ਅਰੁਣ ਬਾਂਸਲ ਦੀ 19ਵੀਂ ਬਰਸੀ ਤੇ ਵਿਸੇਸ਼
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਥਾਨਕ ਇਲਾਕੇ ਦੇ ਨਾਮੀ ਕਾਰੋਬਾਰੀ ਪ੍ਰੀਵਾਰ ਬਾਂਸਲ’ਜ ਗਰੁੱਪ ਸੂਲਰ ਘਰਾਟ ਨੂੰ ਪ੍ਰਮਾਤਮਾ ਨੇ 3 ਫਰਵਰੀ 2004 ਨੂੰ ਏਸੀ ਸੱਟ ਮਾਰੀ ਜਿਸਦੀ ਚੀਸ ਅੱਜ ਵੀ ਰੜਕਾ ਮਾਰਦੀ ਹੈ। ਜਦੋਂ ਉਹਨਾਂ ਦੇ ਨੌਜਵਾਨ ਪੁੱਤਰ ਅਰੁਣ ਬਾਂਸਲ (ਕੂਕਾ) ਇੱਕ ਸੜਕ ਹਾਦਸੇ ਵਿਚ ਸਦੀਵੀਂ ਵਿਛੋੜਾ ਦੇ ਗਏ ਸਨ। ਇਸ ਦੁੱਖਦਾਈ ਘਟਨਾ ਨਾਲ ਇਕੱਲੇ ਇਸ ਪਰਿਵਾਰ ਨੂੰ ਹੀ ਸਦਮਾ ਨਹੀਂ ਲੱਗਿਆ ਸੀ ਸਗੋਂ ਸਮੂਹ ਸਮਾਜ ਸੇਵੀ ਸੰਸਥਾਵਾ ਅਤੇ ਸਮਾਜ ਦੇ ਹਰ ਖਿੱਤੇ ਵਿੱਚ ਕੰਮ ਕਰਨ ਵਾਲੇ ਅਮਨ ਪਸੰਦ ਲੋਕਾਂ ਲਈ ਵੱਡਾ ਘਾਟਾ ਸੀ। ਅਰੁਣ ਬਾਂਸਲ ਦਾ ਜਨਮ 4 ਜੁਲਾਈ 1978 ਨੂੰ ਮਾਤਾ ਦਰਸ਼ਨਾ ਦੇਵੀ ਦੀ ਕੁੱਖੋ ਹੋਇਆ ਸੀ।
ਇਲਾਕੇ ਦੇ ਨਾਮਵਰ ਕਾਰੋਬਾਰੀ ਸ੍ਰੀ ਸ਼ਾਮ ਲਾਲ ਬਾਂਸਲ ਅਤੇ ਉਹਨਾਂ ਦੇ ਪੁੱਤਰਾ ਸੰਜੀਵ ਬਾਂਸਲ ਅਤੇ ਨਵੀਨ ਬਾਂਸਲ ਵੱਲੋਂ ਸਮਾਜ ਸੇਵਾ, ਧਾਰਮਿਕ ਸਮਾਗਮ, ਖੇਡਾਂ, ਮੈਡੀਕਲ ਸਹੂਲਤਾਂ, ਵਾਤਾਵਰਣ ਸੰਭਾਲ ਆਦਿ ਕੰਮਾ ਵਿੱਚ ਵੱਡਾ ਸਹਿਯੋਗ ਕੀਤਾ ਜਾਂਦਾ ਹੈ। ਆਪਣੇ ਕਾਰੋਬਾਰ ਦੀ ਤਰੱਕੀ ਦੇ ਨਾਲ ਨਾਲ ਉਹਨਾਂ ਲੋਕ ਮਨਾ ਅੰਦਰ ਵੀ ਚੰਗੀ ਛਾਪ ਛੱਡੀ ਹੋਈ ਹੈ। ਉਹਨਾਂ ਦੇ ਪੁੱਤਰਾਂ ਦੀ ਤਿੱਕੜੀ ਵਿੱਚੋਂ ਇਕ ਮਣਕਾ ਅਰੁਣ ਬਾਂਸਲ ਦੇ ਰੂਪ ਵਿੱਚ ਅਚਾਨਕ ਟੁੱਟ ਗਿਆ। ਜਿਸ ਦੀ ਘਾਟ ਨੇ ਜਿੱਥੇ ਪਰਿਵਾਰ ਨੂੰ ਵੱਡੀ ਸੱਟ ਮਾਰੀ ਉੱਥੇ ਸਮਾਜ ਵਿਚ ਵੀ ਉਹਨਾਂ ਦੇ ਚਲੇ ਜਾਣ ਨਾਲ ਵੱਡਾ ਖਲਾਅ ਪੈਦਾ ਹੋ ਗਿਆ ਸੀ। ਅਰੁਣ ਬਾਂਸਲ ਦੀ ਸੋਚ ਤੇ ਉਹਨਾਂ ਦੇ ਅਧੂਰੇ ਸੁਪਨਿਆ ਨੂੰ ਪੂਰਾ ਕਰਨ ਲਈ ਜਿੱਥੇ ਪਰਿਵਾਰ ਦੇ ਹੋਣਹਾਰ ਸਪੂਤ ਸੰਜੀਵ ਅਤੇ ਨਵੀਨ ਬਾਂਸਲ ਨੇ ਆਪਣੀ ਉਸਾਰੂ ਸੋਚ ਨਾਲ ਆਪਣੇ ਕੈਰੀਅਰ ਨੂੰ ਬੁਲੰਦੀਆ ਵੱਲ ਪਹੁੰਚਾਇਆ। ਉੱਥੇ ਸਮਾਜ ਸੇਵਾ ਪ੍ਰਤੀ ਵੀ ਆਪਣੀ ਰੁੱਚੀ ਵਧਾਈ।
ਜਿਸ ਕਰਕੇ ਅੱਜ ਉਹਨਾਂ ਦਾ ਹਰ ਖਿੱਤੇ ਵਿੱਚ ਸਤਿਕਾਰ ਹੈ। ਬਾਬੂ ਸ਼ਾਮ ਲਾਲ ਬਾਂਸਲ ਨੇ ਜਿੱਥੇ ਜਵਾਨ ਪੁੱਤ ਦੀ ਅਚਨਚੇਤ ਮੌਤ ਦੇ ਸਦਮੇ ਨੂੰ ਹੰਢਾਇਆ ਉੱਥੇ ਹੀ ਦ੍ਰਿੜ ਸੰਕਲਪ ਨਾਲ ਅੱਗੇ ਵਧਦਿਆ ਆਪਣੇ ਪਰਿਵਾਰ ਨੂੰ ਇਸ ਪੀੜਾ ਤੋਂ ਉਭਰਨ ਲਈ ਵੀ ਤਿਆਰ ਕੀਤਾ। ਅੱਜ ਭਾਵੇਂ ਅਰੁਣ ਬਾਂਸਲ ਸਰੀਰਕ ਤੌਰ ਤੇ ਇਸ ਦੁਨੀਆ ਵਿਚ ਨਹੀਂ ਹਨ ਪਰ ਉਹਨਾਂ ਦੇ ਕੀਤੇ ਸਮਾਜਿਕ ਕਾਰਜ ਸਾਡੇ ਨਾਲ ਹਨ। ਬਾਂਸਲ ਪਰਿਵਾਰ ਵਿਚ ਪੈਦਾ ਹੋਏ ਇਸ ਖਲਾਅ ਨੂੰ ਭਾਵੇਂ ਪੂਰਿਆ ਨਹੀਂ ਜਾ ਸਕਦਾ ਪਰ ਉਹਨਾਂ ਦੀ ਨੇਕ ਸੋਚ ਤੇ ਚੱਲਦਿਆਂ ਸਾਨੂੰ ਸਮਾਜ ਪ੍ਰਤੀ ਆਪਣੀ ਨੈਤਿਕ ਜੁੰਮੇਵਾਰੀ ਨੂੰ ਸਮਝਦਿਆ ਉਸਾਰੂ ਰੋਲ ਅਦਾ ਕਰਨਾ ਚਾਹੀਦਾ ਹੈ। ਆਉ ਅਸੀਂ ਸਾਰੇ ਸੱਜਣ ਮਿੱਤਰ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਉਹਨਾਂ ਦੇ ਪਾਏ ਪੂਰਨਿਆ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਇਹ ਹੀ ਉਸ ਵਿਛੜੀ ਰੂਹ ਨੂੰ ਸੱਚੀ ਸਰਧਾਂਜਲੀ ਹੋਵੇਗੀ। ਅੱਜ ਉਹਨਾਂ ਦੀ 19ਵੀਂ ਬਰਸੀ ਮੌਕੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਸਥਾਨ ਬਖਸ਼ਣ। ਇਹੀ ਸਾਡੀ ਦੁਆ ਹੈ।