ਅਧਿਆਪਕ ਦੀ ਕਸੌਟੀ ਤੇ ਖਰਾ ਉੱਤਰਨ ਵਾਲਾ ਬਲਬੀਰ ਚੰਦ – ਲੌਂਗੋਵਾਲ ।

 ਦਿੜਬਾ ਮੰਡੀ ਨਕੋਦਰ ਮਹਿਤਪੁਰ   (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਉਹ ਕਿਹੜਾ ਦਿਨ ਹੈ ਜਿਸ ਦਿਨ ਬਲਬੀਰ ਚੰਦ ਦੇ ਹੱਥ ਵਿੱਚ ਝੰਡਾ ਨਾ ਹੋਵੇ ਜਾਂ ਉਸ ਦੇ ਹੱਥ ਵਿੱਚ ਕਿਤਾਬ ਨਾ ਹੋਵੇ ਜੇਕਰ ਬਲਬੀਰ ਦੇ ਹੱਥ ਵਿੱਚ ਝੰਡਾ ਹੈ ਤਾਂ ਮੰਨੋ ਕਿ ਉਹ ਕਿਸੇ ਦੇ ਹਿੱਤਾਂ ਦੀ ਰਾਖੀ ਲਈ ਜਾਂ ਕਿਸੇ ਬੇਨਸਾਫੀ ਦੇ ਵਿਰੁੱਧ ਜੂਝ ਰਿਹਾ ਹੈ। ਜੇਕਰ ਕਿਤਾਬ ਹੈ ਤਾਂ ਫਿਰ ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਦੇ ਲਈ ਜੱਦੋ ਜਹਿਦ ਕਰ ਰਿਹਾ ਹੈ। ਭਾਵੇਂ ਅੱਜ ਦੇ ਖੁਦਗਰਜ਼ ਸਮਾਜ ਵਿੱਚ ਹਰ ਵਿਅਕਤੀ ਆਪਣੇ ਲਈ ਜਿਉਂ ਰਿਹਾ ਹੈ ਪਰੰਤੂ ਜੇਕਰ ਬਲਬੀਰ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਕਦੇ ਵੀ ਆਪਣੇ ਲਈ ਕੁੱਝ ਨਹੀਂ ਕੀਤਾ, ਜੋ ਕੁਝ ਵੀ ਕੀਤਾ ਤਾਂ ਉਹ ਵਿਦਿਆਰਥੀਆਂ ਜਾਂ ਅਧਿਆਪਕਾਂ ਜਾਂ ਸਮਾਜ ਦੇ ਹਿੱਤਾਂ ਲਈ ਕੀਤਾ। ਜੇਕਰ ਇਹ ਕਿਹਾ ਜਾਵੇ ਕਿ ਸੱਚਮੁੱਚ ਹੀ ਅਧਿਆਪਕ ਦੀ ਕਸੌਟੀ ਤੇ ਪੂਰਾ ਉਤਰਦਾ ਹੈ “ਬਲਬੀਰ ਚੰਦ ਲੌਂਗੋਵਾਲ” ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਬਲਬੀਰ ਚੰਦ ਦਾ ਜਨਮ ਮਾਤਾ ਭਾਗਵੰਤੀ ਦੀ ਕੁੱਖੋਂ ਪੰਡਿਤ ਤਿਲਕਰਾਮ ਦੇ ਘਰ 13- 12-1966 ਨੂੰ ਪਿੰਡ ਲੌਂਗੋਵਾਲ ਵਿਖੇ ਹੋਇਆ। ਬ੍ਰਾਹਮਣ ਪਰਿਵਾਰ ਵਿੱਚ ਜਨਮੇ ਹੋਣ ਕਰਕੇ ਅਧਿਆਤਮਵਾਦ ਦੀ ਗੁੜਤੀ ਵਿਰਸੇ ਵਿੱਚੋਂ ਮਿਲੀ। ਇਸ ਸਮੇੰ ਜਾਤ ਪਾਤ,ਅੰਧ ਵਿਸ਼ਵਾਸ ਵਰਗੀਆਂ ਕੁਰੀਤੀਆਂ ਜਿਹੜੀਆਂ ਸਮਾਜ ਨੂੰ ਇੱਕ ਘੁਣ ਵਾਂਗ ਖਾ ਰਹੀਆਂ ਸਨ, ਇਹਨਾਂ ਤੋਂ ਸਮਾਜ ਨੂੰ ਛੁਟਕਾਰਾ ਪਵਾਉਣ ਦੇ ਲਈ ਆਪ ਨੇ ਤਰਕਸ਼ੀਲ ਸੋਚ ਨੂੰ ਅਪਣਾ ਲਿਆ ਅਤੇ ਸਮਾਜ ਦੇ ਵਿੱਚੋਂ ਇਸ ਹਨੇਰੇ ਨੂੰ ਦੂਰ ਕਰਨ ਦੇ ਲਈ ਆਪਣੇ ਸਾਥੀਆਂ ਨਾਲ ਜੱਦੋ ਜਹਿਦ ਸ਼ੁਰੂ ਕੀਤੀ। ਸ਼ੁਰੂਆਤੀ ਦੌਰ ਦੇ ਵਿੱਚ ਮੁੱਢਲੀ ਸਿੱਖਿਆ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਤੋਂ ਪ੍ਰਾਪਤ ਕਰਨ ਉਪਰੰਤ ਬੀ ਏ, ਐਮ ਏ, ਬੀ ਐਡ ਅਤੇ ਹੋਰ ਬਹੁਤ ਸਾਰੀਆਂ ਵਿਦਿਅਕ ਯੋਗਤਾਵਾਂ ਪ੍ਰਾਪਤ ਕਰਕੇ ਸਿੱਖਿਆ ਵਿਭਾਗ ਵਿੱਚ ਮਿਤੀ 31-03-1994 ਨੂੰ ਬਤੌਰ ਪੰਜਾਬੀ ਮਾਸਟਰ ਸੇਵਾ ਸੰਭਾਲ ਲਈ ।ਉਹਨਾਂ ਨੇ ਸਭ ਤੋਂ ਪਹਿਲਾਂ ਇਹ ਸੇਵਾ ਸ ਸ ਸ ਸ ਛਾਜਲੀ , ਸ ਮਿ ਸਕੂਲ ਲੋਹਾਖੇੜਾ,ਸ ਸ ਸ ਸ ਸਕੂਲ ਲੌਂਗੋਵਾਲ ਵਿੱਚ ਨਿਭਾਈ ਅਤੇ ਨਾਲ ਨਾਲ ਆਪਣੀ ਵਿੱਦਿਅਕ ਯੋਗਤਾ ਵਿੱਚ ਵਾਧਾ ਵੀ ਕਰਦੇ ਰਹੇ। ਆਪਣੇ ਪਿੰਡ ਲੌਂਗੋਵਾਲ ਦੇ ਨੌਜਵਾਨਾਂ ਨੂੰ ਸਾਹਿਤ ਅਤੇ ਕਲਮ ਦੇ ਨਾਲ ਜੋੜਨ ਦੇ ਇਰਾਦੇ ਨਾਲ ਆਪ ਨੇ ਜੁਝਾਰ ਲੌਂਗੋਵਾਲ, ਵਿਜੈ ਕੁਮਾਰ ਗੋਇਲ,ਹੋਰਾਂ ਨੂੰ ਨਾਲ ਲੈ ਕੇ ਪ੍ਰਗਤੀਸ਼ੀਲ ਵਿਚਾਰ ਮੰਚ ਦੀ ਸਥਾਪਨਾ ਕੀਤੀ ਅਤੇ ਬਹੁਤ ਸਾਰੇ ਨਾਮਵਰ ਲੇਖਕਾਂ ਸਵਰਗੀ ਸੁਰਜੀਤ ਪਾਤਰ ਵਰਗੇ ਸ਼ਾਇਰਾਂ ਦੇ ਰੂਬਰੂ ਕਰਾ ਕੇ ਉਹਨਾਂ ਨੂੰ ਚੰਗੀ ਚੇਟਕ ਲਾਉਣ ਦਾ ਤਹੱਈਆ ਕੀਤਾ। ਇਸ ਸਮੇਂ ਦੌਰਾਨ ਅਧਿਆਪਕਾਂ ਦੀ ਜੁਝਾਰੂ ਜਥੇਬੰਦੀ ਡੈਮੋਕਰੇਟਿਕ ਟੀਚਰ ਫਰੰਟ ਦੇ ਨਾਲ ਵੀ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਪਏ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿੱਤਾਂ ਨੂੰ ਸੁਰੱਖਿਤ ਰੱਖਿਆ ਜਾ ਸਕੇ ਅਤੇ ਸਮਾਜ ਨੂੰ ਨਰੋਆ ਅਤੇ ਤੰਦਰੁਸਤ ਬਣਾਇਆ ਜਾ ਸਕੇ।ਸਾਲ 2008 ਵਿੱਚ ਆਪ ਨੂੰ ਤਰੱਕੀ ਦੇ ਕੇ ਅੰਗਰੇਜ਼ੀ ਵਿਸ਼ੇ ਦਾ ਲੈਕਚਰਾਰ ਬਣਾਇਆ ਗਿਆ ਤੇ ਮੰਨਵੀ ਸਕੂਲ ਭੇਜ ਦਿੱਤਾ।ਇਸ ਤੋਂ ਬਾਅਦ ਡਾਈਟ ਸੰਗਰੂਰ ਵਿਖੇ ਆ ਕੇ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਡਾਈਟ ਸੰਗਰੂਰ ਵਿਖੇ ਜਿਹੜੀਆਂ ਸੇਵਾਵਾਂ ਬਲਬੀਰ ਨੇ ਦਿੱਤੀਆਂ, ਉਹ ਆਪਣੇ ਆਪ ਵਿੱਚ ਕਾਬਿਲੇ ਤਾਰੀਫ ਹਨ।ਇਥੇ ਕਿੰਨੇ ਹੀ ਅਧਿਆਪਕ ਬਣਨ ਵਾਲੇ ਵਿਦਿਆਰਥੀਆਂ ਨੂੰ ਤਰਕਸ਼ੀਲ, ਫਰਜ਼ਾਂ ਪ੍ਰਤੀ ਸੁਚੇਤ ਕਰਨ ਦਾ ਕਾਰਜ ਬਾਖੂਬੀ ਕੀਤਾ ਅਤੇ ਕਿੰਨੇ ਹੀ ਸੁਹਿਰਦ ਅਧਿਆਪਕ ਬਲਬੀਰ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਹਨ।ਇਥੇ ਵੀ ਅਧਿਆਪਕ ਸੰਘਰਸ਼ਾਂ ਲਈ ਜੂਝਣ ਦੇ ਇਵਜ ਵਿੱਚ ਵਿਭਾਗ ਵੱਲੋਂ ਕੋਝੀਆਂ ਕਾਰਵਾਈਆਂ ਦਾ ਮੂੰਹਤੋੜ ਜਵਾਬ ਦੇਣ ਦਾ ਸੁਭਾਗ ਪ੍ਰਾਪਤ ਹੋਇਆ।ਇਸ ਤੋਂ ਬਾਅਦ ਸ ਸ ਸ ਸ ਨਮੋਲ ਵਿਖੇ ਹਾਜ਼ਰ ਹੋ ਕੇ ਪੇਂਡੂ ਵਿਦਿਆਰਥੀਆਂ ਨੂੰ ਜੀਵਨ ਜਾਚ ਦਾ ਕਾਰਜ ਸ਼ੁਰੂ ਕੀਤਾ।ਅਧਿਆਪਨ ਦੇ ਸ਼ਾਨਦਾਰ ਕਾਰਜ ਦੇ ਨਾਲ ਨਾਲ ਲੌਂਗੋਵਾਲ ਵਿਖੇ ਦੇਸ਼ ਭਗਤ ਯਾਦਗਾਰ ਹਾਲ ਦੀ ਉਸਾਰੀ ਅਤੇ ਹਰ ਸਾਲ ਗ਼ਦਰੀ ਬਾਬਿਆਂ ਨੂੰ ਸਮਰਪਿਤ ਨਾਟਕ ਮੇਲਾ ਕਰਵਾਉਣ ਦਾ ਉਪਰਾਲਾ ਆਪਣੇ ਆਪ ਵਿੱਚ ਬੇਮਿਸਾਲ ਹੈ, ਜਿਸਨੂੰ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਕੋਰੋਨਾ ਕਾਲ ਤੋਂ ਬਾਅਦ ਵਿਦਿਆਰਥੀਆਂ ਲਈ ਵਿੱਦਿਅਕ ਯਾਤਰਾਵਾਂ ਲਈ ਜਿਹੜਾ ਸੰਘਰਸ਼ ਬਲਬੀਰ ਦੀ ਅਗਵਾਈ ਵਿੱਚ ਹੋਇਆ,ਉਹ ਕਿਸੇ ਅਧਿਆਪਕ ਤੋਂ ਭੁੱਲਿਆ ਨਹੀਂ। ਭਾਵੇਂ ਇਸ ਸੰਘਰਸ਼ ਲਈ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਉਸ ਸੰਘਰਸ਼ ਦੀ ਬਦੌਲਤ ਅੱਜ ਵੀ ਵਿਦਿਆਰਥੀ ਵਿੱਦਿਅਕ ਯਾਤਰਾਵਾਂ ਤੇ ਜਾ ਕੇ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਣਾ ਰਹੇ ਹਨ। ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਲਈ ਜਿਥੇ ਬਲਬੀਰ ਆਪਣੇ ਕੀਮਤੀ ਸਮੇਂ ਨੂੰ ਲੋਕਾਂ ਪ੍ਰਤੀ ਸਮਰਪਿਤ ਕਰ ਰਿਹਾ ਹੈ, ਉਥੇ ਹੀ ਬਹੁਤ ਸਾਰੀਆਂ ਕਿਤਾਬਾਂ ਲਿਖ ਕੇ ਅਤੇ ਅਨੁਵਾਦ ਕਰ ਕੇ ਪਾਠਕਾਂ ਦੀ ਝੋਲੀ ਪਾ ਰਿਹਾ ਹੈ। ਇਸ ਦੇ ਨਾਲ ਨਾਲ ਬਲਬੀਰ ਦੀ ਅਗਵਾਈ ਅਤੇ ਸਮਰਪਿਤ ਭਾਵਨਾ ਨੂੰ ਦੇਖਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਸੂਬਾ ਸਕੱਤਰ ਬਣਾਇਆ ਤਾਂ ਜ਼ੋ ਅਧਿਆਪਕਾਂ ਨੂੰ ਉਹਨਾਂ ਦੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਸੁਚੇਤ ਕੀਤਾ ਜਾ ਸਕੇ। ਬਲਬੀਰ ਸਮਾਜ ਲਈ ਕੁਝ ਨਵਾਂ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਦੇ ਗਠਨ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ ਜਿਹਨਾਂ ਵਿੱਚ ਲੌਂਗੋਵਾਲ ਸਾਹਿਤ ਸਭਾ 1990, ਪ੍ਰਗਤੀਸ਼ੀਲ ਵਿਚਾਰ ਮੰਚ 1995, ਪ੍ਰਗਤੀਸ਼ੀਲ ਸਾਇਸ ਕਲੱਬ, ਤਰਕਸ਼ੀਲ ਸੁਸਾਇਟੀ ਪੰਜਾਬ, ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ, ਦੇਸ਼ ਭਗਤ ਯਾਦਗਾਰ, ਲੌਂਗੋਵਾਲ, ਨਸ਼ਾ ਵਿਰੋਧੀ ਫ਼ਰੰਟ, ਸ਼ਹੀਦ ਭਗਤ ਸਿੰਘ ਮੋਟਰ ਸਾਈਕਲ ਰੇਹੜੀ ਯੂਨੀਅਨ ਲੌਂਗੋਵਾਲ, ਹਸਪਤਾਲ ਬਚਾਓ ਐਕਸ਼ਨ ਕਮੇਟੀ, ਲੌਂਗੋਵਾਲ ਪ੍ਰਮੁੱਖ ਹਨ।ਇਸ ਦੇ ਨਾਲ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਹਰ ਸਾਲ ਵਜ਼ੀਫ਼ਾ ਪ੍ਰੀਖਿਆ ਦਾ ਆਯੋਜਨ ਪਿਛਲੇ ਕਿੰਨੇ ਸਾਲਾਂ ਤੋਂ ਸਫਲਤਾ ਪੂਰਵਕ ਬਲਬੀਰ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਹੈ। ਜਿਥੇ ਬਲਬੀਰ ਨੇ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾਉਂਦਿਆਂ ਸਮਾਜ ਲਈ ਐਨਾ ਕੁਝ ਕੀਤਾ,ਉਥੇ ਆਪਣੀ ਧਰਮਪਤਨੀ ਸ਼੍ਰੀਮਤੀ ਸੰਤੋਸ਼ ਰਾਣੀ (ਸੇਵਾ ਮੁਕਤ ਅਧਿਆਪਕ) ਦੇ ਨਾਲ ਮੌਢੇ ਨਾਲ ਮੋਢਾ ਜੋੜ ਕੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਮੁੱਹਈਆ ਕਰਵਾਉਣ ਲਈ ਤੱਤਪਰ ਰਹੇ ਜਿਸਦੀ ਬਦੌਲਤ ਬੇਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਪੀ ਐਚ ਡੀ ਕਰ ਚੁੱਕੀ ਹੈ ਤੇ ਬੇਟਾ ਬੰਗਲੌਰ ਵਿਖੇ ਮਲਟੀ ਨੈਸ਼ਨਲ ਕੰਪਨੀ ਵਿੱਚ ਇੰਜੀਨੀਅਰ ਵਜੋਂ ਸੇਵਾ ਨਿਭਾਅ ਰਿਹਾ ਹੈ। ਬਲਬੀਰ ਲਈ ਲਿਖਣ ਨੂੰ ਤਾਂ ਅਜੇ ਹੋਰ ਬਹੁਤ ਹੈ,ਪ੍ਰੰਤੂ ਇਸ ਤੋਂ ਅੱਗੇ ਸ਼ਬਦ ਤੇ ਕਲ਼ਮ ਦੋਵੇਂ ਥੱਕ ਚੁੱਕੇ ਹਨ। ਵਿਭਾਗੀ ਨਿਯਮਾਂ ਅਨੁਸਾਰ ਬਲਬੀਰ ਚੰਦ ਅੱਜ ਮਿਤੀ 31ਦਸੰਬਰ 2024 ਨੂੰ ਸ ਸ ਸ ਸ ਨਮੋਲ (ਸੰਗਰੂਰ) ਤੋਂ ਸੇਵਾ ਮੁਕਤ ਹੋ ਰਿਹਾ ਹੈ ਪ੍ਰੰਤੂ ਸਾਡਾ ਇਹ ਪੂਰਨ ਵਿਸ਼ਵਾਸ ਹੈ ਕਿ ਇਸ ਤੋਂ ਬਾਅਦ ਵੀ ਬਲਬੀਰ ਆਪਣੀਆਂ ਸ਼ਾਨਦਾਰ ਸੇਵਾਵਾਂ ਸਮਾਜ ਦੇ ਲੋੜਵੰਦ ਲੋਕਾਂ ਲਈ ਦਿੰਦਾ ਰਹੇਗਾ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਵਰਦਾਨ ਸਾਬਤ ਹੋਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਲ ਦੇ ਆਖ਼ਰੀ ਦਿਨ ਬਹੁਤ ਤਕਲੀਫ ਦਿੰਦੇ ਹਨ
Next articleਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਚਾਨਕ ਮੌਤ ਹੋਣ ਕਾਰਨ ਰੰਗਾ ਰੰਗਾ ਪ੍ਰੋਗਰਾਮ ਹੈਲੋ ਹੈਲੋ 2025 ਦਾ ਸਮਾਂ 2 ਜਨਵਰੀ ਰਾਤ 10ਵਜੇ ਤੋਂ ਲੈਕੇ 11ਵਜੇ ਤੱਕ ਦਾ ਕੀਤਾ ਗਿਆ ।