ਸਿਸਟਮ ਨੇ ਫ਼ਰਜ਼ ਤੋਂ ਮੂੰਹ ਮੋੜਿਆ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਿਆਂ ‘ਚ ਗਲਤਾਨ ਹੁੰਦੀ ਨੌਜਵਾਨ ਪੀੜ੍ਹੀ,ਭਰੂਣ ਹੱਤਿਆਂ, ਕਿਸਾਨ ਖ਼ੁਦਕੁਸ਼ੀਆਂ, ਪਾਣੀ ਦਾ ਡੂੰਘਾ ਸੰਕਟ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਪੰਜਾਬ ਜੂਝ ਰਿਹਾ ਹੈ। ਹਾਲਾਂਕਿ ਸੂਬਾ ਸਰਕਾਰ ਤੇ ਪੁਲਿਸ ਅਧਿਕਾਰੀ ਨਸ਼ਿਆਂ ਵਿਰੁੱਧ ਨੌਜਵਾਨਾਂ ਅੰਦਰ ਜਾਗ੍ਰਿਤੀ ਪੈਦਾ ਕਰ ਰਹੇ ਹਨ। ਚਿੱਟੇ ਨੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਹੈ। ਹਰ ਰੋਜ਼ ਤਿੰਨ ਜਾਂ ਚਾਰ ਨੌਜਵਾਨ ਓਵਰਡੋਜ਼ ਕਾਰਨ ਮਰ ਰਹੇ ਹਨ । ਹੁਣ ਤਾਂ ਔਰਤਾਂ ਵੀ ਨਸ਼ੇ ਦੀ ਸ਼ੌਕੀਨ ਹੋ ਚੁੱਕੀਆਂ ਹਨ। ਪਿੱਛੇ ਜਿਹੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਔਰਤ ਨਸ਼ੇ ‘ਚ ਧੁੱਤ ਗਲੀਆਂ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਘੁੰਮ ਰਹੀ ਸੀ। ਹਰ ਰੋਜ਼ ਬੀਐਸਐਫ ਵੱਲੋਂ ਪਾਕਿਸਤਾਨ ਸਰਹੱਦ ਨੇੜਿਓ ਕਰੋੜਾਂ ਦੀ ਹੈਰੋਇਨ ਫੜੀ ਜਾਂਦੀ ਹੈ।

ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ ਲੰਮੀਆਂ-ਲੰਮੀਆਂ ਕਤਾਰਾਂ ਦੇਖਣ ਨੂੰ ਆਮ ਮਿਲ ਜਾਂਦੀਆਂ ਹਨ। ਮਾਂ ਬਾਪ ਨੂੰ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਚਿੰਤਾ ਹੈ। ਰੁਜ਼ਗਾਰ ਨੌਜਵਾਨਾਂ ਦੀ ਅਹਿਮ ਲੋੜ ਹੈ। ਆਪਣੀ ਕਾਬਲੀਅਤ ਦੇ ਮੁਤਾਬਿਕ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਅੱਜ ਪੈਸੇ ਦੀ ਹੋੜ ਲੱਗੀ ਹੋਈ ਹੈ।ਜਿਨ੍ਹਾਂ ਲੋਕਾਂ ਕੋਲ ਪੈਸਾ ਹੈ, ਉਹ ਪਾਣੀ ਵਾਂਗ ਉਸਨੂੰ ਵਹਾ ਰਹੇ ਹਨ। ਭਰਾ-ਭਰਾ ਦਾ ਦੁਸ਼ਮਣ ਬਣਿਆ ਹੋਇਆ ਹੈ। ਬਜ਼ੁਰਗਾਂ ਦਾ ਨਿਰਾਦਰ ਹੋ ਰਿਹਾ ਹੈ। ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦੇ। ਦੇਖਾ ਦੇਖੀ ਵਿੱਚ ਆਪਣੀ ਜ਼ਮੀਨ ਗਹਿਣੇ ਰੱਖ ਕੇ ਕਰਜ਼ਈ ਹੋ ਰਹੇ ਹਨ।

ਪੰਜਾਬੀ ਵੈਸੇ ਵੀ ਵਿਆਹਾਂ ਤੇ ਲੱਖਾਂ ਲੱਖਾਂ ਰੁਪਏ ਰੋੜ੍ਹ ਦਿੰਦੇ ਹਨ।ਅੱਜ ਕੱਲ ਤਾਂ ਪ੍ਰੀ ਵੈਡਿੰਗ ਦਾ ਰਿਵਾਜ ਜਾ ਚੱਲ ਪਿਆ ਹੈ। 3 ਤੋਂ 4 ਲੱਖ ਰੁਪਏ ਇਸ ਉੱਤੇ ਖਰਚ ਆਉਂਦਾ ਹੈ। ਚਾਹੇ ਕਰਜ਼ਾ ਚੁੱਕ ਕੇ ਵਿਆਹ ਕਰਨਾ ਪਵੇ, ਪਰ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਣਾ। ਜੇ ਗੱਲ ਭੋਗਾਂ ਦੀ ਕਰੀਏ ਤਾਂ ਉਥੇ ਵੀ ਲੱਖਾਂ ਰੁਪਏ ਖਰਚ ਕਰ ਦਿੱਤਾ ਜਾਂਦਾ ਹੈ। ਜਦੋਂ ਕਰੋਨਾ ਦਾ ਸਮਾਂ ਸੀ ਅਸੀਂ ਦੇਖਿਆ ਕਿ ਚਾਰ ਜਾਂ ਪੰਜ ਪਰਿਵਾਰਕ ਮੈਂਬਰ ਹੀ ਚੰਗੇ ਕੰਮ ਨੂੰ ਨੇਪਰੇ ਚਾੜ ਰਹੇ ਸਨ। ਫਜ਼ੂਲਖਰਚੀ ਨੂੰ ਠੱਲ੍ਹ ਪਈ ਸੀ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕਾਂ ਤੇ ਬਿਲਕੁਲ ਵੀ ਅਸਰ ਨਹੀਂ ਹੋਇਆ।ਹੁਣ ਕਈ ਪੰਚਾਇਤਾਂ ਨੇ ਭੋਗਾਂ ਤੇ ਸੀਮਿਤ ਖਰਚਾ ਕਰਨ ਲਈ ਮਤੇ ਵੀ ਪਾਏ ਹਨ। ਜੋ ਇਨ੍ਹਾਂ ਮਤਿਆਂ ਦੀ ਉਲੰਘਣਾ ਕਰੇਗਾ ਉਸਨੂੰ ਜੁਰਮਾਨਾ ਵੀ ਦੇਣਾ ਪਵੇਗਾ।

ਲੋਕਾਂ ਦਾ ਸਾਹਿਤ ਪੜ੍ਹਨ ਦਾ ਰੁਝਾਨ ਦਿਨ ਬ ਦਿਨ ਘੱਟਦਾ ਜਾ ਰਿਹਾ ਹੈ। ਲਾਇਬ੍ਰਰੀਆਂ ਵਿੱਚ ਕਿਤਾਬਾਂ ਇਸੇ ਤਰ ਪਈਆਂ ਰਹਿੰਦੀਆਂ ਹਨ। ਬੱਚੇ ਜ਼ਿਆਦਾ ਮੋਬਾਇਲ ਦੇ ਆਦੀ ਹੋ ਚੁੱਕੇ ਹਨ । ਅਕਸਰ ਅਸੀਂ ਸੁਣਦੇ ਵੀ ਹਾਂ ਕਿ ਦੱਖਣ ਭਾਰਤ ਦੇ ਵਿਦਿਆਰਥੀ ਲਾਇਬ੍ਰਰੀਆਂ ਵਿੱਚ ਬਹੁਤ ਸਮਾਂ ਗੁਜਾਰਦੇ ਹਨ। ਲੋਕ ਘਰ ਤਾਂ ਬਹੁਤ ਵੱਡੇ-ਵੱਡੇ ਬਣਾ ਲੈਂਦੇ ਹਨ, ਪਰ ਘਰ ਵਿੱਚ 10 ਕਿਤਾਬਾਂ ਤੱਕ ਨਹੀਂ ਹੁੰਦੀਆਂ ਹਨ। ਹਰ ਮੈਂਬਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਨੂੰ ਸਾਹਿਤ ਜਰੂਰ ਪੜ੍ਹਨਾ ਚਾਹੀਦਾ ਹੈ। ਘਰ ਵਿੱਚ ਛੋਟੀ ਲਾਇਬ੍ਰਰੀ ਜ਼ਰੂਰ ਸਥਾਪਤ ਕਰਦੀ ਚਾਹੀਦੀ ਹੈ‌।ਕਈ ਪੰਚਾਇਤਾਂ ਵੱਲੋਂ ਪਿੰਡਾਂ ਵਿਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ। ਸ਼ਲਾਘਾਯੋਗ ਕਦਮ ਹੈ।

ਪਿਛਲੇ ਮਹੀਨੇ ਹੀ ਕਈ ਹਰੀ ਸਬਜ਼ੀਆਂ ਜਿਨ੍ਹਾਂ ਦਾ ਰੇਟ ਇੱਕ ਦੋ ਰੁਪਏ ਕਿਲੋ ਸੀ, ਜ਼ਿਮੀਂਦਾਰਾਂ ਨੇ ਖੇਤਾਂ ਵਿੱਚ ਹੀ ਵਾਹੀਆਂ। ਹਾਲ ਹੀ ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਸੂਰਜਮੁਖੀ ਤੇ ਐਮਐਸਪੀ ਮੰਗਣ ਤੇ ਕਿਸਾਨਾਂ ਤੇ ਹਰਿਆਣਾ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ। ਜਿਸ ਕਾਰਨ ਕਈ ਕਿਸਾਨਾਂ ਦੇ ਸੱਟਾਂ ਲੱਗੀਆਂ। ਕਿਸਾਨਾਂ ਨੂੰ ਆਪਣੀ ਫ਼ਸਲ ਦਾ ਵਾਜਿਬ ਮੁੱਲ ਨਹੀਂ ਮਿਲ ਪਾਉਂਦਾ। ਭ੍ਰਿਸ਼ਟਾਚਾਰ ਨੇ ਦੇਸ਼ ਦੀਆਂ ਜੜਾਂ ਖੋਖਲੀਆਂ ਤੱਕ ਕਰ ਦਿੱਤੀਆਂ ਹਨ। ਰਿਸ਼ਵਤਾਂ ਦੇ ਸਹਾਰੇ ਅਫ਼ਸਰਾਂ ਨੇ ਵੱਡੀਆਂ ਵੱਡੀਆਂ ਜਾਇਦਾਦਾਂ ਤੱਕ ਬਣਾ ਲਈਆਂ ਹਨ। ਜਦੋ ਦੀ ਮਾਨ ਸਰਕਾਰ ਸੱਤਾ ਵਿੱਚ ਆਈ ਹੈ, ਬਹੁਤ ਭ੍ਰਿਸ਼ਟ ਅਧਿਕਾਰੀਆਂ ਨੂੰ ਫੜਿਆ ਗਿਆ ਹੈ ।

ਵਿਚਾਰਨ ਵਾਲੀ ਗੱਲ ਹੈ ਕਿ ਜਿਸ ਦਾ ਆਪਣੀ ਸੈਲਰੀ, ਤਨਖ਼ਾਹ ਵਿੱਚ ਗੁਜ਼ਾਰਾ ਨਹੀਂ ਹੁੰਦਾ ,ਉਹ 300 ਰੁਪਏ ਦਿਹਾੜੀ ਕਰਨ ਵਾਲੇ ਤੋਂ ਰਿਸ਼ਵਤ ਮੰਗਦਾ ਹੈ। ਹਾਲ ਹੀ ਵਿਚ ਇੱਕ ਪੁਲਿਸ ਮੁਲਾਜ਼ਮ ਤੇ ਪੰਦਰਾਂ ਸੌ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਲੱਗਾ ਸੀ।ਵਿਦੇਸ਼ੀ ਬੈਂਕਾਂ ਵਿੱਚ ਕਾਲਾ ਧਨ ਇਕੱਠਾ ਕਰ ਲਿਆ ਹੈ। ਫ਼ਸਲ ਦੀ ਵੱਧ ਪੈਦਾਵਾਰ ਲਈ ਕੀਟਨਾਸ਼ਕਾਂ ਦੀ ਵਰਤੋਂ ਹੋ ਰਹੀ ਹੈ। ਜੰਗਲਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ। ਹੁਣ ਤਾਂ ਭਾਰਤ ਦੇਸ਼ ਚੀਨ ਤੋਂ ਆਬਾਦੀ ਪੱਖੋਂ ਨੰਬਰ ਵਾਲੀ ਮੁਲਕ ਬਣ ਗਿਆ ਹੈ । ਨਿੱਜੀ ਸੁਆਰਥ ਖਾਤਰ ਮਨੁੱਖ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ।

ਘੱਗਰ ਤੱਕ ਪ੍ਰਦੂਸ਼ਿਤ ਕਰ ਦਿੱਤੇ ਹਨ ।ਫੈਕਟਰੀਆਂ ਦੀ ਰਹਿੰਦ-ਖੂੰਹਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜੰਗਲੀ ਵਨਸਪਤੀ ਵੀ ਪ੍ਰਭਾਵਿਤ ਹੋਈ ਹੈ। ਮਾਲਵਾ ਖੇਤਰ ਕੈਂਸਰ ਨਾਲ ਪ੍ਰਭਾਵਿਤ ਹੈ। ਪੰਜਾਬ ਦੇ ਕਈ ਪਿੰਡਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਪਾਣੀ ਦਾ ਸੰਕਟ ਮੰਡਰਾ ਰਿਹਾ ਹੈ। ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਹਾਲਾਂਕਿ ਸੂਬਾ ਸਰਕਾਰ ਕਿਸਾਨਾਂ ਨੂੰ ਘੱਟ ਪਾਣੀ ਲੈਣ ਵਾਲੀ ਫਸਲਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੀਆਂ ਹਨ।ਜਲਦ ਹੀ ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ। ਜੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਸਰਕਾਰ ਦੇ ਨਾਲ ਨਾਲ ਪੰਜਾਬ ਵਾਸੀਆਂ ਨੂੰ ਵੀ ਸਿਰਤੋੜ ਯਤਨ ਕਰਨੇ ਪੈਣਗੇ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਮਨੁੱਖ ਅਤੇ ਕੁਦਰਤ*
Next article” ਵੀਹਵੀਂ ਸਦੀ ਦੇ ਮਹਾਨ ਲੇਖਕ ਅਤੇ ਕਵੀ ਭਾਈ ਵੀਰ ਸਿੰਘ “