ਅਧਿਆਪਕ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ

(ਸਮਾਜ ਵੀਕਲੀ)

ਅਧਿਆਪਕ ਨੂੰ ਪ੍ਰਮਾਤਮਾ ਤੋਂ ਵੀ ਵੱਡਾ ਦਰਜਾ ਦਿੱਤਾ ਗਿਆ ਹੈ। ਅਧਿਆਪਕ ਸਾਨੂੰ ਜੀਵਨ – ਜਾਂਚ ਸਿਖਾਉਂਦਾ ਹੈ। ਅਧਿਆਪਕ ਆਪਣੀ ਜ਼ਿੰਦਗੀ ਦੇ ਤਜਰਬੇ ਆਪਣੇ ਵਿਦਿਆਰਥੀਆਂ ਨਾਲ ਸਾਂਝੇ ਕਰਦਾ ਹੈ। ਉਨ੍ਹਾਂ ਨੂੰ ਪੜ੍ਹਾਈ ਦੇ ਨਾਲ – ਨਾਲ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜਿਉਣ ਦੇ ਗੁਰ ਵੀ ਸਿਖਾਉਂਦਾ ਹੈ। ਹਰ ਇੱਕ ਅਧਿਆਪਕ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਕੋਲ ਪੜ੍ਹਿਆ ਹੋਇਆ ਵਿਦਿਆਰਥੀ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਵੇ। ਇੱਕ ਅਧਿਆਪਕ ਲਈ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ ਜਦੋਂ ਉਸ ਕੋਲ ਪੜ੍ਹੇ ਹੋਏ ਵਿਦਿਆਰਥੀ ਕਿਸੇ ਚੰਗੀ ਮੰਜ਼ਿਲ ‘ਤੇ ਪਹੁੰਚ ਜਾਂਦੇ ਹਨ।

ਅਧਿਆਪਕ ਕਦੇ ਵੀ ਆਪਣੇ ਵਿਦਿਆਰਥੀਆਂ ਨਾਲ ਕਿਸੇ ਵੀ ਪੱਖ ਤੋਂ ਵਿਤਕਰਾ ਨਹੀਂ ਕਰਦਾ। ਉਹ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਆਪਣਾ ਪੂਰਾ ਤਾਣ ਲਗਾ ਦਿੰਦਾ ਹੈ। ਜੇਕਰ ਜ਼ਿੰਦਗੀ ਦੇ ਕਿਸੇ ਮੋੜ ‘ਤੇ ਸਾਨੂੰ ਆਪਣੇ ਅਧਿਆਪਕ ਮਿਲਣ ਤਾਂ ਸਾਨੂੰ ਰੁਕ ਕੇ ਝੁਕ ਕੇ ਸਤਿਕਾਰ ਸਹਿਤ ਉਨ੍ਹਾਂ ਦੇ ਸਨਮਾਨ ਲਈ ਅੱਗੇ ਵਧ ਜਾਣਾ ਚਾਹੀਦਾ ਹੈ। ਅਧਿਆਪਕ ਦੇ ਪਵਿੱਤਰ ਚਰਨਾਂ ਨੂੰ ਛੂਹਣ ਨਾਲ ਸਾਡੇ ਕਈ ਤਰ੍ਹਾਂ ਦੇ ਦੁਖ – ਕਲੇਸ਼ ਮਿਟ ਜਾਂਦੇ ਹਨ।

ਅਧਿਆਪਕ ਦੇ ਚਰਨ ਦੁਨੀਆਂ ਦੇ ਦੀ ਪਵਿੱਤਰ ਥਾਂ ਹੁੰਦੀ ਹੈ।ਜਦੋਂ ਇੱਕ ਵਿਦਿਆਰਥੀ ਆਪਣੇ ਅਧਿਆਪਕ ਦੇ ਚਰਨਾਂ ਨੂੰ ਸਪਰਸ਼ ਕਰ ਕੇ ਅਸ਼ੀਰਵਾਦ ਲੈਂਦਾ ਹੈ ਤਾਂ ਇੱਕ ਅਧਿਆਪਕ ਨੂੰ ਜੋ ਸਕੂਨ ਮਿਲਦਾ ਹੈ ਉਸ ਦੀ ਚਰਚਾ ਨਹੀਂ ਕੀਤੀ ਜਾ ਸਕਦੀ ਅਤੇ ਉਸ ਵਿਦਿਆਰਥੀ ਨੂੰ ਅਪ੍ਰਤੱਖ ਤੌਰ ‘ਤੇ ਜੋ ਸਕਾਰਾਤਮਕ ਊਰਜਾ ਪ੍ਰਾਪਤ ਹੁੰਦੀ ਹੈ ; ਉਹ ਐਨਰਜੀ ਸਾਡੇ ਜੀਵਨ ਨੂੰ ਬੁਰੇ ਪਾਸੇ ਵੱਲ ਜਾਣ ਤੋਂ ਰੋਕਦੀ ਹੈ ਅਤੇ ਸਾਡੀ ਤਰੱਕੀ ਲਈ , ਸਾਡੀ ਖੁਸ਼ਹਾਲੀ ਲਈ ਰਾਮਬਾਣ ਸਿੱਧ ਹੁੰਦੀ ਹੈ।

ਅੱਜ ਜੇਕਰ ਸਮਾਜ ਵਿੱਚ ਕੁਝ ਬੁਰਾਈਆਂ ਕੁਝ ਕਮੀਆਂ ਦਾ ਅਨੁਭਵ ਹੁੰਦਾ ਹੈ ਤਾਂ ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ : ਆਪਣੇ ਅਧਿਆਪਕ ਨੂੰ ਮਨੋਂ ਵਿਸਰ ਜਾਣਾ , ਆਪਣੇ ਅਧਿਆਪਕਾਂ ਵੱਲੋਂ ਦਿੱਤੀ ਸਿੱਖਿਆ ਨੂੰ ਵਿਸਾਰ ਦੇਣਾ , ਆਪਣੇ ਅਧਿਆਪਕ ਦਾ ਸਤਿਕਾਰ ਕਰਨਾ ਭੁੱਲ ਜਾਣਾ , ਆਪਣੇ ਅਧਿਆਪਕ ਨੂੰ ਯਾਦ ਨਾ ਰੱਖਣਾ ਹੈ। ਜਿਸ ਕਿਸੇ ਵੀ ਇਨਸਾਨ ਦੇ ਮਨ ਵਿੱਚ ਆਪਣੇ ਅਧਿਆਪਕ ਦੀ ਯਾਦ ਵੱਸੀ ਹੋਈ ਹੁੰਦੀ ਹੈ , ਆਪਣੇ ਅਧਿਆਪਕ ਪ੍ਰਤੀ ਸਤਿਕਾਰ ਹੁੰਦਾ ਹੈ , ਆਪਣੇ ਅਧਿਆਪਕ ਪ੍ਰਤੀ ਲਗਾਓ ਰਹਿੰਦਾ ਹੈ ਅਤੇ ਜੋ ਇਨਸਾਨ ਆਪਣੇ ਅਧਿਆਪਕ ਦੀ ਦੱਸੀ ਸਿੱਖਿਆ ਨੂੰ ਜੀਵਨ ਭਰ ਯਾਦ ਰੱਖਦਾ ਹੈ ਅਤੇ ਉਸ ‘ਤੇ ਅਮਲ ਕਰਦਾ ਹੈ ; ਅਜਿਹਾ ਇਨਸਾਨ ਅਸਲ ਵਿੱਚ ਇਨਸਾਨ ਨਾ ਹੋ ਕੇ ਮਹਾਂਪੁਰਖ ਬਣ ਜਾਂਦਾ ਹੈ ਅਤੇ ਹਮੇਸ਼ਾ ਖੁਸ਼ੀ , ਤਰੱਕੀ , ਕਾਮਯਾਬੀ ਤੇ ਤੰਦਰੁਸਤੀ ਪ੍ਰਾਪਤ ਕਰਕੇ ਸੁਚਾਰੂ ਢੰਗ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ।

ਸੋ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਅਧਿਆਪਕਾਂ ਨੂੰ ਇੱਜ਼ਤ ਮਾਣ ਦੇਈਏ , ਹਰ ਸਮੇਂ ਉਨ੍ਹਾਂ ਨੂੰ ਯਾਦ ਰੱਖੀਏ , ਉਨ੍ਹਾਂ ਨੂੰ ਮਿਲੀਏ , ਉਨ੍ਹਾਂ ਦੀ ਦਿੱਤੀ ਹੋਈ ਸਿੱਖਿਆ ‘ਤੇ ਜ਼ਿੰਦਗੀ ਭਰ ਅਮਲ ਕਰੀਏ। ਇਸ ਨਾਲ ਨਾ ਕੇਵਲ ਸਾਡਾ ਘਰ – ਪਰਿਵਾਰ ਜਾਂ ਅਸੀਂ ਖੁਦ ਹੀ ਨਹੀਂ ; ਸਗੋਂ ਸਮੁੱਚਾ ਸਮਾਜ ਤੇ ਸਮੁੱਚਾ ਦੇਸ਼ ਹੋਰ ਤਰੱਕੀ ਕਰਦਾ ਹੋਇਆ ਬੁਲੰਦੀਆਂ ਛੂਹੇਗਾ।

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next article“ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ……..