ਕੰਧ ‘ਤੇ ਲਿਖਿਆ ਸੱਚ

ਪੰਜਾਬ ਚ ਬਦਲ ਰਹੇ ਸਿਆਸੀ ਸਮੀਕਰਨਾਂ ਦੇ ਸੰਦਰਭ ‘ਚ

ਸਮਾਜ ਵੀਕਲੀ

ਸਿਆਣਿਆਂ ਦਾ ਕਿਹਾ ਇਹ ਇਕ ਕੰਧ ਉੱਤੇ ਉੱਕਰਿਆ ਕੌੜਾ ਸੱਚ ਹੈ ਕਿ ਗ਼ੁੱਸੇ, ਡਰ ਤੇ ਭੰਬਲ ਭੂਸੇ ਚ ਲਏ ਗਏ ਫ਼ੈਸਲੇ ਅਕਸਰ ਹੀ ਗਲਤ ਹੁੰਦੇ ਹਨ ਜੋ ਫਾਇਦੇ ਦੀ ਬਜਾਏ ਬਹੁਤੀ ਵਾਰ ਨੁਕਸਾਨ ਵੱਧ ਕਰ ਜਾਂਦੇ ਹਨ । ਜਿਉਂ ਜਿਉਂ ਪੰਜਾਬ ਦੀਆ ਵਿਧਾਨ ਸਭਾ ਨੇੜੇ ਆਉਂਦੀਆ ਜਾ ਰਹੀਆ ਹਨ, ਉਵੇਂ ਉਵੇਂ ਪੰਜਾਬ ਦੀ ਸਿਆਸੀ ਫ਼ਿਜਾ ਵਿੱਚ ਗਰਮੀ ਤੇ ਉਭਾਰ ਆਉਂਦਾ ਜਾ ਰਿਹਾ ਹੈ ਤੇ ਸਿਆਸੀ ਹਲਕਿਆ ਚ ਇਕ ਦੂਸਰੇ ਨੂੰ ਠਿੱਬੀ ਲਾਉਣ ਵਾਸਤੇ ਬਹੁਤ ਕਾਹਲੀ ਚ ਜੋੜ ਤੋੜ ਕੀਤੇ ਜਾ ਰਹੇ ਹਨ । ਮੌਕਾਪ੍ਰਸਤੀ ਦੀ ਸਿਆਸਤ ਤੇਜ਼ ਹੋ ਰਹੀ ਹੈ, ਦਲਬਦਲੀਆਂ ਦੇ ਡੱਡੂ ਟਾਪੇ ਦਾ ਦੌਰ ਦੌਰਾ ਚੱਲ ਰਿਹਾ ਹੈ ।

ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ, ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਕਾਂਗਰਸ ਚ ਸ਼ਾਮਿਲ ਹੋ ਕੇ ਜਿਥੇ ਆਮ ਲੋਕਾਂ ਦੀ ਕੁਤੇਖਾਣੀ ਤੇ ਤੌਏ ਤੌਏ ਦਾ ਬੁਰੀ ਤਰਾਂ ਸ਼ਿਕਾਰ ਹੋ ਚੁਕੇ ਹਨ, ਉਥੇ ਕਾਹਲਬਾਜੀ ਚ ਬੀਰ ਦਵਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਵਾਂਗ ਸਿਆਸੀ ਆਤਮਘਾਤ ਵੀ ਕਰ ਚੁਕੇ ਹਨ । ਕਹਿਣ ਦਾ ਭਾਵ ਭਵਿੱਖ ਚ ਉਹਨਾ ਦੇ ਸਿਆਸੀ ਕੈਰੀਅਰ ਉਤੇ ਪ੍ਰਸ਼ਨ ਚਿੰਨ੍ਹ ਤਾਂ ਲੱਗ ਹੀ ਗਿਆ ਹੈ, ਇਸ ਦੇ ਨਾਲ ਹੀ ਵਿਰਾਮ ਚਿੰਨ੍ਹ ਲੱਗਣ ਦੇ ਅਸਾਰ ਵੀ ਪੈਦਾ ਹੋ ਗਏ ਹਨ । ਖਹਿਰਾ ਤੇ ਉਸ ਦੇ ਸਾਥੀਆ ਦੀ ਕਾਂਗਰਸ ਚ ਸ਼ਮੂਲੀਅਤ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਵਿਚਲੇ ਸਿਆਸੀ ਵਿਰੋਧੀਆ ਨੂੰ ਗੁੱਠੇ ਲਾਉਣ ਦਾ ਇਕ ਸਿਆਸੀ ਤਿਕੜਨ ਸੀ ਜਿਸ ਨੂੰ ਖਹਿਰਾ ਅਤੇ ਉਸ ਦੇ ਸਾਥੀ ਸਿਆਸੀ ਪਹਿਲਾਂ ਹੀ ਭੰਬਲਭੂਸੇ ਚ ਫਸੇ ਹੋਣ ਦੇ ਕਾਰਨ ਸਮਝਣ ਤੋਂ ਪੂਰੀ ਤਰਾਂ ਅਸਮਰਥ ਰਹੇ ਤੇ

ਗੱਲ ਇਹ ਹੋਈ ਕਿ ਸੁਖਪਾਲ ਖਹਿਰਾ ਆਪ ਤਾਂ ਡੁੱਬਿਆ ਹੀ, ਉਸ ਨੇ ਆਪਣੇ ਨਾਲ ਜਜਮਾਨ ਵੀ ਡੋਬ ਲਏ ।
ਹੁਣ ਕਲ੍ਹ ਦਾ ਇਕ ਹੋਰ ਰੌਲਾ ਰੱਪਾ ਪੈ ਰਿਹਾ ਹੈ ਕਿ ਅਕਾਲੀ ਦਲ ਬਾਦਲ ਤੇ ਬਸਪਾ ਦਾ ਪੰਜਾਬ ਵਿਚ ਗੱਠਜੋੜ ਹੋ ਗਿਆ ਹੈ । ਵੀਹ ਸੀਟਾਂ ਬਸਪਾ ਨੁੰ ਦੇ ਦਿੱਤੀਆਂ ਗਈਆ ਹਨ ਤੇ ਬਾਕੀਆਂ ‘ਤੇ ਅਗਾਮੀ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰੇਗਾ ।

ਹੁਣ ਜੇਕਰ ਇਸ ਸਮੀਕਰਨ ਨੂੰ ਗਹੁ ਨਾਲ ਦੇਖੀਏ ਤਾਂ ਸਾਫ ਪਤਾ ਲਗਦਾ ਹੈ ਕਿ ਇਹਨਾ ਦੋਹਾਂ ਪਾਰਟੀਆਂ ਦੁਆਰਾ ਕੀਤਾ ਗਿਆ ਸਮਝੌਤਾ ਵੀ ਕਾਹਲਬਾਜੀ ਦੀ ਹੜਬੜੀ ਚ ਕੀਤਾ ਗਿਆ ਹੈ ਕਿਉਂਕਿ ਬਸਪਾ ਨੇ ਪਹਿਲਾਂ ਹੀ ਏਨੇ ਕੁ ਸਿਆਸੀ ਸਮਝੌਤੇ ਕੀਤੇ ਹੋਏ ਹਨ ਕਿ ਇਸ ਪਾਰਟੀ ਨੂੰ ਵੀ ਹੁਣ ਇਹ ਪਤਾ ਨਹੀ ਕਿ ਉਸ ਦਾ ਅਸਲ ਏਜੰਡਾ ਤੇ ਸਟੈਂਡ ਕੀ ਹੈ, ਮਸਲਨ ਮੱਧ ਪ੍ਰਦੇਸ ਚ ਕਾਂਗਰਸ ਨਾਲ, ਦਿੱਲੀ ਚ ਬੀ ਜੇ ਪੀ ਨਾਲ ਤੇ ਪੰਜਾਬ ਚ ਅਕਾਲੀ ਦਲ ਨਾਲ । ਗੱਲ ਕੀ ਜਿਹਨਾ ਪਾਰਟੀਆ ਦੀ ਸਿਆਸੀ ਵਿਚਾਰਧਾਰਾ ਹੀ ਇਕ ਦੂਸਰੇ ਦੇ ਵਿਰੁਧ ਹੈ, ਉਹਨਾ ਨਾਲ ਸਮਝੌਤਾ ਕਿਵੇਂ ਹੋ ਸਕਦਾ ਹੈ ?

ਦਰਅਸਲ ਇਹ ਸਭ ਲੋਕਾਂ ਨੂੰ ਬੁੱਧੂ ਬਣਾ ਕੇ ਕੁਰਸੀ ਹਥਿਆਉਣ ਦੀ ਖੇਡ ਚੱਲ ਰਹੀ ਹੈ । ਪੰਜਾਬ ਵਿਚ ਅਕਾਲੀਆ ਦੀ ਲੁਟੀਆ ਬਰਗਾੜੀ ਤੇ ਬਹਿਬਲਾਂ ਦੇ ਬੇਅਦਬੀ ਕਾਂਡਾਂ ਨਾਲ ਡੁੱਬੀ ਹੋਈ ਹੈ ਤੇ ਯੂ ਪੀ ਚ ਮਾਇਆਵਤੀ ਸਿਆਸੀ ਮਾਇਆ ਤੋਂ ਸੱਖਣੀ ਹੈ । ਪੰਜਾਬ ਵਿਚ ਅਕਾਲੀ, ਬਸਪਾ ਦੇ ਹਾਥੀ ਦੀ ਸਵਾਰੀ ਕਰਕੇ 33ਫੀਸਦੀ ਦੇ ਲਗਭਗ ਵੋਟ ਆਪਣੇ ਹੱਕ ਚ ਭੁਗਤਾਉਣ ਵਾਸਤੇ ਉੱਲੂ ਸਿੱਧਾ ਕਰਨ ਦੀ ਤਾਕ ਚ ਹਨ ਤੇ ਬਸਪਾ ਜਿਸਦਾ ਕਿ ਕਾਂਸੀ ਰਾਮ ਦੇ ਸਮੇਂ ਚ ਪੰਜਾਬ ਚ ਬਹੁਤ ਵੱਡਾ ਜਨਅਧਾਰ ਸੀ, ਜੋ ਬਾਅਦ ਚ ਫੁੱਟ ਦਾ ਸ਼ਿਕਾਰ ਹੋ ਕੇ ਸਿਆਸੀ ਜਮੀਨ ਗੁਆ ਗਿਆ, ਨੁੰ ਪੈਰੀ ਖੜਾ ਕਰਨ ਦੇ ਆਹਰ ਚ ਹੈ ।

ਅਕਾਲੀਆ ਦੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਸੁਖਦੇਵ ਸਿੰਘ ਢੀਂਡਸਾ ਆਦਿ ਵਰਗੇ ਘਾਗ ਨੇਤਾ ਪਾਰਟੀ ਦਾ ਸਾਥ ਛੱਡ ਚੁੱਕੇ ਹਨ, ਦੂਸਰਾ ਪਰਕਾਸ ਸਿੰਘ ਬਾਦਲ ਉਮਰ ਦਰਾਜ ਹੋ ਚੁੱਕੇ ਹਨ, ਤੀਸਰਾ, ਸੁਖਬੀਰ ਸਿੰਘ ਬਾਦਲ ਕੋਈ ਦੂਰ ਅੰਦੇਸ਼ ਸੋਚ ਵਾਲਾ ਵਿਅਕਤੀ ਨਹੀਂ, ਚੌਥਾ ਅਕਾਲੀਆਂ ਦਾ ਪਿਛਲੇ ਦਸਾਂ ਸਾਲਾ ਵਾਲੀ ਸਰਕਾਰ ਦਾ ਲੇਖਾ ਜੋਖਾ ਕਰੋ ਤਾਂ ਜੋੜ ਘਟਾਓ ਕਰਨ ਤੋਂ ਬਾਅਦ ਪੱਲੇ ਸਿਫਰ ਵੀ ਨਹੀਂ ਪੈਂਦਾ, ਪੰਜਵਾ ਅਨਾੜੀ ਸਿਆਸਤਦਾਨ ਪਾਰਟੀ ਦੀ ਕਮਾਂਡ ਸੰਭਾਲ ਰਹੇ ਹਨ ।

ਅਕਾਲੀਆਂ ਨੇ ਬਸਪਾ ਨਾਲ ਇਹ ਗਠਜੋੜ ਅਸਲ ਵਿਚ ਮਰਦਾ ਕੀ ਨਹੀ ਕਰਦਾ ਵਾਲੀ ਨੀਤੀ ਤਹਿਤ ਮਜਬੂਰੀ ਨੂੰ ਕੀਤਾ ਹੈ ਜਿਸ ਦਾ ਅਸਲ ਮਕਸਦ ਪਾਰਟੀ ਦੀ ਡੁੱਬ ਰਹੀ ਨਈਆ ਨੂੰ ਠੁਮਣਾ ਦੇਣ ਤੋਂ ਵੱਧ ਹੋਰ ਕੁਜ ਵੀ ਨਹੀਂ ਹੈ, ਦੂਜੇ ਪਾਸੇ ਬਸਪਾ ਨੇ ਇਹ ਗਠਜੋੜ ਅੱਖਾਂ ਬੰਦ ਕਰਕੇ ਕੀਤਾ ਹੈ ਜੋ ਉਹਨਾ ਦੀ ਆਪਣੀ ਮਜਬੂਰੀ ਹੈ ਤੇ ਜਿਸਦਾ ਪਾਰਟੀ ਨੂੰ ਕੋਈ ਲ਼ਾਭ ਹੋਣ ਦੇ ਅਸਾਰ ਬਹੁਤ ਪਤਲੇ ਹਨ, ਉਲਟਾ, ਇਸ ਸਮਝੌਤੇ ਨਾਲ ਪਾਰਟੀ ਦੀ ਰਹਿੰਦੀ ਖੂੰਹਦੀ ਛਵੀ ਵੀ ਖਰਾਬ ਹੋਣ ਦਾ ਅੰਦੇਸ਼ਾ ਹੈ।

ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕੁਜ ਲੋਕ ਇਸ ਗਠਜੋੜ ਚ ਕਾਮਰੇਡਾ ਨੂੰ ਸ਼ਾਮਿਲ ਕਰਕੇ ਮਹਾਂ ਗਠਜੋੜ ਦੀਆ ਕਿਆਸ ਅਰਾਈਆ ਵੀ ਲਗਾ ਰਹੇ ਹਨ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਾਮਰੇਡਾਂ ਦਾ ਪੰਜਾਬ ਵਿਚ ਹੁਣ ਨਾਮ ਭੋਗ ਵੀ ਨਹੀ ਰਹਿ ਗਿਆ । ਇਹਨਾ ਖੱਬੂਆ ਤੇ ਸੱਜੂਆ ਨੇ ਆਪਸ ਵਿਚ ਬਹੁਤ ਦੇਰ ਪਹਿਲਾਂ ਹੀ ਛਿੱਤਰੀਂ ਦਾਲ ਵੰਡਕੇ ਤੇ ਪੰਜਾਬ ਦੇ ਸੱਭਿਆਚਾਰ ਨਾਲੋ ਟੁੱਟਕੇ ਆਪਣਾ ਭੋਗ ਪੁਆ ਲਿਆ ਹੈ ।

ਅਕਾਲੀਆ ਤੇ ਬਸਪਾ ਵਾਲਿਆ ਵਲੋ ਹੁਣ ਇਹ ਪਰਚਾਰਿਆ ਜਾ ਰਿਹਾ ਹੈ ਕਿ ਸਾਡੀ ਸੋਚ ਇਕ ਹੈ ਤੇ ਸਾਡਾ ਮਿਸ਼ਨ ਵੀ ਇਕ ਹੈ ਜਦ ਕਿ ਅਸਲੀਅਤ ਕੁਜ ਹੋਰ ਹੈ । ਜੇਕਰ ਉਕਤ ਗੱਲ ਹੈ ਤਾਂ ਫਿਰ ਪੰਜਾਬ ਦੇ ਪਿੰਡਾਂ, ਕਸਬਿਆ ਤੇ ਸ਼ਹਿਰਾਂ ਵਿਚ ਅਕਾਲੀਆਂ ਤੇ ਦਲਿਤਾਂ ਦੇ ਧਾਰਮਿਕ ਸਥਾਨ ਤੇ ਸ਼ਮਸ਼ਾਨਘਾਟ ਵੱਖੋ ਵੱਖਰੇ ਕਿਓਂ ਹਨ ? ਜੇਕਰ ਸੋਚ ਇਕ ਸੀ ਤਾਂ ਮੁੜ ਚੇਤਾ ਆਉਣ ਚ ਪੰਝੀ ਸਾਲ ਕਿਵੇਂ ਲੱਗ ਗਏ ? ਅਕਾਲੀਦਲ ਚ ਇਸ ਵੇਲੇ ਕਿਨੇ ਦਲਿਤ ਨੇਤਾ ਹਨ ਜਾਂ ਉਹਨਾ ਦੀ ਰੇਸ਼ੋ ਦਾ ਕੀ ਵਿਧੀ ਵਿਧਾਨ ਹੈ ?

ਆਪਾਂ ਜਾਣਦੇ ਹੀ ਹਾਂ ਕਿ ਪੰਜਾਬ ਕਾਂਗਰਸ ਇਸ ਵੇਲੇ ਖਾਨਾਜੰਗੀ ਜਾ ਸ਼ਿਕਾਰ ਹੈ । ਦੋ ਸਿੱਧੂਆ ਦਾ ਭੇੜ ਹੋ ਰਿਹਾ ਹੈ, ਪਾਰਟੀ ਦੇ ਅੰਦਰੂਨੀ ਸਮੀਕਰਨ ਬਦਲਣ ਦੇ ਅਸਾਰ ਬਣਦੇ ਜਾ ਰਹੇ ਹਨ ਜਿਹਨਾ ਨਾਲ ਆਉਣ ਵਾਲੇ ਦਿਨਾਂ ਚ ਪਾਰਟੀ ਦੀ ਛਵੀ ਜਾਂ ਤਾਂ ਨਿੱਖਰੇਂਗੀ ਜਾਂ ਫਿਰ ਪਹਿਲਾਂ ਨਾਲ਼ੋਂ ਵੀ ਖ਼ਰਾਬ ਹੋਵੇਗੀ, ਪਰ ਅਸਲ ਹਕੀਕਤ ਏਹੀ ਕਿ ਪਾਰਟੀ ਅੰਦਰਲਾ ਇਹ ਡਰਾਮਾ ਸਿਰਫ ਤੇ ਸਿਰਫ ਕੁਰਸੀ ਦੀ ਕੁੱਕੜ ਖੋਹੀ ਵਾਲੀ ਖੇਡ ਹੀ ਹੈ ।

ਮੁਕਦੀ ਗੱਲ ਇਹ ਕਿ ਭਾਰਤ ਦੀ ਸਿਆਸਤ ਵਿਚ ਕੋਈ ਕਿਸੇ ਦਾ ਸਕਾ ਨਹੀ, ਸਭ ਮਤਲਬ ਦੇ ਹਨ, ਆਪਣਾ ਉੱਲੂ ਸਿੱਧਾ ਕਰਨ ਦੀ ਦੌੜ ਹੈ, ਮਸਲਾ ਜਿਵੇ ਕਿਵੇਂ ਕੁਰਸੀ ‘ਤੇ ਰਾਬਜ ਹੋਣ ਦਾ ਹੈ, ਲ਼ੋਕਾਂ ਦੇ ਭਲੇ ਦੀ ਨਾ ਹੀ ਇਹਨਾ ਚੋਂ ਕਿਸੇ ਨੂੰ ਫਿਕਰ ਹੈ ਤੇ ਨਾ ਹੀ ਭਵਿੱਖ ਚ ਕੋਈ ਪਰਵਾਹ ਹੈ । ਇਸ ਤਰਾਂ ਦੇ ਮਹੋਲ ਚ ਹੁਣ ਲੋਕਾਂ ਨੂੰ ਏਨਾ ਕੁ ਜਾਗ ਜਾਣਾ ਜਰੂਰੀ ਹੋਵੇਗਾ ਕਿ ਪੰਜਾਬ ਦੇ ਭਲੇ ਲਈ ਪਾਰਟੀਬਾਜੀ ਦੀ ਸਿਆਸਤ ਚ ਪੈਣ ਦੀ ਬਜਾਏ ਸਿਰਫ ਤੇ ਸਿਰਫ ਚੰਗੇ, ਸੂਝਵਾਨ ਤੇ ਲੋਕ ਹਿਤੂ ਉਮੀਦਵਾਰਾਂ ਦੀ ਚੋਣ ਵੱਲ ਧਿਆਨ ਦੇਣ । ਚੰਗੇ ਉਮੀਦਵਾਰ ਚੁਣਕੇ ਪੰਜਾਬ ਵਿਚ ਅਕਾਲੀ ਕਾਂਗਰਸ ਦੀ ਸਿਆਸੀ ਗੁੱਟਬਾਜੀ ਤੋ ਮੁਕਤ ਸਰਕਾਰ ਬਣਾਉਣ । ਦਿਨੋ ਦਿਨ ਗਰਕਦੇ ਜਾ ਰਹੇ ਪੰਜਾਬ ਨੂੰ ਬਚਾਉਣ ਅਤੇ ਮੁੜ ਪੈਰੀ ਖੜੇ ਕਰਨ ਦਾ ਏਹੀ ਇਕੋ ਇਕ ਵਾਹਦ ਹੱਲ ਅਮਲ ਚ ਲਿਆਉਣ ਦੀ ਇਸ ਵੇਲੇ ਸਖਤ ਲੋੜ ਹੈ ।

ਬਾਕੀ ਰਹੀ ਗੱਲ ਬਦਲ ਰਹੇ ਸਿਆਸੀ ਸਮੀਕਰਨਾ ਦੀ, ਇਸ ਵੱਲ ਪੰਜਾਬੀਆ ਨੂੰ ਬਹੁਤਾ ਧਿਆਨ ਦੇਣ ਦੀ ਲੋੜ ਨਹੀ । ਇਹਨਾ ਸਿਆਸੀ ਪਾਰਟੀਆ ਤੇ ਇਹਨਾ ਦੇ ਨੇਤਾਵਾਂ ਨੇ ਪਹਿਲਾਂ ਵੀ ਝੂਠ ਤੇ ਜੁਮਲੇਬਾਜੀ ਵਾਲੀ ਸਿਆਸਤ ਕਰਕੇ ਪੰਜਾਬ ਤੇ ਪੰਜਾਬੀਆਂ ਨੂੰ ਲੁੱਟਿਆ ਤੇ ਕੁੱਟਿਆ ਹੈ ਤੇ ਭਵਿੱਖ ਚ ਵੀ ਇਹਨਾ ਨੇ ਆਪਣੀ ਆਦਤ ਮੁਤਾਬਿਕ ਓਹੀ ਕੁਜ ਕਰਦੇ ਰਹਿਣਾ ਹੈ ।

ਸੋ ਪੰਜਾਬ ਦੇ ਹਰ ਸ਼ਹਿਰੀ ਨੂੰ ਸੁਸਤੀ ਤੇ ਨੀਂਦ ਦਾ ਤਿਆਗ ਕਰਕੇ ਤੇ ਆਪਣੀ ਜਮੀਰ ਆਪਣੇ ਕੋਲ ਰੱਖ ਕੇ ਬਦਲਾਵ ਵਾਸਤੇ ਹੁਣ ਤੋਂ ਹੀ ਤਿਆਰ ਬਰ ਤਿਆਰ ਹੋ ਜਾਣਾ ਚਾਹੀਦਾ ਤੇ ਏਹੀ ਇਸ ਵੇਲੇ ਸਮੇ ਦੀ ਮੰਗ ਹੈ । ਏਹੀ ਕੰਧ ‘ਤੇ ਲਿਖਿਆ ਸੱਚ ਹੈ ਜਿਸ ਨੂੰ ਸਮਝਣ ਦੀ ਲੋੜ ਹੈ ।

 

 

ਸੁਖਦੇਵ ਸਿੰਘ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਲਵੰਡੀ ਅਰਾਈਆਂ ਵਿਖੇ ਸ਼ਹੀਦੀ ਗੁਰਪੁਰਬ ਸਮਾਗਮ 20 ਨੂੰ
Next articleਭਾਰਤ ਵਿੱਚ ਕਰੋਨਾ ਦੇ 70,421 ਨਵੇਂ ਕੇਸ, 3921 ਮੌਤਾਂ