
(ਸਮਾਜ ਵੀਕਲੀ) ਸੇਵਾ ਮੁਕਤੀ ਦਾ ਸੰਕਲਪ ਉਂਜ ਤਾਂ ਨੌਕਰੀਪੇਸ਼ਾ ਲੋਕਾਂ ਨਾਲ ਜੁੜਿਆ ਹੋਇਆ ਹੈ ਪਰ ਇਸ ਦੇ ਅਨੇਕ ਪ੍ਰਕਾਰ ਦੇ ਸੰਦਰਭ ਦੇਖੇ-ਸਮਝੇ ਜਾ ਸਕਦੇ ਹਨ। ਗੁਰੂ ਵਾਕ ‘‘ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹੁ ਬੈਸਣ ਪਾਈਐ।’’ ਵਿਚਲੇ ਮੂਲ ਭਾਵ ਨੂੰ ਇਸ ਅਰਥ-ਸੰਵਦੇਨਾ ਨਾਲ ਜੋੜ ਸਕਦੇ ਹਾਂ ਕਿ ਮਾਨਵ ਦਾ ਇਸ ਧਰਤੀ ਉੱਤੇ ਜਨਮ ਹੀ ਸਹੀ ਮਾਅਨੇ ਵਿਚ ਸੇਵਾ ਕਰਨ ਜਾਂ ਸੇਵਾ ਕਮਾਉਣ ਲਈ ਹੋਇਆ ਹੈ। ਮਨੁੱਖ ਦੀ ਪਛਾਣ ਉਸ ਦੇ ਸਮਾਜਿਕ ਭਲਾਈ ਦੇ ਕੰਮਾਂ ਤੋਂ ਕੀਤੀ ਜਾਂਦੀ ਹੈ ਕਿ ਉਸ ਵੱਲੋਂ ਆਪਣੀ ਜ਼ਿੰਦਗੀ ਵਿੱਚ ਸਮਾਜ ਸੁਧਾਰ ਲਈ ਕੀ ਯੋਗਦਾਨ ਪਾਇਆ ਹੈ। ਅੱਜ ਬਹੁਤ ਸਾਰੇ ਅਧਿਆਪਕ ਤੇ ਅਧਿਕਾਰੀ ਹਨ ਜਿਨ੍ਹਾਂ ਨੇ ਆਪਣੀ ਨੌਕਰੀ ਇਮਾਨਦਾਰੀ ਤੇ ਸੁਚੱਜਤਾ ਨਾਲ ਕਰਦੇ ਹੋਏ ਕਈ ਨੇਕ ਕੰਮ ਕੀਤੇ ਹਨ। ਅਜਿਹੇ ਮਨੁੱਖ ਦੂਜਿਆਂ ਲਈ ਮਾਰਗ ਦਰਸ਼ਕ ਬਣਦੇ ਹਨ। ਸ਼੍ਰੀਮਤੀ ਰਣਜੀਤ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ( ਕਪੂਰਥਲਾ) ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਜਿੱਥੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਉੱਥੇ ਸਮਾਜਿਕ ਕਾਰਜਾਂ ਵਿੱਚ ਸਮੇਂ – ਸਮੇਂ ਆਪਣਾ ਯੋਗਦਾਨ ਪਾਇਆ ਹੈ। ਸ਼੍ਰੀਮਤੀ ਰਣਜੀਤ ਕੌਰ ਦਾ ਜਨਮ 14 ਮਈ 1968 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਗੋਬਲ ਵਿਖੇ ਹੋਇਆ । ਆਪ ਦੀ ਪਹਿਲੀ ਨਿਯੁਕਤੀ 30 ਦਸੰਬਰ 1996 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਰਜ਼ਾਪੁਰ ਵਿਖੇ ਬਤੌਰ ਪੰਜਾਬੀ ਮਿਸਟ੍ਰੈਸ ਦੇ ਤੌਰ ਤੇ ਹੋਈ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਸਿੱਖਿਆ ਵਿਭਾਗ ਨੂੰ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਕੇ ਅਨੇਕਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕੀਤਾ ਹੈ। 26 ਜੁਲਾਈ 2008 ਨੂੰ ਆਪ ਬਤੌਰ ਪੰਜਾਬੀ ਲੈਕਚਰਾਰ ਪਦਉੱਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ( ਕਪੂਰਥਲਾ) ਵਿਖੇ ਆ ਗਏ ਤੇ ਆਪ ਨੇ ਇੱਥੇ ਲੱਗਭਗ 18 ਸਾਲ ਸੇਵਾ ਕੀਤੀ। ਇਸ ਸਕੂਲ ਵਿੱਚ ਸੇਵਾਵਾਂ ਦਿੰਦੇ ਹੋਏ ਜਿੱਥੇ ਸਕੂਲ ਦੀ ਕਾਇਆ ਕਲਪ ਕੀਤੀ ਉੱਥੇ ਸਟਾਫ਼ , ਵਿਦਿਆਰਥੀਆਂ ਤੇ ਸਮਾਜਿਕ ਭਾਈਚਾਰੇ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ। ਜਿਸ ਵਿੱਚ ਸਮੇਂ ਸਮੇਂ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨ ਤੇ ਆਪਣੇ ਵੱਲੋਂ , ਸਟਾਫ਼ ਤੇ ਸਮਾਜਿਕ ਭਾਈਚਾਰੇ ਨੂੰ ਪ੍ਰੇਰਿਤ ਕਰਕੇ ਸਕੂਲ ਭਲਾਈ ਲਈ ਵਿੱਤੀ ਸਹਾਇਤਾ ਮੁਹੱਈਆਂ ਕਰਨਾ ਆਪ ਦੀ ਸ਼ਖ਼ਸੀਅਤ ਦਾ ਅਹਿਮ ਪਹਿਲੂ ਹੈ। ਅਗਰ ਪਰਿਵਾਰ ਦੀ ਗੱਲ ਕਰੀਏ ਤਾਂ ਆਪ ਨੇ ਆਪਣੀਆਂ ਘਰੇਲੂ ਜਿੰਮੇਵਾਰੀਆਂ ਵੀ ਬਾਖੂਬੀ ਨਿਭਾਈਆਂ। ਆਪ ਦੇ ਜੀਵਨ ਸਾਥੀ ਸ.ਗੁਰਬਖਸ਼ ਸਿੰਘ ਰੇਲ ਕੋਚ ਫੈਕਟਰੀ ਤੋਂ ਸੇਵਾ ਮੁਕਤ ਹਨ ਅਤੇ ਆਪ ਦਾ ਬੇਟਾ ਹਰਨੂਰ ਸਿੰਘ ਪੜ੍ਹਾਈ ਕਰ ਰਿਹਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਆਸ਼ਾ ਰਾਣੀ ਅਨੁਸਾਰ ਸ਼੍ਰੀਮਤੀ ਰਣਜੀਤ ਕੌਰ ਸਿਰਫ਼ ਇੱਕ ਅਧਿਆਪਕ ਹੀ ਨਹੀਂ ਸਗੋਂ ਇੱਕ ਮਾਰਗਦਰਸ਼ਕ, ਪ੍ਰੇਰਕ ਅਤੇ ਮਾਂ ਵਰਗੀ ਮਮਤਾ ਰੱਖਣ ਵਾਲੀ ਸ਼ਖਸੀਅਤ ਹਨ। ਉਹਨਾਂ ਦੀ ਕਲਾਸ ਵਿੱਚ ਵਿਦਿਆਰਥੀਆਂ ਨੂੰ ਸਿਰਫ਼ ਪੁਸਤਕੀ ਗਿਆਨ ਹੀ ਨਹੀਂ ਮਿਲਿਆ, ਸਗੋਂ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਊਣ ਦੀ ਪ੍ਰੇਰਣਾ ਵੀ ਮਿਲੀ। ਜਿਵੇਂ ਅਧਿਆਪਕ ਨੂੰ ਮਾਲੀ ਦਾ ਨਾਮ ਦਿਤਾ ਜਾਂਦਾ ਹੈ ਜਿਵੇਂ ਮਾਲੀ ਪੌਦਿਆਂ ਦੇ ਵਧਣ-ਫੁੱਲਣ ਲਈ ਉਨ੍ਹਾਂ ਨੂੰ ਖ਼ਾਦ-ਖੁਰਾਕ, ਪਾਣੀ ਆਦਿ ਦਿੰਦਾ ਹੈ, ਉਸੇ ਤਰ੍ਹਾਂ ਅਧਿਆਪਕ ਵਿਦਿਆਰਥੀ ਰੂਪੀ ਪੌਦੇ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਆਪਣੀ ਹਰ ਵਾਹ ਲਾਉਂਦਾ ਹੈ ਤਾਂ ਕਿ ਉਸ ਦੇ ਵਿਦਿਆਰਥੀ ਚੰਗੇ ਨਾਗਰਿਕ ਬਣ ਕੇ, ਇੱਕ ਚੰਗੇ ਤੇ ਨਰੋਏ ਸਮਾਜ ਦਾ ਨਿਰਮਾਣ ਕਰਨ। ਉਹਨਾਂ ਦੀ ਸਭ ਤੋਂ ਵੱਡੀ ਖੂਬੀ ਇਹ ਰਹੀ ਕਿ ਉਹ ਹਰ ਵਿਅਕਤੀ ਨਾਲ ਬੜੀ ਨਿਮਰਤਾ ਅਤੇ ਸਤਿਕਾਰ ਨਾਲ ਗੱਲ ਕਰਦੇ ਹਨ। ਸਕੂਲ ਦੇ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨਾਲ ਉਹਨਾਂ ਦਾ ਵਰਤਾਵ ਹਮੇਸ਼ਾ ਪਿਆਰ ਅਤੇ ਆਪਣਾਪਣ ਭਰਿਆ ਰਿਹਾ। ਕਿਸੇ ਦੀ ਸਮੱਸਿਆ ਨੂੰ ਧੀਰਜ ਨਾਲ ਸੁਣਨਾ ਅਤੇ ਉਸਦਾ ਉਚਿੱਤ ਹੱਲ ਕੱਢਣਾ ਉਹਨਾਂ ਦੇ ਸੁਭਾਅ ਦਾ ਮਹੱਤਵਪੂਰਨ ਹਿੱਸਾ ਰਿਹਾ ਹੈ। ਉਹਨਾਂ ਨੇ ਹਮੇਸ਼ਾ ਇੱਕ ਟੀਮ ਲੀਡਰ ਵਾਂਗ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਕੀਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਸ੍ਰੀਮਤੀ ਰਣਜੀਤ ਕੌਰ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਉਹਨਾਂ ਨਾਲ ਕੰਮ ਕਰਨ ਵਾਲੇ ਹਰ ਵਿਅਕਤੀ ਉੱਤੇ ਸਾਫ਼ ਤੌਰ ‘ਤੇ ਦਿਖਾਈ ਦਿੰਦਾ ਹੈ। ਮੈਂ ਖੁਦ ਉਹਨਾਂ ਨਾਲ ਲੰਬੇ ਸਮੇਂ ਤੱਕ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਅਤੇ ਉਹਨਾਂ ਦੀ ਸਾਦਗੀ, ਇਮਾਨਦਾਰੀ, ਕਰਤਵ ਨਿਸ਼ਠਾ ਅਤੇ ਉੱਚੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਰਿਹਾ ਹਾਂ। ਉਹਨਾਂ ਦੀਆਂ ਗੱਲਾਂ ਅਤੇ ਜੀਵਨ ਜਿਉਣ ਦਾ ਢੰਗ ਹਰ ਕਿਸੇ ਲਈ ਪ੍ਰੇਰਣਾ ਦਾ ਸਰੋਤ ਹੈ। ਹੁਣ 31 ਮਈ 2026 ਨੂੰ ਉਹ ਆਪਣੀ ਸਰਕਾਰੀ ਸੇਵਾ ਤੋਂ ਰਿਟਾਇਰ ਹੋ ਰਹੇ ਹਨ। ਇਹ ਸਿਰਫ਼ ਇੱਕ ਰਿਟਾਇਰਮੈਂਟ ਨਹੀਂ, ਸਗੋਂ ਸਿੱਖਿਆ ਜਗਤ ਲਈ ਇੱਕ ਅਮਿੱਟ ਯਾਦ ਬਣਨ ਵਾਲਾ ਪਲ ਹੈ। ਉਹਨਾਂ ਦੀਆਂ ਦਿੱਤੀਆਂ ਸੇਵਾਵਾਂ, ਉੱਚੇ ਸੰਸਕਾਰ ਅਤੇ ਪਿਆਰ ਭਰੀ ਸ਼ਖਸੀਅਤ ਹਮੇਸ਼ਾ ਸਾਰਿਆਂ ਦੇ ਦਿਲਾਂ ਵਿੱਚ ਜਿਉਂਦੀ ਰਹੇਗੀ। ਅਸੀਂ ਸਭ ਉਹਨਾਂ ਦੀ ਚੰਗੀ ਸਿਹਤ, ਖੁਸ਼ਹਾਲ ਅਤੇ ਲੰਬੀ ਉਮਰ ਲਈ ਦਿਲੋਂ ਅਰਦਾਸ ਕਰਦੇ ਹਾਂ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕਰਦੇ ਹਾਂ।
https://play.google.com/store/apps/details?id=in.yourhost.samajweekly



