ਸੂਫ਼ੀ ਸ਼ਾਇਰੀ ਦੇ ਬੇਤਾਜ ਬਾਦਸ਼ਾਹ ਸਨ “ਸ਼ਾਇਰ ਆਰ ਪੀ ਦੀਵਾਨਾ”

(ਸਮਾਜ ਵੀਕਲੀ)

9 ਸਤੰਬਰ ਬਰਸੀ ਤੇ ਵਿਸ਼ੇਸ਼

ਸੂਫ਼ੀ ਸ਼ਾਇਰੀ ਵਿੱਚ ਬਹੁਤ ਵੱਡਾ ਨਾਮ ਸੀ ਸ਼ਾਇਰ ਆਰ ਪੀ ਦੀਵਾਨਾ। ਰਾਮ ਪਿਆਰਾ ਦੀਵਾਨਾ ਜੀ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ , ਸਗੋਂ ਇਹ ਸੂਫ਼ੀ ਸ਼ਾਇਰੀ ਵਿਚ ਚਰਚਿਤ ਨਾਂ ਹੈ । ਉਨ੍ਹਾਂ ਦਾ ਜਨਮ ਪਾਕਿਸਤਾਨ ਵਿੱਚ ਹੋਇਆ। ਵੰਡ ਦੇ ਸਮੇਂ ਉਹ ਪੰਜਾਬ ਦੇ ਪਿੰਡ ਬੱਠੀਆਂ ਬ੍ਰਾਹਮਣਾਂ ਜ਼ਿਲ੍ਹਾ ਹੁਸ਼ਿਆਰਪੁਰ ਆ ਗਏ। ਉਨ੍ਹਾਂ ਨੇ ਉਰਦੂ ਤੇ ਫਾਰਸੀ ਦੀ ਤਾਲੀਮ ਹਾਸਲ ਕੀਤੀ । ਉਨ੍ਹਾਂ ਨੇ ਮੁਨਸ਼ੀ ਫਾਰ ਬੀ ਏ ਦੀ ਪੜ੍ਹਾਈ ਕਰਨ ਉਪਰੰਤ ਪੋਸਟ ਆਫਿਸ ਦੇ ਵਿਚ ਬਤੌਰ ਕਲਰਕ ਦਾ ਅਹੁਦਾ ਸੰਭਾਲਿਆ। ਡਾਕਘਰ ਸੇਵਾ ਨਿਭਾਈ ਤੇ ਨੌਕਰੀ ਪੂਰੀ ਕਰਕੇ ਰਿਟਾਇਰ ਹੋਏ ਬੱਠੀਆਂ ਬ੍ਰਾਹਮਣਾਂ ਪਿੰਡ ਵਿਚ ਬਾਕੀ ਜੀਵਨ ਦਾ ਸਫ਼ਰ ਤੈਅ ਕੀਤਾ । ਉਨ੍ਹਾਂ ਦੀ ਉਮਰ ਤਕਰੀਬਨ ਪੰਦਰਾਂ ਕੁ ਸਾਲ ਦੀ ਸੀ ਜਦ ਉਨ੍ਹਾਂ ਨੇ ਸੂਫ਼ੀ ਸ਼ਾਇਰੀ ਵਿਚ ਆਪਣਾ ਬਹੁਤ ਵੱਡਾ ਮੁਕਾਮ ਬਣਾ ਲਿਆ ਸੀ । ਉਨ੍ਹਾਂ ਨੇ ਇਸ ਉਮਰ ਵਿੱਚ ਤਕੀ ਮੁਹੰਮਦ ਕੱਵਾਲ ਪਾਸੋਂ ਇਕ ਕਲਾਮ “ਕਦੇ ਸ਼ਾਹੀ ਪੋਸ਼ ਲੁਹਾ ਲੈਂਦੇ , ਕਦੇ ਗਲ ਵਿੱਚ ਲੀਰਾਂ ਪਾ ਲੈਂਦੇ’, ਗਵਾਇਆ ਤੇ ਸੰਸਾਰ ਪ੍ਰਸਿੱਧੀ ਖੱਟੀ ।

ਉਨ੍ਹਾਂ ਨੂੰ ਉਸਤਾਦ ਚੰਨਣ ਸਿੰਘ ਮਜਬੂਰ ਸਾਬ ਨੇ ਲਿਖਣ ਦੀਆਂ ਉਹ ਸਾਰੀਆਂ ਬਰੀਕੀਆਂ ਦੱਸੀਆਂ ਜੋ ਇੱਕ ਸ਼ਾਇਰ ਬਣਨ ਲਈ ਜ਼ਰੂਰੀ ਹੁੰਦੀਆਂ ਨੇ । ਉਨ੍ਹਾਂ ਦਾ ਨਾਂ ਵੀ “ਦੀਵਾਨਾ” ਉਨ੍ਹਾਂ ਦੇ ਉਸਤਾਦ ਜੀ ਨੇ ਰੱਖਿਆ ਸੀ । ਉਨ੍ਹਾਂ ਨੇ ਸੂਫੀ ਸ਼ੇਅਰ, ਗ਼ਜ਼ਲ, ਰੁਬਾਈ, ਛੰਦ , ਭਜਨ, ਭੇਟਾਂ, ਸੂਫੀ ਕਲਾਮ, ਪੰਜਾਬੀ ਗੀਤ, ਪਰਿਵਾਰਕ ਗੀਤ, ਲੋਕ ਗਾਥਾਵਾਂ ਤੋਂ ਇਲਾਵਾ ਹਰ ਵਿਸ਼ੇ ਤੇ ਲਿਖ ਕੇ ਪੰਜਾਬੀਆਂ ਦੀ ਝੋਲੀ ਪਾਇਆ । ਉਨ੍ਹਾਂ ਦੀ ਧਰਮਪਤਨੀ ਬੀਬੀ ਜੀਤੋ ਜੀ ਨੇ ਉਹਨਾਂ ਦੀ ਇਸ ਲਿਖਤ ਸਫ਼ਰ ਵਿੱਚ ਬਹੁਤ ਮਦਦ ਕੀਤੀ । ਉਹ ਆਖਦੇ ਸਨ ਕਿ ਅਗਰ ਮੇਰੀ ਜ਼ਿੰਦਗੀ ਵਿੱਚ ਇਹਦਾ ਸਾਥ ਨਾ ਹੁੰਦਾ ਤਾਂ ਮੈਂ ਇਸ ਮੁਕਾਮ ਤੇ ਨਾ ਹੁੰਦਾ । ਉਨ੍ਹਾਂ ਨੂੰ ਬਾਬਾ ਸ਼ਾਮੀ ਸ਼ਾਹ ਦਰਬਾਰ ਵਲੋਂ ਬਾਬਾ ਬੁੱਲ੍ਹੇ ਸ਼ਾਹ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਹੋਰ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਵਲੋਂ ਵੱਡੇ ਵੱਡੇ ਐਵਾਰਡਾਂ ਨਾਲ ਸਨਮਾਨਿਆ ਗਿਆ। ਉਨ੍ਹਾਂ ਨੇ ਕਈ ਸਾਲ ਕਈ ਕੱਵਾਲ ਪਾਰਟੀਆਂ ਨਾਲ ਸਟੇਜ ਸੈਕਟਰੀ ਵਜੋਂ ਕੰਮ ਕੀਤਾ । ਉਨ੍ਹਾਂ ਨੂੰ ਪੰਜਾਬ ਹੀ ਨਹੀਂ ਸਗੋਂ ਪਾਕਿਸਤਾਨ ਵਿਚ ਵੀ ਕਈ ਕਲਾਕਾਰਾਂ ਨੇ ਗਾਇਆ । ਪੂਰਾ ਇਲਾਕਾ ਉਹਨਾਂ ਦੀ ਦੀਦ ਉਸੇ ਤਰ੍ਹਾਂ ਕਰਦਾ ਹੈ ਤੇ ਉਨ੍ਹਾਂ ਨਾਮ ਲੈ ਕੇ ਫਖ਼ਰ ਮਹਿਸੂਸ ਕਰਦਾ ਹੈ।

ਉਹ ਇਸ ਸੰਸਾਰ ਵਿਚ 92 ਸਾਲ ਦੀ ਉਮਰ ਭੋਗ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਬਹੁਤ ਕੁਝ ਪਾ ਕੇ ਸੰਸਾਰ ਤੋਂ ਚਲੇ ਗਏ। ਉਨ੍ਹਾਂ ਨੂੰ ਕਈ ਨਾਮਵਰ ਕਲਾਕਾਰਾਂ ਵਡਾਲੀ ਬ੍ਰਦਰਜ਼, ਲਖਵਿੰਦਰ ਵਡਾਲੀ, ਸਲੀਮ ਮੁਹੰਮਦ, ਨੀਲੇ ਖਾਂ, ਤਕੀ ਮੁਹੰਮਦ , ਕਰਾਮਤ ਫ਼ਕੀਰ, ਸਲੀਮ ਮੁਹੰਮਦ , ਸਲੀਮ ਸਾਬਰੀ , ਕੁਲਦੀਪ ਕਾਦਰ, ਨਸੀਬ ਰੱਬੀ, ਸ਼ੌਕਤ ਅਲੀ ਮਤੋਈ, ਗੁਲਜ਼ਾਰ ਅਲੀ, ਸ਼ੌਕਤ ਅਲੀ ਦੀਵਾਨਾ , ਸਰਦਾਰ ਅਲੀ, ਸੁਲਤਾਨਾਂ ਨੂਰਾਂ ਸਿਸਟਰਜ਼ , ਸਾਬਰਕੋਟੀ, ਸੁਦੇਸ਼ ਕੁਮਾਰੀ ,ਮਿੱਕੀ ਸਿੰਘ , ਕੁਲਦੀਪ ਚੁੰਬਰ, ਤਰਸੇਮ ਦੀਵਾਨਾ, ਕਮਲ ਖ਼ਾਨ, ਫ਼ਿਰੋਜ਼ ਖ਼ਾਨ , ਮੰਗੀ ਸੁਲਤਾਨ, ਕੰਵਲ ਬਡਾਲੀ,ਕੁਲਵਿੰਦਰ ਕਿੰਦਾ, ਤਾਜ ਨਗੀਨਾ, ਮਲਕੀਤ ਬੁੱਲ੍ਹਾ ,ਗੁਰਮੀਤ ਗੈਰੀ, ਲੱਖਾ ਨਾਜ, ਰਾਮ ਰਾਜ ਪਿੱਪਲਾਂਵਾਲਾ ,ਰਾਜ ਗੁਲਜ਼ਾਰ, ਹਸ਼ਮਤ ਸੁਲਤਾਨਾ, ਆਬਾਦ ਅਲੀ ਆਬਾਦ ਗੱਲ ਕੀ ਕਿ ਪੰਜਾਬ ਦੇ ਹਰ ਕਲਾਕਾਰ ਕਵਾਲ ਤੇ ਨਕਾਲ ਨੇ ਉਨ੍ਹਾਂ ਦੇ ਕਲਾਮ ਅਤੇ ਸ਼ੇਅਰ ਸਟੇਜਾਂ ਤੇ ਗਾਏ ,ਰਿਕਾਰਡ ਕਰਾਏ ਅਤੇ ਅੱਜ ਤਕ ਗਾਏ ਜਾ ਰਹੇ ਹਨ, ਜੋ ਸਦਾ ਅਮਰ ਰਹਿਣਗੇ । ਉਨ੍ਹਾਂ ਦੇ ਹਿੱਟ ਕਲਾਮ “ਯਾਰ ਬਹਿ ਗਿਆ ਨੈਣਾਂ ਦੇ ਵਿੱਚ ਆ ਕੇ, “ਅਸਾਂ ਤੇ ਤੈਨੂੰ ਰੱਬ ਮੰਨਿਆ, “ਤੈਨੂੰ ਆਸ਼ਕਾਂ ਨੇ ਮੰਨਿਅਾ ਖ਼ੁਦਾ ਸੋਹਣਿਆ, “ਆਇਆ ਬਣ ਕੇ ਯਾਰ ਗ਼ਰੀਬਾਂ ਦਾ, “ਤੇਰਾ ਰੱਬ ਤੋਂ ਵੀ ਵੱਧ ਕੇ ਦੀਦਾਰ ਸੋਹਣਿਆ, “ਮਿੱਠਾ ਸ਼ਹਿਦ ਨਾਲੋਂ ਇਸ਼ਕੇ ਦਾ ਜਾਮ, “ਜ਼ੁਲਫ਼ਾਂ ਦੇ ਕਾਲੇ ਬੱਦਲਾਂ ਵਿਚ, ਤੇ ਕਈ ਹੋਰ ਕਲਾਮ ਹਨ, ਜਿਹਨਾਂ ਨੂੰ ਦੀਵਾਨਾ ਸਾਹਿਬ ਦੀ ਕਲਮ ਨੇ ਲਿਖਿਆ ਅਤੇ ਦੁਨੀਆਂ ਨੂੰ ਦੀਵਾਨਾ ਕਰ ਦਿੱਤਾ ।

ਉਰਦੂ ਫ਼ਾਰਸੀ ਦੇ ਲਫ਼ਜ਼ਾਂ ਨੂੰ ਆਪਣੇ ਕਲਾਮਾਂ ਸ਼ੇਅਰਾਂ ਵਿਚ ਵਰਤਣ ਵਾਲੇ ਇਸ ਸੂਫ਼ੀ ਸ਼ਾਇਰ ਦੀਵਾਨਾ ਜੀ ਦੇ ਲਿਖੇ ਅਣਗਿਣਤ ਸ਼ਿਅਰ ਸਟੇਜਾਂ ਦੀ ਸ਼ਾਨ ਬਣਦੇ ਰਹੇ ਹਨ ਉਨ੍ਹਾਂ ਦਾ ਇਕ ਬੇਹੱਦ ਮਕਬੂਲ ਸ਼ੇਅਰ “ਤੁਝੇ ਦੇਖੂ ਜਾ ਤੁਮ ਸੇ ਬਾਤ ਕਰੂੰ ,ਇਸੀ ਸੋਚ ਮੇਂ ਯਾ ਰਹੀ ਦੀਵਾਨੇ ਕੀ ਜ਼ਿੰਦਗੀ । ਸ਼ੁਰੂਆਤੀ ਦੌਰ ਦਾ ਸ਼ੇਅਰ ਸੀ । “ਤੂ ਮਾਨੇ ਯਾ ਨਾ ਮਾਨੇ ਦਿਲਦਾਰਾ , ਅਸਾਂ ਦੇ ਤੈਨੂੰ ਰੱਬ ਮੰਨਿਆ ” ਕਲਾਮ ਨੇ ਹੀ ਵਡਾਲੀ ਬ੍ਰਦਰਜ਼ ਨੂੰ ਰਾਸ਼ਟਰਪਤੀ ਐਵਾਰਡ ਦਿਵਾਇਆ। ਬਹੁਤੇ ਐਸੇ ਕਲਾਕਾਰ ਹਨ ਜਿਨ੍ਹਾਂ ਦੀ ਕਾਮਯਾਬੀ ਪਿੱਛੇ ਦੀਵਾਨਾ ਸਾਹਿਬ ਦਾ ਹੱਥ ਹੈ । ਆਪਣੇ ਸਮੇਂ ਦੇ ਉਹ ਸਾਰੇ ਸ਼ਾਇਰਾਂ ਗੀਤਕਾਰਾਂ ਅਤੇ ਬੁੱਧੀਜੀਵੀਆਂ ਦਾ ਦਿਲੋਂ ਅਦਬ ਸਤਿਕਾਰ ਕਰਦੇ ਸਨ । ਡੇਰਾ ਬਿਆਸ , ਦਾਤਾ ਅਲੀ ਅਹਿਮਦ ਸਰਕਾਰ ਮੰਢਾਲੀ , ਬਾਬਾ ਮੇਸ਼ੀ ਸ਼ਾਹ ਬਟਾਲਾ, ਸੰਤ ਗੁਰਬਚਨ ਦਾਸ ਚੱਕ ਲਾਦੀਆਂ , ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਤੋਂ ਇਲਾਵਾ ਉਹ ਸਾਰੇ ਹੀ ਸੂਫ਼ੀ ਸੰਤਾਂ ਮਹਾਂਪੁਰਸ਼ਾਂ ਦਾ ਦਿਲੋਂ ਬਹੁਤ ਹੀ ਜ਼ਿਆਦਾ ਅਦਬ ਸਤਿਕਾਰ ਕਰਦੇ ਸਨ ।

ਸੰਤ ਗੁਰਬਚਨ ਦਾਸ ਚੱਕ ਲਾਦੀਆਂ ਵਾਲਿਆਂ ਨੇ ਉਨ੍ਹਾਂ ਪਾਸੋਂ ਦੋ ਰੂਹਾਨੀ ਕਲਾਮਾਂ ਦੀਆਂ ਪੁਸਤਕਾਂ ਵੀ ਕਲਮਬੱਧ ਕਰਵਾਈਆਂ । ਉਨ੍ਹਾਂ ਦੇ ਅਨੇਕਾਂ ਸ਼ਾਗਿਰਦ ਹੋਏ ਹਨ ਜੋ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ, ਜਿਨ੍ਹਾਂ ਵਿਚ ਜ਼ੋਰਾ ਢੱਕੋਵਾਲੀਆ, ਸਨੀ ਸ਼ਾਇਰ, ਕੁਲਦੀਪ ਚੂੰਬਰ, ਰੋਜ਼ੀ ਧੂਤਾਂ ਵਾਲਾ, ਹਰਪ੍ਰੀਤ ਦਰਦੀ, ਹੈਪੀ ਢੱਕੋਵਾਲ, ਦਿਨੇਸ਼ ਦੀਪ ਜ਼ਿਕਰਯੋਗ ਹਨ । ਉਨ੍ਹਾਂ ਦੇ ਦਰਸਾਏ ਹੋਏ ਮਾਰਗ ਤੇ ਉਨ੍ਹਾਂ ਦਾ ਬੇਟਾ ਸ਼ਾਮ ਦੀਵਾਨਾ ਸੂਫ਼ੀ ਸ਼ਾਇਰੀ ਦੀ ਮਜ਼ਬੂਤ ਪਕੜ ਰੱਖਦਾ ਹੋਇਆ ਆਪਣੇ ਪਿਤਾ ਜੀ ਦੇ ਦਰਸਾਏ ਮਾਰਗ ਤੇ ਚੱਲ ਰਿਹਾ ਹੈ । ਦੀਵਾਨਾ ਸਾਬ੍ਹ ਦਾ ਸਾਰਾ ਪਰਿਵਾਰ ਉਨ੍ਹਾਂ ਦਾ ਵੱਡਾ ਲੜਕਾ ਹਰਬੰਸ ਲਾਲ ਰਿਟਾਇਰਡ ਐੱਸ ਪੀ ਐੱਮ ਤੋਂ ਇਲਾਵਾ ਚਾਰ ਲੜਕੀਆਂ ਤੇ ਹੋਰ ਪਰਿਵਾਰਕ ਮੈਂਬਰ ਸੂਫ਼ੀ ਸ਼ਾਇਰੀ ਦੇ ਕਦਰਦਾਨ ਹਨ । ਅੱਜ ਉਨ੍ਹਾਂ ਦੀ ਨੂੰ ਦੁਨੀਆਂ ਤੋਂ ਤੁਰ ਗਿਆਂ ਨੂੰ ਚਾਰ ਸਾਲ ਹੋ ਗਏ ਹਨ, ਪਰ ਉਹ ਅੱਜ ਵੀ ਸਾਡੇ ਦਿਲਾਂ ਵਿੱਚ ਜਿਊਂਦੇ ਨੇ । ਅੱਜ ਅਸੀਂ ਉਨ੍ਹਾਂ ਦੀ ਸਾਲਾਨਾ ਬਰਸੀ ਮੌਕੇ ਦਿਲੋਂ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਾਂ ।

ਕੁਲਦੀਪ ਚੁੰਬਰ,

 

 

 

 

 

ਸ਼ਾਮਚੁਰਾਸੀ ,
ਹੁਸ਼ਿਆਰਪੁਰ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਮਟਾਲਾ ਵਾਸੀਆਂ ਵੱਲੋਂ ਇੰਗਲੈਂਡ ਨਿਵਾਸੀ ਸ. ਰਣਜੀਤ ਸਿੰਘ ਢਿੱਲੋਂ ਦੇ ਅਕਾਲ ਚਲਾਣੇ `ਤੇ ਦੁਖ਼ ਦਾ ਪ੍ਰਗਟਾਵਾ
Next article“आजादी का अमृत महोत्सव” के तहत रेल कोच फैक्ट्री में वृक्षारोपण कार्यक्रम का आयोजन