“ਕੰਪੈਸ਼ਨੇਟ ਜੌਬ”
*********
(ਸਮਾਜ ਵੀਕਲੀ) ਅੱਜ ਕਲ ਰੇਲਵੇ ਵਿੱਚ ਡੱਬੇ ਗਿਨਣ ਦੀ ਨੌਕਰੀ ਨਾਲ ਸੰਬੰਧਿਤ ਖ਼ਬਰ ਬੜੀ ਆ ਰਹੀ ਸੀ ਤਾਂ ਮੈਨੂੰ 15–20 ਸਾਲ ਪੁਰਾਣੀ ਇੱਕ ਘਟਨਾ ਯਾਦ ਆ ਗਈ,
ਪੇਸ਼ ਹੈ ਕਹਾਣੀ ਦੇ ਰੂਪ ਵਿੱਚ—-
ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਉਹ ਉੱਥੇ ਬੈਂਚ ਤੇ ਬੈਠੀ ਸੀ।ਇੱਕ ਕਾਪੀ ਤੇ ਇਕ ਪੈਨ ਉਸਦੇ ਹੱਥ ਵਿੱਚ ਫ਼ੜਿਆ ਹੋਇਆ ਸੀ। ਸੋਹਣੇ ਤਰੀਕੇ ਨਾਲ ਘਰੋਂ ਤਿਆਰ ਹੋਕੇ ਆਉਂਦੀ ।ਇੱਕ ਬੈਗ ਮੋਢਿਆਂ ਤੇ ਟੰਗਿਆ ਹੋਇਆ ਬਿਲਕੁਲ ਸਾਡੀ ਤਰ੍ਹਾਂ, ਜਿਵੇਂ ਅਸੀਂ ਸਾਰੀਆਂ ਮੈਡਮਾ ਨੌਕਰੀ ਤੇ ਆਉਂਦੀਆਂ ਹੁਦੀਆਂ ਸੀ ।ਉਸਦੀ ਨਜ਼ਰ ਪਲੇਟਫਾਰਮ ਤੇ ਟਿਕੀ ਰਹਿੰਦੀ। ਗੱਡੀ ਦੇ ਆਉਣ ਦੀ ਆਵਾਜ਼ ਸੁਣਦੇ ਸਾਰ ਉਹ ਅਪਣੀ ਕਾਪੀ ਤੇ ਪੈਨ ਖੋਲ ਕੇ ਤਿਆਰ ਹੋ ਜਾਂਦੀ।ਫ਼ਸਟਾਫ਼ਟ ਗੱਡੀ ਦਾ ਨਾਂ ਤੇ ਨੰਬਰ ਲਿਖਦੀ । ਗੱਡੀ ਦੇ ਸਾਰੇ ਡੱਬੇ ਗਿਣਦੀ ਤੇ ਕਾਪੀ ਤੇ ਨੋਟ ਕਰਦੀ।ਮੈਂ ਹਰ ਰੋਜ਼ ਆਉਂਦੇ ਜਾਂਦੇ ਉਸ ਨੂੰ ਦੇਖਦੀ ਪਰ ਬਹੁਤਾ ਗੌਰ ਨਾਂ ਕੀਤਾ। ਸਵੇਰੇ ਗੱਡੀ ਫੜਣ ਦੀ ਤੇ ਵਾਪਸੀ ਤੇ ਦੇਰ ਹੋਣ ਕਰਕੇ ਘਰ ਜਾਣ ਦੀ ਕਾਹਲੀ ਹੁੰਦੀ ਸੀ।
ਇੱਕ ਦਿਨ ਸਵੇਰੇ ਗੱਡੀ ਲੇਟ ਸੀ ਤੇ ਮੇਰਾ ਧਿਆਨ ਉਸ ਵੱਲ ਗਿਆ। ਉਹ ਮੁਸਤੈਦੀ ਨਾਲ ਪਲੇਟਫ਼ਾਰਮ ਵੱਲ ਤੱਕ ਰਹੀ ਸੀ।ਮੈਂ ਵਕਤ ਗੁਜਾਰਨ ਲਈ ਉਸ ਕੋਲ ਬੈਠ ਗਈ।ਉਹ ਮੈਨੂੰ ਦੇਖ ਕੇ ਮੁਸਕਰਾ ਪਈ ਜਿਵੇਂ ਮੇਰੀ ਕੁਲੀਗ ਹੋਵੇ।ਮੈਂ ਉਸਨੂੰ ਉਸ ਦਾ ਨਾਂ ਪੁੱਛਿਆ, ਕਹਿੰਦੀ “ਰਾਣੀ”।
ਮੈਂ ਕਿਹਾ ਤੁਸੀਂ ਇੱਥੇ ਹਰ ਰੋਜ ਕਿਉਂ ਬੈਠੇ ਹੁੰਦੇ ਹੋ?ਉਸਨੇ ਬੜੇ ਕਾਨਫੀਡੈਂਸ ਨਾਲ ਦੱਸਣਾ ਸ਼ੁਰੂ ਕੀਤਾ—-
ਮੈਂ ਇੱਥੇ ਨੌਕਰੀ ਕਰਦੀ ਹਾਂ। ਸਟੇਸ਼ਨ ਮਾਸਟਰ ਨੇ ਮੇਰੇ ਲਈ ਸਪੈਸ਼ਲ ਵਕੈਂਸੀ ਪੈਦਾ ਕੀਤੀ ਹੈ।ਜਦੋਂ ਪਰੋਵੇਸ਼ਨ ਪੂਰਾ ਹੋ ਗਿਆ ਤਾਂ ਡਿਊਟੀ ਬਦਲ ਦਿੱਤੀ ਜਾਵੇਗੀ। ਇਹ ਕਹਿ ਕਿ ਰੋਣ ਲੱਗ ਪਈ।ਚਾਹ ਵਾਲੇ ਨੇ ਦੇਖਿਆ ਤਾਂ ਉਸਨੂੰ ਚਾਹ ਦਾ ਕੱਪ ਫੜਾਇਆ ਤੇ ਮੈਨੂੰ ਗੱਲ ਸੁਨਣ ਲਈ ਇਸ਼ਾਰਾ ਕੀਤਾ। ਮੈਂ ਰਾਣੀ ਨੂੰ ਪਿਆਰ ਨਾਲ ਚੁੱਪ ਕਰਾਇਆ ਤੇ ਚਾਹ ਵਾਲੇ ਦੀ ਗੱਲ ਸੁਨਣ ਲੱਗੀ। ਚਾਹ ਵਾਲੇ ਨੇ ਦੱਸਿਆ–
ਇਹ ਚੰਗੇ ਪਰਿਵਾਰ ਵਿੱਚੋਂ ਹੈ।ਇਸ ਦਾ ਬੇਟਾ ਸਵੇਰੇ ਛੱਡ ਜਾਂਦਾ ਹੈ ।ਇਸ ਦਾ ਪਤੀ ਰੇਲਵੇ ਵਿੱਚ ਸੀ ਤੇ ਮਰ ਗਿਆ ਸੀ।ਇਸ ਨੂੰ ਨੌਕਰੀ ਲਈ ਅਪਲਾਈ ਕਰਨ ਨੂੰ ਕਿਹਾ ਗਿਆ ਸੀ।ਪਰ ਇਹ ਅਪਣਾ ਦਿਮਾਗੀ ਸੰਤੁਲਨ ਖੋਹ ਬੈਠੀ ਹੈ।ਹਰ ਰੋਜ ਸਟੇਸ਼ਨ ਮਾਸਟਰ ਨੂੰ ਅਪਣੀ ਨੌਕਰੀ ਬਾਰੇ ਪੁੱਛਣ ਆਉਂਦੀ ਰਹਿੰਦੀ ਸੀ ।ਆਖਿਰ ਵਿੱਚ ਸਟੇਸ਼ਨ ਮਾਸਟਰ ਨੇ ਇਸਦੇ ਡਾਕਟਰ ਨੂੰ ਦੱਸਿਆ ਤੇ ਉਸਦੀ ਸਲਾਹ ਨਾਲ ਇਸਨੂੰ ਇਹ ਡਿਊਟੀ ਦੇ ਦਿੱਤੀ ਗਈ।
ਜਦ ਤੱਕ ਰਾਣੀ ਨੇ ਚਾਹ ਪੀ ਲਈ ਤੇ ਉੱਥੇ ਹੀ ਫਿਰ ਮੇਰੇ ਨਾਲ ਬੈਠ ਗਈ ਤੇ ਬੜੇ ਆਰਾਮ ਨਾਲ ਅਪਣੇ ਪਰਿਵਾਰਿਕ ਮੈਂਬਰਾਂ ਦੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ।ਸੱਸ ਨਣਾਨ,ਦੇਵਰ ਜੇਠ ਸਾਰਿਆਂ ਵਾਰੇ ਇੰਝ ਗੱਲਾ ਕਰੇ ,ਲੱਗਦਾ ਹੀ ਨਹੀਂ ਸੀ ਕਿ ਇਸਨੂੰ ਕੋਈ ਦਿਮਾਗੀ ਪਰੋਬਲਮ ਹੈ।
ਜਦ ਤੱਕ ਗੱਡੀ ਦੀ ਅਨਾਊਂਸਮੈਂਟ ਹੋ ਗਈ ਤੇ ਰਾਣੀ ਮੁੜ ਅਪਣੇ ਮੋਡ ਵਿੱਚ ਆ ਗਈ ਤੇ ਕਾਪੀ ਪੈਨ ਕੱਢ ਲਿਆ। ਮੈਂ ਵੀ ਗੱਡੀ ਫੜੵਣ ਲਈ ਰਾਣੀ ਤੋਂ ਵਿਦਾ ਲੈ ਲਈ ।
ਬਲਰਾਜ ਚੰਦੇਲ ਜਲੰਧਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ