ਨਵੀਂ ਦਿੱਲੀ (ਸਮਾਜ ਵੀਕਲੀ): ਸੰਸਦ ਦੇ ਦੋਵੇਂ ਸਦਨ ਲੋਕ ਸਭਾ ਅਤੇ ਰਾਜ ਸਭਾ ਅੱਜ ਅਣਮਿੱਥੇ ਸਮੇਂ ਲਈ ਉਠਾ ਦਿੱਤੇ ਗਏ। ਇਸ ਨਾਲ ਸੰਸਦ ਦਾ ਸਰਦ ਰੁੱਤ ਇਜਲਾਸ ਸਮਾਪਤ ਹੋ ਗਿਆ ਜਿਸ ’ਚ ਵਿਰੋਧੀ ਧਿਰ ਨੇ ਲਖੀਮਪੁਰ ਖੀਰੀ ਕਾਂਡ ਅਤੇ ਮਹਿੰਗਾਈ ਸਮੇਤ ਹੋਰ ਮੁੱਦਿਆਂ ’ਤੇ ਪ੍ਰਦਰਸ਼ਨ ਕੀਤੇ। ਸੰਸਦ ਦਾ ਸਰਦ ਰੁੱਤ ਇਜਲਾਸ 29 ਨਵੰਬਰ ਤੋਂ ਸ਼ੁਰੂ ਹੋਇਆ ਸੀ ਅਤੇ ਇਹ ਭਲਕੇ ਵੀਰਵਾਰ ਨੂੰ ਖ਼ਤਮ ਹੋਣਾ ਸੀ। ਇਜਲਾਸ ਦੌਰਾਨ ਲੋਕ ਸਭਾ ’ਚ 9 ਬਿੱਲ ਪਾਸ ਕੀਤੇ ਗਏ ਜਿਨ੍ਹਾਂ ’ਚ ਖੇਤੀ ਕਾਨੂੰਨ ਵਾਪਸੀ ਬਿੱਲ, ਚੋਣ ਕਾਨੂੰਨ (ਸੋਧ) ਬਿੱਲ ਅਤੇ ਈਡੀ ਤੇ ਸੀਬੀਆਈ ਦੇ ਡਾਇਰੈਕਟਰਾਂ ਦੇ ਕਾਰਜਕਾਲ ਪੰਜ ਸਾਲ ਤੱਕ ਤੈਅ ਕਰਨਾ ਆਦਿ ਸ਼ਾਮਲ ਹਨ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਅੜਿੱਕਿਆਂ ਕਾਰਨ ਸਦਨ ਦਾ 18 ਘੰਟੇ 48 ਮਿੰਟ ਦਾ ਸਮਾਂ ਬਰਬਾਦ ਹੋਇਆ ਜਦਕਿ 2 ਦਸੰਬਰ ਨੂੰ ਕੰਮਕਾਰ 204 ਫ਼ੀਸਦੀ ਤੱਕ ਹੋਇਆ। ਉਸ ਦਿਨ ਮਹਾਮਾਰੀ ਦੇ ਮੁੱਦੇ ’ਤੇ ਚਰਚਾ ਹੋਈ ਸੀ। ਉਂਜ ਲੋਕ ਸਭਾ ’ਚ ਕੁੱਲ ਮਿਲਾ ਕੇ ਕੰਮਕਾਰ 82 ਫ਼ੀਸਦ ਹੋਇਆ। ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾਉਣ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਆਗੂ ਸਪੀਕਰ ਨੂੰ ਉਨ੍ਹਾਂ ਦੇ ਚੈਂਬਰ ’ਚ ਮਿਲੇ। ਸਰਦ ਰੁੱਤ ਇਜਲਾਸ ਦੇ ਆਖਰੀ ਦਿਨ ਸਦਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਹਾਜ਼ਰ ਰਹੇ। ਉਧਰ ਰਾਜ ਸਭਾ ’ਚ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਵਾਰ ਵਾਰ ਪੈ ਰਹੇ ਅੜਿੱਕਿਆਂ ਕਾਰਨ ਸਦਨ ਦਾ ਕੰਮਕਾਰ ਸਮਰੱਥਾ ਤੋਂ ਬਹੁਤ ਘੱਟ ਰਿਹਾ।
ਸੂਚੀਬੱਧ ਦਸਤਾਵੇਜ਼ ਅਤੇ ਰਿਪੋਰਟਾਂ ਸਦਨ ’ਚ ਰੱਖਣ ਮਗਰੋਂ ਸ੍ਰੀ ਨਾਇਡੂ ਨੇ ਕਿਹਾ,‘‘ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਅੰਦਰ ਝਾਤ ਮਾਰੋ ਕਿ ਇਹ ਸੈਸ਼ਨ ਵੱਖਰਾ ਅਤੇ ਬਿਹਤਰ ਹੋ ਸਕਦਾ ਸੀ। ਮੈਂ ਸਦਨ ਦੀ ਕਾਰਵਾਈ ਬਾਰੇ ਵਿਸਥਾਰ ’ਚ ਨਹੀਂ ਬੋਲਣਾ ਚਾਹੁੰਦਾ ਹਾਂ ਕਿਉਂਕਿ ਮੇਰੀ ਬਹੁਤ ਤਿੱਖੀ ਪ੍ਰਤੀਕਿਰਿਆ ਰਹੇਗੀ।’’ ਉਨ੍ਹਾਂ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਜੋ ਕੁਝ ਗਲਤ ਵਾਪਰਿਆ, ਉਹ ਇਸ ਦਾ ਅਹਿਸਾਸ ਕਰਨ ਅਤੇ ਸਾਰਿਆਂ ਨੂੰ ਦੇਸ਼ ਦੇ ਵੱਡੇ ਹਿੱਤਾਂ ਖਾਤਰ ਉਸਾਰੂ ਅਤੇ ਹਾਂ-ਪੱਖੀ ਮਾਹੌਲ ਪ੍ਰਤੀ ਕੰਮ ਕਰਨਾ ਚਾਹੀਦਾ ਹੈ। ਚੇਅਰਮੈਨ ਨੇ ਸੰਸਦ ਮੈਂਬਰਾਂ ਨੂੰ ਕ੍ਰਿਸਮਸ, ਨਵੇਂ ਵਰ੍ਹੇ ਅਤੇ ਆਉਂਦੇ ਤਿਉਹਾਰਾਂ ਮਕਰ ਸੰਕ੍ਰਾਂਤੀ, ਪੋਂਗਲ ਆਦਿ ਦੀਆਂ ਵਧਾਈਆਂ ਵੀ ਦਿੱਤੀਆਂ। ਰਾਜ ਸਭਾ ਦਾ ਇਜਲਾਸ ਹੰਗਾਮੇਦਾਰ ਰਿਹਾ ਕਿਉਂਕਿ 12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸਦਨ ’ਚ ਵਿਰੋਧੀ ਧਿਰਾਂ ਨੇ ਪ੍ਰਦਰਸ਼ਨ ਕੀਤੇ। ਵਿਰੋਧੀ ਧਿਰਾਂ ਦੇ ਅੜਿੱਕਿਆਂ ਦੇ ਬਾਵਜੂਦ ਚੋਣ ਸੁਧਾਰਾਂ ਅਤੇ ਕਿਰਾਏ ਦੀ ਕੁੱਖ ਜਿਹੇ ਬਿੱਲਾਂ ਸਮੇਤ ਕਈ ਅਹਿਮ ਬਿੱਲ ਪਾਸ ਕੀਤੇ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly