HOME    ਸਿਆਸਤ  ਦੇ ਦਾਅ ਪੇਚ

   ਸਿਆਸਤ  ਦੇ ਦਾਅ ਪੇਚ

1
ਮੋਹਨ  ਸ਼ਰਮਾ

 ( ਮੋਹਨ  ਸ਼ਰਮਾ)

ਬੌਧਿਕਤਾ,ਵਫਾਦਾਰੀ, ਸਮਰਪਿਤ ਭਾਵਨਾ ਅਤੇ ਹਕ-ਸਚ ਦੀ ਗਲ
ਕਰਨ ਵਾਲੇ ਦਾ
ਸਿਆਸਤ  ਨਾਲ
ਦੂਰ ਦਾ ਵਾਸਤਾ ਹੁੰਦਾ ਹੈ ।
ਵਿਦਿਅਕ ਯੋਗਤਾ ਦੀਆਂ ਡਿਗਰੀਆਂ ਵੀ
ਸਿਆਸਤ ਦੀ ਗਰਦ ਨਾਲ
ਬੇਪਹਿਚਾਣ ਹੋ ਜਾਂਦੀਆਂ ਨੇ ।
ਸਿਆਸੀ ਪਗਡੰਡੀ ਤੇ ਚੱਲਦਿਆਂ
‘ਗਧੇ’ ਨੂੰ ‘ਲੇਲਾ’ ਅਤੇ
ਲੇਲੇ ਨੂੰ ‘ ਊਠ’
ਕਹਿਣ ਦੀ ਜਾਚ
ਆਉਣੀ ਚਾਹੀਦੀ ਹੈ ।
ਜੇ ਕੋਈ ਸਾਹਮਣੇ ਖੜੋਕੇ
ਸਵੈਮਾਣ ਦੀ ਗਲ ਕਰਦਾ ਹੈ,
ਸਿਆਸੀ ਵਿਅਕਤੀ ਦੀਆਂ
ਕਮਜੋਰੀਆਂ ਤੇ ਹਥ
ਧਰਦਾ ਹੈ
ਤਾਂ ਉਸ ਹਥ ਨੂੰ
ਨਿਕਾਰਾ ਕਿੰਜ ਕਰਨਾ ਹੈ ,
ਉਸਦੇ ਸਵੈਮਾਣ ਨੂੰ
ਪੈਰਾਂ ਵਿੱਚ  ਕਿੰਜ
ਮਧੋਲਣਾ ਹੈ,
ਅਗੇ ਵਧਣ ਵਾਲੇ ਨੂੰ
ਠਿੱਬੀ ਕਿੰਜ ਲਾਉਣੀ ਹੈ
ਇਹ ਯੋਗਤਾ ਦੇ
ਗੁਣਾਂ ਵਾਲਾ ਹੀ
ਆਪਣਾ ਸਿਆਸੀ ਕਦ
ਉਚਾ ਰਖ ਸਕਦਾ ਹੈ ।
ਹਾਂ,ਜਿਹਦੀ ਹੋਂਦ
ਅਤੇ ਅਸ਼ੀਰਵਾਦ ਨਾਲ
ਸਿਆਸਤ ਦੀ ਪੌੜੀ ਦੇ
ਕਈ ਡੰਡਿਆਂ ਤੇ
ਚੜਿਆ ਹੈ
ਸਮਾਂ ਆਉਣ ਤੇ
ਉਸ ‘ ਆਕਾ ‘ ਨੂੰ ਵੀ
ਪੈਰਾਂ ਹੇਠ ਮਧੋਲਣ ਦੇ
ਦਾਅ-ਪੇਚ ਵੀ
ਸਿੱਖਣੇ ਜਰੂਰੀ ਨੇ ।
ਆਪਣੀ ਜਮੀਰ ਨੂੰ
ਤਿਲਾਂਜਲੀ ਦੇਣੀ ਵੀ
ਸਿਆਸੀ ਸਫਰ ਦਾ
ਹਿਸਾ ਹੈ ।
ਇਹ ਸਭ ਕੁਝ ਤੋਂ ਵਾਂਝਾ
ਰਹਿਣ ਵਾਲਾ ਵਿਅਕਤੀ, ਸਿਆਸੀ ਖੇਤਰ ਵਿੱਚ
ਹਮੇਸ਼ਾ ਹੀ ਊਣਾ ਰਹੇਗਾ ।
ਉਸਨੂੰ ਬੌਧਿਕਤਾ, ਵਫਾਦਾਰੀ
ਅਤੇ ਸਮਰਪਿਤ ਭਾਵਨਾ
ਕਿਸੇ ਹੋਰ ਢੰਗ ਨਾਲ
ਸਮਾਜ ਨੂੰ
ਸਮਰਪਿਤ ਕਰ ਦੇਣੀ
ਚਾਹੀਦੀ ਹੈ ।

Previous articleਮੇਰੀਆਂ ਮਾੜੀਆਂ ਆਦਤਾਂ-
Next articleਕਹੋ ਉਨ੍ਹਾਂ ਨੂੰ – ਡਾ. ਮੇਹਰ ਮਾਣਕ