ਨਵੀਂ ਦਿੱਲੀ (ਸਮਾਜ ਵੀਕਲੀ) : ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਕਿਹਾ ਕਿ ਲੋਕਤੰਤਰ ਦੇ ਤਿੰਨ ਅੰਗਾਂ ਵੱਲੋਂ ਇਕ ਦੂਜੇ ਦੇ ਕੰਮ ਵਿੱਚ ਕੀਤੇ ਜਾਣ ਵਾਲਾ ਕਿਸੇ ਵੀ ਤਰ੍ਹਾਂ ਦਾ ਦਖ਼ਲ ਸਰਕਾਰੀ ਪ੍ਰਬੰਧ/ਵਿਵਸਥਾ ਨੂੰ ਹਿਲਾ ਕੇ ਰੱਖਣ ਦੇ ਸਮਰੱਥ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਾਰੇ ਨਿਰਧਾਰਿਤ ‘ਲਕਸ਼ਣ ਰੇਖਾ’ ਦਾ ਸਤਿਕਾਰ ਬਣਾ ਕੇ ਰੱਖਣ। ਸਦਨ ਵਿੱਚ ਆਪਣੇ ਪਲੇਠੇ ਸੰਬੋਧਨ ਦੌਰਾਨ ਉਨ੍ਹਾਂ ਸੁਪਰੀਮ ਕੋਰਟ ਵੱਲੋਂ ਕੌਮੀ ਨਿਆਂਇਕ ਨਿਯੁਕਤੀ ਕਮਿਸ਼ਨ (ਐੱਨਜੇਏਸੀ) ਬਿੱਲ ਰੱਦ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ‘ਸੰਸਦ ਦੀ ਪ੍ਰਭੂਸੱਤਾ ਨਾਲ ਸਮਝੌਤਾ ਕੀਤੇ ਜਾਣ ਦੀ ਪ੍ਰਤੱਖ ਮਿਸਾਲ ਤੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਦਾ ਨਿਰਾਦਰ ਹੈ।’’ ਉਪ ਰਾਸ਼ਟਰਪਤੀ ਦੀਆਂ ਇਹ ਟਿੱਪਣੀਆਂ ਨਿਆਂਇਕ ਨਿਯੁਕਤੀਆਂ ਨੂੰ ਲੈ ਕੇ ਮੌਜੂਦਾ ਸਮੇਂ ਸਰਕਾਰ ਤੇ ਨਿਆਂਪਾਲਿਕਾ ਦਰਮਿਆਨ ਬਣੇ ਤਣਾਅ ਦੇ ਪਿਛੋਕੜ ਵਿੱਚ ਹਨ।
ਧਨਖੜ ਨੇ ਕਿਹਾ ਕਿ ਜਮਹੂਰੀਅਤ ਉਦੋਂ ਹੀ ਵਧਦੀ ਫੁਲਦੀ ਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਜਦੋਂ ਇਸ ਦੇ ਤਿੰਨੋਂ ਅੰਗ- ਵਿਧਾਨਪਾਲਿਕਾ, ਨਿਆਂਪਾਲਿਕਾ ਤੇ ਕਾਰਜਪਾਲਿਕਾ ਆਪੋ ਆਪਣੇ ਅਧਿਕਾਰ ਖੇਤਰ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਤਾਕਤਾਂ ਦੀ ਵੰਡ ਦੇ ਸਿਧਾਂਤ ਦਾ ਸਤਿਕਾਰ ਕੀਤਾ ਜਾਵੇ। ਉਪ ਰਾਸ਼ਟਰਪਤੀ ਨੇ ਕਿਹਾ, ‘‘ਅਸੀਂ ਅਸਲ ਵਿੱਚ (ਇਕ ਦੂਜੇ ਦੇ ਅਧਿਕਾਰ ਖੇਤਰ ਵਿੱਚ) ਲਗਾਤਾਰ ਘੁਸਪੈਠ ਦੀ ਇਸ ਭਿਆਨਕ ਹਕੀਕਤ ਦਾ ਸਾਹਮਣਾ ਕਰ ਰਹੇ ਹਾਂ। ਇਹ ਸਦਨ ਸ਼ਾਸਨ ਦੇ ਇਨ੍ਹਾਂ ਤਿੰਨ ਅੰਗਾਂ ਵਿੱਚ ਸਦਭਾਵਨਾ ਲਿਆਉਣ ਲਈ ਹਾਂ-ਪੱਖੀ ਕਦਮ ਚੁੱਕਣ ਲਈ ਵਾਜਬ ਸਥਿਤੀ ਵਿੱਚ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਅੱਗੇ ਵਧਣ ਦੇ ਰੁਖ਼ ਨੂੰ ਪ੍ਰਤੀਬਿੰਬਤ ਕਰੋਗੇ ਅਤੇ ਇਸ ਵਿੱਚ ਸ਼ਾਮਲ ਹੋਵੋਗੇ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly