(ਸਮਾਜ ਵੀਕਲੀ) ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਪੰਜਾਬ ਸਰਕਾਰ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਝੋਨੇ ਦਾ ਸੀਜ਼ਨ, ਮੁਕੰਮਲ ਮੰਡੀ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਅੰਦੋਲਨ ਵਿਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੈ। ਅਜੌਕੇ ਸਮੇਂ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿਚ ਸੜਕਾਂ ਜਾਮ ਕਰਕੇ, ਆਵਾਜਾਈ ਰੁਕਣ ਕਾਰਨ ਜੰਨਤਾ ਦਾ ਜੋ ਹਾਲ ਹੋ ਰਿਹਾ ਹੈ ਉਹ ਤਾਂ ਜਨਤਾ ਹੀ ਜਾਣਦੀ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਵਖਤੋ ਖੁੰਝੀ ਡੂੰਮਣੀ ਮੁੜ ਮੁੜ ਧੱਕੇ ਪੈਣ , ਸਿਆਣਿਆਂ ਸੱਚ ਕਿਹਾ ਕਿ ਅੱਜ ਦਾ ਕੰਮ ਕਲ ਤੇ ਨਹੀਂ ਛੱਡਣਾ ਚਾਹੀਦਾ। ਜੇਕਰ ਵਖਤ ਦੀਆਂ ਸਰਕਾਰਾਂ ਵੱਲੋਂ ਇਸ ਕਹਾਵਤ ਤੇ ਜ਼ਰਾ ਜਿੰਨਾ ਵੀ ਅਮਲ ਫ਼ੁਰਮਾਇਆ ਹੁੰਦਾ ਤਾਂ ਸ਼ਹਿਦ ਅੱਜ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਨਾ ਲਗਦੇ , ਖਰੀਦ ਇਜੰਸੀਆਂ ਅਤੇ ਕਿਸਾਨ ਵੀ ਖੁਸ਼ ਹੁੰਦੇ ਅਤੇ ਆੜਤੀਆਂ, ਲੈਂਬਰ, ਅਤੇ ਲਿਫਟਿੰਗ ਵੀ ਆਪੋ ਆਪਣੇ ਆਹਰੇ ਲੱਗੇ ਹੁੰਦੇ। ਪੰਜਾਬ ਦੀ ਮਜ਼ਬੂਰੀ ਹੈ ਕਿ ਇਸ ਨੂੰ ਹਰ ਕੰਮ ਸੈਂਟਰ ਸਰਕਾਰ ਨੂੰ ਪੁਛ ਕੇ ਕਰਨਾ ਪੈਂਦਾ ਹੈ।ਦੂਜਾ ਜਿਸ ਸਤਾਧਾਰੀ ਪਾਰਟੀ ਦਾ ਰਾਜ ਸੈਂਟਰ ਵਿਚ ਹੋਵੇ ਉਸ ਪਾਰਟੀ ਦਾ ਰਾਜ ਪੰਜਾਬ ਵਿਚ ਨਹੀਂ ਹੁੰਦਾ। ਗਲ ਕਰੀਏ ਅਕਾਲੀ ਦਲ ਦੀ ਉਨ੍ਹਾਂ ਦਾ ਪੰਜਾਬ ਵਿਚ ਰਾਜ ਸੀ ਪਰ ਭਾਈਵਾਲੀ ਭਾਜਪਾ ਨਾਲ ਰਹੀ ਕਿਉਂ ਕਿ ਸੈਂਟਰ ਸਰਕਾਰ ਨਾਲ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਇਸ ਨਾਲ ਪੰਜਾਬ ਵਿਚ ਵਿਕਾਸ ਦੇ ਕੰਮ ਕਰਵਾਉਣ ਲਈ ਮਦਦ ਲਈ ਜਾਂਦੀ ਸੀ । ਅਜੋਕੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਸ ਪਾਰਟੀ ਦੇ ਰਿਸ਼ਤੇ ਸੈਂਟਰ ਵਿਚ ਭਾਜਪਾ ਨਾਲ ਜਿਸ ਤਰ੍ਹਾਂ ਦੇ ਹਨ ਉਨ੍ਹਾਂ ਦਾ ਵਖਿਆਨ ਕਰਨ ਦੀ ਜ਼ਰੂਰਤ ਨਹੀਂ। ਦੂਜਾ ਇਹ ਪਾਰਟੀ ਨਵੀਂ ਹੈ ਤੀਜਾ ਆਰਥਿਕ ਤੌਰ ਤੇ ਡਾਵਾਂਡੋਲ ਵਾਲੀ ਸਥਿਤੀ ਵਿਚੋਂ ਗੁਜ਼ਰ ਰਹੀ ਹੈ। ਬਾਕੀ ਪੰਜਾਬ ਦੇ ਕਿਸਾਨਾਂ ਵੱਲੋਂ ਸੈਂਟਰ ਸਰਕਾਰ ਨਾਲ ਲਗਾਤਾਰ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ ਜਿਸ ਦਾ ਖਮਿਆਜ਼ਾ ਭਾਜਪਾ ਦੇ ਲੀਡਰ ਇਲੈਕਸ਼ਨਾਂ ਵਿਚ ਭੁਗਤਦੇ ਰਹੇ ਹਨ। ਖੈਰ ਅਜੋਕੇ ਸਮੇਂ ਕਿਸਾਨੀ ਬਹੁਤ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੀ ਹੈ। ਜਿਸ ਦੇਸ਼ ਵਿਚ ਅਨਾਜ ਦੀ ਬੇਕਦਰੀ ਹੋਵੇ ਉਸ ਤੇ ਕਦੇ ਭਗਵਾਨ ਖੁਸ਼ ਨਹੀਂ ਹੁੰਦਾ। ਜੇਕਰ ਕਿਸਾਨਾਂ ਨਾਲ ਕੋਈ ਨਰਾਜ਼ਗੀ ਹੈ ਤਾਂ ਇਹ ਨਰਾਜ਼ਗੀ ਅੰਨ ਦੀ ਬੇਕਦਰੀ ਕਰਕੇ ਕਦੇ ਵੀ ਨਹੀਂ ਕੱਢਣੀ ਚਾਹੀਂਦੀ, ਕਿਉਂਕਿ ਇਹ ਅੰਨ ਪੂਰੇ ਦੇਸ਼ ਦੀ ਜਨਤਾਂ ਦੇ ਢਿੱਡ ਵਿੱਚ ਜਾਣਾ ਹੈ। ਦੂਜਾ ਇਸ ਨਾਲ ਕਰੋੜਾਂ ਲੋਕਾਂ ਦਾ ਰੁਜ਼ਗਾਰ ਚਲਣਾ ਹੈ। ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਦੇਸ਼ ਖੁਸ਼ਹਾਲ ਹੋਵੇਗਾ। ਅੱਜ ਸ਼ਹਿਰਾਂ ਵਿਚ ਤਿਉਹਾਰਾਂ ਦੇ ਚਲਦਿਆਂ ਰੋਣਕਾਂ ਨਹੀਂ ਹਨ ਕਾਰਨ ਸਪੱਸ਼ਟ ਹੈ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਪੰਜਾਬ ਜਾ ਸੈਂਟਰ ਸਰਕਾਰ ਵੱਲੋਂ ਜੇਕਰ ਸਮਾਂ ਰਹਿੰਦੇ ਆੜਤੀਆਂ ਦੀਆਂ ਮੰਗਾਂ, ਸ਼ੈਲਰ ਮਾਲਕਾਂ ਦੀਆਂ ਮੰਗਾਂ, ਮੰਡੀਆਂ ਵਿਚ ਮੁਕੰਮਲ ਪ੍ਰਬੰਧ ਅਤੇ ਫ਼ਸਲ ਦੀ ਖਰੀਦ ਨੂੰ ਲੈ ਕੇ ਸੁਚੱਜੇ ਢੰਗ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਹਲਾਤ ਇਹ ਨਾ ਹੁੰਦੇ, ਅੱਜ ਮੰਡੀਆਂ ਵਿਚ ਆਉਣ ਤੋਂ ਡੀਸੀ, ਐਸ ਡੀ ਐਮ, ਲੀਡਰ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਹਨ। ਕਾਰਨ ਸਪੱਸ਼ਟ ਹੈ। ਉਨ੍ਹਾਂ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ,ਅਜੇ ਵੀ ਡੁਲ੍ਹੇ ਬੇਰਾ ਦਾ ਕੁਝ ਨਹੀਂ ਵਿਗੜਿਆ, ਸਵੇਰੇ ਦਾ ਭੁਲਿਆ ਸ਼ਾਮ ਨੂੰ ਜੇਕਰ ਘਰ ਆ ਜਾਵੇ ਤੇ ਭੁਲਿਆਂ ਨਹੀ ਜਾਣੀਦਾ। ਪੰਜਾਬ ਸਰਕਾਰ ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਰੁਲ ਰਹੀ ਝੋਨੇ ਦੀ ਫ਼ਸਲ ਨੂੰ ਲੈ ਕੇ ਸੁਹਿਰਦ ਹੋਣਾ ਚਾਹੀਦਾ ਹੈ। ਅਤੇ ਤੁਰੰਤ ਇਸ ਦੇ ਢੁਕਵੇਂ ਪ੍ਰਬੰਧ ਮੁਕੰਮਲ ਕਰਕੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਅਜੋਕੇ ਸਮੇਂ ਪੰਜਾਬ ਸਰਕਾਰ ਦੀ ਕਿਸਾਨ ਜਥੇਬੰਦੀਆਂ ਨਾਲ ਚਲ ਰਹੀ ਗਲਬਾਤ ਵਧੀਆ ਸਿੱਟੇ ਤੇ ਪੁੱਜੇ ਜਨਤਾ ਇਸ ਦੀ ਅਰਦਾਸ ਅਤੇ ਕਾਮਨਾਂ ਕਰਦੀ ਹੈ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly