ਅਣਜੰਮੀ ਦੀ ਕਹਾਣੀ

ਅਰਸ਼ਪ੍ਰੀਤ ਕੌਰ ਸਰੋਆ

(ਸਮਾਜ ਵੀਕਲੀ)

ਨੌਂ ਮਹੀਨੇ ਗਰਭ ‘ਚ’ ਰੱਖ
ਫੇਰ ਅੰਤ ਰੂੜੀ ਤੇ ਸੁੱਟੀ
ਮਿੱਟੀ ਹੇਠੋਂ ਭਰੂਣ ਏ ਲੱਭਾ
ਜਦ ਕਹੀ ਨੇ ਮਿੱਟੀ ਪੁੱਟੀ

ਕੂਲੇ ਚੰਮ ਨੂੰ ਮੂੰਹ ਵਿੱਚ ਭਰ
ਸੀ ਲੈ ਗਈ ਕਾਲੀ ਕੁੱਤੀ
ਧੀ ਮਰਵਾ ਕੇ ਨਰਸਾਂ ਕੋਲੋਂ
ਕਿਉਂ ਮਾਂ ਦੀ ਚੁੱਪ ਨਾਂ ਟੁੱਟੀ

ਕਈ ਸੁੱਟਦੇ ਨੇ ਘੜੇ ‘ਚ’ ਪਾ
ਕਈਆਂ ਨੂੰ ਜੁੜਦਾ ਕੋਈ ਕੰਢਾ
ਰੋ ਰੋ ਪਾਣੀ ਪਿਆ ਮਾਰੇ ਛੱਲਾਂ
ਭਾਵੇਂ ਉੱਪਰੋਂ ਹੋਵੇ ਉਹ ਠੰਢਾ

ਸਭ ਮਾਪਿਆਂ ਨੂੰ ਰੱਬ ਕਹਿ
ਨਾਂ ਰੱਬ ਨੂੰ ਬਦਨਾਮ ਕਰੋ
ਸਭ ਤਾਈਂ ਮੇਰੀ ਇਕੋ ਗੁਜ਼ਾਰਿਸ਼
ਨਾਂ ਭਰੂਣਾਂ ਦਾ ਤੁਸੀਂ ਨਾਸ਼ ਕਰੋ
ਨਾਂ ਨਵ ਜੰਮੀਆਂ ਮੌਤ ਹਵਾਲੇ ਕਰੋ

ਪੁੱਤਰਾਂ ਲਈ ਤੁਸੀਂ ਧੀਆਂ ਮਾਰਦੇ
ਲੋਕੋ! ਇਹ ਨਾਂ ਅੱਤਿਆਚਾਰ ਕਰੋ
ਧੀਆਂ ਪੁੱਤ ਤਾਂ ਰੱਬ ਦੀ ਦਾਤ ਹੁੰਦੇ
ਤੁਸੀਂ ਕੁਝ ਤਾਂ ਸੋਚ ਵਿਚਾਰ ਕਰੋ

ਜੋ ਪੁੱਤ ਲਈ ਧੀ ਨੂੰ ਕਤਲ ਕਰੇ
ਕਾਹਦੀਆਂ ਓਹੋ ਮਾਵਾਂ ਨੇ
ਮਾਂ ਬਿਨ ਵੀ ਕੋਈ ਪੀੜ ਨਾਂ ਜਾਣੇ
ਮੈਂ ਰੋਂਦੀ ਕਿਧਰ ਨੂੰ ਜਾਵਾਂ ਵੇ

ਜੱਗ ਹਨ੍ਹੇਰੀਆਂ ਰਾਤਾਂ ਵਰਗਾ
ਧੀ ਜਿਸ ਵਿਚ ਡੁੱਬਦੀ ਬੇੜੀ
ਬਹੁਤੀਆਂ ਧੀਆਂ ਇੱਥੇ ਦੁੱਖ ਭਰਦੀਆਂ
ਉਂਝ ਜੱਗ ਵਿਚ ਵੀ ਆ ਗਈ ਜਿਹੜੀ

ਮੈਂ ਅੱਖੀਂ ਹੁਣ ਤਾਂ ਦੇਖ ਲਿਆ
ਔਰਤ ਹੱਥੋਂ ਹੀ ਔਰਤ ਮਰਦੀ
ਕੁਝ ਕੁ ਉਦੋਂ ਬਚ ਜਾਂਦੀਆਂ
ਜਿਹੜੀ ਦਹੇਜੂ ਦਾ ਢਿੱਡ ਭਰਦੀ

ਜੇ ਪੁੱਤ ਨਸ਼ੇੜੀ ਨਿਕਲ ਜਾਵੇ
ਫੇਰ ਧੀਆਂ ਭਾਰ ਵੰਡਾਉਂਦੀਆਂ ਨੇ
ਲੋਕੋ ਪੁੱਤਰਾਂ ਤੋਂ ਵੱਧ ਧੀਆਂ ਹੀ
ਦੁੱਖ ਸੁੱਖ ਨਾਲ ਨਿਭਾਉਂਦੀਆਂ ਨੇ

ਕਾਨੂੰਨ ਦੀ ਨਜ਼ਰੇ ਸਭ ਬਰਾਬਰ
ਤੁਸੀਂ ਇਨ੍ਹਾਂ ਦਾ ਸਤਿਕਾਰ ਕਰੋ
ਧੀਆਂ ਨੂੰ ਜਿਓਣ ਦਾ ਹੱਕ ਦਿਓ ਤੇ
ਧੀਆਂ ਨੂੰ ਵੀ ਤਾਂ ਸਵੀਕਾਰ ਕਰੋ

ਬਸ! ਕਰੇ ‘ਪ੍ਰੀਤ’ ਅਰਜ਼ੋਈ ਲੋਕੋ
ਤੁਸੀਂ ਇਹ ਨਾਂ ਅੱਤਿਆਚਾਰ ਕਰੋ
ਪੁੱਤਰਾਂ ਦੇ ਲਈ ਨਾਂ ਨੂੰਹਾਂ ਲੱਭਣੀਆਂ
ਹੁਣ ਤਾਂ ਵਕਤ ਦੀ ਸੰਭਾਲ ਕਰੋ

ਧੀਆਂ ਪੁੱਤ ਹਨ ਦੋਵੇਂ ਅਣਮੋਲ
ਧੀਆਂ ਦੀ ਵੀ ਹੈ ਜੱਗ ਨੂੰ ਲੋੜ
ਇਕ ਜੀਅ ਨਾਲ ਦੱਸੋ ਕੀ ਆਊ ਤੋੜ
ਧੀਆਂ ਦੀ ਵੀ ਹੈ ਜੱਗ ਨੂੰ ਓਨੀ ਹੀ ਲੋੜ

ਅਰਸ਼ਪ੍ਰੀਤ ਕੌਰ ਸਰੋਆ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰੜੀ ਲੋਕ
Next articleਗ਼ਜ਼ਲ