ਤਰਕਸ਼ੀਲ ਦਾ ਸੱਚ

ਪਰਮ ਵੇਦ ਸੰਗਰੂਰ

 (ਸਮਾਜ ਵੀਕਲੀ)

ੲਿੰਝ ਕੀਤਾ ਭਵਿੱਖ ਦੱਸਣ ਵਾਲੇ ਦਾ ਝੂਠ ਨੰਗਾ

ਇੱਕ ਵਾਰੀ ਅਸੀਂ ਸਾਰੇ ਤਰਕਸ਼ੀਲ ਸਾਥੀ ਸੰਗਰੂਰ ਵਿਖੇ ਕਿਸੇ ਦੇ ਭੋਗ ਤੇ ਇਕੱਠੇ ਹੋਏ। ਸੂਬਾ ਪ੍ਰਧਾਨ ਰਜਿੰਦਰ ਭਦੌੜ ਵੀ ਸਾਡੇ ਨਾਲ ਸੀ। ਵਿਛੜੇ ਸਤਿਕਾਰਯੋਗ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਅਸੀਂ ਇਕ ਜੋਤਸ਼ੀ ਦਾ ਝੂਠ ਲੋਕਾਂ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ।ਇਸ ਜੋਤਸ਼ੀ ਦੁਆਰਾ ਭਵਿੱਖ ਦੱਸਣ ਬਾਰੇ ਆਪਣਾ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਸੀ, ਕੇਬਲ ਟੀਵੀ ਅਤੇ ਹੈੱਡ ਬਿੱਲਾਂ ਰਾਹੀਂ ਉਸ ਦੁਆਰਾ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਲੋਕਾਂ ਦਾ ਭੂਤ, ਭਵਿੱਖ ਤੇ ਵਰਤਮਾਨ ਦਸ ਸਕਦਾ ਹੈ, ਵਿਗੜੀ ਸੰਵਾਰ ਸਕਦਾ ਹੈ, ਕੀਤਾ ਕਰਾਇਆ ਖ਼ਤਮ ਕਰ ਸਕਦਾ, ਵਿਆਹ ਸ਼ਾਦੀ ਵਿੱਚ ਪੈਂਦੀ ਰੁਕਾਵਟਾਂ ਦੂਰ,ਰੁਜ਼ਗਾਰ ਪ੍ਰਾਪਤੀ ਦਾ ਉਪਾਅ,ਪਤੀ-ਪਤਨੀ ਦਾ ਕਲੇਸ਼ ਮਿਟਾਉਣ ,ਚਲਦਾ ਮੁਕੱਦਮਾ ਜਿਤਾਉਣ,ਬਾਹਰ ਜਾਣ ਵਿੱਚ ਪੈਂਦੀ ਰੁਕਾਵਟ ਦੂਰ ਕਰਨ ਆਦਿ ਦੇ ਦਾਅਵੇ ਕਰ ਰਿਹਾ ਸੀ।

ਅਸੀਂ ਦੋ ਸਾਥੀ ਭੇਜਣ ਦਾ ਫੈਸਲਾ ਕੀਤਾ। ਉਨ੍ਹਾਂ ਨੂੰ ਗਲ ਬਾਤ ਕਰਕੇ ਸਮਝਾਇਆ ਗਿਆ ਕਿ ਪਹਿਲੇ ਨੇ ਕੀ ਤੇ ਦੂਜੇ ਨੇ ਕਿਹੜੀਆਂ ਗੱਲਾਂ ਪੁਛਣੀਆਂ ਹਨ ਅਸੀਂ ਲੋਕਾਂ ਦਾ ਇਕੱਠ ਵੀ ਕਰ ਲਿਆ। ਸੰਤੋਸ਼ ਕੁਮਾਰ ਨੂੰ ਸਮਝਾਇਆ ਗਿਆ ਕਿ ਤੁਸੀਂ ਬੱਚੇ ਤੇ ਰੁਜ਼ਗਾਰ ਪ੍ਰਾਪਤੀ ਦੀ ਗੱਲ ਰੱਖਣੀ ਹੈ ਕਿਉਂਕਿ ਉਹ ਬਾ ਰੁਜ਼ਗਾਰ ਤੇ ਇਕ ਕੁੜੀ ਦਾ ਪਿਓ ਸੀ।

ਚਮਕੌਰ ਸਿੰਘ ਅਜੇ ਕੁਆਰਾ ਸੀ ਉਸ ਨੂੰ ਕਿਹਾ ਕਿ ਤੁਸੀਂ ਲਗਾਤਾਰ ਹੋ ਰਹੀਆਂ ਕੁੜੀਆਂ ਦੀ ਥਾਂ ਮੁੰਡੇ ਦੀ ਪ੍ਰਾਪਤੀ ਲਈ ਪੁਛਣਾ ਹੈ। ਪਹਿਲਾਂ ਸੰਤੋਸ਼ ਨੂੰ ਭੇਜਿਆ ਗਿਆ।ਉਹ 50 ਰੁਪਏ ਦੀ ਰਸੀਦ ਕਟਵਾ ਕੇ ਜੋਤਸ਼ੀ ਕੋਲ ਗਿਆ।ਸਮਝਾਏ ਪ੍ਰਸ਼ਨ ਰੱਖੇ। ਉਸ ਜੋਤਸ਼ੀ ਨੂੰ ਕਿਹਾ, ਮੈਂ ਐਮ ਏ ਪਾਸ ਹਾਂ ਨੌਕਰੀ ਨਹੀਂ ਮਿਲ ਰਹੀ, ਮੇਰੀ ਲਕੀਰਾਂ ਦੇਖ ਕੇ ਦੱਸੋ ਮੇਰੀ ਕਿਸਮਤ ਵਿੱਚ ਸਰਕਾਰੀ ਨੌਕਰੀ ਹੈ ਜਾਂ ਨਹੀਂ।ਮੇਰਾ ਵਿਆਹ ਹੋਇਆਂ ਤਿੰਨ ਸਾਲ ਹੋ ਗਏ, ਬੱਚੇ ਦੀ ਪ੍ਰਾਪਤੀ ਨਹੀਂ ਹੋਈ। ਮੇਰੀ ਕਿਸਮਤ ਵਿੱਚ ਬੱਚੇ ਦੀ ਪ੍ਰਾਪਤੀ ਹੈ ਜਾਂ ਨਹੀਂ , ੲਿਸ ਬਾਰੇ ਵੀ ਟੇਵਾ ਲਾਓ।”

ਜੋਤਸ਼ੀ ਨੇ ਉਸਦੀਆਂ ਹੱਥ ਦੀਆਂ ਰੇਖਾਵਾਂ ਦੇਖ ਕੇ ਰੁਜ਼ਗਾਰ ਪ੍ਰਾਪਤੀ ਦੇ ਸੰਬੰਧ ਵਿੱਚ ਕਿਹਾ ,” ਸਰਕਾਰੀ ਨੌਕਰੀ ਤੇਰੇ ਕਰਮਾਂ ਵਿੱਚ ਹੈ ਨਹੀਂ, ਪ੍ਰਾਈਵੇਟ ਕੰਮ ਕਰ ਲੈ।ਕੰਮ ਦੀ ਸਫਲਤਾ ਲਈ ਉਪਾਅ ਕਰ ਦਿੱਤਾ ਜਾਵੇਗਾ। ਬੱਚੇ ਸੰਬੰਧੀ ਉਸ ਕਿਹਾ,”ਤੇਰੇ ਕਰਮਾਂ ਵਿੱਚ ਔਲਾਦ ਹੈ, ਪਹਿਲਾਂ ਲੜਕਾ ਹੋਵੇਗਾ।”ਇਹ ਗੱਲਾਂ ਸੁਣ ਕੇ ਸੰਤੋਸ਼ ਸਾਡੇ ਕੋਲ ਆ ਗਿਆ ਤੇ ਸਾਰੀ ਰਿਪੋਰਟ ਕੀਤੀ। ਇਸਤੋਂ ਬਾਅਦ ਅਸੀਂ ਚਮਕੌਰ ਸਿੰਘ ਨੂੰ ਭੇਜਿਆ। ਉਸਨੇ ਵੀ ਸਾਡੇ ਕਿਹੇ ਮੁਤਾਬਕ ਜੋਤਸ਼ੀ ਨੂੰ ਕਿਹਾ,” ਮੇਰੇ ਘਰੇ ਦੋ ਕੁੜੀਆਂ ਹੋ ਚੁੱਕੀਆਂ ਹਨ। ਦੱਸੋ ਮੁੰਡੇ ਦੀ ਪ੍ਰਾਪਤੀ ਹੈ ਜਾਂ ਨਹੀਂ।”

ਜੋਤਸ਼ੀ ਨੇ,” ਕਿਹਾ ਅਗਲਾ ਲੜਕਾ ਹੋਵੇਗਾ। ਉਪਾਅ ਕਰਨਾ ਪਊ। “ਉਪਾਅ ਦਾ 5000/-ਖਰਚਾ ਪੁਛ ਕੇ ਉਹ ਸਾਡੇ ਕੋਲ ਆ ਗਿਆ ਤੇ ਸਾਰੀ ਰਿਪੋਰਟ ਕੀਤੀ।ਫਿਰ ਅਸੀਂ ਸਾਰੇ ਉਸ ਕੋਲ ਗੲੇ ਤੇ ਬਾਦਲੀਲ ਗਲ ਕੀਤੀ।ਸੀਂ ਆਪਣੇ ਹੈੱਡ ਬਿਲਾਂ ਵਿੱਚ ਤੇ ਕੇਬਲ ਟੀਵੀ ਤੇ ਆਪਣੇ ਇਸ਼ਤਿਹਾਰ ਵਿੱਚ ਲੋਕਾਂ ਦਾ ਭੂਤ, ਵਰਤਮਾਨ ਤੇ ਭਵਿੱਖ ਦੱਸਣ ਤੇ ਵਿਗੜੇ ਤੇ ਰੁਕੇ ਕੰਮ ਸੰਵਾਰਨ ਦਾ ਦਾਅਵਾ ਕਰਦੇ ਹੋਂ , ੲਿਹ ਵਿਅਕਤੀ ਤੁਹਾਡੇ ਕੋਲ ਆਏ, ਆਪਣੀ ਸਮੱਸਿਆਵਾਂ ਦੱਸੀਆਂ।

ਇਸ ਸੰਤੋਸ਼ ਕੁਮਾਰ ਨੇ ਆਪਣੇ ਰੁਜ਼ਗਾਰ ਸੰਬੰਧੀ ਸਰਕਾਰੀ ਨੌਕਰੀ ਕਿਸਮਤ ਵਿੱਚ ਹੈ ਜਾਂ ਨਹੀਂ ਬਾਰੇ ਪੁੱਛਿਆ, ਦੂਜਾ ਇਸ ਨੇ ਬੱਚੇ ਦੀ ਪ੍ਰਾਪਤੀ ਬਾਰੇ ਪੁੱਛਿਆ। ਤੁਸੀਂ ਇਸ ਨੂੰ ਸਰਕਾਰੀ ਨੌਕਰੀ ਕਿਸਮਤ ਵਿੱਚ ਨਾ ਹੋਣ ਬਾਰੇ ਤੇ ਬੱਚੇ ਪ੍ਰਤੀ ਪਹਿਲਾ ਬੱਚਾ ਲੜਕਾ ਹੋਣ ਬਾਰੇ ਕਿਹਾ।”ਜਦ ਉਨ੍ਹਾਂ ਹਾਂ ਵਿਚ ਉਤਰ ਦਿਤਾ ਤਾਂ ਮਾਸਟਰ ਰਜਿੰਦਰ ਭਦੌੜ ਨੇ ਕਿਹਾ,”ਇਹ 4 ਸਾਲਾਂ ਤੋਂ ਸਰਕਾਰੀ ਨੌਕਰੀ ਵਿਚ ਹੈ ਤੇ ਇਸ ਕੋਲ ਦੋ ਸਾਲ ਦੀ ਲੜਕੀ ਹੈ।” ਦੂਜੇ ਵਿਅਕਤੀ ਆਹ ਚਮਕੌਰ ਸਿੰਘ ਨੇ ਹੋ ਚੁੱਕੀਆਂ ਲੜਕੀਆਂ ਤੋਂ ਬਾਅਦ ਅਗਲੇ ਹੋਣ ਬਾਰੇ ਬੱਚੇ ਬਾਰੇ ਪੁੱਛਿਆ ਤੁਸੀਂ ਇਸਨੂੰ ਅਗਲਾ ਬੱਚਾ ਲੜਕਾ ਹੋਣ ਬਾਰੇ ਕਿਹਾ।ਨਾਲ ਤੁਸੀਂ ਦੋਹਾਂ ਨੂੰ ਉਪਾਅ ਕਰਨ ਲਈ ਕਿਹਾ। ਚਮਕੌਰ ਸਿੰਘ ਦਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ।

“ਜੋਤਸ਼ੀ ਨੇ ਕਿਹਾ,” ਸੋਨੂੰ ਪਤਾ ਹੀ ਹੈ ਸਭ ਪੇਟ ਦਾ ਮਸਲਾ ਹੈ। “ਮੈਂ ਕਿਹਾ ਲੋਕਾਂ ਨੂੰ ਗੁੰਮਰਾਹ ਨਾ ਕਰੋ। ਲ਼ੋਕ ਸਮੱਸਿਆ ਲੈ ਕੇ ਆਉਂਦੇ ਹਨ, ਸਲਾਹਕਾਰ ਬਣ ਜ਼ੋ। ਭਵਿੱਖ ਦੱਸਣ ਦੀਆਂ ਝੂਠੀਆਂ, ਬੇ ਸਿਰ ਪੈਰ ਗੱਲਾਂ ਨਾ ਕਰਿਆ ਕਰੋ,ਨਾ ਮਸ਼ਹੂਰੀ ਕਰੋ।ਉਸ ਮਸ਼ਹੂਰੀ ਬੰਦ ਕਰਨ ਦੀ ਸਹਿਮਤੀ ਦਿਤੀ ਫਿਰ ਮੰਨਿਆ ਕਿ ਮੇਰੇ ਕੋਲ ਭਵਿੱਖ ਦੱਸਣ ਦੀ ਕੋਈ ਸ਼ਕਤੀ ਜਾਂ ਲਿਆਕਤ ਨਹੀਂ।ਫਿਰ ਅਸੀਂ ਸਾਰੇ ਹੇਠਾਂ ਆ ਗੲੇ ਤੇ ਲੋਕਾਂ ਨੂੰ ਜੋਤਸ਼ੀ ਨਾਲ ਹੋਈ ਸਾਰੀ ਗੱਲ ਸਾਂਝੀ ਕੀਤੀ। ਅਸੀਂ ਲੋਕਾਂ ਨੂੰ ਕਿਹਾ ਕਿ ਕਿਸੇ ਕੋਲ ਵੀ ਭਵਿੱਖ ਦੱਸਣ ਦੀ ਸ਼ਕਤੀ ਨਹੀਂ। ਤੁਸੀਂ ਆਪਣੀ ਕਿਸਮਤ ਦੇ ਆਪ ਘਾੜੇ ਹੈ, ਸਾਡੀ ਕਿਸਮਤ ਉਪਰੋਂ ਲਿਖ ਕੇ ਨਹੀਂ ਆਉਂਦੀ ਰਾਜਨੀਤਕ, ਸਮਾਜਿਕ ਪ੍ਰਬੰਧ ਹੀ ਸਾਡੀ ਕਿਸਮਤ ਬਣਾਉਂਦਾ ਹੈ। ਲੋਕਾਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਤੇ ਤਰਕਸ਼ੀਲ ਜੀਵਣ ਸ਼ੈਲੀ ਅਪਣਾਉਣ ਦਾ ਸੁਨੇਹਾ ਦੇ ਕੇ ਅਸੀਂ ਉਥੋਂ ਆ ਗੲੇ।

ਪਰਮ ਵੇਦ ਸੰਗਰੂਰ
ਏ-86ਅਫਸਰ ਕਲੋਨੀ ਸੰਗਰੂਰ
9417422

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰੁਨ ਮੁੰਡਨ ਥਾਣਾ ਆਦਮਪੁਰ ਦੇ ਨਵੇਂ ਮੁਖੀ ਸਥਾਪਿਤ
Next articleਜ਼ਿੰਦਗੀ