ਹੰਝੂਆਂ ਦੀ ਕਥਾ : ਮਾਲਵਿੰਦਰ ਸ਼ਾਇਰ (ਗ਼ਜ਼ਲ ਸੰਗ੍ਰਹਿ)

(ਸਮਾਜ ਵੀਕਲੀ)

ਪੁਸਤਕ ਰੀਵਿਊ

ਮਾਲਵਿੰਦਰ ਸ਼ਾਇਰ, ਗ਼ਜ਼ਲ ਦੇ ‘ਸਕੇਲੀ ਮਾਪਦੰਡ’ ਦਾ ਪੂਰਾ ‘ਮਾਪਕ ਸ਼ਾਇਰ’ ਹੈ ਪਰ ਖ਼ਿਆਲ ਪੱਖੋਂ ਅਜੇ ਉਸਦੀਆਂ ਬਹੁਤੀਆਂ ਗ਼ਜ਼ਲਾਂ ਖ਼ਿਆਲੀ ਉਡਾਰੀ ਦੀਆਂ ਉੱਚਿਆਈਆਂ ਦੀ ਗਵਾਹੀ ਨਹੀਂ ਭਰਦੀਆਂ। ‘ਹੰਝੂਆਂ ਦੀ ਕਥਾ’ ਉਸਦਾ ਤਾਜ਼ਾ–ਤਰੀਨ ਗ਼ਜ਼ਲ–ਸੰਗ੍ਰਹਿ ਹੈ ਜਿਸ ਵਿੱਚ ਸ਼ਾਮਿਲ ਬਹੁਤੀਆਂ ਗ਼ਜ਼ਲਾਂ ਪਰੰਪਰਕ ਰੰਗਤ ਵਾਲ਼ੀਆਂ ਹਨ ਅਤੇ ਰਵਾਇਤੀ ਰੰਗਤ ਵਾਲ਼ੀਆਂ ਬਹੁਤੀਆਂ ਗ਼ਜ਼ਲਾਂ ਦਾ ਮਜ਼ਮੂਨ ਅੱਲੜ ਉਮਰ ਦਾ ਪਿਆਰ ਹੈ ਜਿਸ ਵਿੱਚ ਉਸ ਦੀ ਗ਼ਜ਼ਲ ਆਸ਼ਕ–ਮਾਸ਼ੂਕ ਦੇ ਰਵਾਇਤੀ ਇਸ਼ਕ, ਹਿਜਰ, ਵਸਲ, ਇੰਤਜ਼ਾਰ, ਵਾਇਦੇ, ਵਫ਼ਾ, ਬੇਵਫ਼ਾਈ ਆਦਿ ਤੋਂ ਅਗਾਂਹ ਕਦਮ ਨਹੀਂ ਪੁੱਟਦੀ।

ਕੋਈ ਸ਼ੱਕ ਨਹੀਂ ਕਿ ਇਸ਼ਕ ਮਜਾਜ਼ੀ ਹੋਵੇ, ਭਾਵੇਂ ਹਕੀਕੀ ਇਸ ਦ੍ਰਿਸ਼ਟਮਾਨ ਜਗਤ ਨੂੰ ਖ਼ੂਬਸੂਰਤ ਬਣਾਉਂਦੇ ਹਨ ਪਰ ਉਸ ਇਸ਼ਕ ਦੇ ਕਸੀਦੇ ਪੜ੍ਹੇ ਜਾਣੇ, ਮਹਿਬੂਬ ਤੋਂ ਅਗਾਂਹ ਦੇਖਣ ਤੋਂ ਇਨਕਾਰੀ ਹੋ ਜਾਣਾ ਮੱਧਕਾਲੀ ਕਾਵਿ ਦਾ ਸ਼ੋਭਾ ਤਾਂ ਬਣਦਾ ਹੈ ਪਰ ਆਧੁਨਿਕ ਸਮੇਂ ਵਿੱਚ ਅਜਿਹੀ ਬਿਰਤੀ ਨੂੰ ਪ੍ਰਸਤੁਤ ਕਰਨਾ ਪ੍ਰਸ਼ੰਸਾਮਈ ਨਹੀਂ। ਅਜੋਕੇ ਸਮੇਂ ਤਾਂ ਸਾਡੇ ਚੌਗਿਰਦੇ ਫ਼ੈਲਿਆ ਸੰਸਾਰ ਇੰਨਾ ਗੁੰਝਲ਼ਦਾਰ, ਪੇਚੀਦਾ ਹੋ ਗਿਆ ਹੈ ਕਿ ਜੇ ਅਸੀਂ ਇਸ ਦੀ ਇੱਕ–ਇੱਕ ਗੁੰਝਲ਼, ਇੱਕ–ਇੱਕ ਪੇਚ ਨੂੰ ਖੋਲ੍ਹਣ ਬਹਿ ਜਾਈਏ ਤਾਂ ਸੈਂਕੜੇ ਨਹੀਂ ਹਜ਼ਾਰਾਂ ਕਿਤਾਬਾਂ ਰਚੀਆਂ ਜਾਣ।

ਸੋ ਅਜੋਕੇ ਸਮੇਂ ਲੇਖਕ ਨੂੰ ਸਮਾਜਿਕ ਰੂਪ ਵਿੱਚ ਚੇਤੰਨ ਹੋ ਕੇ ਆਪਣੇ ਚੌਗਿਰਦੇ ਫ਼ੈਲੀਆਂ ਵਿਸੰਗੀਆਂ/ਸਮੱਸਿਆਵਾਂ /ਭੈੜਾਂ/ਬੁਰਾਈਆਂ/ਕੋਹਜ ਨੂੰ ਨੰਗਾ ਕਰਨਾ ਚਾਹੀਦਾ ਹੈ ਅਤੇ ਸਮਾਜਿਕ – ਰਾਜਨੀਤਿਕ, ਆਰਥਿਕ, ਮਾਨਸਿਕ, ਧਾਰਮਿਕ, ਸੱਭਿਆਚਾਰਕ ਗੁੰਝਲਾਂ ਨੂੰ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਇਸ ਦ੍ਰਿਸ਼ਟਮਾਨ ਜਗਤ ਨੂੰ ਹੋਰ ਖ਼ੂਬਸੂਰਤ ਬਣਾਇਆ ਜਾ ਸਕੇ। ਆਸ਼ਕ–ਮਾਸ਼ੂਕ ਤੱਕ ਮਹਿਦੂਦ ਸਾਹਿਤ ਦੋ ਜਣਿਆਂ ਦੀ ਜ਼ਿੰਦਗੀ ਨੂੰ ਤਾਂ ਖ਼ੂਬਸੂਰਤ/ਬੇਹਤਰੀਨ ਬਣਾ ਸਕਦਾ ਹੈ ਪਰ ਕੁੱਲ ਲੋਕਾਈ ਨੂੰ ਨਹੀਂ। ਸਾਹਿਤ ਦਾ ਧਰਮ ‘ਵਸੂਧੈਵਕੁਟੁੰਬਕਮ’ ਹੋਣਾ ਚਾਹੀਦਾ ਹੈ।

ਮਾਲਵਿੰਦਰ ਸ਼ਾਇਰ ਨੇ ਆਪਣੇ ਗ਼ਜ਼ਲ–ਸੰਗ੍ਰਹਿ ਵਿੱਚ ਜਿੱਥੇ ਵੀ ਲੋਕਾਈ ਦੀ, ਮਾਨਵਤਾ ਦੀ ਗੱਲ ਤੋਰੀ ਹੈ, ਉਹ ਬਹੁਤ ਸਿਫ਼ਤੀ ਹੈ। ਇਹ ਇੱਕ ਜੱਗ ਸੱਚਾਈ ਹੈ ਜਿਸਨੂੰ ਸ਼ਾਇਰ ਨੇ ਨਿਮਨਲਿਖਿਤ ਖ਼ੂਬਸੂਰਤ ਸ਼ਿਅਰ ਵਿੱਚ ਪਰੋਇਆ ਹੈ :
ਖ਼ੈਰੀਅਤ ਪੁਛਦੇ ਹਨ, ਯਾਰੋ ਮੇਰੇ ਯਾਰ
ਹੈਸੀਅਤ ਧਨ ਦੌਲਤ, ਪੁੱਛਣ ਰਿਸ਼ਤੇਦਾਰ। (ਪੰਨਾ 56)

‘ਹੌਕਾ ਜਾ ਤੂੰ’ ਅਤੇ ‘ਖ਼ਮੋਸ਼ ਪੰਨੇ ਆਖਦੇ’ ਇਹ ਗ਼ਜ਼ਲ ਨਾਲ਼ੋਂ ਵਧਕੇ ਹਜ਼ਲ ਹਨ ਕਿਉਂਕਿ ਇਨ੍ਹਾਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਜ਼ਰਾਫ਼ਤੀ/ਵਿਅੰਗਮਈ ਅੰਦਾਜ਼ ਵਿੱਚ ਅਜੋਕੀ ਭ੍ਰਿਸ਼ਟ ਰਾਜਨੀਤੀ ਅਤੇ ਰਾਜਨੇਤਾਵਾਂ ਦੇ ਬਖੀਏ ਉਧੇੜਦੇ ਹਨ ਅਤੇ ਅਜੋਕੀ ਰਸਾਤਲ ਵੱਲ੍ਹ ਜਾ ਰਹੀ ਸਮਾਜਿਕ ਸਥਿਤੀਆਂ ਨੂੰ ਬਿਆਂ ਕਰਦੇ ਹਨ। ਇਨ੍ਹਾਂ ਹਜ਼ਲਾਂ ਦਾ ਕੱਲਾ–ਕੱਲਾ ਸ਼ਿਅਰ ਦਾਦ ਮੰਗਦਾ ਹੈ :

‘ਹੌਕਾ ਜਾ ਤੂੰ’ ਭਰ–ਭੁਰ ਜਾਂਦਾ। ਭਖਦਾ ਮਸਲਾ ਠਰ–ਠੁਰ ਜਾਂਦਾ।
ਹੁੰਦੀ ਤੇਰੀ ਕੁੱਤੇਖਾਣੀ, ਮੇਰੀ ਹੁੰਦੀ ਮਰ–ਮਰ ਜਾਂਦਾ।
ਜਨਤਾ ਕਰ ਤੂੰ ਬਣਿਆ ਹਾਕਮ, ਕਿੱਥੇ ਹੁੰਦਾ ਹਰ–ਹੁਰ ਜਾਂਦਾ। (ਪੰਨਾ 48)
– – – –
ਖ਼ਮੋਸ਼ ਪੰਨੇ ਆਖਦੇ ਜਨਾਬ ਕੀ ਅਖ਼ਬਾਰ ਦੇ ?
ਹਰੇਕ ਸੱਜਣ ਪੁੱਛਦਾ ਬਿਆਨ ਕੀ ਸਰਕਾਰ ਦੇ ?
ਛਪੀ ਕਿਤੇ ਹੈ ਦੇਖ ਖ਼ਬਰ ਨੌਕਰੀ ਦੇ ਵਾਸਤੇ, ਕਿਹਾ ਕਿਸੇ ਕੀ ਹੱਕ ਵਿੱਚ ਕੁਝ ਬੇਰੁਜ਼ਗਾਰ ਦੇ।
ਕਿਸਾਨ ਤੇ ਮਜ਼ਦੂਰ ਦਾ ਭਲਾ ਕਿਸੇ ਨਾ ਸੋਚਿਆ, ਕਿ ਮੰਗਦੇ ਜਾਂ ਹੱਕ ਨਾਅਰੇ ਉਵੇਂ ਹੀ ਮਾਰਦੇ। (ਪੰਨਾ 32)
ਇਸ ਗ਼ਜ਼ਲ–ਸੰਗ੍ਰਹਿ ਦੇ ਕੁਝ ਹੋਰ ਖ਼ੂਬਸੂਰਤ ਸ਼ਿਅਰ ਪੜ੍ਹੋ :
ਜੇਕਰ ਝੁਕ ਕੇ ਹੱਥ ਮਿਲਾਉਂਦਾ, ਇਉਂ ਨਾ ਸਮਝੀਂ ਨੀਵਾਂ ਹਾਂ।
ਤੈਨੂੰ ਜੇ ਸਤਿਕਾਰ ਦਿਖਾਉਂਦਾ, ਇਉਂ ਨਾ ਸਮਝੀਂ ਨੀਵਾਂ ਹਾਂ। (ਪੰਨਾ 58)
* * * *
ਆਰੀ ਨੂੰ ਦੰਦੇ ਇੱਕ ਪਾਸੇ ਜੱਗ ਨੂੰ ਦੋਹੇ ਪਾਸੀਂ ਵਾਲ਼ੇ ਭਾਵ ਪਰਗਟ ਕਰਦੇ ਸ਼ਿਅਰ :
‘ਕੱਲਾ ਬਹਿ ਕੇ ਰੋਂਦਾ ਆਖਣ, ਜਾਂਦਾ ਦਰਦ ਲੁਕਾਈ।
ਸੱਥਾਂ ਦੇ ਵਿਚ ਜਾ ਕੇ ਰੋਂਦਾ, ਆਖਣ ਲੋਕ ਸ਼ੁਦਾਈ। (ਪੰਨਾ 66)
* * * *
ਜੀਵਨ ਜਿਊਣ ਦੀ ਅਦਾ ਭਾਵ ਨੂੰ ਪਰਗਟ ਕਰਦੇ ਸ਼ਿਅਰ :
ਸਭ ਦੇ ਆਪਣੇ ਚਾਅ ਹੁੰਦੇ ਨੇ।
ਜੀਵਣ ਦੇ ਜੋ ਭਾਅ ਹੁੰਦੇ ਨੇ।
ਰੰਗ–ਤਮਾਸ਼ੇ, ਮੌਜਾਂ, ਮੇਲੇ, ਸਭ ਹੀ ਡੰਗ ਟਪਾਅ ਹੁੰਦੇ ਨੇ। (ਪੰਨਾ 79)
– – – –
ਕੋਈ ਹਸਾ ਗਿਆ ਕੋਈ ਰੁਆ ਗਿਆ।
ਹਰ ਸ਼ਖ਼ਸ ਹੈ ਚਲੋ ਜੀਣਾ ਸਿਖਾ ਗਿਆ।
* * * *
ਸਿਆਸਤ ਪੈਰ ਘਰ ਜਦ ਦੇ ਧਰੇ ਨੇ।
ਛਿੜੇ ਝਗੜੇ ਸੁਖੀ ਵਸਦੇ ਘਰੇ ਨੇ। (ਪੰਨਾ 82)
* * * *
ਸ਼ੀਸ਼ਾ, ਤੇਰੇ ਚਿਹਰੇ ਦਾ ਦਸਦਾ ਹੈ ਹਾਲ।
ਸ਼ੀਸ਼ਾ, ਜੇਕਰ ਤੂੰ ਦੇਖੇਂਗਾ ਗੁਹ ਦੇ ਨਾਲ਼। (ਪੰਨਾ 81)
* * * *
ਸਲਾਹੀਅਤ ਭਾਵ ਨਾਲ਼ ਭਰੇ ਸ਼ਿਅਰ :
ਇਸ਼ਕ ‘ਚ ਝਲਣੇ ਪੈਂਦੇ ਨੇ ਨੁਕਸਾਨ ਬੜੇ।
ਹੋਣ ਖ਼ਤਾਂ ਦੇ ਵਿਚ ਚਾਹੇ ਗੁਣਗਾਨ ਬੜੇ।
– – – –
ਬੈਠਾ ਜਦ ਤੂੰ ਦਿਲ ਦੇ ਅੰਦਰ,
ਫਿਰ ਕਿਉਂ ਘਰ ਦੇ ਬੂਹੇ ਖਟਕਣ ? (ਪੰਨਾ 45)
– – – –
ਰਹੋਗੇ ਕਦ ਕੁ ਤਕ ਬੈਠੇ ਕਿ ਆਪਣੇ ਹੀ ਘਰਾਂ ਅੰਦਰ ?
ਜਦੋਂ ਉਹ ਵੜ ਗਏ ਆਖ਼ਿਰ ਤੁਹਾਡੇ ਹੀ ਦਰਾਂ ਅੰਦਰ। (ਪੰਨਾ 84)

ਸ਼ਾਇਰ ਦਾ ਨਿਮਨਲਿਖਿਤ ਸ਼ਿਅਰ ਇੱਕ ਬਹੁਤ ਵਧੀਆ ਚਿੰਤਨ–ਵਿਧੀ ਨੂੰ ਨੁਮਾਇਆ ਕਰਦਾ ਹੈ ਕਿ ਸਾਹਿਤਕਾਰ ਦੀ ਸ਼ਖ਼ਸੀਅਤ ਅਤੇ ਉਸਦਾ ਰਚਨਾ–ਸੰਸਾਰ ਵੱਖੋ–ਵੱਖਰੇ ਵਰਤਾਰੇ ਹਨ, ਇਸਨੂੰ ਰਲ਼ਗੱਡ ਨਹੀਂ ਕਰਨਾ ਚਾਹੀਦਾ :
ਮੇਰੇ ਕੋਲ਼ੋਂ ਤੂੰ ਕੀ ਲੈਣਾ, ਰੱਖ ਸਰੋਕਾਰ ਗ਼ਜ਼ਲ ਨਾਲ਼।
ਮੇਰੇ ਸਿਰ ‘ਦੇ ਨਾ ਹੈ ਅੰਬਰ, ਪੈਰਾਂ ਹੇਠ ਨਾ ਪਤਾਲ। (ਪੰਨਾ 62)

ਇਸ ਨਿਮਨਲਿਖਤ ਮੁਸਲਸਲ ਗ਼ਜ਼ਲ ਦੇ ਸਾਰੇ ਸ਼ਿਅਰਾਂ ਰਾਹੀਂ ਸ਼ਾਇਰ ਨੇ ਕਿਰਸਾਨੀ ਦੀ ਅਸਲ ਤਸਵੀਰ ਨੂੰ ਪਾਠਕਾਂ ਸਾਹਮਣੇ ਨੁਮਾਇਆ ਕੀਤਾ ਹੈ :
ਜਗ ਦੀ ਜਿਹੜਾ ਭੁੱਖ ਮਿਟਾਵੇ।
ਆਪ ਉਹ ਖ਼ੁਦ ਸਲਫਾਸਾਂ ਖਾਵੇ। (ਪੰਨਾ 89)

ਸ਼ਾਇਰ ਨੇ ਰਿਸ਼ਤਿਆਂ ਨੂੰ ਬਹੁਤ ਸੋਹਣੇ ਢੰਗ ਨਾਲ਼ ਅਤੇ ਤਾਰਕਿਕ ਵਿਧੀ ਨਾਲ਼ ਪੇਸ਼ ਕੀਤਾ ਹੈ। ਉਹ ਲਿਖਦਾ ਹੈ ਕਿ
ਮਰੇ ਉਹ ਵੀ ਨਹੀਂ ਜਿਉਂਦੇ ਅਸੀਂ ਵੀ,
ਮਰੇ ਆਪਸ ‘ਚ ਬਸ ਰਿਸ਼ਤੇ ਮਰੇ ਨੇ। (ਪੰਨਾ 82)

ਪਰ ਇਸ ਦੇ ਨਾਲ਼ ਹੀ ਉਹ ਦਮ ਤੋੜ ਰਹੇ ਜਾਂ ਤੋੜ ਗਏ ਰਿਸ਼ਤਿਆਂ ਦੀ ਮੁੜ–ਸਿਰਜਣਾ ਨੂੰ ਨਵੇਂ ਅਰਥ ਦਿੰਦਾ ਹੈ, ਜਦ ਉਹ ਲਿਖਦਾ ਹੈ ਕਿ
ਰੁੱਖ ਦੀ ਜੂਨ ‘ਚ ਆਵਾਂਗਾ ਸੁਣ।
ਜੜ੍ਹ ਤੇਰੇ ਘਰ ਲਾਵਾਂਗਾ ਸੁਣ। (ਪੰਨਾ 94)

ਮਾਲਵਿੰਦਰ ਸ਼ਾਇਰ ਨੇ ਕਈਂ ਥਾਈਂ ਪੁਰਾਣੇ ਖ਼ਿਆਲਾਂ ਨੂੰ ਹੀ ਬਹਿਰ ਵਿੱਚ ਬੰਨ੍ਹਿਆ ਹੈ। ਇਹ ਖ਼ਿਆਲ ਅਨੇਕ ਵਾਰ ਦੁਹਾਰਾਏ ਜਾ ਚੁੱਕੇ ਹਨ। ਅਜਿਹੇ ਖ਼ਿਆਲਾਂ ਨੂੰ ਹੋਰ ਮੁੜ–ਦੁਹਰਾਉਣ ਦੀ ਲੋੜ ਨਹੀਂ ਹੈ ਜਿਵੇਂ ਕਿ :
ਹਾਂ ਤਿਰਾ ਸੁਕਰਾਤ ਸੁਣ, ਪੀ ਲਵਾਂਗਾ ਜ਼ਹਿਰ ਮੈਂ। (ਪੰਨਾ 27)
ਜਾਂ
ਦੇ ਕੇ ਕੁਲਹਾੜੀ ਨੂੰ ਦਸਤਾ, ਬਿਰਖਾਂ ਜੇਡਾ ਜੇਰਾ ਰਖ ਦੇ। (ਪੰਨਾ 75)
ਜਾਂ
ਤੂਤ ਦਾ ਮੋਛਾ ਕਦੇ ਟੁੱਟਦਾ ਨਹੀਂ, ਇਸ ਤਰ੍ਹਾਂ ਮਜ਼ਬੂਤ ਸਜਣਾ ਯਾਰੀਆਂ। (ਪੰਨਾ 24)
ਜਾਂ
ਜਦ ਮਿਲੀ ਫ਼ਰਜ਼ਾਂ ਤੋਂ ਫੁਰਸਤ, ਗੀਤ ਕਰਾਂ ਲਿਖ ਤੈਨੂੰ ਅਰਪਿਤ। (ਪੰਨਾ 20

ਕਈ ਗ਼ਜ਼ਲਾਂ ਦੇ ਮਤਲੇ ਬਹੁਤ ਕਮਾਲ ਹਨ ਪਰ ਉਸ ਗ਼ਜ਼ਲ ਦੇ ਅਗਲੇ ਸ਼ਿਅਰ ਉਸ ਕਮਾਲ ਨੂੰ ਕਾਇਮ ਨਹੀਂ ਰੱਖ ਸਕੇ ਜਿਵੇਂ :
ਐ ਦਿਲ ! ਮੁਹੱਬਤ ਮਾਣਦੇ ਜੋ ਦਿਲਬਰਾਂ ਨਾਲ਼ ਸੁਣ।
ਮੋਹ ਨਾ ਕਦੇ ਉਹ ਪਾਲ਼ਦੇ ਆਪਣੇ ਘਰਾਂ ਨਾਲ਼ ਸੁਣ। (ਪੰਨਾ 43)

ਮਾਲਵਿੰਦਰ ਦੇ ਕਈ ਸ਼ਿਅਰ ਵਿਚਾਰ/ਵਿਚਾਰਧਾਰਾ ਪੱਖੋਂ ਊਣੇ ਜਾਪਣੇ ਹਨ ਜਾਂ ਉਨ੍ਹਾਂ ਵਿੱਚ ਵਿਚਾਰਧਾਰਾਈ ਕਾਣ ਨਜ਼ਰੀਂ ਪੈਂਦੀ ਹੈ। ਜਿਵੇਂ ਕਿ ਇੱਕ ਥਾਂ ਉਹ ਲਿਖਦਾ ਹੈ ਕਿ
ਪੁੱਤਰ ਹਾਂ ਕਿਰਸਾਨ ਦੇ, ਫਿਰਦੇ ਸਾਰੇ ਬੇਰੁਜ਼ਗਾਰ।
ਕੁਦਰਤ ਮਾਰਾਂ ਜਰ ਦੇ, ਮਾਰੇ ਕੁੱਝ ਸਰਕਾਰ। (ਪੰਨਾ 63)

ਖੇਤੀ ਆਪਣੇ ਆਪ ਵਿੱਚ ਇੱਕ ਜੌਬ ਹੈ, ਬਿਜ਼ਨਸ ਹੈ, ਸੋ ਜਿਹੜਾ ਕਿਸਾਨ ਪਰਿਵਾਰ ਵਿੱਚ ਜੰਮਿਆ ਹੈ ਉਹ ਬੇਰੁਜ਼ਗਾਰ ਨਹੀਂ ਹੈ। ਹਾਂ ਜੇ ਸ਼ਾਇਰ ਬੇਰੁਜ਼ਗਾਰੀ ਨੂੰ ਕੇਵਲ ਤੇ ਕੇਵਲ ਸਰਕਾਰੀ ਨੌਕਰੀ ਨਾਲ਼ ਜੋੜ ਕੇ ਵੇਖਦਾ ਹੈ ਤਾਂ ਫੇਰ ਮਸਲਾ ਵੱਖਰਾ ਹੈ। ਇਸੇ ਤਰ੍ਹਾਂ ਇੱਕ ਥਾਈਂ ਉਹ ਲਿਖਦਾ ਹੈ :

ਮਤਲਬ ਤਾਂ ਫਿਰ ਯਾਰੀ ਨਾ।
ਪੱਗ ਬਿਨਾਂ ਸਰਦਾਰੀ ਨਾ। (ਪੰਨਾ 73)

‘ਸਰਦਾਰੀ’ ਨੂੰ ਕੇਵਲ ਪੱਗ ਤੱਕ ਸੀਮਿਤ ਕਰਨ ਦੇਣ ਵਾਲ਼ੀ ਪਹੁੰਚ, ਉਚੇਰੀ ਸੋਚ ਦੀ ਲਖਾਇਕ ਨਹੀਂ। ਅਜੋਕੇ ਸਮੇਂ ਅਮਰੀਕਾ ਤੇ ਚੀਨ ਪੂਰੀ ਦੁਨੀਆ ‘ਤੇ ਸਰਦਾਰੀ ਕਾਇਮ ਕਰਦੇ ਜਾ ਰਹੇ ਹਨ ਪਰ ਉਨ੍ਹਾਂ ਦੇ ਸਾਰੇ ਵੱਡੇ ਬੰਦੇ ਮੋਨੇ ਹਨ ਭਾਵ ਪੱਗ ਨਹੀਂ ਬੰਨ੍ਹਦੇ।

ਮਾਲਵਿੰਦਰ ਦੇ ਇਸ ਗ਼ਜ਼ਲ–ਸੰਗ੍ਰਹਿ ਦੀ ਖ਼ੂਬਸੂਰਤੀ ਇਹ ਹੈ ਕਿ ਸ਼ਾਇਰ ਨੇ ਹਰੇਕ ਗ਼ਜ਼ਲ ਦੇ ਉੱਪਰ ਬਹਿਰ ਦਾ ਜ਼ਿਕਰ ਕੀਤਾ ਹੈ, ਰੁਕਨ ਬਾਰੇ ਦੱਸਿਆ ਹੈ ਜਿਵੇਂ ਕਿ ਬਹਿਰ – ਮੁਤੁਦਾਰਿਕ ਮੁਸੱਮਨ ਮਕਤੂਅ ਆਦਿ।

ਬਹੁਤ ਥਾਈਂ ਸ਼ਾਬਦਿਕ ਗ਼ਲਤੀਆਂ ਨਜ਼ਰੀਂ ਪੈਂਦੀਆਂ ਹਨ ਪਰ ਇਹ ਅਣਜਾਣੇ ਵਿੱਚ ਨਹੀਂ ਹੋਈਆਂ ਬਲਕਿ ਸ਼ਬਦ–ਰੂਪ ਅਤੇ ਸ਼ਬਦ–ਜੋੜ ਸਬੰਧੀ ਭੁਲੇਖੇ ਵਿੱਚੋਂ ਉਪਜੀਆਂ ਹਨ। ਜਿਵੇਂ ਕਿ ਕਲ਼ਮ (ਕਲਮ), ਰੌਦਾ (ਰੋਂਦਾ), ਖੂਨ (ਖ਼ੂਨ), ਪਲ਼ਕੀਂ (ਪਲਕੀਂ– ਭਾਵ ਪਲਕਾਂ ਉੱਤੇ), ਗੈਰਾਂ (ਗ਼ੈਰਾਂ), ਜਿੰਨ੍ਹਾਂ (ਜਿੰਨਾ–ਮਾਪਕ ਇਕਾਈ), ਸਿਖ਼ਾ (ਸਿਖਾ), ਸੂਖ਼ਮ (ਸੂਖਮ), ਸਖ਼ਸ਼ (ਸ਼ਖ਼ਸ), ਬਿਨ੍ਹਾਂ (ਬਿਨਾਂ–ਭਾਵ ਬਗ਼ੈਰ), ਬ੍ਰਿਹਾ (ਬਿਰਹਾ), ਹਾਲ਼ (ਹਾਲ), ਰੋਂਨਾ (ਰੋਨਾਂ), ਗਰੀਬੀ (ਗ਼ਰੀਬੀ), ਚਖ਼ (ਚਖ), ਭਖ਼ (ਭਖ), ਵਿਰਾਗ਼ (ਵਿਰਾਗ), ਖ਼ਾਰੇ (ਖਾਰੇ), ਮਿਜ਼ਾਜ਼ (ਮਿਜ਼ਾਜ) ਆਦਿ।

ਸ਼ਾਇਰ ਦੀ ਗ਼ਜ਼ਲ ਵਿੱਚ ਜ਼ਰਾਫ਼ਤ/ਵਿਅੰਗ/ਤਨਜ਼ ਦੀ ਘਾਟ ਵੀ ਰੜਕਦੀ ਹੈ। ਅਸਲ ਵਿੱਚ ਉਸ ਦੀਆਂ ਕ੍ਰਿਤਾਂ ਦੇ ਵਿਸ਼ੇ ਹੀ ਅਜਿਹੇ ਹਨ ਕਿ ਜਿਨ੍ਹਾਂ ਵਿਚ ਜ਼ਰਾਫ਼ਤ/ਵਿਅੰਗ/ਤਨਜ਼ ਲਈ ਥਾਂ ਬਣ ਹੀ ਨਹੀਂ ਸਕਦੀ। ਕੁਝ ਇੱਕ ਥਾਵਾਂ ਉੱਤੇ ਉਸ ਨੇ ਵਿਅੰਗ ਸਿਰਜਿਆ ਹੈ ਅਤੇ ਬਹੁਤ ਖ਼ੂਬਸੂਰਤੀ ਨਾਲ਼ ਸਿਰਜਿਆ ਹੈ।

ਸ਼ਾਇਰ ਵਿੱਚ ਵਿਅੰਗ ਸਿਰਜਣ ਦੀ ਯੋਗਤਾ ਹੈ ਪਰ ਗ਼ਜ਼ਲ ਦੇ ਸੰਦਰਭ ਵਿੱਚ ਉਸਦੀ ਇਸ ਵਿਧੀ ਪ੍ਰਤੀ ਵਿਸ਼ੇਸ਼ ਰੁਚੀ ਨਹੀਂ। ਮਾਲਵਿੰਦਰ ਦੀ ਸ਼ਾਇਰੀ ਵਿੱਚ ਨਵੀਨ ਪ੍ਰਤੀਕ/ਰੂਪਕ ਨਜ਼ਰੀਂ ਨਹੀਂ ਪੈਂਦੇ। ਬਿੰਬ–ਵਿਧਾਨ ਵੀ ਨਵੇਕਲੇ ਨਹੀਂ ਹਨ। ਬਹੁਤੀ ਸ਼ਬਦਾਵਲੀ ਵੀ ਪੁਰਾਤਨ ਰੰਗਤ ਵਾਲ਼ੀ ਹੈ। ਅਜੋਕੇ ਸਮੇਂ ਦੀ ਗ਼ਜ਼ਲ ਨੇ ਜਿਸ ਰੂਪ ਵਿੱਚ ਨਵੀਨ ਸ਼ਬਦਾਵਲੀ ਨੂੰ ਆਤਮਸਾਤ ਕੀਤਾ ਹੈ, ਮਾਲਵਿੰਦਰ ਸ਼ਾਇਰ ਦੀ ਸ਼ਾਇਰੀ ਅਜਿਹੇ ਨਵੀਨ ਤਜਰਬਿਆਂ ਤੋਂ ਵਿਰਵੀ ਹੈ। ਸ਼ਾਇਰ ਨੂੰ ਇਨ੍ਹਾਂ ਉਪਰੋਕਤ ਖੱਪਿਆਂ ਨੂੰ ਪੂਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਤਾਂ ਕਿ ਉਸ ਦੀ ਪੈਮਾਨੇ ਵਿੱਚ ਪੂਰੀ ਉਤਰਦੀ ਗ਼ਜ਼ਲ ਵਿਸ਼ੇ–ਪੱਖ ਤੋਂ ਵੀ ਕਮਾਲ ਸਿਰਜ ਕੇ ਅਜੋਕੇ ਸਮੇਂ ਦੇ ਮੋਢੇ ਨਾਲ਼ ਮੋਢਾ ਮੇਚ ਕੇ ਤੁਰ ਸਕੇ।

ਪੋਸਟ ਸਕਰਿਪਟ : ਮਾਲਵਿੰਦਰ ਸ਼ਾਇਰ ਦਾ ਸ਼ੁਕਰੀਆ ਜਿਨ੍ਹਾਂ ਨੇ ਆਪਣਾ ਗ਼ਜ਼ਲ–ਸੰਗ੍ਰਹਿ ‘ਹੰਝੂਆਂ ਦੀ ਕਥਾ’ ਅਤੇ ਆਪਣੀ ਬੇਟੀ ਸਿਮਰਜੀਤ ਕੌਰ ਬਰਾੜ ਦਾ ਹਾਇਕੂ–ਸੰਗ੍ਰਹਿ ‘ਮਨ ਅੰਦਰ ਪ੍ਰਕਾਸ਼’ ਉਚੇਚੇ ਤੌਰ ‘ਤੇ ਮੈਨੂੰ ਪਿਆਰ–ਭੇਟ ਵਜੋਂ ਡਾਕ ਰਾਹੀਂ ਭੇਜਿਆ। ਸ਼ੁਕਰਾਨਾ।

ਨਿੱਜੀ ਰੂਪ ਵਿੱਚ ਮੈਂ ਸ਼ਾਇਰ ਸਾਹਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਵਧੀਆ ਵਿਅੰਗਕਾਰ ਬਣ ਸਕਦੇ ਹਨ। ਜੇ ਉਹ ਆਪਣੀਆਂ ਕਾਵਿ–ਕ੍ਰਿਤਾਂ/ਗ਼ਜ਼ਲਾਂ ਵਿੱਚ ਥਾਂ–ਪੁਰ–ਥਾਂ ਵਿਅੰਗ ਵਿਧੀ ਦੀ ਵਰਤੋਂ ਕਰਨ ਤਾਂ ਸੋਨੇ ‘ਤੇ ਸੁਹਾਗੇ ਵਾਲ਼ੀ ਗੱਲ ਹੋ ਜਾਵੇਗੀ। ਬਾਕੀ ਉਹ ਆਧੁਨਿਕ ਸਮੇਂ ਦੀਆਂ ਗੁੰਝਲ਼ਾਂ, ਪੇਚੀਦਗੀਆਂ, ਖੰਡਿਤ ਮਨੁੱਖੀ ਪਛਾਣ ਦਾ ਸੰਕਟ, ਹੋਂਦ ਦਾ ਮਸਲਾ, ਰਿਸ਼ਤਿਆਂ ਪ੍ਰਤੀ ਅਲਗਾਵ, ਮੰਡੀ ਦਾ ਖਪਤ ਸੱਭਿਆਚਾਰ ਆਦਿ ਵਿਸ਼ਿਆਂ ਨੂੰ ਵੀ ਤਰਜ਼ੀਹ ਦੇਣ। ਮੈਂ ਕਾਮਨਾ ਕਰਦਾ ਹਾਂ ਕਿ ਉਨ੍ਹਾਂ ਦਾ ਅਗਲਾ ਗ਼ਜ਼ਲ–ਸੰਗ੍ਰਹਿ ਇਸ ਤੋਂ ਬਿਹਤਰੀਨ ਰੂਪ ਵਿੱਚ ਪਾਠਕਾਂ ਕੋਲ ਪਹੁੰਚੇ ਅਤੇ ਪੰਜਾਬੀ ਸਾਹਿਤ ਵਿੱਚ ਗਿਣਨਾਤਮਕ ਵਾਧੇ ਸਮੇਤ ਗੁਣਨਾਤਮਕ ਵਾਧਾ ਵੀ ਹੋਵੇ।
ਆਮੀਨ !

ਡਾ. ਸਵਾਮੀ ਸਰਬਜੀਤ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਚੰਦ, ਧਰਤੀ ਤੇ ਸੂਰਜ*
Next articleਗ਼ਜ਼ਲ