HOME ਕਥਨੀ ਤੇ ਕਰਨੀ ਦੇ ਪੂਰੇ- ਸੰਤ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲੇ ਜਾਂ...

ਕਥਨੀ ਤੇ ਕਰਨੀ ਦੇ ਪੂਰੇ- ਸੰਤ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲੇ ਜਾਂ ਬ੍ਰਹਮ-ਗਿਆਨੀ ਤੇ ਪਰਉਪਕਾਰੀ ਸਨ :ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ

2
ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ
29 ਜੂਨ ਨੂੰ ਬਰਸੀ ’ਤੇ ਵਿਸ਼ੇਸ਼
   (ਸਮਾਜ ਵੀਕਲੀ)   ਜਗਰਾਉਂ ਤੋਂ ਤਿੰਨ ਮੀਲ ਦੂਰ ਸਤਲੁਜ ਦਰਿਆ ਦੀ ਸਰਹੰਦ ਨਹਿਰ ਦੇ ਕੰਢੇ ਇੱਕ ਅਖਾੜਾ ਨਗਰ ਹੈ। ਸੰਮਤ 1761 ਬਿਕਰਮੀ (ਸੰਨ 1704 ਈ:) ਚੇਤਰ ਮਹੀਨੇ ਕਲਗ਼ੀਧਰ ਪਾਤਸ਼ਾਹ ਚਮਕੌਰ ਸਾਹਿਬ ਦੇ ਯੁੱਧ ਉਪਰੰਤ ਜੰਗਲਾਂ ਵਿੱਚ ਵਿਚਰਦੇ ਹੋਏ ਇਸ ਨਗਰ ਵਿਖੇ ਦੋ ਦਿਨ ਠਹਿਰੇ ਸਨ। ਇਸ ਪਿੰਡ ਦੀ ਇੱਕ ਬਿਰਧ ਮਾਤਾ ‘ਸੇਵੀ’ ਨੇ ਪਿਆਰ, ਸ਼ਰਧਾ ਸਹਿਤ ਮਿੱਠਾ ਪਾ ਕੇ ਸਮੇਤ ਮਲਾਈ ਦੁੱਧ ਛਕਾ ਕੇ ਸੇਵਾ ਕੀਤੀ। ਮਾਤਾ ਦਾ ਪੁੱਤਰ ਸਤਿਗੁਰਾਂ ਦਾ ਹੁਕਮ ਮੰਨ ਕੇ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ, ਸਿੰਘ ਸਜ ਕੇ, ਭਾਈ ਮੁਹੱਬਤ ਸਿੰਘ ਬਣਿਆ। ਹਜ਼ੂਰ ਨੇ ਬਖ਼ਸ਼ਿਸ਼ ਕੀਤੀ ਕਿ ਇਸ ਵੰਸ ਵਿੱਚ ਇੱਕ ਪੂਰਨ ਬ੍ਰਹਮ-ਗਿਆਨੀ, ਸੂਰਬੀਰ, ਗੁਰਸਿੱਖ, ਖ਼ਾਲਸੇ ਦੇ ਅਸੂਲਾਂ ਵਿੱਚ ਪੂਰਨ ਯੋਧਾ ਹੋ ਕੇ ਗੁਰਮਤਿ ਦਾ ਪ੍ਰਵਾਹ ਚਲਾਏਗਾ।
ਸੱਚ-ਖੰਡ ਵਾਸੀ ਸੰਤ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਮਾਘ ਦੀ ਪੁੰਨਿਆ ਤੇ ਫੱਗਣ ਦੀ ਸੰਗਰਾਂਦ 1959 ਬਿਕਰਮੀ ਮੁਤਾਬਕ 12 ਫ਼ਰਵਰੀ 1902 ਈ: ਨੂੰ ਪਿਤਾ ਭਾਈ ਰੂੜ ਸਿੰਘ ਦੇ ਘਰ ਮਾਤਾ ਅਨੰਦ ਕੌਰ ਦੀ ਕੁੱਖੋਂ ਅੰਮ੍ਰਿਤ ਵੇਲੇ ਢਾਈ ਵਜੇ ਹੋਇਆ। ਗੁਰਮਤਿ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਏ ਹੁਕਮਨਾਮੇ ਦੇ ਪਹਿਲੇ ਅੱਖਰ ‘ਗ’ ਤੋਂ ਆਪ ਦਾ ਨਾਂ ‘ਗੁਰਬਚਨ ਸਿੰਘ’ ਰੱਖਿਆ ਗਿਆ।
ਜਦ ਆਪ ਚਾਰ ਸਾਲ ਦੇ ਹੋਏ ਤਾਂ ਪੁਰਾਤਨ ਖ਼ਾਲਸੇ ਦੀ ਰੀਤੀ ਅਨੁਸਾਰ ਤਾਇਆ ਬਾਬਾ ਕਾਹਨ ਸਿੰਘ ਜੀ ਨੇ ਕੜਾਹ-ਪ੍ਰਸ਼ਾਦ ਤਿਆਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਆਪ ਨੂੰ ਗੁਰਮੁਖੀ ਦੇ ਪਹਿਲੇ ਪੰਜ ਅੱਖਰ ਲਿਖ ਕੇ ਗੁਰਮੁਖੀ ਦੀ ਵਿੱਦਿਆ ਦੇਣੀ ਸ਼ੁਰੂ ਕੀਤੀ। ਇਹਨਾਂ ਦੇ ਤਾਇਆ ਜੀ ਨੇ ਇਹਨਾਂ ਨੂੰ ਪੰਜ ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ, ਦਸ ਗ੍ਰੰਥੀ ਦਾ ਸ਼ੁੱਧ ਪਾਠ ਕਰਵਾਇਆ। ਸੱਤ ਸਾਲ ਦੀ ਉਮਰ ਵਿੱਚ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁੱਧ ਪਾਠ ਕਰਨਾ ਸਿੱਖ ਗਏ। ਭਾਈ ਗੁਰਦਾਸ ਜੀ ਦੀਆਂ ਵਾਰਾਂ, ਸ਼੍ਰੀ ਨਾਨਕ ਪ੍ਰਕਾਸ਼, ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਚੰਦਰ ਪ੍ਰਬੋਧ ਨਾਟਕ ਦੇ ਆਦਿ ਗ੍ਰੰਥ ਵੀ ਉਹਨਾਂ ਦੇ ਤਾਇਆ ਜੀ ਨੇ ਪੜ੍ਹਾਏ।
13 ਸਾਲ ਦੀ ਉਮਰ ਵਿੱਚ ਉਹਨਾਂ ਪਿੰਡ ਕਿਸ਼ਨਪੁਰੇ ਨਜ਼ਦੀਕ ਇੱਕ ਉਦਾਸੀ ਸਾਧੂ ਮਹੰਤ ਲਾਲ ਦਾਸ ਤੋਂ ਹਿੰਦੂ ਮੱਤ ਗ੍ਰੰਥਾਂ ਦਾ ਅਧਿਐਨ ਕੀਤਾ। 18 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਸ੍ਰ: ਬਸੰਤ ਸਿੰਘ ਦੀ ਸਪੁੱਤਰੀ ਬੀਬੀ ਕਿਸ਼ਨ ਕੌਰ ਨਾਲ ਪਿੰਡ ਰਾਜੋਆਣਾ ਜ਼ਿਲ੍ਹਾ ਲੁਧਿਆਣਾ ਵਿਖੇ ਪੂਰਨ ਗੁਰਮਰਯਾਦਾ ਅਨੁਸਾਰ ਹੋਇਆ। ਗ੍ਰਹਿਸਤ ਜੀਵਨ ਵਿੱਚ ਵੀ ਆਪ ਸਹਿਜ ਅਵਸਥਾ ਵਿੱਚ ਰਹਿੰਦੇ ਤੇ ਬਹੁਤਾ ਸਮਾਂ ਸਿਮਰਨ, ਭਜਨ ਵਿੱਚ ਬਤੀਤ ਕਰਦੇ। ਆਪ ਦੇ ਗ੍ਰਹਿ ਦੋ ਪੁੱਤਰ ਭਾਈ ਕਰਤਾਰ ਸਿੰਘ ਤੇ ਭਾਈ ਭਗਵਾਨ ਸਿੰਘ ਨੇ ਜਨਮ ਲਿਆ। ਜਦ ਵੀ ਕਿਸੇ ਚੰਗੇ ਭਜਨ-ਬੰਦਗੀ ਵਾਲੇ ਮਹਾਂਪੁਰਸ਼ ਬਾਰੇ ਆਪ ਨੂੰ ਪਤਾ ਲੱਗਦਾ ਤਾਂ ਆਪ ਬੜੇ ਸ਼ਰਧਾ ਅਤੇ ਪ੍ਰੇਮ ਨਾਲ ਦਰਸ਼ਨਾਂ ਨੂੰ ਜਾਂਦੇ। ਪਰ ਇਹਨਾਂ ਦੀ ਰੂਹ ਦੀ ਤੜਪ ਗੁਰਬਾਣੀ ਦੇ ਗਿਆਨ ਦੀ ਪ੍ਰਾਪਤੀ ਲਈ ਵੱਧਦੀ ਗਈ। ਗੁਰਬਾਣੀ ਦੀਆਂ ਡੂੰਘਿਆਈਆਂ ਨੂੰ ਸਮਝਣ ਲਈ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਰੀਦਕੋਟ ਵਾਲਾ ਟੀਕਾ ਜੋ 52 ਨਿਰਮਲੇ ਵਿਦਵਾਨਾਂ ਦਾ ਤਿਆਰ ਕੀਤਾ ਹੋਇਆ, ਗਹੁ ਨਾਲ ਪੜ੍ਹਿਆ ਅਤੇ ਵਿਚਾਰਿਆ। ਉਸ ਟੀਕੇ ਨੇ ਇਹਨਾਂ ਦੇ ਮਨ ਵਿੱਚ ਅਨੰਦ ਵਧਾਇਆ ਅਤੇ ਗਿਆਨ ਵਿਸ਼ਾਲ ਕੀਤਾ।
1920 ਵਿੱਚ ਅਖਾੜੇ ਵਿਖੇ ਸੰਤ ਸੁੰਦਰ ਸਿੰਘ ਜੀ ਦੇ ਮੁਖਾਰਬਿੰਦ ਤੋਂ ਹੋਈ ਅੰਮ੍ਰਿਤ ਰੂਪ ਗੁਰਬਾਣੀ ਦੀ ਕਥਾ ਦਾ ਆਪ ਦੇ ਮਨ ਤੇ ਐਸਾ ਪ੍ਰਭਾਵ ਪਿਆ ਕਿ ਨਿਰਮਲ ਰੂਹ ਪੇ੍ਮ ਵਿੱਚ ਲੀਨ ਹੋ ਗਈ। ਉਸ ਵੇਲੇ ਸਤਿਗੁਰੂ ਜੀ ਦੀ ਐਸੀ ਕਿਰਪਾ ਹੋਈ ਕਿ ਆਉਂਦੇ-ਜਾਂਦੇ ਸਵਾਸਾਂ ਦੇ ਨਾਲ ਵਾਹਿਗੁਰੂ ਦਾ ਜਾਪ ਸੁਤੇਸਿਧ ਹੀ ਹੋਣ ਲੱਗ ਪਿਆ। ਅਗਲੇ ਦਿਨ ਸੰਤ ਸੁੰਦਰ ਸਿੰਘ ਜੀ ਦੇ ਪੰਜ ਪਿਆਰਿਆਂ ਵਿੱਚ ਲੱਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜ ਸੌ ਸਿੰਘਾਂ ਨੂੰ ਅੰਮ੍ਰਿਤ ਛਕਾਇਆ। ਜਿਨ੍ਹਾਂ ਵਿੱਚ ਗੁਰਬਚਨ ਸਿੰਘ ਵੀ ਅੰਮ੍ਰਿਤ ਛਕ ਕੇ ਐਸਾ ਖ਼ਾਲਸਾ ਸਜਿਆ ਕਿ ਆਪ ਦੇ ਨਾਂ ਨਾਲ ‘ਤਖੱਲਸ’ ਖ਼ਾਲਸਾ ਵੀ ਰੱਖਿਆ ਗਿਆ। ਸਾਵਣ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਤੋਂ ਪੱਕੇ ਤੌਰ ਤੇ ਪਿੰਡ ਭਿੰਡਰੀ ਜਥੇ ਵਿੱਚ ਰਹਿਣ ਲੱਗ ਪਏ। 1921 ਤੋਂ 1930 ਤੱਕ ਆਪ ਲਗਾਤਾਰ ਇਹਨਾਂ ਦੀ ਸੰਗਤ ਵਿੱਚ ਰਹੇ। 15 ਫ਼ਰਵਰੀ 1930 ’ਚ ਗੁਰਦੁਆਰਾ ਸੱਚ-ਖੰਡ ਬੋਪਾਰਾਏ ਵਿਖੇ ਗਿਆਨੀ ਸੁੰਦਰ ਸਿੰਘ ਨੇ ਕਥਾ ਸੁਣਦਿਆਂ ਪ੍ਰਭਾਵਿਤ ਹੋ ਕੇ ‘ਦਮਦਮੀ ਟਕਸਾਲ’ ਦੀ ਸੇਵਾ-ਸੰਭਾਲ ਉਹਨਾਂ ਨੂੰ ਸੌਂਪ ਦਿੱਤੀ। ਸੰਤ ਜੀ ਨੇ ਬੜੀ ਉਦਾਰਤਾ ਨਾਲ ਆਪ ਇਹਨਾਂ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ , ਭਾਈ ਨੰਦ ਲਾਲ ਦੀ ਰਚਨਾ, ਸ਼੍ਰੀ ਗੁਰੂ ਪੰਥ ਪ੍ਰਕਾਸ਼, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਦਸਵੀਂ ਤੇ ਹੋਰ ਪ੍ਰਮਾਣੀਕ ਗ੍ਰੰਥ ਅਰਥਮਈ ਵਿਆਖਿਆ ਕਰਕੇ ਬੜੇ ਗਹੁ ਤੇ ਪਿਆਰ ਨਾਲ ਪੜ੍ਹਾਏ। ਤਕਰੀਬਨ 36 ਲੱਖ ਜਪੁਜੀ ਸਾਹਿਬ ਦੇ ਪਾਠ, 36 ਲੱਖ ਮੂਲ-ਮੰਤਰ ਦਾ ਜਾਪ ਤੇ ਬੇਅੰਤ ਵਾਹਿਗੁਰੂ ਦਾ ਸਿਮਰਨ ਕਰਵਾਇਆ।
ਸੰਤ ਗੁਰਬਚਨ ਸਿੰਘ ਜੀ ਨੇ ਸਾਰੇ ਹਿੰਦੁਸਤਾਨ ਵਿੱਚ ਵਿਚਰ ਕੇ ਸਵਾ ਸੌ ਤੋਂ ਡੇਢ ਸੌ ਤੱਕ ਸਿੰਘਾਂ ਦੇ ਜਥੇ ਸਮੇਤ ਪੜ੍ਹਾਉਂਦਿਆਂ, ਕੀਰਤਨ ਸਿਖਾਉਂਦਿਆਂ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਦਿਆਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਹਜ਼ਾਰਾਂ ਨੂੰ ਸ਼ੁੱਧ ਪਾਠ ਕਰਵਾਇਆ ਅਤੇ ਸੈਂਕੜਿਆਂ ਨੂੰ ਗਿਆਨੀ ਬਣਾਇਆ। ਸੰਤ ਜੀ ਨੇ ਗੁਰਮਤਿ ਦੀ ਵਿੱਦਿਆ ਪੜ੍ਹਾਉਣ ਦੇ ਨਾਲ-ਨਾਲ ਕਈ ਗੁਰਦੁਆਰਿਆਂ ਦੀ ਸੇਵਾ ਵੀ ਕੀਤੀ।
‘ਗੁਰਬਾਣੀ ਇਸੁ ਜਗ ਮਹਿ ਚਾਨਣੁ’ ਦੇ ਸਿਧਾਂਤ ਨੂੰ ਪ੍ਰਚਾਰਿਆ ਅਤੇ ਹੋਰ ਸੇਵਾਵਾਂ ਦੇ ਨਾਲ-ਨਾਲ ਖ਼ਾਲਸਾ ਜੀ ਨੇ ਬਹੁਤ ਸਾਰੇ ਅਖੰਡ-ਪਾਠ ਅਤੇ ਇਕੋਤਰੀਆਂ (ਧਨੌਲਾ, ਸੇਵੇਵਾਲਾ, ਜੋਧਪੁਰ (ਰੋਡੇ), ਸ਼੍ਰੀ ਅੰਮ੍ਰਿਤਸਰ ਸਾਹਿਬ, ਰਾਮਗੜ੍ਹ, ਸ਼੍ਰੀ ਹਜ਼ੂਰ ਸਾਹਿਬ ਵਿਖੇ) ਕਰਵਾਈਆਂ। 1966 ਵਿੱਚ ਸੰਤ ਜੀ ਦਾ ਬਲੱਡ ਪ੍ਰੈਸ਼ਰ ਨਾਲ ਸਰੀਰ ਢਿੱਲਾ ਹੋਇਆ ਤਾਂ ਸੰਗਤ ਦੀ ਬੇਨਤੀ ਤੇ ਪਿੰਡ ਨੰਗਾਲੀ ਪਹੁੰਚੇ। ਨੰਗਾਲੀ ਤੋਂ ਮਹਿਤਾ ਪਹੁੰਚ ਕੇ ਆਸਣ ਜਮਾ ਲਿਆ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦੋ-ਦੋ, ਤਿੰਨ-ਤਿੰਨ ਕਥਾ ਰੋਜ਼ ਕੀਤੀਆਂ। ਸੰਤ ਜੀ ਨੂੰ ਲਗਾਤਾਰ ਬਲੱਡ ਪ੍ਰੈਸ਼ਰ ਅਤੇ ਸਾਹ ਦਾ ਦੌਰਾ ਪੈਂਦਾ ਰਿਹਾ, 13-14 ਹਾੜ ਨੂੰ ਬਹੁਤ ਸਖ਼ਤ ਦੌਰਾ ਪਿਆ। ਇਸ ਤਰ੍ਹਾਂ ਮਨੁੱਖ ਮਾਤਰ ਨੂੰ ਅਕਾਲ ਪੁਰਖ ਨਾਲ ਜੋੜਦੇ ਹੋਏ ਸੰਤ ਗੁਰਬਚਨ ਸਿੰਘ ਖਾਲਸਾ 29 ਜੂਨ 1969 ਈ: ਨੂੰ 67 ਸਾਲ ਦੀ ਉਮਰ ਭੋਗ ਕੇ ਸੱਚ-ਖੰਡ ਵਾਸ ਕਰ ਗਏ। ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ, ਹਸਪਤਾਲ, ਖ਼ਾਲਸਾ ਅਕੈਡਮੀ ਵੀ ਦਮਦਮੀ ਟਕਸਾਲ ਵੱਲੋਂ ਚਲਾਈ ਜਾ ਰਹੀ ਹੈ। ਸੰਤ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ। ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਸਰਪ੍ਰਸਤੀ ਹੇਠ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਦੀ 57ਵੀਂ ਬਰਸੀ ਅੱਜ 29 ਜੂਨ ਦਿਨ ਸੋਮਵਾਰ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ।

ਕਰਨੈਲ ਸਿੰਘ ਐੱਮ.ਏ.
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਯੂਥ ਕਾਂਗਰਸ ਰਾਹੁਲ ਗਾਂਧੀ ਦਾ ਹਰਿਆਵਲ ਦਸਤਾ ਯੂਥ ਦੀ ਅਗਵਾਈ ਹੀ ਭਾਰਤ ਨੂੰ ਵਿਕਾਸ ਦੇ ਰਸਤੇ ‘ਤੇ ਲਿਆ ਸਕਦੀ ਹੈ- ਬਾਵਾ
Next articleਰੋਟਰੀ ਕਲੱਬ ਮਿਡ ਟਾਊਨ ਦੇ ਸਲਾਨਾ ਸਮਾਰੋਹ ਵਿੱਚ ਡਾ: ਵਿਕਾਸ ਅਤੇ ਡਾ: ਰੀਚੂ ਨੂੰ ਕੀਤਾ ਜਾਵੇਗਾ ਸਨਮਾਨਿਤ