ਤੀਜਾ ਘੱਲੂਘਾਰਾ ਜਾਂ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਸਮਰਪਿਤ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਭਾਰਤ ਦੁਨੀਆਂ ਵਿੱਚ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ। ਚਾਹੇ ਇਸ ਵਿੱਚ ਭਿੰਨ ਭਿੰਨ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਇਸ ਦੀ ਖਾਸੀਅਤ ਇਹ ਹੈ ਕਿ ਭਿੰਨਤਾ ਦੇ ਬਾਵਜੂਦ ਵੀ ਵੀ ਦੇਸ਼ ਵਿੱਚ ਅਖੰਡਤਾ ਹੈ।ਖਾਸ ਕਰਕੇ ਸਾਰੇ ਪੰਜਾਬੀ ਏਕਤਾ ਬਣਾਈ ਰੱਖਣ ਲਈ ਆਪਣਾ ਵਿਲੱਖਣ ਸੁਭਾਅ ਰੱਖਦੇ ਹਨ। ਵੈਸੇ ਤਾਂ ਸ਼ੁਰੂ ਤੋਂ ਹੀ ਬਾਹਰੀ ਤਾਕਤਾਂ ਜਾਂ ਸਿਆਸੀ ਲਾਹਾ ਖੱਟਣ ਵਾਲੀਆਂ ਪਾਰਟੀਆਂ ਇਸ ਦੀ ਅਖੰਡਤਾ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਰਹੀਆਂ ਹਨ। ਇੱਕ ਇਹੋ ਜਿਹਾ ਦੌਰ ਸੰਨ 1984 ਵਿੱਚ ਭਾਰਤ ਦੇ ਇਤਿਹਾਸ ਵਿੱਚ ਵੀ ਆਇਆ ਸੀ ਜਦੋਂ ਪੰਜਾਬ ਨੂੰ ਕਈ ਬਾਹਰੀ ਤੇ ਕਈ ਅੰਦਰੂਨੀ ਤਾਕਤਾਂ ਦੀਆਂ ਸਾਜ਼ਿਸ਼ਾਂ ਕਾਰਨ ਬਹੁਤ ਸੰਤਾਪ ਹੰਢਾਉਣਾ ਪਿਆ ਸੀ‌ , ਉਦੋਂ ਦੋ ਕੌਮਾਂ ਦੇ ਲੋਕ ਹੀ ਆਪਸ ਵਿੱਚ ਇੱਕ ਦੂਜੇ ਦੀਆਂ ਜਾਨਾਂ ਤੇ ਭਾਰੂ ਪੈ ਗਏ ਸਨ। ਜਿਸ ਵਿੱਚੋਂ ਉਪਜਿਆ ਤੀਜਾ ਘੱਲੂਘਾਰਾ ਜਿਸ ਨੂੰ ਸਾਕਾ ਨੀਲਾ ਤਾਰਾ ਵੀ ਕਿਹਾ ਜਾਂਦਾ ਹੈ। ਘੱਲੂਘਾਰਿਆਂ ਨੂੰ ਜਨਮ ਦੇਣ ਵਾਲੀਆਂ ਘਟਨਾਵਾਂ ਕੋਈ ਇੱਕ ਦਿਨ ਜਾਂ ਇੱਕ ਹਫ਼ਤੇ ਵਿੱਚ

ਵਾਪਰੀਆਂ ਘਟਨਾਵਾਂ ਨਹੀਂ ਹੁੰਦੀਆਂ ਬਲਕਿ ਨਫ਼ਰਤ ਦੀਆਂ ਅੱਗਾਂ ਸੁਲਗਦੀਆਂ ਸੁਲਗਦੀਆਂ ਇਸ ਅੰਜਾਮ ਤੱਕ ਪਹੁੰਚਦੀਆਂ ਹਨ।
ਅੰਮ੍ਰਿਤਸਰ ਵਿਖੇ ਭਾਰਤੀ ਫੌਜ ਦੁਆਰਾ ਜੂਨ 1984 ਨੂੰ ਕੀਤੀ ਹੋਈ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਕੀਤੀ ਗਈ ਫੌਜੀ ਕਾਰਵਾਈ ਨੂੰ ਭਾਰਤੀ ਸਰਕਾਰ ਵੱਲੋਂ ਸਾਕਾ ਨੀਲਾ ਤਾਰਾ ਜਾਂ ਅਪਰੇਸ਼ਨ ਬਲਿਊ ਸਟਾਰ ਦਾ ਨਾਂ ਦਿੱਤਾ ਗਿਆ ਜਦ ਕਿ ਸਿੱਖ ਧਰਮ ਵਿੱਚ ਇਸ ਨੂੰ ਤੀਜਾ ਘੱਲੂਘਾਰਾ ਜਾਂ ਘੱਲੂਘਾਰਾ 1984 ਵੀ ਕਿਹਾ ਜਾਂਦਾ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਜਿਸ ਸਮੇਂ ਇਹ ਸਾਕਾ ਹੋਇਆ ਉਸ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਰਨਲ ਸਬੇਗ ਸਿੰਘ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਮੌਜੂਦ ਸਨ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰੂਦਵਾਰਾ ਸਾਹਿਬ ਵਿੱਚ ਸਨ। ਜਿਨ੍ਹਾਂ ਨੂੰ ਉਸ ਸਮੇਂ ਦੀ ਸਰਕਾਰ ਅੱਤਵਾਦੀ ਕਹਿ ਕੇ ਫੌਜ ਦੁਆਰਾ ਗੁਰੁਦਵਾਰਾ ਸਾਹਿਬ ਵਿਚੋਂ ਬਾਹਰ ਕਢਵਾਉਣਾ ਚਾਹੁੰਦੀ ਸੀ। ਇਸ ਫੌਜੀ ਕਾਰਵਾਈ ਵਿੱਚ ਬਹੁਤ ਸਾਰੇ ਬੇਕਸੂਰ ਸ਼ਰਧਾਲੂਆਂ ਦੀ ਵੀ ਜਾਨ ਗਈ ਸੀ।

ਆਖ਼ਰ ਐਨੀ ਵੱਡੀ ਕਾਰਵਾਈ ਦੇ ਕੀ ਕਾਰਨ ਸਨ?ਇਹ ਇੱਕ ਦਮ ਅਚਨਚੇਤ ਵਾਲੀ ਕਾਰਵਾਈ ਨਹੀਂ ਸੀ। ਐਨਾ ਵੱਡਾ ਘੱਲੂਘਾਰਾ ਵਾਪਰਨ ਦੀ ਸ਼ੁਰੂਆਤ ਕਿਵੇਂ ਹੋਈ ਸੀ? ਇਹ ਚਿੰਗਾਰੀ 1978 ਵਿੱਚ ਦੋ ਧਿਰਾਂ ਦੇ ਵਿਵਾਦ ਤੋਂ ਸ਼ੁਰੂ ਹੁੰਦੀ ਹੁੰਦੀ 1984 ਤੱਕ ਇੱਕ ਭਾਂਬੜ ਬਣ ਗਈ ਸੀ। ਅਪ੍ਰੈਲ 1978 ਵਿੱਚ ਹੋਏ ਨਿਰੰਕਾਰੀਆਂ ਅਤੇ ਸਿੱਖ ਝਗੜੇ ਦੇ ਮੁਕੱਦਮੇ ਦੀ ਤਫ਼ਤੀਸ਼ ਨੂੰ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ 20 ਸਤੰਬਰ 1981 ਨੂੰ ਮਹਿਤਾ ਚੌਂਕ ਵਿੱਚ ਗ੍ਰਿਫ਼ਤਾਰੀ ਕੀਤੀ ਗਈ। ਫਿਰ 18 ਜੁਲਾਈ 1982 ਧਰਮ ਯੁੱਧ ਮੋਰਚਾ ਦੀ ਆਰੰਭਤਾ ਹੋਈ ਅਤੇ ਫਿਰ ਸਾਕਾ ਨੀਲਾ ਤਾਰਾ ਜਾਂ ਤੀਜਾ ਘੱਲੂਘਾਰਾ ਵਾਪਰਿਆ। ਰਾਜਸੀ, ਪੁਲੀਸ ਤੇ ਪ੍ਰਬੰਧਕੀ ਅਫ਼ਸਰਾਂ ਵੱਲੋਂ ਸਮੇਂ ਸਿਰ ਉਚਿਤ ਕਾਰਵਾਈ ਕਰਨ ਵਿੱਚ ਵਰਤੀ ਗਈ ਢਿੱਲ-ਮੱਠ ਅਤੇ ਰਾਜਸੀ ਲਾਹੇ ਦੇ ਲਾਲਚ ਕਾਰਨ ਹਾਲਾਤ ਬਹੁਤ ਵਿਗੜ ਗਏ ਸਨ।

ਅਪਰੈਲ 1978 ਨੂੰ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਵੱਲੋਂ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਰੋਸ ਮਾਰਚ ਰੋਕਣ ਲਈ ਅਖੰਡ ਕੀਰਤਨੀ ਜਥੇ ਦੇ ਕੁੱਲ ਮੈਂਬਰ ਸਮਾਗਮ ਵਿੱਚ ਅਜੀਤ ਨਗਰ ਸੁਲਤਾਨਵਿੰਡ ਗਏ ਤੇ ਭਾਈ ਫ਼ੌਜਾ ਸਿੰਘ ਆਦਿ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਤੋਂ ਇਕੱਠੇ ਹੋ ਰਵਾਇਤੀ ਸ਼ਸਤਰਾਂ ਨਾਲ ਲੈਸ ਹੋ ਕੇ ਨਿਰੰਕਾਰੀ ਸਮਾਗਮ ਵੱਲ ਤੁਰ ਪਏ। ਟਕਰਾਓ ਵਿੱਚ 13 ਸਿੱਖ ਤੇ 4 ਹੋਰਾਂ ਦੀ ਮੌਤ ਹੋ ਗਈ। ਉਸ ਦਿਨ ਮੁਕੱਦਮਾ ਤਾਂ ਦਰਜ ਹੋਇਆ ਪਰ ਗ੍ਰਿਫ਼ਤਾਰੀ ਕੋਈ ਨਹੀਂ ਹੋਈ। ਮੁਕੱਦਮੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨਾਲ ਤਬਦੀਲ ਹੋ ਗਈ। ਸਾਰੇ ਦੋਸ਼ੀ ਬਰੀ ਕਰ ਦਿੱਤੇ ਗਏ। ਉਸ ਮੁਕੱਦਮੇ ਵਿੱਚ ਉਸ ਵੇਲੇ ਦੀ ਸਰਕਾਰ ਨੇ ਹਾਈ ਕੋਰਟ ਵਿੱਚ ਅਪੀਲ ਵੀ ਨਹੀਂ ਕੀਤੀ ਗਈ।

ਉਸੇ ਸਾਲ ਕਾਨ੍ਹਪੁਰ ਤੇ ਹੋਰ ਥਾਵਾਂ ਉੱਤੇ ਵੀ ਸਿੱਖ ਤੇ ਨਿਰੰਕਾਰੀਆਂ ਦੇ ਝਗੜੇ ਹੋਏ। ਅੰਮ੍ਰਿਤਸਰ ਨੂੰ ਇੱਕ ਪਵਿੱਤਰ ਸ਼ਹਿਰ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਭਾਈ ਅਮਰੀਕ ਸਿੰਘ ਤੇ ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ 31 ਮਈ 1981 ਨੂੰ ਸ਼ਹਿਰ ਵਿੱਚ ਮਾਰਚ ਕਰਨ ਦਾ ਐਲਾਨ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਸਿਗਰਟ ਬੀੜੀ ਦੇ ਹੱਕ ਵਿੱਚ 29 ਮਈ 1981 ਨੂੰ ਹਰਬੰਸ ਲਾਲ ਖੰਨਾ ਦੀ ਅਗਵਾਈ ਹੇਠ ਇੱਕ ਜਲੂਸ ਕੱਢਿਆ ਗਿਆ। ਇਸ ਨਾਲ ਪਵਿੱਤਰ ਸ਼ਹਿਰ ਦਾ ਮਸਲਾ ਦੋ ਫ਼ਿਰਕਿਆਂ ਵਿੱਚ ਵੰਡ ਦਾ ਕਾਰਨ ਬਣ ਗਿਆ ਸੀ। ਇਸੇ ਸਮੇਂ ਦੌਰਾਨ ਸ਼ਹਿਰ ਵਿੱਚ ਸਿਗਰਟ ਬੀੜੀਆਂ ਦੇ ਖੋਖੇ ਵੀ ਸਾੜੇ ਗਏ।

ਮੰਦਰਾਂ ਵਿੱਚ ਗਊਆਂ ਦੇ ਸਿਰ ਤੇ ਗੁਰਦੁਆਰਿਆਂ ਵਿੱਚ ਸਿਗਰਟ ਬੀੜੀਆਂ ਸੁੱਟੀਆਂ ਜਾਣ ਲੱਗ ਪਈਆਂ। ਤਣਾਉ ਨੂੰ ਵੇਖ ਕੇ ਸਰਕਾਰ ਨੇ 2 ਜੂਨ 1981 ਨੂੰ ਸਾਰੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਹੁਕਮ ਦੇ ਦਿੱਤੇ। ਦਮਦਮੀ ਟਕਸਾਲ ਵਾਲਿਆਂ ਨੇ ਆਪਣੇ ਹਥਿਆਰ ਜਮ੍ਹਾਂ ਨਾ ਕਰਵਾ ਕੇ ਇਸ ਹੁਕਮ ਦੀ ਉਲੰਘਣਾ ਕੀਤੀ। ਸੰਤ ਜਰਨੈਲ ਸਿੰਘ ਵਿਰੁੱਧ ਇਸ ਬਾਰੇ ਥਾਣਾ ਬਿਆਸ ਵਿੱਚ ਮੁਕੱਦਮਾ ਦਰਜ ਹੋਇਆ। ਤਫ਼ਤੀਸ਼ ਸਮੇਂ ਪਤਾ ਚੱਲਿਆ ਕਿ ਸੰਤ ਜਰਨੈਲ ਸਿੰਘ ਨੇ ਕੋਈ ਲਾਈਸੈਂਸੀ ਹਥਿਆਰ ਨਹੀਂ ਖ਼ਰੀਦਿਆ ਸੀ।

ਸਤੰਬਰ 1981 ਨੂੰ ਇੱਕ ਅਖ਼ਬਾਰ ਦੇ ਮਾਲਕ ਲਾਲਾ ਜਗਤ ਨਾਰਾਇਣ ਦੇ ਕਤਲ ਕੇਸ ਵਿੱਚ ਦੋਸ਼ੀ ਮੌਕੇ ’ਤੇ ਹੀ ਗ੍ਰਿਫ਼ਤਾਰ ਹੋ ਗਿਆ ਸੀ।ਪਰ ਮੁਕੱਦਮੇ ਵਿੱਚ ਸੰਤ ਜਰਨੈਲ ਸਿੰਘ ਦਾ ਨਾਂ ਵੀ ਦੋਸ਼ੀ ਵਜੋਂ ਲਿਖਿਆ ਗਿਆ ਸੀ। ਗ੍ਰਿਫ਼ਤਾਰੀ ਲਈ 20 ਸਤੰਬਰ 1981 ਦੀ ਤਾਰੀਕ ਮਿੱਥੀ ਗਈ। ਪਹਿਲਾਂ ਸੰਤ ਜਰਨੈਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਚੰਦੋ ਕਲਾਂ ਵਿੱਚ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਥੇ ਦੀਆਂ ਬੱਸਾਂ ਗੱਡੀਆਂ ਨੂੰ ਅੱਗ ਲਾ ਦਿੱਤੀ ਸੀ। ਸੰਤ ਜਰਨੈਲ ਸਿੰਘ ਨੂੰ ਲੈ ਕੇ ਲੁਧਿਆਣਾ ਲਈ ਚੱਲ ਪਏ। ਗ੍ਰਿਫ਼ਤਾਰੀ ਲਈ ਸਰਕਾਰ ਨੇ ਵੱਡਾ ਉੱਦਮ ਕੀਤਾ ਪਰ ਰਾਜਸੀ ਆਗੂਆਂ ਦੀ ਵਿਚੋਲਗੀ ’ਤੇ ਸੰਤ ਜਰਨੈਲ ਸਿੰਘ ਨੂੰ ਅਕਤੂਬਰ 1981 ਵਿੱਚ ਮੁਕੱਦਮਾ ਚਲਾਏ ਬਿਨਾਂ ਹੀ ਰਿਹਾਅ ਕਰ ਦਿੱਤਾ ਗਿਆ।ਭਾਈ ਅਮਰੀਕ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਝੂਠੇ ਮੁੱਕਦਮੇ ਬਾਰੇ ਰੋਸ ਪ੍ਰਗਟ ਕਰਨ ਲਈ ਉੱਥੇ ਆ ਗਿਆ। ਅਮਰੀਕ ਸਿੰਘ ਤੇ ਉਸ ਦੇ ਸਾਥੀਆਂ ਨੂੰ ਥਾਣੇ ਅੰਦਰ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਠਾਹਰਾ ਸਿੰਘ ਤੇ ਅਮਰੀਕ ਸਿੰਘ ਦੀ ਰਿਹਾਈ ਲਈ ਮੋਰਚਾ ਸ਼ੁਰੂ ਹੋਇਆ।

ਦਮਦਮੀ ਟਕਸਾਲ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਪੰਜਾਬ ਸਿਆਸਤ ਦਾ ਕੇਂਦਰ ਬਿੰਦੂ ਬਣ ਚੁੱਕੇ ਸਨ, ਕਿਹਾ ਜਾਂਦਾ ਹੈ ਇਸ ਕਰ ਕੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਅੰਦਰਖਾਤੇ ਰੜਕਣ ਲੱਗ ਗਈ ਸੀ।ਇਸੇ ਦੌਰਾਨ ਪੰਜਾਬ ਵਿੱਚ ਹਾਲਾਤ ਕੁਝ ਸੁਖਾਵੇਂ ਵੀ ਨਹੀਂ ਸਨ। ਸਾਲ 1983 ਦੇ ਅਕਤੂਬਰ ‘ਚ ਢਿੱਲਵਾਂ ਬੱਸ ਸਟੈਂਡ ਕੋਲ 6 ਹਿੰਦੂ ਮਾਰ ਦਿੱਤੇ ਗਏ ਜਿਸ ਤੋਂ ਬਾਅਦ ਕੇਂਦਰ ਦੀ ਇੰਦਰਾ ਗਾਂਧੀ ਸਰਕਾਰ ਨੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੂੰ ਭੰਗ ਕਰ ਦਿੱਤਾ। ਉਸ ਦੌਰਾਨ ਪੰਜਾਬ ਵਿਚ ਕਾਫੀ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ। ਕਈ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਵੀ ਮਾਰੇ ਜਾ ਚੁੱਕੇ ਸਨ। ਕੇਂਦਰ ਸਰਕਾਰ ਦੀਆਂ ਏਜੰਸੀਆਂ ਇਨ੍ਹਾਂ ਕਤਲਾਂ ਲਈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਜ਼ਿੰਮੇਵਾਰ ਮੰਨਦੀਆਂ ਸਨ।

1ਜੂਨ 1984 ਨੂੰ ਭਾਰਤ ਸਰਕਾਰ ਵੱਲੋਂ ਤਾਇਨਾਤ ਸੀ.ਆਰ.ਪੀ.ਐੱਫ਼. ਤੇ ਬੀ.ਐੱਸ.ਐੱਫ਼. ਨੂੰ ਦਰਬਾਰ ਸਾਹਿਬ ਵੱਲ ਤਾਇਨਾਤ ਕੀਤਾ ਗਿਆ। 2 ਜੂਨ ਨੂੰ ਜਨਰਲ ਗੌਰੀ ਸ਼ੰਕਰ ਨੂੰ ਸੁਰੱਖਿਆ ਸਲਾਹਕਾਰ ਲਾ ਕੇ ਪੂਰੇ ਪੰਜਾਬ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਅਤੇ ਫ਼ੌਜ ਨੇ ਨੀਲਾ ਤਾਰਾ ਆਪਰੇਸ਼ਨ ਆਰੰਭ ਕਰ ਦਿੱਤਾ। ਦਰਬਾਰ ਸਾਹਿਬ ਅੰਦਰ ਐਂਟੀ ਟੈਂਕ ਗੋਲੇ ਤੇ ਹੋਰ ਭਾਰੀ ਅਸਲਾ ਪਹੁੰਚ ਗਿਆ। ਅੰਮ੍ਰਿਤਸਰ ਦੇ ਖ਼ੂਫ਼ੀਆ ਵਿਭਾਗ ਦਾ ਅਫ਼ਸਰ ਸਿੱਧੇ ਤੌਰ ’ਤੇ ਵੀ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਸੀ। ਦਰਬਾਰ ਸਾਹਿਬ ਸਮੂਹ ਵਿੱਚ ਜਨਰਲ ਸ਼ਬੇਗ ਸਿੰਘ ਨੇ ਮਜ਼ਬੂਤ ਮੋਰਚਾਬੰਦੀ ਕੀਤੀ ਸੀ। ਛੇ ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ’ਤੇ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਮੌਤ ਨਾਲ ਫ਼ੌਜੀ ਕਾਰਵਾਈ ਕੀਤੀ। ਇਸ ਘੱਲੂਘਾਰੇ ਵਿੱਚ ਬਹੁਤ ਸਾਰੇ ਫ਼ੌਜੀ ਵੀ ਮਾਰੇ ਗਏ।ਇਸ ਅਪਰੇਸ਼ਨ ਵਿੱਚ ਮਰਨ ਵਾਲਿਆਂ ਵਿੱਚ ਬਹੁਤੇ ਉਹ ਲੋਕ ਸਨ ਜੋ ਸ੍ਰੀ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਆਏ ਸਨ।

ਜੋਧਪੁਰ ਜੇਲ੍ਹ ਵਿੱਚ ਲਿਜਾਏ ਗਏ 379 ਵਿਅਕਤੀਆਂ ਵਿੱਚੋਂ ਵੀ ਕਈ ਬੇਗੁਨਾਹ ਸ਼ਰਧਾਲੂ ਹੀ ਸਨ। ਇਸ ਹਮਲੇ ਵਿੱਚ ਸਿੱਖ ਲਾਇਬਰੇਰੀ ਵਿਚੋਂ ਸਿੱਖ ਇਤਿਹਾਸ ਨਾਲ ਸਬੰਧਤ ਬਹੁਤ ਸਾਰੀਆਂ ਹੱਥ ਲਿਖਤਾਂ, ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਨਸ਼ਟ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਇਹ ਘੱਲੂਘਾਰਾ ਸਿੱਖ ਕੌਮ ਦੇ ਹਿਰਦਿਆਂ ਤੇ ਇੱਕ ਸਦੀਵ ਕਾਲ ਤੱਕ ਰਹਿਣ ਵਾਲਾ ਇੱਕ ਡੂੰਘਾ ਜ਼ਖ਼ਮ ਛੱਡ ਗਿਆ ਜਿਸ ਨੂੰ ਇਤਿਹਾਸ ਵਿੱਚ ਕਾਲ਼ੇ ਅੱਖਰਾਂ ਵਿੱਚ ਲਿਖਿਆ ਗਿਆ ਹੈ। ਜੂਨ ਮਹੀਨੇ ਦਾ ਪਹਿਲਾ ਸਪਤਾਹ ਘੱਲੂਘਾਰਾ ਸਪਤਾਹ ਵਜੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਲੋਕ ਉਸ ਵਿੱਚ ਸ਼ਹੀਦ ਹੋਏ ਸਿੰਘਾਂ ਅਤੇ ਆਮ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ ਆਪਣੀਆਂ ਭਾਵਨਾਵਾਂ ਨੂੰ ਆਪਣੇ ਆਪਣੇ ਢੰਗ ਅਨੁਸਾਰ ਪ੍ਰਗਟ ਕਰਦੇ ਹਨ ।

ਇਤਿਹਾਸ ਦੇ ਪੰਨਿਆਂ ਨੂੰ ਫਰੋਲਦਿਆਂ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ ਉੱਥੇ ਹੀ ਇਹੋ ਜਿਹੀਆਂ ਇਤਿਹਾਸਕ ਘਟਨਾਵਾਂ ਤੋਂ ਆਮ ਲੋਕਾਂ ਨੂੰ ਜਾਗਰੂਕ ਹੋ ਕੇ ਸਬਕ ਸਿੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਜੇ ਪੱਖੀ ਰਾਜਨੀਤਕ ਝੁਕਾਅ ਹੀ ਅਸਮਾਨਤਾ ਲਈ ਜਿੰਮੇਵਾਰ ?
Next articleਤੰਦਰੁਸਤ ਜੀਵਨ ਸ਼ੈਲੀ ਲਈ ਸਾਈਕਲ ਰੈਲੀਆਂ ਦਾ ਆਯੋਜਨ