HOME ਬਿਰਧ ਆਸ਼ਰਮਾਂ ਦੀਆਂ ਕੰਧਾਂ ਦਾ ਰੁਦਨ: ਮਰ ਰਹੀਆਂ ਸੰਵੇਦਨਾਵਾਂ ਅਤੇ ਖੋਖਲੀ ਤਰੱਕੀ

ਬਿਰਧ ਆਸ਼ਰਮਾਂ ਦੀਆਂ ਕੰਧਾਂ ਦਾ ਰੁਦਨ: ਮਰ ਰਹੀਆਂ ਸੰਵੇਦਨਾਵਾਂ ਅਤੇ ਖੋਖਲੀ ਤਰੱਕੀ

1
ਪ੍ਰੋ. ਪਵਨ ਖਿੱਚੀ

    (ਸਮਾਜ ਵੀਕਲੀ)   ਅੱਜ ਦਾ ਮਨੁੱਖ ਬ੍ਰਹਿਮੰਡ ਦੀਆਂ ਗੁੰਝਲਾਂ ਸੁਲਝਾ ਰਿਹਾ ਹੈ, ਚੰਨ ਅਤੇ ਮੰਗਲ ਗ੍ਰਹਿ ਦੀ ਛਾਤੀ ‘ਤੇ ਜੀਵਨ ਦੀਆਂ ਪੈੜਾਂ ਲੱਭ ਰਿਹਾ ਹੈ। ਵਿਗਿਆਨ ਨੇ ਸਾਡੀਆਂ ਜੇਬਾਂ ਵਿੱਚ ਪਈਆਂ ਛੋਟੀਆਂ ਜਿਹੀਆਂ ਮਸ਼ੀਨਾਂ ਰਾਹੀਂ ਪੂਰੀ ਦੁਨੀਆਂ ਨੂੰ ਸਾਡੀ ਮੁੱਠੀ ਵਿੱਚ ਕੈਦ ਕਰ ਦਿੱਤਾ ਹੈ। ਅਸੀਂ ਬੜੇ ਫ਼ਖ਼ਰ ਨਾਲ ਆਪਣੇ ਆਪ ਨੂੰ ਇਤਿਹਾਸ ਦੀ ਸਭ ਤੋਂ ਵੱਧ ਪੜ੍ਹੀ-ਲਿਖੀ, ਸਭਿਅਕ ਅਤੇ ਤਰੱਕੀ-ਯਾਫ਼ਤਾ ਪੀੜ੍ਹੀ ਐਲਾਨਦੇ ਹਾਂ। ਪਰ, ਜਦੋਂ ਅਸੀਂ ਆਪਣੀ ਇਸ ਅਖੌਤੀ ਤਰੱਕੀ ਦੇ ਸ਼ੀਸ਼ੇ ਸਾਹਮਣੇ ਖੜ੍ਹਦੇ ਹਾਂ ਅਤੇ ਸ਼ਹਿਰਾਂ ਦੇ ਬਾਹਰਵਾਰ ਖੁੰਬਾਂ ਵਾਂਗ ਉੱਗ ਰਹੀਆਂ ‘ਬਿਰਧ ਆਸ਼ਰਮਾਂ’ ਦੀਆਂ ਇਮਾਰਤਾਂ ਵੱਲ ਝਾਤ ਮਾਰਦੇ ਹਾਂ, ਤਾਂ ਸਾਡੇ ਸਭਿਅਕ ਹੋਣ ਦਾ ਮਖੌਟਾ ਲੀਰਾਂ-ਲੀਰ ਹੋ ਕੇ ਡਿੱਗ ਪੈਂਦਾ ਹੈ। ਹਕੀਕਤ ਇਹ ਹੈ ਕਿ ਪਦਾਰਥਵਾਦ ਦੀ ਅੰਨ੍ਹੀ ਦੌੜ ਵਿੱਚ ਮਨੁੱਖ ਨੇ ਆਪਣੀ ਰੂਹ ਦਾ ਸੌਦਾ ਕਰ ਲਿਆ ਹੈ। ਸਾਡੇ ਘਰਾਂ ਦੇ ਵਿਹੜਿਆਂ ‘ਚੋਂ ਬੁਢਾਪੇ ਦੀ ਛਾਂ, ਰਿਸ਼ਤਿਆਂ ਦਾ ਨਿੱਘ ਅਤੇ ਮਨੁੱਖੀ ਸੰਵੇਦਨਾਵਾਂ ਸਦਾ ਲਈ ਅਲੋਪ ਹੋ ਰਹੀਆਂ ਹਨ।

ਇਹ ਸਿਰਫ਼ ਕੁਝ ਸ਼ਬਦਾਂ ਦਾ ਤਾਣਾ-ਬਾਣਾ ਨਹੀਂ ਹੈ, ਬਲਕਿ ਇਹ ਉਸ ਸਮਾਜਿਕ ਕੋਹੜ ਦੀ ਜਿਉਂਦੀ-ਜਾਗਦੀ ਤਸਵੀਰ ਹੈ, ਜਿਸਦੇ ਕੋਲੋਂ ਅਸੀਂ ਰੋਜ਼ ਲੰਘਦੇ ਹਾਂ, ਪਰ ਅੱਖਾਂ ਮੀਟ ਕੇ। ਜੇਕਰ ਮੌਜੂਦਾ ਸਮਾਜਿਕ ਤਾਣੇ-ਬਾਣੇ ਦੀਆਂ ਪਰਤਾਂ ਫਰੋਲੀਆਂ ਜਾਣ, ਤਾਂ ਸਾਡੀ ਮਾਨਸਿਕਤਾ ਦੀ ਬੌਧਿਕ ਕੰਗਾਲੀ ਨੂੰ ਬਿਆਨ ਕਰਦੀਆਂ ਕੁਝ ਅਜਿਹੀਆਂ ਦਿਲ-ਕੰਬਾਊ ਉਦਾਹਰਣਾਂ ਸਾਹਮਣੇ ਆਉਂਦੀਆਂ ਹਨ, ਜੋ ਇਨਸਾਨੀਅਤ ‘ਤੇ ਇੱਕ ਬਦਨੁਮਾ ਦਾਗ਼ ਹਨ:

ਡਿਜੀਟਲ ਦੁਨੀਆਂ ਦਾ ਮਾਇਆਜਾਲ ਅਤੇ ਅਸਲੀਅਤ ਦਾ ਸੋਗਮਈ ਪਾੜਾ: ਅਸੀਂ ਦਿਖਾਵੇ ਦੇ ਉਸ ਯੁੱਗ ਵਿੱਚ ਜੀਅ ਰਹੇ ਹਾਂ ਜਿੱਥੇ ਪਿਆਰ ਸਿਰਫ਼ ਸਕਰੀਨਾਂ ‘ਤੇ ਝਲਕਦਾ ਹੈ। ‘ਮਦਰਸ ਡੇ’ ਜਾਂ ‘ਫਾਦਰਸ ਡੇ’ ਵਾਲੇ ਦਿਨ ਸੋਸ਼ਲ ਮੀਡੀਆ ‘ਤੇ ਭਾਵੁਕਤਾ ਦਾ ਹੜ੍ਹ ਆ ਜਾਂਦਾ ਹੈ। ਇੱਕ ਨੌਜਵਾਨ ਫੇਸਬੁੱਕ ‘ਤੇ ਆਪਣੀ ਮਾਂ ਦੀ ਪੁਰਾਣੀ ਤਸਵੀਰ ਪਾ ਕੇ ਲਿਖਦਾ ਹੈ, “ਮੇਰੀ ਮਾਂ, ਮੇਰਾ ਰੱਬ ਹੈ,” ਅਤੇ ਹੇਠਾਂ ਸੈਂਕੜੇ ਲੋਕ ਉਸਦੀ ਸੋਚ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਹਨ। ਪਰ ਅਸਲ ਜ਼ਿੰਦਗੀ ਦੀ ਤਸਵੀਰ ਕਿੰਨੀ ਭਿਆਨਕ ਹੈ! ਉਹੀ ‘ਰੱਬ’ ਵਰਗੀ ਮਾਂ ਕਿਸੇ ਬਿਰਧ ਆਸ਼ਰਮ ਦੇ ਇੱਕ ਸਿੱਲ੍ਹੇ ਜਿਹੇ ਕਮਰੇ ਵਿੱਚ ਬੈਠੀ, ਆਪਣੇ ਪੁਰਾਣੇ ਫ਼ੋਨ ਦੀ ਖਾਲੀ ਸਕਰੀਨ ਵੱਲ ਟਿਕਟਿਕੀ ਲਾਈ ਵੇਖਦੀ ਰਹਿੰਦੀ ਹੈ ਕਿ ਸ਼ਾਇਦ ਅੱਜ ਮੇਰਾ ਪੁੱਤ ਇੱਕ ਵਾਰ ਫ਼ੋਨ ਕਰਕੇ ਪੁੱਛ ਹੀ ਲਵੇ, “ਮਾਂ, ਤੂੰ ਰੋਟੀ ਖਾਧੀ ਕਿ ਨਹੀਂ?” ਸਾਡਾ ਪਿਆਰ, ਸਾਡਾ ਸਤਿਕਾਰ ਸਿਰਫ਼ ਇੰਟਰਨੈੱਟ ਦੇ ਸਟੇਟਸਾਂ ਤੱਕ ਸੁੰਗੜ ਕੇ ਰਹਿ ਗਿਆ ਹੈ।

ਪ੍ਰਾਈਵੇਸੀ‘ ਦੇ ਜ਼ਹਿਰ ਨਾਲ ਰਿਸ਼ਤਿਆਂ ਦਾ ਕਤਲੇਆਮ: ਇੱਕ ਸਮਾਂ ਸੀ ਜਦੋਂ ਪਿੰਡਾਂ ਵਿੱਚ ਕੱਚੇ ਕੋਠੇ ਹੁੰਦੇ ਸਨ, ਪਰ ਦਿਲ ਇੰਨੇ ਵਿਸ਼ਾਲ ਸਨ ਕਿ ਪੂਰਾ ਲਾਣਾ ਇੱਕੋ ਵਿਹੜੇ ਵਿੱਚ ਹੱਸਦਾ-ਖੇਡਦਾ ਵਸਦਾ ਸੀ। ਅੱਜ ਪੱਥਰਾਂ ਦੇ ਮਹਿਲ ਵੱਡੇ ਹੋ ਗਏ ਹਨ, ਪਰ ਸੀਨੇ ਅੰਦਰ ਧੜਕਦੇ ਦਿਲ ਬਹੁਤ ਛੋਟੇ। ਇੱਕ ਬਹੁਤ ਹੀ ਆਮ ਪਰ ਦਰਦਨਾਕ ਮਿਸਾਲ ਦੇਖੋ, ਇੱਕ ਪੁੱਤਰ ਵਿਦੇਸ਼ ਜਾਂ ਕਿਸੇ ਵੱਡੇ ਸ਼ਹਿਰ ਵਿੱਚ ਜਾ ਕੇ ਆਲੀਸ਼ਾਨ ਕੋਠੀ ਉਸਾਰਦਾ ਹੈ। ਉਸ ਮਹਿਲ ਵਰਗੇ ਘਰ ਵਿੱਚ ਵਿਦੇਸ਼ੀ ਨਸਲ ਦੇ ਕੁੱਤੇ ਲਈ ਇੱਕ ਵੱਖਰਾ ਏਅਰ-ਕੰਡੀਸ਼ਨਡ ਕਮਰਾ ਹੁੰਦਾ ਹੈ, ਕਦੇ-ਕਦਾਈਂ ਆਉਣ ਵਾਲੇ ਓਪਰੇ ਮਹਿਮਾਨਾਂ ਲਈ ਸ਼ਾਨਦਾਰ ‘ਗੈਸਟ ਰੂਮ’ ਹੁੰਦਾ ਹੈ। ਪਰ ਜਦੋਂ ਪਿੰਡੋਂ ਬੁੱਢੇ ਮਾਪੇ ਕੁਝ ਦਿਨਾਂ ਲਈ ਰਹਿਣ ਆਉਂਦੇ ਹਨ, ਤਾਂ ਕੁਝ ਹੀ ਦਿਨਾਂ ਵਿੱਚ ਨਵੀਂ ਪੀੜ੍ਹੀ ਨੂੰ ਆਪਣੀ ‘ਪ੍ਰਾਈਵੇਸੀ’ (ਨਿੱਜਤਾ) ਖ਼ਤਰੇ ਵਿੱਚ ਜਾਪਦੀ ਹੈ। “ਸਾਡੇ ਵਿਚਾਰ ਨਹੀਂ ਮਿਲਦੇ” ਜਾਂ “ਇਹ ਪੇਂਡੂ ਨੇ, ਸਾਡਾ ਰਹਿਣ-ਸਹਿਣ ਵੱਖਰਾ ਹੈ” ਵਰਗੇ ਬਹਾਨੇ ਘੜੇ ਜਾਂਦੇ ਹਨ। ਕਿੰਨੀ ਵੱਡੀ ਤ੍ਰਾਸਦੀ ਹੈ ਕਿ ਜਿਨ੍ਹਾਂ ਮਾਪਿਆਂ ਨੇ ਆਪਣੇ ਸੁਪਨੇ, ਆਪਣੀ ਉਮਰ ਭਰ ਦੀ ਕਮਾਈ ਅਤੇ ਪਿੰਡ ਦੀ ਜ਼ਮੀਨ ਵੇਚ ਕੇ ਉਸ ਕੋਠੀ ਦੀਆਂ ਨੀਹਾਂ ਭਰੀਆਂ ਸਨ, ਉਸੇ ਕੋਠੀ ਵਿੱਚ ਉਨ੍ਹਾਂ ਦੇ ਮੰਜੇ ਡਾਹੁਣ ਲਈ ਕੋਈ ਨੁੱਕਰ ਨਹੀਂ ਬਚਦੀ।

ਰਿਸ਼ਤਿਆਂ ਦਾ ਵਪਾਰੀਕਰਨ: ਮਤਲਬ-ਪ੍ਰਸਤੀ ਅਤੇ ਜਾਇਦਾਦ ਦਾ ਗਿਰਝ-ਨਕਸ਼ਾ: ਅੱਜ ਦੇ ਮਨੁੱਖੀ ਰਿਸ਼ਤੇ ਸ਼ੇਅਰ ਬਾਜ਼ਾਰ ਦੇ ਭਾਅ ਵਾਂਗ ਹੋ ਗਏ ਹਨ। ਜਦੋਂ ਤੱਕ ਬੱਚੇ ਛੋਟੇ ਹੁੰਦੇ ਹਨ, ਨੌਕਰੀਪੇਸ਼ਾ ਜੋੜਿਆਂ ਨੂੰ ਬਜ਼ੁਰਗ ਮਾਪੇ ਬਹੁਤ ਚੰਗੇ ਲੱਗਦੇ ਹਨ, ਕਿਉਂਕਿ ਉਹ ‘ਮੁਫ਼ਤ ਦੇ ਕੇਅਰ-ਟੇਕਰ’ ਬਣ ਕੇ ਬੱਚਿਆਂ ਨੂੰ ਸਾਂਭਦੇ ਹਨ। ਮਾਪੇ ਵੀ ਆਪਣੀ ਔਲਾਦ ਦੀ ਔਲਾਦ ਨੂੰ ਖਿਡਾ ਕੇ ਆਪਣੀ ਜ਼ਿੰਦਗੀ ਨੂੰ ਸਫ਼ਲ ਮੰਨਦੇ ਹਨ। ਪਰ ਜਿਵੇਂ ਹੀ ਬੱਚੇ ਵੱਡੇ ਹੁੰਦੇ ਹਨ, ਜਾਂ ਜਦੋਂ ਬਜ਼ੁਰਗ ਆਪਣੀ ਸਾਰੀ ਜਾਇਦਾਦ ਅਤੇ ਬੈਂਕ ਖਾਤੇ ਬੱਚਿਆਂ ਦੇ ਨਾਂ ਕਰ ਦਿੰਦੇ ਹਨ, ਤਾਂ ਸਮੀਕਰਨ ਬਦਲ ਜਾਂਦੇ ਹਨ। ਅਚਾਨਕ ਬਜ਼ੁਰਗਾਂ ਦਾ ਖੰਘਣਾ ਅੱਖਾਂ ਵਿੱਚ ਰੜਕਣ ਲੱਗਦਾ ਹੈ। ਉਨ੍ਹਾਂ ਦਾ ਵਾਰ-ਵਾਰ ਕੋਈ ਗੱਲ ਪੁੱਛਣਾ, ਜਾਂ ਉਨ੍ਹਾਂ ਦੀਆਂ ਪੁਰਾਣੀਆਂ ਆਦਤਾਂ ਬੋਝ ਜਾਪਣ ਲੱਗਦੀਆਂ ਹਨ। ਇਸ ਵਪਾਰਕ ਸੋਚ ਦਾ ਅੰਤ ਇਹ ਹੁੰਦਾ ਹੈ ਕਿ ਉਨ੍ਹਾਂ ਦੇ ਕੱਪੜਿਆਂ ਦਾ ਝੋਲਾ ਬੰਨ੍ਹ ਕੇ ਉਨ੍ਹਾਂ ਨੂੰ ਬਿਰਧ ਆਸ਼ਰਮ ਦੇ ਬੂਹੇ ‘ਤੇ ਛੱਡ ਆਉਂਦਾ ਜਾਂਦਾ ਹੈ, ਜਿਵੇਂ ਕੋਈ ਪੁਰਾਣਾ ਫਰਨੀਚਰ ਘਰੋਂ ਕੱਢਿਆ ਹੋਵੇ।

ਧੀਆਂ ਦੀ ਮਜਬੂਰੀ ਅਤੇ ਸਮਾਜ ਦੇ ਜ਼ਹਿਰੀਲੇ ਤਾਹਨੇ: ਇੱਕ ਪਾਸੇ ਪੁੱਤਰ ਆਪਣੇ ਫ਼ਰਜ਼ਾਂ ਤੋਂ ਭੱਜ ਰਹੇ ਹਨ, ਦੂਜੇ ਪਾਸੇ ਅੱਜ ਦੀਆਂ ਧੀਆਂ ਆਪਣੇ ਮਾਪਿਆਂ ਦਾ ਸਹਾਰਾ ਬਣਨ ਲਈ ਤੜਪਦੀਆਂ ਹਨ। ਪਰ ਇੱਥੇ ਸਾਡਾ ਮਰਦ-ਪ੍ਰਧਾਨ ਦੋਗਲਾ ਸਮਾਜ ਇੱਕ ਵੱਡੀ ਕੰਧ ਬਣ ਕੇ ਖੜ੍ਹ ਜਾਂਦਾ ਹੈ। ਜੇਕਰ ਕੋਈ ਲਾਚਾਰ ਅਤੇ ਬਜ਼ੁਰਗ ਪਿਤਾ ਆਪਣੀ ਧੀ ਦੇ ਘਰ ਰਹਿਣ ਲਈ ਚਲਾ ਜਾਵੇ, ਤਾਂ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਦੀਆਂ ਜੀਭਾਂ ਜ਼ਹਿਰ ਉਗਲਣ ਲੱਗਦੀਆਂ ਹਨ “ਲੋਕੋ ਦੇਖੋ, ਧੀ ਦੇ ਟੁਕੜਿਆਂ ‘ਤੇ ਪਲ ਰਿਹਾ ਹੈ।” ਇਹ ਝੂਠੀ ਅਣਖ ਅਤੇ ਬੇਲੋੜੀ ਸ਼ਰਮ ਉਸ ਬਜ਼ੁਰਗ ਦੀ ਆਤਮਾ ਨੂੰ ਛਲਣੀ ਕਰ ਦਿੰਦੀ ਹੈ। ਆਪਣੀ ਧੀ ਦਾ ਘਰ ਉੱਜੜਨ ਦੇ ਡਰੋਂ ਅਤੇ ਸਹੁਰੇ ਪਰਿਵਾਰ ਦੇ ਤਾਹਨਿਆਂ ਤੋਂ ਬਚਣ ਲਈ, ਉਹ ਪਿਤਾ ਧੀ ਦੇ ਘਰ ਦੇ ਨਿੱਘ ਨੂੰ ਛੱਡ ਕੇ ਬਿਰਧ ਆਸ਼ਰਮ ਦੇ ਸੁੰਨੇ ਹਨ੍ਹੇਰੇ ਕਮਰਿਆਂ ਨੂੰ ਗਲੇ ਲਗਾ ਲੈਂਦਾ ਹੈ। ਕਾਸ਼! ਇਹ ਸਮਾਜ ਧੀ ਦੇ ਘਰ ਬੈਠੇ ਮਾਪਿਆਂ ਨੂੰ ਵੀ ਓਨਾ ਹੀ ਸਤਿਕਾਰ ਦੇਵੇ, ਜਿੰਨਾ ਪੁੱਤ ਦੇ ਘਰ ਬੈਠਿਆਂ ਨੂੰ ਮਿਲਦਾ ਹੈ।

ਬਿਰਧ ਆਸ਼ਰਮਾਂ ਦਾ ਖ਼ਾਮੋਸ਼ ਅਤੇ ਕਾਲਾ ਦਰਦ: ਸਮਾਜ ਨੂੰ ਬਿਰਧ ਆਸ਼ਰਮ ਬਾਹਰੋਂ ਬੜੇ ਆਕਰਸ਼ਕ, ਸਾਫ਼-ਸੁਥਰੇ ਅਤੇ ਸਹੂਲਤਾਂ ਵਾਲੇ ਜਾਪਦੇ ਹਨ, ਪਰ ਇਹ ਮਹਿਲ ਅੰਦਰੋਂ ਮੁਰਦਾਘਰਾਂ ਵਰਗੇ ਹਨ। ਤਿਉਹਾਰਾਂ ਵਾਲੇ ਦਿਨ, ਜਦੋਂ ਪੂਰੀ ਦੁਨੀਆਂ ਦੀਵਾਲੀ ਦੇ ਦੀਵੇ ਬਾਲਦੀ ਹੈ ਜਾਂ ਲੋਹੜੀ ਦੇ ਗੀਤ ਗਾਉਂਦੀ ਹੈ। ਉਦੋਂ ਬਿਰਧ ਆਸ਼ਰਮਾਂ ਦੀ ਤਸਵੀਰ ਰੂਹ ਨੂੰ ਕੰਬਾ ਦੇਣ ਵਾਲੀ ਹੁੰਦੀ ਹੈ। ਕੋਈ ਸਮਾਜ ਸੇਵੀ ਸੰਸਥਾ ਉਨ੍ਹਾਂ ਬਜ਼ੁਰਗਾਂ ਨੂੰ ਕੰਬਲ ਜਾਂ ਫਲ ਵੰਡਣ ਆਉਂਦੀ ਹੈ। ਕੈਮਰਿਆਂ ਦੀਆਂ ਫਲੈਸ਼ਾਂ ਚਮਕਦੀਆਂ ਹਨ। ਪਰ ਉਸ ਵਕਤ ਵੀ ਹਰ ਬਜ਼ੁਰਗ ਦੀਆਂ ਅੱਖਾਂ ਆਸ਼ਰਮ ਦੇ ਮੁੱਖ ਗੇਟ ਵੱਲ ਵਿਛੀਆਂ ਹੁੰਦੀਆਂ ਹਨ ਕਿ ਸ਼ਾਇਦ ਇਸ ਭੀੜ ਵਿੱਚੋਂ ਮੇਰਾ ਆਪਣਾ ਖੂਨ ਮੈਨੂੰ ਘਰ ਲਿਜਾਣ ਲਈ ਆ ਜਾਵੇ। ਜਦੋਂ ਫੋਟੋਆਂ ਖਿਚਵਾ ਕੇ ਉਹ ਓਪਰੀ ਭੀੜ ਵਾਪਸ ਮੁੜ ਜਾਂਦੀ ਹੈ, ਤਾਂ ਉਨ੍ਹਾਂ ਦੀਆਂ ਆਸਾਂ ਦਾ ਮਹਿਲ ਇੱਕ ਵਾਰ ਫਿਰ ਮਿੱਟੀ ਵਿੱਚ ਮਿਲ ਜਾਂਦਾ ਹੈ। ਇਹ ਮਾਨਸਿਕ ਸੰਤਾਪ ਉਨ੍ਹਾਂ ਨੂੰ ਸਰੀਰਕ ਬਿਮਾਰੀਆਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਮੌਤ ਦੇ ਮੂੰਹ ਵੱਲ ਧੱਕਦਾ ਹੈ।

ਮੌਤ ਤੋਂ ਬਾਅਦ ਦਾ ਭਿਆਨਕ ਪਾਖੰਡ: ਸਾਡੀ ਮਰੀ ਹੋਈ ਜ਼ਮੀਰ ਦਾ ਸਭ ਤੋਂ ਵੱਡਾ ਸਬੂਤ ਉਦੋਂ ਮਿਲਦਾ ਹੈ ਜਦੋਂ ਆਸ਼ਰਮ ਦੇ ਕਿਸੇ ਹਨ੍ਹੇਰੇ ਕਮਰੇ ਵਿੱਚ ਸਿਸਕ-ਸਿਸਕ ਕੇ ਪ੍ਰਾਣ ਤਿਆਗਣ ਵਾਲੇ ਮਾਪਿਆਂ ਦੇ ਭੋਗ ‘ਤੇ ਉਹੀ ਔਲਾਦ ਅਖ਼ਬਾਰਾਂ ਵਿੱਚ ਪੂਰੇ ਸਫ਼ੇ ਦੇ ਸ਼ਰਧਾਂਜਲੀ ਇਸ਼ਤਿਹਾਰ ਛਪਵਾਉਂਦੀ ਹੈ। ਪਿੰਡਾਂ/ਸ਼ਹਿਰਾਂ ਵਿੱਚ ਟੈਂਟ ਲਗਾ ਕੇ ਹਜ਼ਾਰਾਂ ਲੋਕਾਂ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਜਾਂਦਾ ਹੈ। ਕੀ ਇਹ ਦਿਖਾਵਾ, ਇਹ ਝੂਠੀ ਸ਼ਾਨ, ਉਸ ਮਾਂ ਦੀ ਭੁੱਖ ਨੂੰ ਸ਼ਾਂਤ ਕਰ ਸਕਦੀ ਹੈ ਜਿਸਨੇ ਆਸ਼ਰਮ ਵਿੱਚ ਰੋਟੀਆਂ ਦੀ ਥਾਂ ਸਿਰਫ਼ ਹੰਝੂ ਖਾਧੇ ਸਨ? ਮਰਿਆਂ ਨੂੰ ਪੂਜਣਾ ਅਤੇ ਜਿਉਂਦਿਆਂ ਨੂੰ ਰੋਲਣਾ, ਇਹੋ ਸਾਡੇ ਸਮਾਜ ਦੀ ਅਸਲ ਤਸਵੀਰ ਹੈ।

ਆਤਮ-ਮੰਥਨ ਦਾ ਸੁਨੇਹਾ: ਇਹ ਦੁਖਾਂਤ ਹੁਣ ਕਿਸੇ ਇੱਕ ਘਰ ਜਾਂ ਪਰਿਵਾਰ ਦੀ ਕਹਾਣੀ ਨਹੀਂ ਰਿਹਾ, ਇਹ ਪੂਰੇ ਸਮਾਜ ਦੇ ਪਿੰਡੇ ‘ਤੇ ਲੱਗਿਆ ਇੱਕ ਅਜਿਹਾ ਨਾਸੂਰ ਬਣ ਚੁੱਕਾ ਹੈ ਜੋ ਰੋਜ਼ ਰਿਸਦਾ ਹੈ। ਨੌਜਵਾਨ ਪੀੜ੍ਹੀ ਨੂੰ ਇਹ ਗੱਲ ਆਪਣੇ ਮਨਾਂ ਵਿੱਚ ਉੱਕਰ ਲੈਣੀ ਚਾਹੀਦੀ ਹੈ ਕਿ ਮਾਪੇ ਕੋਈ ਪੁਰਾਣਾ, ਟੁੱਟਿਆ ਹੋਇਆ ਫਰਨੀਚਰ ਨਹੀਂ ਹੁੰਦੇ ਜਿਸਨੂੰ ਸਮਾਂ ਪੈਣ ‘ਤੇ ਘਰੋਂ ਬਾਹਰ ਸੁੱਟ ਦਿੱਤਾ ਜਾਵੇ। ਜੇਕਰ ਬੁਢਾਪੇ ਕਾਰਨ ਉਨ੍ਹਾਂ ਦੇ ਸੁਭਾਅ ਵਿੱਚ ਕੋਈ ਚਿੜਚਿੜਾਪਣ ਆ ਵੀ ਜਾਂਦਾ ਹੈ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਵੀ ਸਾਡੇ ਬਚਪਨ ਦੀਆਂ ਹਜ਼ਾਰਾਂ ਗਲਤੀਆਂ, ਸਾਡੀਆਂ ਜ਼ਿੱਦਾਂ ਅਤੇ ਸਾਡੇ ਨਖਰਿਆਂ ਨੂੰ ਹੱਸ ਕੇ ਸਹਿਣ ਕੀਤਾ ਸੀ। ਸਾਨੂੰ ਉਨ੍ਹਾਂ ਦੇ ਬੁਢਾਪੇ ਨੂੰ ਸਹਿਣ ਨਹੀਂ, ਸਗੋਂ ਸਵੀਕਾਰ ਕਰਨਾ ਪਵੇਗਾ।

ਦੂਜੇ ਪਾਸੇ, ਬਜ਼ੁਰਗਾਂ ਨੂੰ ਵੀ ਬਦਲਦੇ ਸਮੇਂ ਦੀ ਨਬਜ਼ ਪਛਾਣਨੀ ਪਵੇਗੀ। ਨਵੀਂ ਪੀੜ੍ਹੀ ਦੀਆਂ ਆਪਣੀਆਂ ਮਜਬੂਰੀਆਂ ਅਤੇ ਜੀਵਨ-ਸ਼ੈਲੀ ਹੈ। ਜੇਕਰ ਬਜ਼ੁਰਗ ਹਰ ਨਿੱਕੀ-ਨਿੱਕੀ ਗੱਲ ‘ਤੇ ਬੇਲੋੜੀ ਰੋਕ-ਟੋਕ ਤੋਂ ਗੁਰੇਜ਼ ਕਰਨ, ਤਾਂ ਘਰਾਂ ਦਾ ਮਾਹੌਲ ਬਹੁਤ ਹੱਦ ਤੱਕ ਸੁਖਾਵਾਂ ਬਣਿਆ ਰਹਿ ਸਕਦਾ ਹੈ।

ਅੱਜ ਹੀ ਆਪਣੀ ਅੰਤਰ-ਆਤਮਾ ਨਾਲ ਇਹ ਪ੍ਰਣ ਕਰੀਏ ਕਿ ਅਸੀਂ ਆਪਣੀ ਤਰੱਕੀ ਦੀਆਂ ਉੱਚੀਆਂ ਇਮਾਰਤਾਂ ਆਪਣੇ ਮਾਪਿਆਂ ਦੀਆਂ ਲਾਸ਼ਾਂ ਜਾਂ ਉਨ੍ਹਾਂ ਦੇ ਡੁੱਲ੍ਹੇ ਹੋਏ ਹੰਝੂਆਂ ਦੀਆਂ ਨੀਹਾਂ ‘ਤੇ ਨਹੀਂ ਉਸਾਰਾਂਗੇ। ਜਿਨ੍ਹਾਂ ਵੀ ਬਦਨਸੀਬ ਬੱਚਿਆਂ ਨੇ ਆਪਣੇ ਜਿਉਂਦੇ ਰੱਬ ਨੂੰ ਬਿਰਧ ਆਸ਼ਰਮਾਂ ਵਿੱਚ ਛੱਡਿਆ ਹੋਇਆ ਹੈ, ਉਹ ਅੱਜ ਹੀ ਜਾਣ ਅਤੇ ਆਪਣੇ ਮਾਪਿਆਂ ਨੂੰ ਵਾਪਸ ਘਰ ਲੈ ਕੇ ਆਉਣ। ਕਿਉਂਕਿ ਘਰ ਸਿਰਫ਼ ਇੱਟਾਂ, ਪੱਥਰਾਂ ਅਤੇ ਮਹਿੰਗੇ ਰੰਗ-ਰੋਗਨ ਨਾਲ ਨਹੀਂ ਬਣਦੇ, ਘਰ ਤਾਂ ਬਜ਼ੁਰਗਾਂ ਦੀਆਂ ਅਸੀਸਾਂ ਅਤੇ ਬੱਚਿਆਂ ਦੀਆਂ ਕਿਲਕਾਰੀਆਂ ਦੀ ਸਾਂਝ ਨਾਲ ਬਣਦੇ ਹਨ।

ਯਾਦ ਰੱਖਿਓ! ਕੁਦਰਤ ਦਾ ਇਨਸਾਫ਼ ਅਟੱਲ ਹੈ ਅਤੇ ਸਮੇਂ ਦਾ ਚੱਕਰ ਨਿਰੰਤਰ ਘੁੰਮ ਰਿਹਾ ਹੈ। ਜੋ ਬੀਜ ਅੱਜ ਅਸੀਂ ਆਪਣੀ ਔਲਾਦ ਦੇ ਸਾਹਮਣੇ ਬੀਜ ਰਹੇ ਹਾਂ, ਕੱਲ੍ਹ ਨੂੰ ਉਸਦੀ ਫ਼ਸਲ ਸਾਨੂੰ ਹੀ ਵੱਢਣੀ ਪਵੇਗੀ। ਜੇਕਰ ਅੱਜ ਅਸੀਂ ਇਸ ਮੋਹ-ਨਿੰਦਰਾ ਵਿੱਚੋਂ ਨਾ ਜਾਗੇ, ਤਾਂ ਕੱਲ੍ਹ ਨੂੰ ਹਰ ਗਲੀ, ਹਰ ਸ਼ਹਿਰ ਦੇ ਮੋੜ ‘ਤੇ ਇੱਕ ਬਿਰਧ ਆਸ਼ਰਮ ਖੜ੍ਹਾ ਹੋਵੇਗਾ… ਅਤੇ ਉਸ ਆਸ਼ਰਮ ਦੀ ਕਿਸੇ ਹਨ੍ਹੇਰੀ ਨੁੱਕਰ ਵਿੱਚ ਸਾਡਾ ਆਪਣਾ ਹੀ ਬੁਢਾਪਾ ਸਿਸਕੀਆਂ ਲੈ ਰਿਹਾ ਹੋਵੇਗਾ।

ਪ੍ਰੋ. ਪਵਨ ਖਿੱਚੀ, ਮਾਨਸਾ

ਮੋਬਾ. 9478160786

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦੁਆਰਾ ਕਿਲ੍ਹਾ ਗੋਬਿੰਦਗੜ੍ਹ ਦਾ ਦੌਰਾ
Next articleਕੋਵੈਂਟਰੀ ਦੇ ਪਾਰਕ ‘ਚ ਕੂੜੇ ਦੇ ਡੱਬੇ ‘ਚੋਂ ਵਿਅਕਤੀ ਦੀ ਲਾਸ਼ ਮਿਲੀ, ਤਿੰਨ ਗ੍ਰਿਫ਼ਤਾਰ