ਬੰਗਾ (ਸਮਾਜ ਵੀਕਲੀ): ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਖਟਕੜ ਕਲਾਂ ਨੂੰ ਬਸੰਤੀ ਰੰਗ ਵਿੱਚ ਰੰਗਣ ਦੇ ਦਿੱਤੇ ਸੱਦੇ ਮਗਰੋਂ ਪੂਰਾ ਸੂਬਾ ਪੱਬਾਂ ਭਾਰ ਹੈ। ਇਸ ਕੌਮੀ ਜਜ਼ਬੇ ਦਾ ਹਿੱਸਾ ਬਣਦਿਆਂ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਆਪਣੇ ਪਹਿਰਾਵੇ ਵਿੱਚ ਬਸੰਤੀ ਰੰਗ ਸ਼ਾਮਲ ਕਰ ਕੇ ਪੁੱਜਣਗੇ। ਇਸ ਦੇ ਨਾਲ ਹੀ ਵਾਹਨਾਂ ਉੱਤੇ ਵੀ ਬਸੰਤੀ ਰੰਗ ਦੇ ਝੰਡੇ ਲਹਿਰਾਉਣਗੇ। ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਸਮਾਰਕ ਨੂੰ ਬਸੰਤੀ ਰੰਗ ਦੇ ਫੁੱਲਾਂ ਅਤੇ ਵੇਲ ਬੂਟੀਆਂ ਨਾਲ ਸਜਾਇਆ ਗਿਆ ਹੈ। ਹਲਫ਼ਦਾਰੀ ਸਮਾਗਮ ਲਈ ਲਾਏ ਸ਼ਮਿਆਨੇ ਵਿੱਚ ਵੀ ਬਸੰਤੀ ਰੰਗ ਭਾਰੂ ਹੈ। ਪੰਡਾਲ ਦੇ ਚੁਫੇਰੇ ਬਸੰਤੀ ਰੰਗ ਦੇ ਝੰਡੇ ਆਜ਼ਾਦੀ ਦੀ ਉਡਾਰੀ ਦਾ ਪ੍ਰਤੀਕ ਬਣਨਗੇ। ਬਸੰਤੀ ਰੰਗ ਦੀਆਂ ਪੱਗਾਂ ਅਤੇ ਦੁਪੱਟਿਆਂ ਵਿੱਚ ਨੌਜਵਾਨ ਵਰਗ ਜਵਾਨੀ ਉਮਰੇ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ ਦੇ ਜੀਵਨ ਸੰਘਰਸ਼ ਲਈ ਅਦਬ ਪੇਸ਼ ਕਰੇਗਾ। ਦੱਸ ਦੇਈਏ ਕਿ ਪਿੰਡ ਖਟਕੜ ਕਲਾਂ ਵਿੱਚ ਇਸ ਤੋਂ ਪਹਿਲਾਂ ਵੀ ਕਈ ਸਿਆਸੀ ਧਿਰਾਂ ਵੱਡੀਆਂ ਰੈਲੀਆਂ ਕਰ ਚੁੱਕੀਆਂ ਹਨ। ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਵਿਛੋੜੇ ਮਗਰੋਂ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਗਠਨ ਦਾ ਐਲਾਨ ਇਸੇ ਸ਼ਹੀਦੀ ਸਮਾਰਕ ਤੋਂ ਕੀਤਾ ਸੀ।
ਨਵੀਂ ਵਜ਼ਾਰਤ 19 ਮਾਰਚ ਨੂੰ ਲਏਗੀ ਹਲਫ਼
ਭਗਵੰਤ ਮਾਨ ਦੀ ਅਗਵਾਈ ’ਚ ਬਣਨ ਵਾਲੀ ਨਵੀਂ ਸਰਕਾਰ ਦੇ ਮੰਤਰੀ 19 ਮਾਰਚ ਨੂੰ ਹਲਫ਼ ਲੈਣਗੇ। ਇਸ ਦਿਨ ਅੱਧਾ ਦਰਜਨ ਦੇ ਕਰੀਬ ਮੰਤਰੀ ਸਹੁੰ ਚੁੱਕਣਗੇ। ਇਨ੍ਹਾਂ ਮੰਤਰੀਆਂ ਵਿੱਚ ਦੂਜੀ ਵਾਰ ਜਿੱਤ ਹਾਸਲ ਕਰਨ ਵਾਲੇ ਵਿਧਾਇਕਾਂ ਦੇ ਨਾਮ ਸ਼ਾਮਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਸਮੁੱਚੇ 117 ਵਿਧਾਇਕਾਂ ਨੂੰ 17 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਸਹੁੰ ਚੁੱਕਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly