“ਪੱਪੂ ਕੌਣ?”

ਅਮਨ ਜੱਖਲਾਂ

(ਸਮਾਜ ਵੀਕਲੀ)

‘ਪੱਪੂ’ ਸ਼ਬਦ ਅਕਸਰ ਉਨ੍ਹਾਂ ਲਈ ਵਰਤਿਆ ਜਾਂਦਾ ਰਿਹਾ ਹੈ, ਜਿਨ੍ਹਾਂ ਨੂੰ ਲੋਕ ਮੰਦਬੁੱਧੀ ਸਮਝਦੇ ਹਨ। ਇਹ ਸ਼ਬਦ ਨਾਂਵ ਅਤੇ ਪੜਨਾਂਵ ਤੋਂ ਵੀ ਜਿਆਦਾ ਵਿਸ਼ੇਸ਼ਣ ਦਾ ਰੋਲ ਅਦਾ ਕਰਦਾ ਰਿਹਾ ਹੈ। ਸ਼ਬਦ ‘ਪੱਪੂ’ ਦਾ ਸੰਘਰਸ਼ ਬੜਾ ਲੰਮਾ ਹੈ। ਦੇਸ਼ ਦੀਆਂ ਨਿੱਕੀਆਂ ਨਿੱਕੀਆਂ ਗਲੀਆਂ ਚੋਂ ਲੰਘਦਾ ਸ਼ਬਦ ‘ਪੱਪੂ’  ਆਪਣੇ ਮਿਹਨਤੀ ਕਦਮਾਂ ਨਾਲ ਨਿਰੰਤਰ ਅੱਗੇ ਵਧਦਾ ਰਿਹਾ ਅਤੇ ‘ਸ਼ਬਦ-ਇਤਿਹਾਸ’ ਦੀ ਅਦਭੁੱਤ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਸ਼ਬਦ ਦੇਸ਼ ਦੀ ਪਾਰਲੀਮੈਂਟ ਵਿੱਚ ਸੱਤਾਧਾਰੀਆਂ ਦੇ ਬੁੱਲਾਂ ਤੇ ਜਾ ਪਹੁੰਚਿਆ ਅਤੇ ਵਿਰੋਧੀ ਧਿਰ ਦੇ ਮੁੱਖ ਆਗੂ ਲਈ ਵਰਤਿਆ ਜਾਣ ਲੱਗਾ।

ਅੱਗ ਵਿੱਚ ਤੇਲ ਪਾਉਣ ਦਾ ਕੰਮ ਦੇਸ਼ ਦੇ ਚੌਥੇ ਸਤੰਭ ਨੇ ਕੀਤਾ, ਜਿਸ ਨੇ ਦਿਨ ਰਾਤ ਇੱਕ ਕਰ ਕੇ ਇਹ ਸ਼ਬਦ ਲੋਕ ਮਨਾਂ ਵਿੱਚ ਘੋਲਣ ਲਈ ਸੰਘਰਸ਼ ਵਿੱਢਿਆ। ਸ਼ੋਸ਼ਲ ਮੀਡੀਆ ਤੇ ਬੈਠੇ ਵਿਦਵਾਨਾਂ ਨੇ ਵੀ ਇਸ ਸ਼ਬਦ ਨੂੰ ਭਰਵਾਂ ਹੁੰਗਾਰਾ ਦਿੱਤਾ। ਆਪਣੇ ਫਰਸ ਤੋਂ ਅਰਸ਼ ਤੱਕ ਦੇ ਮਹਾਨ ਜੀਵਨ ਲਈ ਸ਼ਬਦ ਪੱਪੂ ਵਧਾਈ ਦਾ ਪਾਤਰ ਹੈ। ਸਾਨੂੰ ਹਰ ਕਿਸੇ ਲਈ ਇਹ ਸ਼ਬਦ ਨਹੀਂ ਵਰਤ ਦੇਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇਸ ਸ਼ਬਦ ਦੀ ਮਹਾਨਤਾ ਨੂੰ ਬਹੁਤ ਫਰਕ ਪੈਂਦਾ ਹੈ।

ਜੇਕਰ ਅਸੀਂ ਇਸ ਸ਼ਬਦ ਦੇ ਪੂਰੀ ਤਰ੍ਹਾਂ ਯੋਗ ਵਿਅਕਤੀਆਂ ਬਾਰੇ ਜਾਣਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਜਰੂਰ ਤੈਅ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਘਰ-ਘਰ ਨੌਕਰੀ ਚਾਹੀਦੀ ਹੈ ਜਾਂ ਫਿਰ ਖਾਤਿਆਂ ਵਿੱਚ 15-15 ਲੱਖ। ਬੇਸ਼ੱਕ ਦੇਸ਼ ਦਾ ਪੜਿਆ ਲਿਖਿਆ ਨੌਜਵਾਨ ਨੌਕਰੀ ਚਾਹੁੰਦਾ ਹੈ ਪਰ 15 ਲੱਖ ਇੱਕਦਮ ਝੋਲੀ ਵਿੱਚ ਆ ਪੈਣਾ ਵੀ ਕੋਈ ਛੋਟੀ ਗੱਲ ਨਹੀਂ।

ਦੇਸ਼ ਦਾ ਅਧਿਕਾਰੀ ਅਤੇ ਵਪਾਰੀ ਜਿਨ੍ਹਾਂ ਕੱਟੜਪੰਥੀਆਂ ਦੀਆਂ ਖੋਖਲੀਆਂ ਰੂੜੀਵਾਦੀ ਵਿਚਾਰਧਾਰਾਵਾਂ ਤੇ ਪਹਿਰਾ ਦੇ ਰਿਹਾ ਹੈ, ਉਨ੍ਹਾਂ ਵਿਚਾਰਧਾਰਾਵਾਂ ਵੱਲ ਵੀ ਸਾਨੂੰ ਇੱਕ ਨਜਰ ਘੁਮਾਉਣੀ ਪਵੇਗੀ ਤਾਂ ਜੋ ਅਰੁੰਧਤੀ ਰਾਏ, ਜਾਵੇਦ ਅਖਤਰ ਅਤੇ ਰਵੀਸ਼ ਕੁਮਾਰ ਵਰਗਿਆਂ ਦੀਆਂ ਤਕਰੀਰਾਂ ਸਾਰੇ ਸਿਰਾਂ ਉੱਪਰੋਂ ਅਜਾਈਂ ਨਾ ਲੰਘਣ।

ਧੋਨੀ ਦੇ ਸਨਿਆਸ ਤੋਂ ਲੈ ਕੇ ਕਿਮ ਜੋਂਗ ਦੇ ਜੀਵਨ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਬਿਲਕੁਲ ਫਰਾਇਡ ਦੀ ਤਰ੍ਹਾਂ ਕਰਨਾ ਪਵੇਗਾ ਅਤੇ ਦਿੱਲੀ ਤੋਂ ਚੱਲ ਕੇ, ਗਾਂਧੀਨਗਰ ਹੁੰਦੇ ਹੋਏ, ਕੁਝ ਸਮਾਂ ਨਾਗਪੁਰ ਵਿੱਚ ਰੁਕ ਕੇ, ਅੱਗੇ ਚਾਲੇ ਪਾਉਣੇ ਪੈਣਗੇ ਤਾਂ ਜੋ ਕੁਝ ਸਮਾਂ ਕੇਰਲਾ ਦੇ ਪੜੇ ਲਿਖੇ ਲੋਕਾਂ ਨਾਲ ਬਿਤਾਇਆ ਜਾ ਸਕੇ।

ਦੇਸ਼ ਦੀ ਜੀ ਡੀ ਪੀ, ਨੋਟਬੰਦੀ, ਮੇਕ ਇਨ ਇੰਡੀਆ, ਸਮਾਰਟ ਸਿਟੀ, ਸਵੱਛ ਭਾਰਤ ਦੇ ਅੰਕੜਿਆਂ ਨੂੰ ਜਾਣਨ ਲਈ, ਦੋ ਰੂਪੈ ਕਿਲੋ ਮਿਲ ਰਹੀ ਕਣਕ ਲੈਣ ਗਈ, ਹੱਥ ਦੀਆਂ ਲਕੀਰਾਂ ਦੇ ਨਿਸ਼ਾਨ ਨਾ ਮਿਲਣ ਕਰਕੇ, ਖਾਲੀ ਵਾਪਿਸ ਮੁੜੀ ਬਜ਼ੁਰਗ ਔਰਤ ਦੀਆਂ ਅੱਖਾਂ ਵਿੱਚ ਦੇਖਣ ਲਈ ਕਿਸੇ ਆਈ ਸਕੈਨਰ ਦੀ ਵਰਤੋਂ ਕਰਨੀ ਪਵੇਗੀ ਅਤੇ ਬੇਰੁਜ਼ਗਾਰ ਨੌਜਵਾਨ ਦੁਆਰਾ ਟੀ. ਵੀ. ਅੱਗੇ ਬੈਠ ਕੇ ਆਈ.ਪੀ.ਐੱਲ ਦੇਖਦੇ ਹੋਏ ਮੁੰਬਈ ਇੰਡੀਅਨਜ਼ ਦੀ ਜਿੱਤ ਲਈ ਹੋ ਰਹੀ ਅਰਦਾਸ ਵਿੱਚ ਵੀ ਸ਼ਾਮਿਲ ਹੋਣਾ ਪਵੇਗਾ।

ਅਖੀਰ ਨੂੰ ਜਦੋਂ ਅਸੀਂ, ਲੱਖਾਂ ਬਲਾਤਕਾਰ ਪੀੜਤਾਵਾਂ ਦੇ ਬੇਸਹਾਰਾ ਮਾਪਿਆਂ ਦੀਆਂ ਅੱਖਾਂ ਵਿੱਚ, ਕਦੇ ਨਾ ਖਤਮ ਹੋਣ ਵਾਲੀ ਇਨਸਾਫ਼ ਦੀ ਉਡੀਕ ਦੀ ਇੱਕ ਝਲਕ ਨੂੰ ਮਲਾਲਾ ਯੂਸਫਜਾਈ ਜਾਂ ਸੁਰੇਖਾ ਭੋਤਮਾਂਗੇ ਦੀਆਂ ਨਜਰਾਂ ਥਾਈਂ ਦੇਖਾਂਗੇ ਤਾਂ ਸਾਨੂੰ ਚਾਰੇ ਪਾਸੇ ਸਿਰਫ਼ ਪੱਪੂ ਹੀ ਪੱਪੂ ਨਜ਼ਰ ਆਉਣਗੇ। ਪੱਪੂਆਂ ਦੀ ਭੀੜ ਵਿੱਚੋਂ ਸਿਰਫ਼ ਇੱਕ ਹੀ ਸ਼ੋਰ ਸੁਣਾਈ ਦੇਵੇਗਾ-“ਪੱਪੂ ਕੌਣ-ਪੱਪੂ ਕੌਣ?”

ਅਮਨ ਜੱਖਲਾਂ
9478226980

Previous articleਧੀਆਂ
Next articleਜਲ ਬਚਾਓ, ਕੱਲ ਬਚਾਓ