ਕਹਾਣੀ ਆਲਾ ਕੀੜਾ 

ਰਮੇਸ਼ ਸੇਠੀ ਬਾਦਲ

(ਸਮਾਜ ਵੀਕਲੀ) ਨੀ ਕਿੱਥੇ ਲਾ ਆਈ ਇੰਨੇ ਦਿਨ ? ਪਾਰਕ ਚ ਬੈਠੀ ਕਰੀਮ ਰੰਗ ਦੇ ਸੂਟ ਆਲੀ ਮਾਤਾ ਨੇ ਸੁਨਹਿਰੀ ਫਰੇਮ ਵਾਲੀਆਂ  ਐਨਕਾਂ ਵਾਲੀ ਸੋਹਣੀ ਜਿਹੀ ਬੀਬੀ ਨੂੰ ਪੁੱਛਿਆ।ਭੈਣੇ ਮੈ ਤਾਂ ਆਪਣੀਆਂ ਧੀਆਂ ਕੋਲ ਕਨੇਡਾ ਗਈ ਸੀ। ਦੋ ਮਹੀਨੇ ਲਾ ਆਈ। ਹੁਣ ਸਾਲ ਸੋਖਾ ਲੰਘ ਜੂ। ਏਥੇ ਕੱਲੀ ਦਾ ਜੀ ਵੀ ਨਹੀ ਲੱਗਦਾ। ਰੱਬ ਨੇ ਮੁੰਡਾ ਦਿੱਤਾ ਹੁੰਦਾ ਤਾਂ ਬੁਢਾਪਾ ਸੋਖਾ ਕੱਟ ਲੈੱਦੀ। ਪਰ ਭਾਈ ਮੇਰੀਆਂ ਤਾਂ ਕੁੜੀਆਂ ਹੀ ਮੁੰਡਿਆਂ ਤੋ ਵੀ ਵੱਧ ਹਨ। ਸਵੇਰੇ ਸਾਮ ਫੋਨ ਕਰਦੀਆਂ ਹਨ। ਸੋਹਣੀ ਜਿਹੀ ਮਾਈ ਦਾ ਜਬਾਬ ਸੁਣ ਕੇ ਦੂਜੀਆਂ ਨੇ ਵੀ ਚੰਗਾ ਹੈ ਆਖਕੇ ਹੂੰਗਾਰਾ ਭਰਿਆ। ਭੈਣੇ ਸੋਡੇ ਸੁਣਾਓ। ਕੀ ਹਾਲ ਹੈ। ਕੋਈ ਨਵੀ ਤਾਜੀ । ਤੂੰ ਸੁਣਾ ਭੈਣੇ ਕੀ ਹਾਲ ਹੈ ਤੇਰੇ ਮੁੰਡੇ ਦਾ? ਕੁਝ ਸੁਧਰਿਆ ਕੇ ਓਹੀ ਰੰਡੀ ਰੋਣਾ ਚੱਲੀ ਜਾਂਦਾ ਹੈ? ਉਸਨੇ ਕਰੀਮ ਸੂਟ ਆਲੀ ਮਾਈ ਨੂੰ ਪੁਛਿਆ।

ਬਸ ਭੈਣੇ ਕੀ ਦੱਸਾਂ? ਮੁੰਡਾ ਨਸaੇ ਨੇ ਖਾ  ਲਿਆ ਤੇ ਨੂੰਹ ਊਂ ਕਪੱਤੀ ਹੈ। ਬਸ ਓਹੀ ਕਾਟੋ ਕਲੇਸa ਰਹਿੰਦਾ ਹੈ। ਜਿੱਦੇ ਮੈਨੂੰ ਕਿਰਾਇਆ ਮਿਲੂ ਕੋਠੀ ਦਾ  ਉਸ ਦਿਨ ਤਾਂ ਮਾਂ ਜੀ ਮਾਂ ਜੀ ਕਰੂ। ਫਿਰ ਬਹਾਨੇ ਜਿਹੇ ਨਾਲ ਪੈਸੇ ਲੈ ਲੈਂ  ਕੇ  ਸਾਰਾ ਮਹੀਨਾ ਕੁੱਤੇ ਲਕਾਉੱਦੀ ਹੈ। ਬਸ ਵਾਗੁਰੂ ਵਾਗਰੂ ਕਰਕੇ ਟੈਮ ਪਾਸ ਕਰੀਦਾ ਹੈ।ਨਾ ਕਦੇ ਪੁਛੇ ਮਾਤਾ ਤੇਰਾ ਕੀ ਦੁੱਖਦਾ ਹੈ । ਰੋਟੀ ਖਾ ਲਈ ਕੇ ਨਹੀ ? ਪਕਾ ਕੇ ਰੱਖ ਦਿੰਦੀ ਹੈ ਜਦੋ ਕਾਲਜਾ ਡੁੱਬਦਾ ਹੈ ਮੈ ਆਪੇ ਕੱਢ ਕੇ ਖਾ ਲੈੱਦੀ ਹਾਂ। ਚੱਲ ਮਾਲਿਕਾ ਜਿਵੇ ਤੇਰੀ ਮਰਜੀ। ਕਹਿਕੇ ਮਾਈ ਨੇ ਸੱਜੇ ਹੱਥ ਦੀ ਤਲੀ ਨਾਲ ਅੱਖਾਂ ਚ ਆਇਆ ਪਾਣੀ ਪੂੰਝਿਆ।
ਨੀ ਨੰਜਾ ਨੰਬਰ ਆਲੀ ਨਹੀ ਆਈ ਅੱਜ ? ਠੀਕ ਤਾਂ ਹੈ ਉਹ? ਆਉੱਦੀ ਵੀ ਹੈ ਕਿ ਛੱਡ ਗਈ ਆਉਣਾ? ਮੈਨੂੰ ਤਾਂ ਕਨੇਡਾ ਬੈਠੀ ਨੂੰ ਵੀ ਓਹਦਾ ਸੰਸਾ ਲੱਗਿਆ ਰਿਹਾ। ਭੈਣ ਜੀ ਭੈਣ ਜੀ ਕਰਦੀ ਰਹਿੰਦੀ ਹੈ। ਮੈ ਤਾਂ ਉਥੇ ਬੈਠੀ ਨੇ ਵੀ ਇੱਕ ਦਿਨ ਓਹਦਾ ਫੂਨ ਮਿਲਾਇਆ। ਪਰ ਉਸਨੇ ਚੁੱਕਿਆ ਨਹੀ। ਤੇ ਫਿਰ ਮੈ ਉਸ ਦੀ ਕੁੜੀ ਨੂੰ ਫੂਨ ਤੇ ਹੀ ਪੁਛਿਆ। ਓਦੋ ਤਾਂ ਭਾਈ ਠੀਕ ਸੀ।ਅਜੇ ਉਹ ਦੱਸ ਹੀ ਰਹੀ ਸੀ ਕਿ ਨਾਲ ਦੀ ਬੋਲੀ  ਲੈ ਓੁਹ ਆਗੀ ਤੇਰੀ ਨੰਜਾ ਨੰਬਰ ਵਾਲੀ ਸਕੀ । ਤੇ ਸਾਰੀਆਂ ਉਧਰ ਝਾਕਣ ਲੱਗ ਪਈਆਂ।
ਕਈ ਦਿਨਾਂ ਦੀ ਕੋਈ ਕਹਾਣੀ ਨਹੀ ਸੀ ਲਿਖੀ ਮੈਂ । ਤੇ ਮੇਰੇ ਅੰਦਰ ਕਹਾਣੀ ਆਲਾ ਕੀੜਾ ਡੰਗ ਮਾਰ ਰਿਹਾ ਸੀ। ਘਰੇ ਵੀ ਕੋਈ ਕੰਮ ਨਹੀ ਸੀ । ਵਿਹਲੇ ਬੈਠੇ ਐਵੇ ਲੜਾਂਗੇ ਹੀ। ਸੋਚ ਕੇ ਮੈ ਅੱਜ ਸਾਮੀ ਘਰੋ ਨਿੱਕਲ ਕੇ ਮਾਡਲ ਟਾਊਣ ਵਾਲੇ ਪਾਰਕ ਚ ਆ ਗਿਆ ਸੀ। ਸੋਚਿਆ ਛੋਟਾ ਜਿਹਾ ਪਾਰਕ ਹੈ । ਲਗਭਗ ਸੁੰਨਸਾਨ ਜਿਹਾ ਹੀ ਹੁੰਦਾ ਹੈ।ਬਹੁਤੀ ਕਾਂਵਾਂਰੋਲੀ ਜਿਹੀ ਨਹੀ ਹੁੰਦੀ। ਸਾਂਤ ਚਿੱਤ ਹੋ ਕੇ ਕਿਸੇ ਕਹਾਣੀ ਬਾਰੇ ਸੋਚਾਂਗੇ।ਪਰ ਇੱਥੇ ਤਾਂ ਆਹ ਵਿਹਲੜ ਮਾਈਆਂ ਨੇ ਆਪਣਾ ਮਜਮਾਂ ਲਾਇਆ ਹੋਇਆ ਸੀ।ਅਖੇ ਜਦੋ ਘਰੇ ਚੈਨ ਨਾ ਹੋਵੇ ਤਾਂ ਬਾਹਰ ਵੀ ਨਹੀ ਮਿਲਦਾ। ਕਿਹੜੀ ਕਹਾਣੀ, ਇਹਨਾ ਦੀ ਤਾਂ ਆਪਣੀ ਰਾਮ ਕਹਾਣੀ ਨਹੀ ਮੁਕਣੀ। ਇਹ ਚਾਰ ਹੀ ਵਾਧੂ ਸਨ ਤੇ ਹੁਣ ਪੰਜਵੀ ਹੋਰ ਆਉਦੀ ਪਈ ਹੈ ਸੋਟੀ ਜਿਹੀ ਲਈ। ਹੁਣ ਇਹ ਆਪਣੀ ਕਥਾ ਸੁਣਾਊਗੀ।
ਚਲ ਮਨਾ ਚੱਲ ਕਿਤੇ ਹੋਰ ਡੇਰੇ ਲਾਉਣੇ ਹਾਂ।ਉਠਣ ਹੀ ਲੱਗਾ ਸੀ ਕਿ ਉਹ ਨੰਜਾ ਨੰਬਰ ਵਾਲੀ ਵੀ ਆ ਗਈ ਤੇ ਸਾਰਿਆਂ ਨਾਲ ਰਾਮ ਰਾਮ ਫਿਰ ਸੁਰੂ ਹੋ ਗਈ। ਸੋਚਿਆ ਚੱਲ ਬੈਠਾ ਰਹਿ ਚੁੱਪ ਕਰਕੇ ਇੱੱਥੇ ਹੀ। ਸੁਣ ਇਹਨਾ ਬੁੜੀਆਂ ਦੇ ਦੁੱਖੜੇ।ਮੁੰਡਿਆਂ ਖੁੰਡਿਆਂ ਤੇ ਜਵਾਨ ਕੁੜੀਆਂ ਦੀਆਂ ਗੱਲਾਂ ਤਾਂ ਬਥੇਰੀਆਂ ਸੁਣਦਾ ਹੈ ਕੰਨ ਲਾ ਲਾ ਕੇ। ਅੱਜ ਇਹਨਾ ਦੀਆਂ ਵੀ ਸੁਣ। ਕਈ ਵਾਰੀ ਕਿਸੇ ਮੋਲ ਜਾ ਪਾਰਕ ਵਿੱਚ ਜਾਈਏ ਤਾਂ ਬਥੇਰੇ ਜੋੜੇ ਖੜੇ ਹੁੰਦੇ ਹਨ ਚੋਲ ਮੌਲ ਕਰਦੇ ਤੇ ਉਹਨਾ ਦੀਆਂ ਸੁਨਣ ਦਾ ਵੀ ਮਜਾ ਆਉਦਾ ਹੈ।ਪਰ ਅੱਜ ਇੱਥੋ ਦਾ   ਚੁਗਲੀ ਪੁਰਾਣ ਵੀ ਕੋਈ ਘੱਟ ਮਜੇਦਾਰ ਨਹੀ ਸੀ।ਤੇ ਮੇਰੀ ਦਿਲਚਸਪੀ ਵੀ  ਇਹਨਾ  ਵਿੱਚ ਵੱਧ ਗਈ ਸੀ।
ਮਾਈ ਨੇ ਸੋਟੀ ਪਰੇ ਰੱਖ ਦਿੱਤੀ ਤੇ ਸਾਹੋ ਸਾਹ ਹੋਈ ਤੋ ਗੱਲ ਵੀ ਨਹੀ ਸੀ ਹੋ ਰਹੀ। ਪਰ ਐਨਕਾਂ ਵਾਲੀ ਨੁੰ ਦੇਖ ਕੇ ਮਾਈ ਦੇ ਚੇਹਰੇ ਤੇ ਰੋਣਕ ਜਿਹੀ ਆ ਗਈ ਤੇ ਉਹ ਬੈਠੀਆਂ ਬੈਠੀਆਂ ਹੀ ਘੁੱਟ ਕੇ ਮਿਲੀਆਂ । ਜਿਵੇ ਸਕੀਆਂ ਭੈਣਾਂ ਮੁਦਤਾਂ ਬਾਅਦ ਮਿਲੀਆਂ ਹੋਣ।
ਠੀਕ ਹੋ ਭੈਣ ਜੀ ਕਦੋ ਆਏ ਕਨੇਡੇ ਤੋਂ। ਕੁੜੀਆਂ ਤੇ ਜੁਆਕ ਠੀਕ ਸਨ ਸਾਰੇ? ਨੰਜਾ ਨੰਬਰ ਆਲੀ ਨੇ ਸਾਹ ਜਿਹਾ ਲੈ ਕੇ ਇੱਕਠੇ ਹੀ ਕਈ ਸਵਾਲ ਦਾਗ ਦਿੱਤੇ।
ਹਾਂ ਭੈਣੇ ਠੀਕ ਹਾਂ ਕਲ੍ਹ ਹੀ ਆਈ ਹਾਂ। ਤੇ ਮਖਿਆ ਸਾਰੀਆਂ ਸਹੇਲੀਆਂ ਨੂੰ ਮਿਲ ਆਵਾਂ । ਮੇਰਾ ਤਾਂ ਓਥੇ ਵੀ ਸੋਡੇ ਬਿਨਾ ਜੀ ਜਿਹਾ ਨਹੀ ਲੱਗਿਆਂ। ਕੁੜੀਆਂ ਕੰਮ ਤੇ ਚਲੀਆਂ ਜਾਂਦੀਆਂ ਸੀ ਤੇ ਮੈ ਕੱਲੀ ਹੀ ਹੁੰਦੀ ਸੀ ਸਾਰਾ ਦਿਨ।ਕੋਈ ਹਾਣ ਹੀ ਨਹੀ ਸੀ। ਹਾਣ ਨੂੰ ਹਾਣ ਹੀ ਪਿਆਰਾ ਹੁੰਦਾ ਹੈ। ਤੇ ਤੁਸੀ ਭੈਣ ਜੀ ਅੱਜ ਖਾਸਾ ਲੇਟ ਹੋ ਗਏ? ਕਨੇਡਾ ਵਾਲੀ ਨੇ ਬੜੇ ਸਲੀਕੇ ਜਿਹੇ ਨਾਲ ਨੰਜਾ ਨੰਬਰ ਵਾਲੀ ਨੂੰ ਪੁਛਿਆ।
ਕੀ ਦੱਸਾਂ ਭੈਣ ਜੀ ਨੂੰਹ ਜਦੋ ਦੀ ਰਟੈਰ ਹੋਈ ਹੈ ਘਰੇ ਘੱਟ ਹੀ ਟਿੱਕਦੀ ਹੈ। ਕਦੇ ਕੁੜੀ ਨੂੰ ਮਿਲਣ ਬੱਗਜੂ ਚੰਦੀਗੜ ਤੇ ਕਦੇ ਮੁੰਡੇ ਕੋਲ ਅੰਬਰਸਰ ਜਾ ਵੜਦੀ ਹੈ। ਫਿਰ ਰੋਟੀ ਟੁੱਕ ਵੀ ਤਾਂ ਕਰਨਾ ਹੋਇਆ।ਮੁੰਤਾ ਵੀ ਸaੈਕਲ ਚੁੱਕ ਕੇ ਬਾਹਰ ਚਲਾ ਜਾਂਦਾ ਹੈ ਅਖੇ ਬੀਜੀ ਮੈ ਕੰਮ ਚੱਲਿਆਂ ਹਾਂ। ਕੋਠੀ ਸੁੰਨੀ ਛੱਡ ਕੇ ਆਇਆ ਨਹੀ ਜਾਂਦਾ।ਬਸ ਕੱਲੀ ਹੀ ਹੁੰਦੀ ਹਾਂ ਸਾਰਾ ਦਿਨ।ਨਾ ਕਿਤੇ ਜਾਣਾ ਨਾ ਕੋਈ ਆਵੇ।ਉਸ ਨੇ ਆਪਣਾ ਦੁਖੜਾ ਰੋਇਆ।ਭੈਣ ਜੀ ਸੋਡੇ ਤਾਂ ਸੁਖ ਨਾਲ ਚਾਰ ਮੁੰਡੇ ਹਨ ਤੇ ਚਾਰੇ ਹੀ ਘਰੋਂ ਚੰਗੇ ਹਨ। ਮਹੀਨਾ ਮਹੀਨਾ ਲਾ ਆਇਆ ਕਰ। ਤੂੰ ਤਾਂ ਐਵੇ ਹੀ ਇੱਥੇ ਬੱਝੀ ਬੈਠੀ ਹੈ। ਕਦੇ ਕੁੜੀ ਕੋਲੇ ਮਿਲ ਆਇਆ ਕਰ ਚਾਰ ਦਿਨ। ਕਨੇਡਾ ਵਾਲੀ ਦੇ ਨਾਲ ਬੈਠੀ ਸੁਕੜ ਜਿਹੀ ਮਾਤਾ ਨੇ ਸਿੱਧੀ ਗੱਲ ਠਾਹ ਮਾਰੀ।
ਨਹੀ ਭੈਣੇ ਐਵੇ ਕਹਿਣ ਦੀਆਂ ਗੱਲਾਂ ਹਨ। ਕੋਈ ਨਹੀ ਚਾਰ ਦਿਨ ਰੱਖਦਾ ਆਵਦੇ ਕੋਲ। ਹਰ ਇੱਕ ਦੀ ਆਪਣੀ ਕਬੀਲਦਾਰੀ ਹੈ। ਕਦੇ ਕਿਸੇ ਨੇ ਸੁਲ੍ਹਾ ਨਹੀ ਮਾਰੀ ਕਿ ਬੀਜੀ ਚਾਰ ਦਿਨ ਸਾਡੇ ਕੋਲ ਵੀ ਰਹਿ ਜਾਉ।ਬਸ ਆਪਣੇ ਜੁਆਕ ਤੇ ਆਪਣੀਆਂ ਘਰਵਾਲੀਆਂ ਹੀ ਦਿੱਸਦੀਆਂ ਹਨ।ਜਦੋ ਇਹ ਨਹੀ ਪੁਛਦੇ ਤਾਂ ਜਵਾਈ ਨੂੰ ਕੀ ਆਖਾ ।ਉਹ ਕਿਹੜਾ ਭਲਾਮਾਨਸa ਹੈ।ਅੱਗ ਦੀ ਨਾਲ ਹੈ ਪੂਰਾ ।ਉਹ ਤਾਂ ਘਰੇ ਮਿਲਣ ਗਿਆਂ ਨੁੰ ਸਿੱਧਾ ਨਹੀ ਬੋਲਦਾ। ਵੱਡੇ ਛੋਟੇ ਦੀ ਭੋਰਾ ਸੰਗ ਨਹੀ ਕਰਦਾ।ਤੇ ਕਲੇਸ ਤੋ ਡਰਦੀ ਕੁੜੀ ਵੀ ਚੁੱਪ ਕਰ ਜਾਂਦੀ ਹੈ। ਪਹਿਲਾ ਪਹਿਲਾਂ ਤਾਂ ਮੈ ਮਹੀਨਾ ਮਹੀਨਾ ਧੀ ਕੋਲੇ ਲਾ ਆਉਂਦੀ ਸੀ। ਪਰ ਕਈ ਸਾਲਾਂ ਦਾ ਹੁਣ ਜਵਾਈ ਵੀ ਤੀਂਗੜਿਆ ਹੈ। ਕੁੜੀ ਨਾਲ ਵੀ ਕਲੇਸ ਕਰਦਾ ਹੈ।ਮੇਰੇ ਜਾਣ ਤੇ ਤਾਂ ਹੋਰ ਝੱਜੂ ਪਾਊ। ਜਦੋ ਢਿੱਡ ਦੇ ਜੰਮੇ ਹੀ ਮੂੰਹ ਫੇਰ ਗਏ ਤਾਂ ਮੈ ਬਿਗਾਨੇ ਪੁੱਤ ਨੁੰ ਕੀ ਦੋਸa ਦੇਵਾਂ। ਮੈ ਤਾਂ ਦੁਖੀ ਹਾਂ ਹੀ ਧੀ ਨੂੰ ਕਾਹਣੂ ਦੁੱਖੀ ਕਰਨਾ।ਪਰ ਕਹਿੰਦੇ ਇੱਕ ਪਾਸੇ ਤਾਂ ਪਈ ਪਈ ਰੋਟੀ ਵੀ ਸੜ੍ਹ ਜਾਂਦੀ ਹੈ।ਕੋਈ ਜਾਣ ਨੁੰ ਥਾਂ ਹੁੰਦੀ ਤਾਂ ਮੇਰਾ ਵੀ ਪਾਸਾ  ਥੱਲਿਆ ਜਾਂਦਾ।ਉਸ ਦਾ ਬੋਲਣਾ ਅਜੇ ਜਾਰੀ ਸੀ ।
ਚਲੋ ਨੀ ਆਪਾਂ ਇੱਕ ਗੇੜਾ ਤਾਂ ਲਾ ਹੀ ਆਈਏ ਇਹ ਗੱਲਾਂ ਤਾਂ ਮੁਕਣੀਆਂ ਨਹੀ ਜਿੰਨੀ ਦੇਰ ਜਿਉਂਦੀਆਂ ਹਾਂ।ਉਹ ਸੁਕੜ ਜਿਹੀ ਜਨਾਨੀ ਬੋਲੀ  ਤੇ ਚਾਰੇ ਪੰਜੇ ਉਠ ਕੇ ਪਾਰਕ ਦਾ ਗੇੜਾ ਲਾਉਣ ਚਲੀਆਂ ਗਈਆਂ।ਤੇ ਮੈਨੂੰ ਵੀ ਲੱਗਿਆ ਮੇਰੇ ਕਹਾਣੀ ਆਲੇ ਕੀੜੇ ਨੂੰ ਅੱਜ ਦੀ ਖੁਰਾਕ ਮਿਲ ਗਈ ਹੈ ।
ਰਮੇਸ਼ ਸੇਠੀ ਬਾਦਲ
9876627233

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਸ਼ੁਭ ਸਵੇਰ ਦੋਸਤੋ,
Next articleਪੁਸਤਕ ਸਮੀਖਿਆ: ਕੁਦਰਤ ਕਾਰੀਗਰ ਹੈ (ਕਾਵਿ ਸੰਗ੍ਰਹਿ)