ ਜਰੂਰੀ ਕਰ ਦੇਣਾ ਚਾਹੀਦਾ ਹੈ ਕਿ ਜੋ ਵੀ ਵਿਅਕਤੀ ਕਿਸੇ ਦੂਜੇ ਸੂਬੇ ਵਿੱਚੋਂ ਆ ਕੇ ਪੰਜਾਬ ਵਿੱਚ ਰਹਿਣਾ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਉਸ ਸ਼ਹਿਰ ਤੋਂ ਆਪਣਾ ਪੁਲਿਸ ਵੱਲੋਂ ਚਰਿੱਤਰ ਸਰਟੀਫਿਕੇਟ ਲੈ ਕੇ ਆਵੇ। ਇੱਥੇ ਖਦਸ਼ਾ ਇਹ ਵੀ ਹੈ ਕਿ ਉਹ ਪੈਸੇ ਦੇ ਕੇ ਵੀ ਬਣ ਸਕਦਾ ਹੈ। ਪਰ ਕਮ ਸੇ ਕਮ ਕੁਝ ਲਿਖਤੀ ਤਾਂ ਹੋਵੇਗਾ।ਸਾਡੇ ਸਰਪੰਚ ਕੁਝ ਵੋਟਾਂ ਦੇ ਲਾਲਚ ਵਿੱਚ ਕਿਸੇ ਦੇ ਵੀ ਕਾਗਜ਼ਾਂ ਤੇ ਦਸਤਖਤ ਕਰ ਦਿੰਦੇ ਹਨ।
ਜਿਵੇਂ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਹਨ ਠੀਕ ਉਸੇ ਤਰ੍ਹਾਂ ਅੱਖਾਂ ਬੰਦ ਕਰਕੇ ਕੀਤਾ ਯਕੀਨ ਜ਼ਿੰਦਗੀ ਨੂੰ ਮੌਤ ਤੋਂ ਵੀ ਬਦਤਰ ਕਰ ਦਿੰਦਾ ਹੈ। ਸਾਡੇ ਭਾਰਤੀ ਜਦੋਂ ਵਿਦੇਸ਼ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਕਿੰਨੇ ਕਾਗਜ਼ਾਤ ਦਿਖਾਉਣੇ ਪੈਂਦੇ ਹਨ। ਇਥੋਂ ਤੱਕ ਕਿ ਜੇ ਕੋਈ ਵਿਦਿਆਰਥੀ ਜਾਂਦਾ ਹੈ ਤਾਂ ਉਸ ਦੀ ਪੜ੍ਹਾਈ ਵਿੱਚ ਇੱਕ ਮਹੀਨੇ ਦੇ ਗੈਪ ਤੇ ਵੀ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਜਾਂਦਾ ਹੈ। ਸਾਨੂੰ ਉਹਨਾਂ ਮੁਲਕਾਂ ਤੋਂ ਇਹ ਗੱਲ ਸਿੱਖਣ ਦੀ ਜ਼ਰੂਰਤ ਹੈ।
ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਅੱਜ ਦੂਜੇ ਸੂਬਿਆਂ ਤੋਂ ਆਏ ਲੋਕਾਂ ਦੇ ਸਿਰ ਤੇ ਚੱਲ ਰਿਹਾ ਹੈ। ਮੂਲ ਨਿਵਾਸੀ ਜਾਂ ਤਾਂ ਪ੍ਰਵਾਸ ਕਰ ਗਏ ਹਨ ਜਾਂ ਕੰਮ ਨਹੀਂ ਕਰ ਰਹੇ। ਅਜਿਹੇ ਵਿੱਚ ਜੇ ਤੁਸੀਂ ਦੂਜੇ ਸੂਬਿਆਂ ਤੋਂ ਲੋਕਾਂ ਦਾ ਆਉਣਾ ਬੰਦ ਕਰ ਦੇਵੋਗੇ ਜਾਂ ਉਹਨਾਂ ਨੂੰ ਪੰਜਾਬ ਵਿੱਚੋਂ ਭਜਾ ਦੇਵੋਗੇ ਤਾਂ ਪੰਜਾਬ ਕਿਵੇਂ ਚੱਲੇਗਾ। ਇੱਕ ਸਾਲ ਜੀਰੀ ਲਾਉਣ ਲਈ ਲੇਬਰ ਨਹੀਂ ਮਿਲੀ ਸੀ ਤਾਂ ਕੀ ਹਾਲ ਹੋ ਗਿਆ ਸੀ। ਕਿਸੇ ਵੀ ਮਸਲੇ ਦਾ ਭਾਵੁਕਤਾ ਵਿੱਚ ਆ ਕੇ ਫੈਸਲਾ ਲੈਣਾ ਉਚਿਤ ਨਹੀਂ। ਇੱਕ ਬੰਦੇ ਦੀ ਗਲਤੀ ਦੀ ਸਜ਼ਾ ਸਾਰਿਆਂ ਨੂੰ ਨਹੀਂ ਦਿੱਤੀ ਜਾ ਸਕਦੀ। ਦਿੱਤੀ ਵੀ ਨਹੀਂ ਜਾਣੀ ਚਾਹੀਦੀ।
ਬਹੁਤ ਜਰੂਰੀ ਹੈ ਕਿ ਸਾਡੀ ਸਰਕਾਰ ਇਸ ਪ੍ਰਤੀ ਸੁਚੇਤ ਹੋਵੇ ਕਿ ਕੋਈ ਵੀ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਸੂਬੇ ਵਿੱਚ ਆ ਕੇ ਸੂਬੇ ਦਾ ਬਾਸ਼ਿੰਦਾ ਨਾ ਬਣ ਜਾਵੇ। ਉਸ ਕੋਲ ਸਹੀ ਪਛਾਣ ਪੱਤਰ ਹੋਣਾ ਬਹੁਤ ਜਰੂਰੀ ਹੈ। ਜਿਸ ਕਿਸੇ ਕੋਲ ਉਹ ਕੰਮ ਕਰਦਾ ਹੈ ਜਾਂ ਜਿਸ ਕਿਸੇ ਕੋਲ ਉਹ ਰਹਿੰਦਾ ਹੈ ਉਹਨਾਂ ਨੂੰ ਪੁਲਿਸ ਵਿੱਚ ਇਸ ਦੀ ਡਿਟੇਲ ਦੇਣੀ ਚਾਹੀਦੀ ਹੈ ਤੇ ਪੁਲਿਸ ਨੂੰ ਉਸ ਜਿਲ੍ਹੇ ਦੀ ਪੁਲਿਸ ਤੋਂ ਪੜਤਾਲ ਕਰਾਉਣੀ ਚਾਹੀਦੀ ਹੈ। ਆਪਣੇ ਬੱਚਿਆਂ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਹਰ ਕੋਈ ਇਹ ਭਾਵਨਾ ਰੱਖਦਾ ਹੈ ਕਿ ਉਹ ਸੁਰੱਖਿਤ ਹੋਣ। ਇਹ ਸਾਡੀ ਜਿੰਮੇਵਾਰੀ ਵੀ ਹੈ ਕਿ ਅਸੀਂ ਆਪਣੇ ਪਰਿਵਾਰ ਤੇ ਸਮਾਜ ਦੀ ਸੁਰੱਖਿਆ ਦਾ ਬੰਦੋਬਸਤ ਕਰੀਏ।
ਇਸ ਲਈ ਬਹੁਤ ਜਰੂਰੀ ਹੈ ਕਿ ਪੂਰੀ ਪੁੱਛ ਪੜਤਾਲ ਕਰਕੇ ਸਹੀ ਢੰਗ ਨਾਲ ਹੀ ਕਿਸੇ ਨੂੰ ਕੰਮ ਦਿੱਤਾ ਜਾਵੇ। ਅੱਖਾਂ ਬੰਦ ਕਰਕੇ ਯਕੀਨ ਕਰ ਲੈਣਾ ਹਮੇਸ਼ਾ ਹੀ ਨੁਕਸਾਨ ਕਰਵਾਉਂਦਾ ਹੈ। ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਹੈ। ਹੁਣ ਜਰੂਰਤ ਸੁਚੇਤ ਹੋਣ ਦੀ ਹੈ।
ਹਰਪ੍ਰੀਤ ਕੌਰ ਸੰਧੂ



