HOME ਹਾਸਿਆਂ ਦਾ ਬੇਤਾਜ ਬਾਦਸ਼ਾਹ — ਜਾਨੀ ਵਾਕਰ

ਹਾਸਿਆਂ ਦਾ ਬੇਤਾਜ ਬਾਦਸ਼ਾਹ — ਜਾਨੀ ਵਾਕਰ

4
ਜਾਨੀ ਵਾਕਰ
ਜਨਮ ਦਿਨ ‘ਤੇ ਵਿਸ਼ੇਸ਼
ਫ਼ਿਲਮ ‘ਤੇਰੀ ਮੇਰੀ ਇਕ ਜ਼ਿੰਦੜੀ’ ਵਿਚ ਜਾਨੀ ਵਾਕਰ ਦੇ ਨਾਲ ਮੇਹਰ ਮਿੱਤਲ
ਬਲਦੇਵ ਸਿੰਘ ਬੇਦੀ

 (ਸਮਾਜ ਵੀਕਲੀ)  ਫ਼ਿਲਮ ਇੰਡਸਟਰੀ ‘ਚ ਜਦੋਂ ਵੀ ਕਿਸੇ ਹਾਸਰਸ ਕਲਾਕਾਰ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਜਾਨੀ ਵਾਕਰ ਦਾ ਨਾਂ ਹੀ ਯਾਦ ਆਉਂਦਾ ਹੈ। ਆਪਣੀ ਜ਼ਬਰਦਸਤ ਕਾਮੇਡੀ ਨਾਲ ਉਨ੍ਹਾਂ ਨੇ ਲੱਖਾਂ ਹੀ ਦਰਸ਼ਕਾਂ ਦੇ ਦਿਲ ਜਿੱਤੇ। ਬਹੁਤ ਸਾਰੀਆਂ ਫਿਲਮਾਂ ਤਾਂ ਜਾਨੀ ਵਾਕਰ ਦੀ ਹਾਸਰਸ ਅਦਾਕਾਰੀ ਨਾਲ ਹੀ ਹਿੱਟ ਸਾਬਿਤ ਹੋਈਆ। 300 ਫ਼ਿਲਮਾਂ ਤੋਂ ਵੀ ਵੱਧ ‘ਚ ਆਪਣੀ ਕਲਾ ਦੇ ਜੌਹਰ ਵਿਖਾਉਣ ਵਾਲੇ ਜਾਨੀ ਵਾਕਰ ਨੇ ਲੱਗਭਗ ਚਾਰ ਦਹਾਕਿਆਂ ਤਕ ਆਪਣੇ ਫ਼ਿਲਮੀ ਕੈਰੀਅਰ ਵਿੱਚ ਚੇਹਰੇ ਦੇ ਹਾਵ-ਭਾਵ ਦੀ ਕਲਾ ਅਤੇ ਵਖਰੀ ਤਰ੍ਹਾਂ ਦੀ ਆਵਾਜ਼ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅਸਲ ਜ਼ਿੰਦਗੀ ‘ਚ ਸ਼ਰਾਬ ਨਾ ਪੀਣ ਵਾਲੇ ਜਾਨੀ ਵਾਕਰ ਪਰਦੇ ‘ਤੇ ਨਸ਼ੇੜੀ ਦਾ ਅਜਿਹਾ ਰੋਲ ਕਰਦੇ ਕਿ ਦਰਸ਼ਕ ਹੈਰਾਨ ਰਹਿ ਜਾਂਦੇ। ਇੱਕ ਸਧਾਰਣ ਬੱਸ ਕੰਡਕਟਰ ਤੋਂ ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਕਾਮੇਡੀ ਅਦਾਕਾਰ ਜਾਨੀ ਵਾਕਰ, ਜਿਨ੍ਹਾਂ ਦਾ ਅਸਲ ਨਾਂ ਬਦਰੁੱਦੀਨ ਜਮਾਲੁੱਦੀਨ ਕਾਜ਼ੀ ਸੀ ਅਤੇ ਉਹ 11 ਨਵੰਬਰ 1926 ਨੂੰ ਇੰਦੌਰ ਦੇ ਇੱਕ ਮੱਧਵਰਗੀ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਏ। ਪਿਤਾ ਕੱਪੜਾ ਮਿਲ ‘ਚ ਨੌਕਰੀ ਕਰਦੇ ਸਨ, ਪਰ ਮਿਲ ਬੰਦ ਹੋਣ ਨਾਲ ਪਰਿਵਾਰ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਉਨ੍ਹਾਂ ਨੂੰ ਆਪਣੀ ਪੜ੍ਹਾਈ ਵੀ ਵਿੱਚੇ ਹੀ ਛੱਡਣੀ ਪਈ। ਉਨ੍ਹਾਂ ਨੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਛੋਟੇ-ਮੋਟੇ ਕੰਮ ਕੀਤੇ। ਇਸ ਤੋ ਬਾਅਦ ਪਰਿਵਾਰ ਮੁੰਬਈ ਆ ਵਸਿਆ, ਜਿੱਥੇ ਉਨ੍ਹਾਂ ਨੇ ਬੱਸ ਵਿੱਚ ਕੰਡਕਟਰ ਵਜੋਂ ਨੌਕਰੀ ਕਰਕੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕੀਤੀ। ਬੱਸ ਕੰਡਕਟਰ ਦੇ ਤੌਰ ‘ਤੇ ਕੰਮ ਕਰਦੇ ਹੋਏ ਜਾਨੀ ਵਾਕਰ ਯਾਤਰੀਆਂ ਨੂੰ ਆਪਣੇ ਵਿਲੱਖਣ ਹਾਸੇ ਨਾਲ ਹਮੇਸ਼ਾ ਹਸਾਉਂਦੇ ਰਹਿੰਦੇ ਸਨ। ਇੱਕ ਦਿਨ ਅਦਾਕਾਰ ਬਲਰਾਜ ਸਾਹਨੀ ਨੇ ਉਸੇ ਬਸ ‘ਚ ਸਫ਼ਰ ਕਰਦਿਆਂ ਉਨ੍ਹਾਂ ਦੀ ਇਹ ਕਲਾ ਦੇਖੀ ਅਤੇ ਉਨ੍ਹਾਂ ਨੂੰ ਨਿਰਦੇਸ਼ਕ ਗੁਰੂ ਦੱਤ ਨਾਲ ਮਿਲਵਾਇਆ। ਗੁਰੂ ਦੱਤ ਨੇ ਉਨ੍ਹਾਂ ਤੋਂ ਸ਼ਰਾਬੀ ਦੇ ਕਿਰਦਾਰ ਦੀ ਅਦਾਕਾਰੀ ਕਰਵਾਈ, ਜਿਸ ਵਿੱਚ ਜਾਨੀ ਵਾਕਰ ਨੇ ਕਮਾਲ ਕਰ ਦਿੱਤੀ। ਇਸ ਕਲਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਦੱਤ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ‘ਬਾਜ਼ੀ’ ਲਈ ਸਾਈਨ ਕਰ ਲਿਆ। ਉਸ ਨੂੰ “ਜਾਨੀ ਵਾਕਰ” ਦਾ ਨਾਮ ਵੀ ਗੁਰੂ ਦੱਤ ਨੇ ਹੀ ਪ੍ਰਸਿੱਧ ਵਿਸਕੀ ਦੇ ਬ੍ਰਾਂਡ ਤੋਂ ਦਿੱਤਾ। ਇਸ ਤਰ੍ਹਾਂ ਜਾਨੀ ਵਾਕਰ ਦਾ ਫਿਲਮੀ ਸਫ਼ਰ 1951 ‘ਚ ਆਈ ਫ਼ਿਲਮ ‘ਬਾਜ਼ੀ’ ਨਾਲ ਸ਼ੁਰੂ ਹੋਇਆ ਅਤੇ ਬਾਅਦ ‘ਚ ਉਹ ਆਰ ਪਾਰ, ਟੈਕਸੀ ਡਰਾਈਵਰ, ਮਿਲਾਪ, ਚੋਰੀ ਚੋਰੀ, ਖੋਟਾ ਸਿੱਕਾ, ਸੂਰਜ, ਜਾਲ, ਰਾਜਾ ਜਾਨੀ,ਹਸੀਨਾ ਮਾਣ ਜਾਏਗੀ,ਜਖ਼ਮੀ,ਹਮ ਦੋਨੋਂ ਅਤੇ ਸ਼ਾਨ ਸਮੇਤ ਅਨੇਕਾਂ ਹੀ ਫ਼ਿਲਮਾਂ ਵਿੱਚ ਨਜ਼ਰ ਆਏ। 1991 ਵਿੱਚ ਫ਼ਿਲਮ ‘ਸਪਨੋ ਕਾ ਮੰਦਿਰ’ ਨਾਲ ਉਨ੍ਹਾਂ ਦਾ ਇਹ ਸਫ਼ਰ ਥੋੜ੍ਹੀ ਦੇਰ ਲਈ ਰੁੱਕਿਆ, ਫਿਰ ਲੰਮੇ ਅਰਸੇ ਬਾਅਦ 16 ਸਾਲਾਂ ਦੀ ਬ੍ਰੇਕ ‘ਚ 1997 ਦੀ ‘ਚਾਚੀ 420’ ਉਨ੍ਹਾਂ ਦੀ ਆਖ਼ਰੀ ਫਿਲਮ ਰਹੀ। ਹਿੰਦੀ ਸਿਨੇਮਾ ਤੋਂ ਇਲਾਵਾ, ਜਾਨੀ ਵਾਕਰ ਨੇ ਪੰਜਾਬੀ ਫਿਲਮਾਂ ‘ਤੇਰੀ ਮੇਰੀ ਇਕ ਜਿੰਦੜੀ’ ਅਤੇ ‘ਦੁੱਖ ਭੰਜਨ ਤੇਰਾ ਨਾਮ’ ਵਿੱਚ ਵੀ ਕਮਾਲ ਦੀ ਅਦਾਕਾਰੀ ਕੀਤੀ। ਫ਼ਿਲਮ ‘ਸ਼ਿਕਾਰ’ ਲਈ ਉਨ੍ਹਾਂ ਨੂੰ ਬੈਸਟ ਕਮੇਡੀਅਨ ਦਾ ਫ਼ਿਲਮ ਫੇਅਰ ਅਵਾਰਡ ਵੀ ਮਿਲਿਆ। ਜਾਨੀ ਵਾਕਰ ਉਹ ਕਮੇਡੀਅਨ ਸਨ ਜਿਨ੍ਹਾਂ ਨੂੰ ਆਪਣੇ ਸਮੇਂ ਵਿੱਚ ਲਗਭਗ ਹੀਰੋ ਦੇ ਬਰਾਬਰ ਮਾਨ ਦਿੱਤਾ ਜਾਂਦਾ ਸੀ। ਉਹ ਉਸ ਯੁੱਗ ਦੇ ਕੁਝ ਗਿਣਤੀ ਦੇ ਹਾਸਰਸ ਕਲਾਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਲਈ ਖਾਸ ਤੌਰ ‘ਤੇ ਗੀਤ ਵੀ ਲਿਖੇ ਜਾਂਦੇ ਸਨ। ਉਨ੍ਹਾਂ ਉੱਤੇ ਫ਼ਿਲਮਾਏ ਗਏ ਗੀਤਾਂ ਵਿੱਚੋਂ ਸਭ ਤੋਂ ਮਸ਼ਹੂਰ ਗੀਤ ਸੀ ‘ਸਿਰ ਜੋ ਤੇਰਾ ਚੱਕਰਾਏ’ ਜੋ ਫ਼ਿਲਮ ‘ਪਿਆਸਾ’ (1957) ਦਾ ਸੀ ਅਤੇ ਜਿਸਨੂੰ ਮੁਹੰਮਦ ਰਫ਼ੀ ਨੇ ਗਾਇਆ ਸੀ। ਇਸ ਫ਼ਿਲਮ ਵਿੱਚ ਜਾਨੀ ਵਾਕਰ ਨੇ ਤੇਲ ਮਾਲਿਸ਼ ਕਰਨ ਵਾਲੇ ਦਾ ਕਿਰਦਾਰ ਨਿਭਾਇਆ ਸੀ।

ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਜਾਨੀ ਵਾਕਰ ਦੀ ਮੁਲਾਕਾਤ ਅਭਿਨੇਤਰੀ ਸ਼ਕੀਲਾ ਦੀ ਭੈਣ ਨੂਰਜਹਾਂ ਨਾਲ ਹੋਈ। ਇਹ ਜਾਣ-ਪਛਾਣ ਜਲਦ ਹੀ ਪਿਆਰ ਵਿੱਚ ਬਦਲ ਗਈ ਅਤੇ 1955 ਵਿੱਚ ਦੋਵਾਂ ਨੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਜਾਨੀ ਵਾਕਰ ਨੇ ਛੇ ਬੱਚਿਆਂ ਦਾ ਪਿਓ ਬਣ ਪਰਿਵਾਰਕ ਜੀਵਨ ਨੂੰ ਸੁੰਦਰ ਢੰਗ ਨਾਲ ਨਿਭਾਇਆ।ਉਨ੍ਹਾਂ ਦਾ ਇਕ ਬੇਟਾ ਨਸੀਰ ਖ਼ਾਨ ਜੋ ਫ਼ਿਲਮੀ ਅਦਾਕਾਰ ਵਜੋਂ ਵੀ ਕੰਮ ਕਰ ਰਿਹਾ ਹੈ। ਆਪਣੀ ਵੱਖਰੀ ਕਾਮੇਡੀ, ਸਾਦਗੀ ਅਤੇ ਮਨਮੋਹਣੀ ਅਦਾਕਾਰੀ ਨਾਲ ਲੱਖਾਂ ਚਿਹਰਿਆਂ ‘ਤੇ ਮੁਸਕਰਾਹਟ ਲਿਆਉਣ ਵਾਲਾ ਇਹ ਹਾਸਿਆਂ ਦਾ ਬਾਦਸ਼ਾਹ 29 ਜੁਲਾਈ 2003 ਨੂੰ ਅਚਾਨਕ ਹੀ ਖਾਮੋਸ਼ ਹੋ ਗਿਆ।ਪਰ ਉਸਦੀ ਇਹ ਖਾਮੋਸ਼ੀ ਵੀ ਉਸਦੀ ਕਲਾ ਦੀ ਗੂੰਜ ਨੂੰ ਰੋਕ ਨਾ ਸਕੀ। ਉਸਦਾ ਹਰ ਕਿਰਦਾਰ, ਹਰ ਡਾਇਲਾਗ, ਹਰ ਮਜ਼ਾਕ ਅੱਜ ਵੀ ਮਨਾਂ ‘ਚ ਜੀਉਂਦਾ ਹੈ। ਜਾਨੀ ਵਾਕਰ ਸਿਰਫ਼ ਇਕ ਕਾਮੇਡੀਅਨ ਨਹੀਂ ਸੀ, ਸਗੋਂ ਪਰਦੇ ਦਾ ਉਹ ਰੌਸ਼ਨ ਚਿਹਰਾ ਸੀ ਜਿਸਦੀ ਕਾਮੇਡੀ ਸਮੇਂ ਦੀਆਂ ਹੱਦਾਂ ਤੋਂ ਪਾਰ ਹੋ ਕੇ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਧੜਕਦੀ ਹੈ।
ਬਲਦੇਵ ਸਿੰਘ ਬੇਦੀ ਜਲੰਧਰ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਈ ਲੋਕ
Next article*ਜਸਵੀਰ ਸਿੰਘ ਗੜ੍ਹੀ ਚੇਅਰਮੈਨ ਦੇ ਜਨਮਦਿਨ ‘ਤੇ ਕੇਕ ਕੱਟ ਕੇ ਮੂੰਹ ਮਿੱਠਾ ਕਰਵਾਕੇ ਐਮਐਲਏ ਬੀਬੀ ਸੰਤੋਸ਼ ਕਟਾਰੀਆ ਵੱਲੋਂ ਦਿੱਤੀਆਂ ਸ਼ੁਭਕਾਮਨਾਵਾਂ*