ਵਾਸ਼ਿੰਗਟਨ (ਸਮਾਜ ਵੀਕਲੀ): ਯੂਕਰੇਨ ’ਤੇ ਰੂਸ ਦੀ ਕਾਰਵਾਈ ਦੇ ਵਿਰੋਧ ’ਚ ਪਾਬੰਦੀਆਂ ਲਗਾਉਣ ਦੀ ਬਾਇਡਨ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਭਾਰਤੀ ਮੂਲ ਦੇ ਆਰਥਿਕ ਸਲਾਹਕਾਰ ਦਲੀਪ ਸਿੰਘ ਕਰ ਰਹੇ ਹਨ। ਦਲੀਪ ਸਿੰਘ ਕੌਮਾਂਤਰੀ ਅਰਥਸ਼ਾਸਤਰ ਲਈ ਉਪ ਕੌਮੀ ਸੁਰੱਖਿਆ ਸਲਾਹਕਾਰ ਅਤੇ ਕੌਮੀ ਆਰਥਿਕ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਹਨ। ਬੀਤੇ ਕੁਝ ਦਿਨਾਂ ’ਚ ਉਹ ਵ੍ਹਾਈਟ ਹਾਊਸ ਦੇ ਪ੍ਰੈੱਸ ਰੂਮ ’ਚ ਦੂਜੀ ਵਾਰ ਨਜ਼ਰ ਆਏ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਦਲੀਪ ਸਿੰਘ ਨੂੰ ਲੋਕਾਂ ਦੀ ਮੰਗ ’ਤੇ ਵਾਪਸ ਲਿਆਂਦਾ ਗਿਆ ਹੈ ਕਿਉਂਕਿ ਉਹ ਬਾਇਡਨ ਸਰਕਾਰ ’ਚ ਰੂਸ ਨੀਤੀ ’ਤੇ ਅਹਿਮ ਭੂਮਿਕਾ ਨਿਭਾ ਰਹੇ ਹਨ।
ਦਲੀਪ ਸਿੰਘ ਨੇ ਆਪਣੇ ਸੰਬੋਧਨ ’ਚ ਪੱਤਰਕਾਰਾਂ ਨੂੰ ਕਿਹਾ,‘‘ਯੂਕਰੇਨ ’ਤੇ ਰੂਸ ਦਾ ਹਮਲਾ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਅਸੀਂ ਜਵਾਬ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਅੱਜ ਰਾਸ਼ਟਰਪਤੀ ਬਾਇਡਨ ਨੇ ਤੇਜ਼ੀ ਨਾਲ ਪ੍ਰਤੀਕਰਮ ਦਿੱਤਾ ਹੈ ਅਤੇ ਸਹਿਯੋਗੀ ਮੁਲਕਾਂ ਨਾਲ ਤਾਲਮੇਲ ਦਾ ਫ਼ੈਸਲਾ ਲਿਆ ਹੈ। ਉਂਜ ਇਹ ਫ਼ੈਸਲਾ ਲੈਣ ’ਚ ਕਈ ਮਹੀਨਿਆਂ ਅਤੇ ਹਫ਼ਤਿਆਂ ਦਾ ਸਮਾਂ ਲੱਗਾ।’’ ਉਨ੍ਹਾਂ ਕਿਹਾ ਕਿ ਜਰਮਨੀ ਨਾਲ ਪੂਰੀ ਰਾਤ ਗੱਲਬਾਤ ਤੋਂ ਬਾਅਦ ਰੂਸ ਦੀ ‘ਨੋਰਡ ਸਟਰੀਮ-2’ ਕੁਦਰਤੀ ਗੈਸ ਪਾਈਪਲਾਈਨ ’ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਕੰਟਰੋਲ ਵਾਲੀ ਇਸ ਪਾਈਪਲਾਈਨ ’ਚ 11 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਹੁਣ ਬੇਕਾਰ ਹੋ ਜਾਵੇਗਾ ਜਿਸ ਦਾ ਰੂਸ ਨੂੰ ਨੁਕਸਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰੂਸ ਦੇ ਬੈਂਕਾਂ ਅਤੇ ਵੱਡੇ ਕਾਰੋਬਾਰੀਆਂ ’ਤੇ ਵੀ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly