(ਸਮਾਜ ਵੀਕਲੀ) ਇਨਸਾਨ ਇੱਕ ਸਮਾਜਿਕ ਪ੍ਰਾਣੀ ਹੈ। ਉਸ ਦੀ ਜ਼ਿੰਦਗੀ ਰਿਸ਼ਤਿਆਂ, ਭਾਵਨਾਵਾਂ ਅਤੇ ਆਪਸੀ ਸਾਂਝ ਦੇ ਧਾਗਿਆਂ ਨਾਲ ਬੱਝੀ ਹੋਈ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਨੂੰ ਪਿਆਰ, ਸਤਿਕਾਰ ਅਤੇ ਆਪਣਾਪਣ ਮਿਲੇ। ਉਹ ਆਪਣੇ ਪਰਿਵਾਰ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਲਈ ਆਪਣਾ ਸਮਾਂ, ਮਿਹਨਤ ਅਤੇ ਦਿਲੋਂ ਕੀਤੀ ਪਰਵਾਹ ਨਿਛਾਵਰ ਕਰਦਾ ਹੈ। ਪਰ ਅੱਜ ਦੇ ਬਦਲਦੇ ਸਮਾਜਿਕ ਦੌਰ ਵਿੱਚ ਇੱਕ ਕੌੜਾ ਸੱਚ ਇਹ ਵੀ ਹੈ ਕਿ ਜਿਸ ਇਨਸਾਨ ਦਾ ਅਸੀਂ ਸਭ ਤੋਂ ਵੱਧ ਭਲਾ ਸੋਚਦੇ ਹਾਂ, ਕਈ ਵਾਰ ਉਹੀ ਸਾਡੀਆਂ ਭਾਵਨਾਵਾਂ ਨੂੰ ਸਮਝਣ ਦੀ ਬਜਾਏ ਤਾਨਿਆਂ, ਮਿਹਣਿਆ ਨਾਲ ਨਿਵਾਜ਼ ਦਿੰਦਾ ਹੈ। ਰਿਸ਼ਤੇ ਸਿਰਫ਼ ਖ਼ੂਨ ਦੇ ਨਹੀਂ ਹੁੰਦੇ, ਸਗੋਂ ਭਰੋਸੇ, ਇੱਜ਼ਤ ਅਤੇ ਆਪਸੀ ਸਮਝ ਦੇ ਵੀ ਹੁੰਦੇ ਹਨ। ਜਦੋਂ ਕਿਸੇ ਰਿਸ਼ਤੇ ਵਿੱਚ ਇੱਕ ਪਾਸੇ ਤੋਂ ਹੀ ਪਿਆਰ, ਤਿਆਗ ਅਤੇ ਸਹਿਯੋਗ ਮਿਲਦਾ ਰਹੇ ਅਤੇ ਦੂਜੇ ਪਾਸੇ ਉਸ ਦੀ ਕੋਈ ਕਦਰ ਨਾ ਹੋਵੇ, ਤਾਂ ਉਹ ਰਿਸ਼ਤਾ ਆਪਣੀ ਰੂਹ ਖੋ ਬੈਠਦਾ ਹੈ। ਇਹ ਸਥਿਤੀ ਮਨੁੱਖ ਦੇ ਮਨ ਨੂੰ ਅੰਦਰੋਂ ਤੋੜ ਦਿੰਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਦੂਜਿਆਂ ਦੀਆਂ ਮੁਸ਼ਕਲਾਂ ਨੂੰ ਆਪਣੀਆਂ ਸਮਝ ਕੇ ਹਰ ਵੇਲੇ ਮਦਦ ਲਈ ਤਿਆਰ ਰਹਿੰਦੇ ਹਨ। ਉਹ ਬਿਨਾਂ ਕਿਸੇ ਸਵਾਰਥ ਦੇ ਹਰ ਖੁਸ਼ੀ ਅਤੇ ਗ਼ਮ ਵਿੱਚ ਨਾਲ ਖੜ੍ਹਦੇ ਹਨ। ਪਰ ਜਦੋਂ ਸਮਾਂ ਬਦਲਦਾ ਹੈ ਤਾਂ ਉਹੀ ਲੋਕ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੇ ਹਨ। ਕਈ ਵਾਰ ਤਾਂ ਉਨ੍ਹਾਂ ਦੀ ਕੀਤੀ ਨੇਕੀ ਨੂੰ ਵੀ ਕਮਜ਼ੋਰੀ ਸਮਝ ਲਿਆ ਜਾਂਦਾ ਹੈ। ਇਹ ਵਰਤਾਰਾ ਮਨ ਵਿੱਚ ਡੂੰਘੀ ਨਿਰਾਸ਼ਾ ਪੈਦਾ ਕਰਦਾ ਹੈ। ਜਦੋਂ ਇਨਸਾਨ ਵਾਰ-ਵਾਰ ਅਣਗੌਲਿਆ ਮਹਿਸੂਸ ਕਰਦਾ ਹੈ, ਤਾਂ ਉਹ ਆਪਣੇ ਆਪ ਨੂੰ ਹੀ ਕਸੂਰਵਾਰ ਸਮਝਣ ਲੱਗ ਪੈਂਦਾ ਹੈ। ਉਹ ਸੋਚਦਾ ਹੈ ਕਿ ਸ਼ਾਇਦ ਉਸ ਤੋਂ ਹੀ ਕੋਈ ਗਲਤੀ ਹੋਈ ਹੈ। ਇਹ ਲਗਾਤਾਰ ਚਲਦੀ ਸੋਚ ਮਾਨਸਿਕ ਤਣਾਅ, ਇਕੱਲੇਪਣ ਅਤੇ ਡਿਪਰੈਸ਼ਨ ਦਾ ਕਾਰਨ ਬਣ ਸਕਦੀ ਹੈ। ਅੱਜ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਟੁੱਟਦੇ ਰਿਸ਼ਤੇ ਅਤੇ ਭਾਵਨਾਤਮਕ ਅਣਦੇਖੀ ਵੀ ਹਨ। ਇਸ ਦਾ ਅਰਥ ਇਹ ਨਹੀਂ ਕਿ ਇਨਸਾਨ ਨੇਕੀ ਕਰਨੀ ਛੱਡ ਦੇਵੇ। ਨੇਕੀ ਮਨੁੱਖ ਦੇ ਚਰਿੱਤਰ ਦੀ ਪਛਾਣ ਹੈ, ਪਰ ਨੇਕੀ ਦੇ ਨਾਲ-ਨਾਲ ਸਵੈ-ਸਨਮਾਨ ਦੀ ਰੱਖਿਆ ਕਰਨੀ ਵੀ ਉਤਨੀ ਹੀ ਜ਼ਰੂਰੀ ਹੈ। ਜਿੱਥੇ ਸਾਡੀਆਂ ਭਾਵਨਾਵਾਂ ਦੀ ਕਦਰ ਨਾ ਹੋਵੇ, ਉੱਥੇ ਆਪਣੇ ਆਪ ਨੂੰ ਵਾਰ-ਵਾਰ ਦੁਖੀ ਕਰਨ ਦੀ ਬਜਾਏ ਸਮਝਦਾਰੀ ਨਾਲ ਦੂਰੀ ਬਣਾ ਲੈਣੀ ਚਾਹੀਦੀ ਹੈ। ਹਰ ਰਿਸ਼ਤੇ ਵਿੱਚ ਹੱਦਾਂ ਦਾ ਹੋਣਾ ਵੀ ਸਿਹਤਮੰਦ ਜੀਵਨ ਲਈ ਲਾਜ਼ਮੀ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਇਨਸਾਨ ਸਾਡੀ ਸੋਚ ਜਾਂ ਸਾਡੀ ਨੇਕੀ ਨੂੰ ਇੱਕੋ ਜਿਹੀ ਨਜ਼ਰ ਨਾਲ ਨਹੀਂ ਵੇਖਦਾ। ਇਸ ਲਈ ਆਪਣੀ ਖੁਸ਼ੀ ਨੂੰ ਦੂਜਿਆਂ ਦੀ ਪ੍ਰਸ਼ੰਸਾ ਨਾਲ ਨਹੀਂ, ਸਗੋਂ ਆਪਣੇ ਚੰਗੇ ਕਰਮਾਂ ਨਾਲ ਜੋੜਨਾ ਚਾਹੀਦਾ ਹੈ। ਸੱਚੀ ਨੇਕੀ ਕਦੇ ਵਿਅਰਥ ਨਹੀਂ ਜਾਂਦੀ। ਜੇ ਉਸ ਦਾ ਫਲ ਇਨਸਾਨਾਂ ਤੋਂ ਨਹੀਂ ਮਿਲਦਾ, ਤਾਂ ਉਹ ਸਾਡੀ ਸ਼ਖ਼ਸੀਅਤ ਨੂੰ ਹੋਰ ਉੱਚਾ ਅਤੇ ਮਨ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਰਿਸ਼ਤਿਆਂ ਵਿੱਚ ਸੱਚਾਈ, ਸੰਵੇਦਨਸ਼ੀਲਤਾ ਅਤੇ ਕਦਰ ਦੀ ਭਾਵਨਾ ਨੂੰ ਮੁੜ ਜਗਾਈਏ। ਕਿਸੇ ਦੀ ਕੀਤੀ ਪਰਵਾਹ ਨੂੰ ਉਸ ਦੀ ਮਜਬੂਰੀ ਨਹੀਂ, ਸਗੋਂ ਉਸ ਦੇ ਵੱਡੇ ਦਿਲ ਦੀ ਨਿਸ਼ਾਨੀ ਸਮਝੀਏ। ਕਿਉਂਕਿ ਰਿਸ਼ਤੇ ਤਾਨਿਆਂ ਨਾਲ ਨਹੀਂ, ਸਤਿਕਾਰ ਅਤੇ ਕਦਰ ਨਾਲ ਜਿਊਂਦੇ ਹਨ। ਇਹੀ ਇੱਕ ਸਿਹਤਮੰਦ ਸਮਾਜ ਦੀ ਅਸਲ ਪਹਿਚਾਣ ਹੈ।
ਰਸ਼ਪਾਲ ਕੌਰ ਅਧਿਆਪਕਾ
ਕਪੂਰਥਲਾ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






