(ਸਮਾਜ ਵੀਕਲੀ)
ਮਾਰੂਥਲ ਦਾ ਰੁੱਖ ਮੈਂ ਮੇਰਾ ਵਾਸਾ ਵਿੱਚ ਉਜਾੜਾਂ ।
ਆਪਣੇ ਕੋਲੋਂ ਜਦ ਕੋਈ ਲੰਘਦਾ ਉਸ ਨੂੰ ਮੈਂ ਤਾੜਾਂ।
ਚਿਰੀਂ ਖੜਾ ਉਡੀਕ ਕਰਾਂ ਪਰ ਮਿਲੀ ਬੂੰਦ ਨਾ ਪਾਣੀ।
ਕਦੇ ਕਿਸੇ ਨੇ ਆ ਕੇ ਸੁਣੀ ਨਾ ਮੇਰੀ ਦਰਦ ਕੁਹਾਣੀ।
ਹਰਿਆ ਭਰਿਆ ਹੋ ਕੇ ਰਹਿਣਾ ਕਰਮਾਂ ਵਿੱਚ ਨਾ ਮੇਰੇ।
ਖੁਦਾ ਮੇਰੀ ਤਕਦੀਰ ਬਦਲਦੇ ਤਰਲੇ ਕਰੇ ਬਥੇਰੇ।
ਕਦੇ ਸੁਣੀ ਨਾ ਉਸ ਨੇ ਮੇਰੀ ਹੋਈ ਖੁਨਾਮੀ ਕੀ।
ਚੇਤੇ ਕਰਦਾ ਰਹਾਂ ਦਿਨਾਂ ਨੂੰ ਜਦੋਂ ਜਵਾਨੀ ਸੀ।
ਕਾਸ਼ ਕਿਤੇ ਜੇ ਮੈਂ ਵੀ ਹੁੰਦਾ ਕਿਸਮਤ ਵਾਲੀ ਥਾਂ ਤੇ।
ਮਾਣ ਵੀ ਮੈਨੂੰ ਹੋਣਾ ਸੀ ਫਿਰ ਆਪਣੀ ਸੋਹਣੀ ਛਾਂ ਤੇ।
ਚੀਕ ਚਿਹਾੜਾ ਪਾਉਂਦੇ ਪੰਛੀ ਕੋਲ ਮੇਰੇ ਓਹ ਆ ਕੇ।
ਰਾਗ ਉਨਾਂ ਦੇ ਇਹ ਪਿਆਰੇ,ਸੁਣਦਾ ਮਨ ਚਿਤ ਲਾ ਕੇ।
ਲੰਘਦਾ ਵੜਦਾ ਰਾਹੀ ਜੇ ਕੋਈ ਕੋਲ ਮੇਰੇ ਆ ਬਹਿੰਦਾ।
ਛਾਂ ਮੇਰੀ ਦਾ ਆਨੰਦ ਮਾਣ ਕੇ ਧੰਨਵਾਦ ਓਹ ਕਹਿੰਦਾ।
ਮੇਰਾ ਵੀ ਜੀ ਕਰਦਾ ਰਹਾਂ ਮੈਂ ਆਪਣੇ ਨਾਲ ਭਰਾਵਾਂ।
ਰਿਹਾ ਉਨਾਂ ਦੇ ਪਿਆਰ ਤੋਂ ਵਾਂਝਾ ਘੁੱਟ ਜੱਫ਼ੀਆਂ ਜਾ ਪਾਵਾਂ
ਆ ਜਾਵੇ ਕੋਈ ਦਿਲ ਦਾ ਦਰਦੀ ਕਰੇ ਮੇਰਾ ਨਿਪਟਾਰਾ।
ਅਗਲਾ ਜਨਮ ਮੈਂ ਲੈ ਕੇ ‘ਬੁਜਰਕ’ ਖੂਬ ਲਵਾਂ ਨਜ਼ਾਰਾ।
ਹਰਮੇਲ ਸਿੰਘ ਬੁਜਰਕੀਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly