ਤਾਲਿਬਾਨ ਨੇ ਉੱਪ ਮੰਤਰੀਆਂ ਦੀ ਸੂਚੀ ਜਾਰੀ ਕੀਤੀ

ਕਾਬੁਲ (ਸਮਾਜ ਵੀਕਲੀ): ਤਾਲਿਬਾਨ ਨੇ ਆਪਣੇ ਮੰਤਰੀ ਮੰਡਲ ’ਚ ਵਾਧਾ ਕਰਦਿਆਂ ਅੱਜ ਆਪਣੇ ਉੱਪ ਮੰਤਰੀਆਂ ਦੀ ਸੂਚੀ ਜਾਰੀ ਕੀਤੀ ਪਰ ਇਸ ’ਚ ਕਿਸੇ ਵੀ ਮਹਿਲਾ ਦਾ ਨਾਂ ਸ਼ਾਮਲ ਨਹੀਂ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਮੰਤਰੀਆਂ ਦੀ ਚੋਣ ਦੌਰਾਨ ਵੀ ਕਿਸੇ ਵੀ ਮਹਿਲਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਦੀ ਕੌਮਾਂਤਰੀ ਪੱਧਰ ’ਤੇ ਕਾਫੀ ਆਲੋਚਨਾ ਹੋਈ ਸੀ। ਤਾਲਿਬਾਨ ਦੇ ਬੁਲਾਰੇ ਜਬੀਹੁੱਲ੍ਹਾ ਮੁਜਾਹਿਦ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਪੱਤਰਕਾਰ ਸੰਮੇਲਨ ਦੌਰਾਨ ਇਹ ਸੂਚੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ’ਚ ਵਾਧਾ ਕੀਤਾ ਜਾਵੇਗਾ। ਇਸ ’ਚ ਹਜ਼ਾਰਾ ਵਰਗੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰ ਸ਼ਾਮਲ ਕੀਤੇ ਗਏ ਹਨ ਅਤੇ ਮਹਿਲਾਵਾਂ ਨੂੰ ਬਾਅਦ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਕੌਮਾਂਤਰੀ ਭਾਈਚਾਰੇ ਵੱਲੋਂ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਸਬੰਧੀ ਮੁਜਾਹਿਦ ਨੇ ਕਿਹਾ ਕਿ ਇਸ ਨੂੰ ਰੋਕ ਕੇ ਰੱਖਣ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਕਿਹਾ, ‘ਸਾਡੀ ਸਰਕਾਰ ਨੂੰ ਮਾਨਤਾ ਦੇਣਾ ਸੰਯੁਕਤ ਰਾਸ਼ਟਰ ਦੀ ਜ਼ਿੰਮੇਵਾਰੀ ਹੈ ਅਤੇ ਯੂਰੋਪੀ, ਏਸ਼ਿਆਈ ਤੇ ਇਸਲਾਮਿਕ ਮੁਲਕਾਂ ਸਮੇਤ ਉਨ੍ਹਾਂ ਹੋਰਨਾਂ ਮੁਲਕਾਂ ਦੀ ਵੀ ਜਿਨ੍ਹਾਂ ਦੇ ਸਾਡੇ ਨਾਲ ਕੂਟਨੀਤਕ ਸਬੰਧ ਹਨ।’ ਤਾਲਿਬਾਨ ਨੇ ਆਪਣੇ ਮੌਜੂਦਾ ਮੰਤਰੀ ਮੰਡਲ ਨੂੰ ਇੱਕ ਅੰਤਰਿਮ ਸਰਕਾਰ ਦੇ ਰੂਪ ’ਚ ਤਿਆਰ ਕੀਤਾ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਤਬਦੀਲੀ ਅਜੇ ਵੀ ਸੰਭਵ ਹੈ ਪਰ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਦੀ ਚੋਣਾਂ ਹੋਣਗੀਆਂ ਜਾਂ ਨਹੀਂ। ਲੜਕੀਆਂ ਤੇ ਮਹਿਲਾਵਾਂ ’ਤੇ ਪੜ੍ਹਾਈ ਸਮੇਤ ਲਾਈਆਂ ਹੋਰ ਪਾਬੰਦੀਆਂ ਬਾਰੇ ਮੁਜਾਹਿਦ ਨੇ ਕਿਹਾ ਕਿ ਇਹ ਪਾਬੰਦੀਆਂ ਆਰਜ਼ੀ ਹਨ ਤੇ ਜਲਦੀ ਉਨ੍ਹਾਂ ਕੇ ਸਕੂਲ ਵਾਪਸ ਜਾਣ ਸਬੰਧੀ ਐਲਾਨ ਕੀਤਾ ਜਾਵੇਗਾ। 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਦਲ ਤੋਂ ਸੰਘਰਸ਼ਸ਼ੀਲ ਲੋਕਾਂ ਨੂੰ ਤਸੱਲੀਬਖ਼ਸ਼ ਜਵਾਬ ਨਹੀਂ ਮਿਲੇ: ਰਾਜੇਵਾਲ
Next article9/11 ਤੋਂ ਸਿੱਖੇ ਸਬਕਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ: ਭਾਰਤ