ਮੁਫ਼ਤ ਦੇ ਰਾਸ਼ਨ ਦਾ ਮੁੱਲ

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)

ਕਈ ਦਿਨ ਬਾਅਦ ਅੱਜ ਹਿੰਮਤ ਕਰਕੇ ਕਰਮੇਂ ਨੇ ਆਪਣਾ ਰਿਕਸ਼ਾ ਘਰੋਂ ਬਾਹਰ ਕੱਢਿਆ। ਕਈ ਦਿਨਾਂ ਤੋਂ ਖੜੇ ਰਹਿਣ ਕਰਕੇ ਰਿਕਸ਼ੇ ਤੇ ‌ਮਿੱਟੀ ਘੱਟਾ ਬਹੁਤ ਜੰਮ ਗਈ ਸੀ। ਪਹਿਲਾਂ ਤੋਂ ਹੀ ਅੱਤ ਦੀ ਗਰੀਬੀ ਵਿੱਚ ਦਿਨ ਕੱਟ ਰਹੇ ਕਰਮੇਂ ਤੋਂ ਨਾ ਤਾਂ ਆਪਣੇ ਰਿਕਸ਼ੇ ਤੇ ਜੰਮੀ ਮਿੱਟੀ ਸਾਫ਼ ਕਰਨ ਦੀ ਹਿੰਮਤ ਹੋਈ ਅਤੇ ਨਾ ਹੀ ਉਸ ਤੋਂ ਆਪਣੇ ਅਤੇ ਆਪਣੇ ਪਰਿਵਾਰ ਤੇ ਜੰਮੀ ਗਰੀਬੀ ਰੂਪੀ ਮਿੱਟੀ ਘੱਟਾ ਸਾਫ ਹੋ ਸਕੀ। ਬਸ ਦੋ ਟਾਇਮ ਦੀ ਰੋਟੀ ਲਈ ਸਾਰਾ ਦਿਨ ਆਪਣਾ ਸਰੀਰ ਭੰਨਦੇ ਕਰਮੇਂ ਦੇ ਨਾ ਹੀ ਕੋਈ ਸੁਪਨੇ ਸਨ ਅਤੇ ਨਾ ਹੀ ਉਸ ਵਿੱਚ ਜ਼ਿੰਦਗੀ ਜਿਉਣ ਦਾ ਕੋਈ ਚਾਅ ਸੀ। ਪਰ ਆਪਣੇ ਪਰਿਵਾਰ ਦਾ ਪੇਟ ਭਰਨਾ ਉਹ ਆਪਣਾ ਸਭ ਤੋਂ ਜ਼ਰੂਰੀ ਕਰਮ ਸਮਝਦਾ ਸੀ। ਇਸੇ ਲਈ ਕਰਫਿਊ ਲੱਗੇ ਹੋਣ ਤੋਂ ਬਾਅਦ ਵੀ ਜਦ ਕਰਮੇਂ ਨੂੰ ਪਤਾ ਸੀ ਕਿ ਸਭ ਕੁਝ ਬੰਦ ਹੈ, ਸਵਾਰੀ ਕਿੱਥੋਂ ਮਿਲਣੀ ਸੀ ਪਰ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਉਸਨੂੰ ਮਜਬੂਰੀ ਬਸ ਘਰੋਂ ਬਾਹਰ ਨਿਕਲਣਾ ਪਿਆ ਕਿਉਂਕਿ ਘਰ ਵਿੱਚ ਜੋੜੇ ਕੁੱਝ ਕੁ ਰੁਪਏ ਹੁਣ ਖ਼ਤਮ ਹੋਣ ਦੀ ਕਗਾਰ ਤੇ ਹੀ ਸਨ। ਕਰਮਾਂ ਘਰੋਂ ਨਿਕਲਿਆ ਰਿਕਸ਼ੇ ਦਾ ਪੈਡਲ ਮਾਰਿਆ ਅਤੇ ਗੱਦੀ ਤੇ ਬਹਿ ਗਿਆ।

ਅਚਾਨਕ ਉਸਦੇ ਦਿਮਾਗ ਵਿੱਚ ਖੋਰੇ ਕੀ ਆਇਆ ਉਸਨੇ ਰਿਕਸ਼ੇ ਦੀ ਬਰੇਕ ਲਗਾਈ ਅਤੇ ਰਿਕਸ਼ੇ ਤੋਂ ਉਤਰਦਿਆਂ ਆਪਣੇ ਸਿਰ ਤੇ ਬੰਨ੍ਹੇ‌ ਮੈਲ਼ੇ-ਕੁਚੈਲੇ ਪਰਨੇ ਨੂੰ ਸਿਰੋਂ ਲਾਹ ਕੇ ਰਿਕਸ਼ੇ ਦੀਆਂ ਸੀਟਾਂ ਤੇ ਮਾਰਨ ਲੱਗਿਆ। ਰਿਕਸ਼ੇ ਤੇ ਕੱਪੜਾ ਮਾਰਨ ਤੋਂ ਬਾਅਦ ਪਰਨਾ ਸਿਰ ਤੇ ਲਪੇਟਦਿਆਂ ਕਰਮਾਂ ਫਿਰ ਰਿਕਸ਼ੇ ਤੇ ਸਵਾਰ ਹੋ ਗਿਆ। ਹਰ ਪਾਸਾ ਸੁਨਸਾਨ ਸੀ। ਸੜਕਾਂ ਤੇ ਇੱਕਾ-ਦੁੱਕਾ ਗੱਡੀਆਂ ਅਤੇ ਕੁੱਝ ਪੈਦਲ ਤੁਰੇ ਜਾਂਦੇ ਲੋਕ ਨਜ਼ਰ ਆ ਰਹੇ ਸਨ ਪਰ ਇਹ ਕਰਮੇਂ ਦੀਆਂ ਸਵਾਰੀਆਂ ਨਹੀਂ ਸਨ। ਸ਼ਹਿਰ ਦੇ ਹਰ ਚੌਂਕ-ਚੁਰਾਹੇ ਤੇ ਪੁਲਿਸ ਵਾਲਿਆਂ ਦਾ ਪਹਿਰਾ ਸੀ। ਉਹ ਅਚਾਨਕ ਵੇਖ ਕੇ ਡਰ ਗਿਆ ਕੇ ਨਾਕੇ ਤੇ ਖੜ੍ਹਾ ਇੱਕ ਪੁਲਿਸ ਵਾਲਾ ਉਸ ਨੂੰ ਆਵਾਜ਼ਾਂ ਮਾਰ ਕੇ ਆਪਣੇ ਕੋਲ ਬੁਲਾ ਰਿਹਾ ਹੈ। ਡਰਦਾ ਹੋਇਆ ਕਰਮਾਂ ਜਦ ਉਹਨਾਂ ਪੁਲਿਸ ਵਾਲਿਆਂ ਕੋਲ ਗਿਆ ਤਾਂ ਉਸਦਾ ਗੁੱਸਾ ਉਦੋਂ ਖੁੱਦਾਰੀ ਵਿੱਚ ਬਦਲ ਗਿਆ ਜਦ ਪਹਿਲਾਂ ਪੁਲਿਸ ਵਾਲਿਆਂ ਨੇ ਇੱਕ ਦਵਾਈ ਨਾਲ ਕਰਮੇਂ ਦੇ ਹੱਥ ਧੁਵਾਏ ਅਤੇ ਫਿਰ ਉਸਨੂੰ ਕੁੱਝ ਰਾਸ਼ਨ ਦੇਣਾ ਚਾਹਿਆ।

ਹੱਕ-ਹਲਾਲ ਦੀ ਕਮਾਈ ਵਿੱਚ ਵਿਸ਼ਵਾਸ ਰੱਖਣ ਵਾਲੇ ਕਰਮੇਂ ਨੇ ਪਹਿਲਾਂ ਤਾਂ ਇਹ ਰਾਸ਼ਨ ਲੈਣ ਤੋਂ ਮਨ੍ਹਾਂ ਕਰ ਦਿੱਤਾ ਤੇ ਆਖਿਆ “ਨਹੀਂ ਸਾਹਿਬ ਇਹ ਰਾਸ਼ਨ ਤੁਸੀਂ ਕਿਸੇ ਲੋੜਵੰਦ ਨੂੰ ਦੇ ਦਿਓ, ਮੈਂ ਤਾਂ ਚੰਗਾ ਭਲਾ ਹਾਂ, ਆਹ ਰਿਕਸ਼ਾ ਹੈ ਮੇਰੇ ਕੋਲ, ਹੱਢ ਪੈਰ ਸਲਾਮਤ ਨੇ ਮੇਰੇ, ਮੈਨੂੰ ਭਲਾ ਕੀ ਲੋੜ ਰਾਸ਼ਨ ਦੀ।” ਇਹ ਗੱਲ ਕਹਿੰਦਿਆਂ ਕਰਮੇਂ ਦਾ ਮਨ ਅੰਦਰੋਂ-ਅੰਦਰੀ ਉਦਾਸ ਵੀ ਹੋ ਗਿਆ ਕਿਉਂਕਿ ਦਿਮਾਗ ਵਿੱਚ ਉਸਦੇ ਆਪਣੇ ਅਸੂਲ ਸਨ ਪਰ ਦਿਲ ਦੇ ਕਿਸੇ ਕੋਨੇ ਵਿੱਚ ਭੁੱਖ ਨਾਲ ਤੜਪਦੇ ਉਸਦੇ ਮਾ-ਬਾਪ ਤੇ ਬੱਚੇ ਸਨ। ਪਰ ਉਹਨਾਂ ਪੁਲਿਸ ਵਾਲਿਆਂ ਨੇ ਕਰਮੇਂ ਦੀ ਖੁੱਦਾਰੀ ਨੂੰ ਸਮਝ ਲਿਆ ਸੀ ਕਿ ਕਰਮਾਂ ਲੋੜਵੰਦ ਤਾਂ ਹੈ ਪਰ ਉਸਦੇ ਅਸੂਲ ਉਸਨੂੰ ਰਾਸ਼ਨ ਨਹੀਂ ਲੈਣ ਦੇ ਰਹੇ। ਫਿਰ ਉਹਨਾਂ ਵਿੱਚੋਂ ਇੱਕ ਪੁਲਿਸ ਕਰਮੀ ਨੇ ਕਰਮੇਂ ਨੂੰ ਕਿਹਾ ਕੇ‌ ਚਲੋ ਬਾਬਾ ਜੀ ਆਹ ਦੱਸੋ ਕਿ ਬਸ ਸਟੈਂਡ ਤੋਂ ਫੁਹਾਰਾ ਚੌਂਕ ਦੇ ਕਿੰਨੇ ਪੈਸੇ ਲਵੋਂਗੇ। ਕਰਮਾਂ ਆਪਣਾਪਨ ਜਿਹਾ ਵਿਖਾਉਂਦਾ ਕਹਿਣ ਲੱਗਾ,”ਜਿੰਨੇ ਦੇਣੇ ਨੇ ਦੇ ਦਿਓ ਜੀ।” ਇਹ ਸੁਣਦਿਆਂ ਪੁਲਿਸ ਵਾਲੇ ਨੇ ਜਦੇ ਰਾਸ਼ਨ ਰਿਕਸ਼ੇ ਤੇ ਰੱਖ ਦਿੱਤਾ।

ਅੱਖਾਂ ਵਿੱਚ ਹੰਝੂ ਭਰ ਕੇ ਕਰਮੇਂ ਨੇ ਉਹਨਾਂ ਪੁਲਿਸ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਮਨ ਵਿੱਚ ਹੀ ਉਹਨਾਂ ਨੂੰ ਲੱਖਾਂ ਅਸੀਸਾਂ ਦਿੱਤੀਆਂ। ਧੰਨਵਾਦ ਕਰਦਿਆਂ ਜਦ ਕਰਮਾਂ ਉੱਥੋਂ ਜਾਣ ਲੱਗਿਆ ਤਾਂ ਉਹਨਾਂ ਵਿੱਚੋਂ ਇੱਕ ਪੁਲਿਸ ਵਾਲੇ ਨੇ ਕਰਮੇਂ ਨੂੰ ਮੁੰਹ ਤੇ ਬੰਨਣ ਲਈ ਇੱਕ ਮਾਸਕ ਦਿੱਤਾ ਅਤੇ ਵਾਰ-ਵਾਰ ਹੱਥ ਧੋਣ ਲਈ ਕਿਹਾ। ਕਰਮਾਂ ਬਹੁਤ ਖੁਸ਼ ਸੀ ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਅੱਜ ਰੱਬ ਆਪ ਆ ਕੇ ਉਸਦੇ ਸਾਹਮਣੇ ਖੜ੍ਹ ਗਿਆ ਸੀ। ਜਾਣ ਵੇਲੇ ਕਰਮੇਂ ਨੂੰ ਪੁਲਿਸ ਵਾਲਿਆਂ ਦੀ ਇਹ ਗੱਲ ਵੀ ਯਾਦ ਸੀ ਕਿ ਬਾਬਾ ਜੀ ਕਰਫ਼ਿਊ ਲੱਗਿਆ ਹੋਇਆ ਹੈ, ਘਰੋਂ ਬਾਹਰ ਨਹੀਂ ਘੁੰਮਣਾ, ਹੁਣ ਤੁਸੀਂ ਆਪਣੇ ਘਰ ਨੂੰ ਚਲੇ ਜਾਵੋ। ਕਰਮੇਂ ਨੇ ਰਿਕਸ਼ਾ ਆਪਣੇ ਘਰ ਵੱਲ ਨੂੰ ਮੋੜ ਲਿਆ।

ਘਰ ਵੱਲ ਨੂੰ ਜਾਂਦੇ ਕਰਮੇਂ ਨੂੰ ਇੱਕ ਬਜ਼ੁਰਗ ਨੇ ਹੱਥ ਦਿੱਤਾ ਤੇ ਕਰਮਾਂ ਰੁੱਕ ਗਿਆ। ਉਹ ਬਜ਼ੁਰਗ ਕਰਮੇਂ ਦੇ ਪੈਰੀ ਪੈ ਗਿਆ,” ਵੇ ਪੁੱਤ ਮੇਰੀ ਘਰਵਾਲੀ ਬਹੁਤ ਬਿਮਾਰ ਆ, ਮੇਰੇ ਬੱਚਿਆਂ ਨੇ ਬਿਮਾਰੀ ਦੇ ਡਰੋਂ ਇਸਨੂੰ ਹੱਥ ਵੀ ਨਹੀਂ ਲਾਇਆ ਤੇ ਮੈਂ ‌ਮਸਾਂ ਇਸ ਨੂੰ ਇੱਥੇ ਤੱਕ ਲੈ ਕੇ ਆਇਆ ਹਾਂ, ਮੈਂ ਕਈ ਗੱਡੀ ਵਾਲਿਆਂ ਨੂੰ ਵੀ ਹੱਥ ਮਾਰਿਆ ਪਰ ਕੋਈ ‌ਮੇਰੀ ਮਦਦ ਕਰਨ ਲਈ ਨਹੀਂ ਰੁਕਿਆ। ਬੇਟਾ ਤੂੰ ਮੇਰੀ ਮਦਦ ਕਰਦੇ ਰੱਬ ਤੇਰਾ ਭਲਾ ਕਰੇਗਾ।” ਕਰਮੇਂ ਨੂੰ ਉਸ ਬਜ਼ੁਰਗ ਤੇ ਤਰਸ ਆ ਗਿਆ ਅਤੇ ਉਸਨੇ ਬਜ਼ੁਰਗ ਨਾਲ ਮਿਲਕੇ ਬਿਮਾਰ ਔਰਤ ਨੂੰ ਆਪਣੇ ਰਿਕਸ਼ੇ ਤੇ ਬਿਠਾ ਲਿਆ। ਵੇਖਣ ਤੋਂ ਹੀ ਪਤਾ ਚਲਦਾ ਸੀ ਕਿ ਉਸ ਬਜ਼ੁਰਗ ਦੀ ਮਾਲੀ ਹਾਲਤ ਕੋਈ ਬਹੁਤ ਵਧੀਆ ਨਹੀਂ ਸੀ। ਰਿਕਸ਼ੇ ਤੇ ਬੈਠ ਕੇ ਉਸ ਬਜ਼ੁਰਗ ਨੇ ਕਰਮੇਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉੱਝ ਤਾਂ ਉਹ ਸਰਕਾਰੀ ਨੌਕਰੀ ਤੇ ਰਿਟਾਇਰ ਹੋਇਆ ਸੀ ਪਰ ਉਸਨੇ ਸਾਰਾ ਪੈਸਾ ਬੱਚਿਆਂ ਵਿੱਚ ਇਹ ਸੋਚ ਕੇ ਵੰਡ ਦਿੱਤਾ ਸੀ ਕਿ ਹੁਣ ਤਾਂ ਉਸਦੇ ਬੱਚੇ ਹੀ ਉਸਦੀ ਸੇਵਾ ਕਰਨਗੇ ਫਿਰ ਉਸਨੂੰ ਪੈਸੇ ਦੀ ਕੀ ਲੋੜ।

ਪੈਨਸ਼ਨ ਵੀ ਉਹ ਹਰ ਮਹੀਨੇ ਆਪਣੇ ਖਰਚੇ ਲਈ ਬਹੁਤ ਘੱਟ ਪੈਸੇ ਰੱਖ ਕੇ ਬਾਕੀ ਆਪਣੇ ਦੋਵੇਂ ਮੁੰਡਿਆਂ ਨੂੰ ਦੇ ਦਿੰਦਾ ਸੀ। ਹੁਣ ਅਜੇ ਪੈਨਸ਼ਨ ਆਉਣ ਨੂੰ ਵੀ ਕਈ ਦਿਨ ਪਏ ਸਨ ਅਤੇ ਉਸਦੇ ਬੱਚਿਆਂ ਨੇ ਵੀ ਇਸ ਮੁਸ਼ਕਲ ਦੇ ਸਮੇਂ ਵਿੱਚ ਉਸ ਵੱਲੋਂ ਮੂੰਹ ਫੇਰ ਲਿਆ ਸੀ। ਇਹ ਸਭ ਸੁਣ ਕੇ ਹੁਣ ਕਰਮੇਂ ਨੂੰ ਵੀ ਕੋਈ ਬਹੁਤੀ ਆਸ ਨਹੀਂ ਸੀ ਕਿ ਉਸਨੂੰ ਇਸ ਸਵਾਰੀ ਤੋਂ ਕਿਰਾਇਆ ਮਿਲੂਗਾ। ਉਸ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਕਰਮੇਂ ਵਿੱਚ ਹਿੰਮਤ ਵੀ ਨਹੀਂ ਸੀ ਕਿਰਾਇਆ ਮੰਗਣ ਦੀ, ਹੁਣ ਤਾਂ ਇਨਸਾਨ ਹੋਣ ਦੇ ਨਾਤੇ ਕਰਮਾਂ ਇਨਸਾਨੀਅਤ ਦਾ ਫਰਜ਼ ਨਿਭਾ ਰਿਹਾ ਸੀ ਅਤੇ ਮੁਫ਼ਤ ਵਿੱਚ ਮਿਲੇ ਰਾਸ਼ਨ ਦਾ ਮੁੱਲ ਉਤਾਰ ਰਿਹਾ ਸੀ।

ਪਰ ਦੋਸਤੋ ਗੱਲ ਇੱਥੇ ਹੀ ਨਹੀਂ ਮੁੱਕਦੀ ਮਹਾਂਮਾਰੀ ਦਾ ਸਮਾਂ ਹੈ ਹਰ ਕੋਈ ਆਪਣੀ ਹੈਸੀਅਤ ਅਨੁਸਾਰ ਲੋੜਵੰਦ ਦੀ ਮਦਦ ਕਰਨਾ ਚਾਹੁੰਦਾ ਹੈ। ਇਸ ਵਿੱਚ ਮਾੜਾ ਵੀ ਕੁੱਝ ਨਹੀਂ, ਇਸੇ ਬਹਾਨੇ ਸਾਡਾ ਦਸਵੰਧ ਨਿਕਲ ਰਿਹਾ ਹੈ। ਰਾਸ਼ਨ ਦੇਣ ਵਾਲੇ ਦੀ ਤਰ੍ਹਾਂ ਰਾਸ਼ਨ ਲੈਣ ਵਾਲੇ ਵਿੱਚ ਵੀ ਇਹ ਭਾਵਨਾ ਹੁੰਦੀ ਹੈ ਕਿ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਕਰਜ ਦਾ ਮੁੱਲ ਉਤਾਰੇ ਅਤੇ ਆਪਣੀ ਹੈਸੀਅਤ ਅਨੁਸਾਰ ਕਿਸੇ ਲੋੜਵੰਦ ਦੀ ਮਦਦ ਕਰੇ ਜਿਸ ਦਾ ਪਤਾ ਸਾਨੂੰ ਇਸ ਕਹਾਣੀ ਵਿਚਲੇ ਪਾਤਰ ਕਰਮੇਂ ਦੁਆਰਾ ਕੀਤੀ ਮਦਦ ਤੋਂ ਬਾਖੂਬੀ ਲੱਗ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਆਮ ਇਨਸਾਨ ਵਿੱਚ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ।

ਚਰਨਜੀਤ ਸਿੰਘ ਰਾਜੌਰ
8427929558

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਦੇ ਰੇਰੂ ਪਿੰਡ ਵਿਖੇ “ਵ੍ਹੱਟਸਐਪ ਤੇ ਗੱਲਾਂ” ਗੀਤ ਕੀਤਾ ਰਿਲੀਜ਼
Next articleਮਾਨਸਿਕ ਤਣਾਓ ਬਣ ਰਿਹਾ ਖ਼ੁਦਕੁਸ਼ੀ ਦਾ ਕਾਰਨ