HOME ਮਨ ਦੀਆਂ ਭਾਵਨਾਵਾਂ ਦਰਸਾਉਂਦੀਆਂ ਕਵਿਤਾਵਾਂ- ਰੂਹ ਦੇ ਜਜ਼ਬਾਤ”

ਮਨ ਦੀਆਂ ਭਾਵਨਾਵਾਂ ਦਰਸਾਉਂਦੀਆਂ ਕਵਿਤਾਵਾਂ- ਰੂਹ ਦੇ ਜਜ਼ਬਾਤ”

3

                       
ਪੁਸਤਕ ਦਾ ਨਾਂ –      ਰੂਹ ਦੇ ਜਜ਼ਬਾਤ
ਸੰਪਾਦਕ –              ਇਕਬਾਲ ਸਿੰਘ ਸਹੋਤਾ
ਪੰਨੇ –                     265 ਕੀਮਤ – ਦਰਜ ਨਹੀਂ
ਪ੍ਰਕਾਸ਼ਕ –              ਮਾਨਸਰੋਵਰ ਪਬਲੀਕੇਸ਼ਨਜ਼,ਰਾਜਸਥਾਨ
ਰਿਵਿਊਕਾਰ –          ਤੇਜਿੰਦਰ ਚੰਡਿਹੋਕ

 

ਤੇਜਿੰਦਰ ਚੰਡਿਹੋਕ

  (ਸਮਾਜ ਵੀਕਲੀ)   ਪੁੰਗਰਦੇ ਲੇਖਕਾਂ ਭਾਵੇਂ ਉਹ ਕਵੀ ਹੋਣ ਜਾਂ ਕਹਾਣੀਕਾਰ, ਨੂੰ ਪ੍ਰਫੁੱਲਤ ਕਰਨ ਲਈ ਸਾਂਝੇ ਸੰਗ੍ਰਹਿਆਂ ਦਾ ਪ੍ਰਕਾਸ਼ਿਤ ਕਰਨਾ ਚੰਗਾ ਉਪਰਾਲਾ ਹੈ। ਜਿਹੜੇ ਲੇਖਕ ਪੁਸਤਕ ਨਹੀਂ ਛਪਾਣਾ ਚਾਹੁੰਦੇ ਜਾਂ ਛਪਾਉਣ ਤੋਂ ਅਸਮਰਥ ਹੁੰਦੇ ਹਨ, ਉਹਨਾਂ ਲਈ ਵਧੀਆ ਪਲੇਟਫਾਰਮ ਹੈ। ਅੱਜ ਦੇ ਸਮੇਂ ਕਾਫੀ ਸਾਂਝੇ ਸੰਗ੍ਰਹਿ ਪ੍ਰਕਾਸ਼ਿਤ ਹੋ ਰਹੇ ਹਨ।
ਜੇਕਰ ਹਥਲੇ ਸਾਂਝੇ ਕਾਵਿ ਸੰਗ੍ਰਹਿ ਦੀ ਗੱਲ ਕਰੀਏ ਤਾਂ ਇਹ ਕਾਵਿ ਸੰਗ੍ਰਹਿ ” ਰੂਹ ਦੇ ਜਜ਼ਬਾਤ” ਇਕਬਾਲ ਸਿੰਘ ਸਹੋਤਾ, ਸੂਦ ਵਿਰਕ ਅਤੇ ਰਵਿੰਦਰ ਭਾਰਤੀਯ ਦੀ ਸੰਪਾਦਕੀ ਮੰਡਲ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਵਿਚ ਕਰੀਬ ਇਕਾਹੱਟ ਕਵੀਆਂ ਦੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਆਦਿ ਸ਼ਾਮਲ ਕੀਤੇ ਗਏ ਹਨ। ਵਿਦਵਾਨਾਂ ਅਤੇ ਅਕਾਦਮੀ ਦੇ ਮੈਂਬਰਾਂ ਵਲੋਂ ਆਪੋ ਆਪਣੇ ਵਿਚਾਰ ਅਤੇ ਸੰਦੇਸ਼ ਵਿਅਕਤ ਕੀਤੇ ਗਏ ਹਨ। ਇਸ ਪੁਸਤਕ ਦੀ ਖੂਬੀ ਇਹ ਹੈ ਕਿ ਪੁਸਤਕ ਵਿਚ ਕਵੀਆਂ ਦੀਆਂ ਰਚਨਾਵਾਂ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਅਤੇ ਸਾਹਿਤਕ ਜਾਣਕਾਰੀ ਵੀ ਛਾਪੀਆਂ ਹਨ।
ਪੁਸਤਕ ਵਿਚਲੇ ਸਾਰੇ ਕਵੀਆਂ ਨੇ ਆਪਣੇ ਮਨ ਦੇ ਅੰਤਰੀਵ ਭਾਵਾਂ ਨੂੰ ਕਾਵਿ ਰੂਪ ਪਾਠਕਾਂ ਦੇ ਸਨਮੁੱਖ ਰੱਖੇ ਹਨ। ਕਵਿਤਾਵਾਂ ਵਿਚ ਵੱਖ ਵੱਖ ਵਿਸ਼ੇ, ਭਾਵਨਾਵਾਂ, ਪਹਿਲੂਆਂ ਅਤੇ ਜਜ਼ਬਾਤਾਂ ਨੂੰ ਪੇਸ਼ ਕੀਤਾ ਗਿਆ ਹੈ। ਸਮੁੱਚੇ ਰੂਪ ਵਿੱਚ ਇਸ ਸਾਂਝੇ ਕਾਵਿ ਸੰਗ੍ਰਹਿ ਨੂੰ ਪੜ੍ਹਦਿਆਂ ਇਹਨਾਂ ਕਵਿਤਾਵਾਂ ਵਿਚ ਮਨੁੱਖਤਾ ਦੇ ਦੁਸ਼ਮਣ, ਮਿਠਾਸ, ਪਿਆਰ, ਚੜ੍ਹਦੇ ਲਹਿੰਦੇ ਪੰਜਾਬੀਆਂ ਦੀਆਂ ਯਾਦਾਂ, ਪਾਖੰਡ, ਸਮੇਂ ਦਾ ਬਦਲਦੇ ਰਹਿਣਾ, ਮਤਲਬ ਪ੍ਰਸਤ ਰਿਸ਼ਤੇ, ਬਜ਼ੁਰਗਾਂ ਦੀ ਸਾਂਭ ਸੰਭਾਲ, ਰੱਬ ਦਾ ਡਰ, ਹੌਸਲੇ, ਠੱਗੀ ਠੋਰੀ, ਧਾਰਮਿਕ ਕਵਿਤਾਵਾਂ, ਧੀਆਂ ਦੀ ਚਿੰਤਾ, ਮਾਂ ਰੱਬ ਦਾ ਰੂਪ, ਔਰਤ ਦਾ ਸੋਸ਼ਣ, ਵਾਤਾਵਰਨ , ਸਕੂਨ ਅਤੇ ਬਿਰਹੋਂ ਵਰਗੇ ਪਹਿਲੂਆਂ ਨੂੰ ਪੇਸ਼ ਕੀਤਾ ਗਿਆ ਹੈ।
ਪੁਸਤਕ ਵਿਚ ਪ੍ਰਤਾਪ ਪਾਰਸ ਗੁਰਦਾਸਪੁਰੀ ਹੁਰਾਂ ਆਪਣੀ ਗ਼ਜ਼ਲ ਵਿੱਚ ਤੁਰ ਗਏ ਸੱਜਣਾਂ ਦੀਆਂ ਯਾਦਾਂ ਨੂੰ ਸਮੇਟਦਿਆਂ ਸੱਜਣ ਦੇ ਮਿਲਣ ਦੀ ਤਾਂਘ ਅਤੇ ਵਿਛੋੜੇ ਦਾ ਸੱਲ ਆਪਣੇ ਗ਼ਜ਼ਲ ਵਿਚ ਸਮੋਇਆ ਹੈ। ਜਿਹੜੇ ਕਦੇ ਆਪਣੇ ਸੀ, ਉਹ ਬੇਗਾਨੇ ਹੋ ਗਏ। ਉਹਨਾਂ ਪਿਆਰ ਨੂੰ ਬਿਰਖ ਦੀ ਟਾਹਣੀ ਦੇ ਪ੍ਰਤੀਬਿੰਬ ਨਾਲ ਪੇਸ਼ ਕੀਤਾ ਹੈ। ਉਹਨਾਂ ਦਾ ਸ਼ਿਅਰ ਹੈ –
” ਇਹ ਟਾਹਣੀ ਜੋ ਪਿਆਰ ਦੀ ਸੁੱਕਦੀ ਜਾਂਦੀ ਹੈ,
ਕਦੇ ਸੀ ਹਰੀ ਕਚੂਰ ਉਹ ਯਾਦਾਂ ਰਹਿ ਗਈਆਂ। ” (ਪੰਨਾ 36)
ਰਵਿੰਦਰ ਭਾਰਤੀਯ ਨੇ ਆਪਣੇ ਸ਼ਿਅਰ ਵਿੱਚ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਦੀ ਗੱਲ ਕਰਦਿਆਂ ਕਿਹਾ ਹੈ ਕਿ ਸਾਡੇ ਗੁਰੂ ਪੀਰ ਫ਼ਕੀਰ ਸਾਨੂੰ ਪਾਖੰਡਾਂ ਤੋਂ ਬਚਣ ਦੀ ਗੱਲ ਕਰਦੇ ਸਮਝਾਉਂਦੇ ਹਨ ਪਰ ਪਾਖੰਡ ਵਿਕਸਤ ਹੋ ਰਿਹਾ ਹੈ ਅਤੇ ਮਨੁੱਖ ਇਸ ਵਿਚ ਉਲਝਦਾ ਜਾ ਰਿਹਾ ਹੈ। ਅੱਜ ਦੇ ਪੜ੍ਹੇ ਲਿਖੇ ਲੋਕ ਵੀ ਇਸ ਦੀ ਗ੍ਰਿਫ਼ਤ ਤੋਂ ਮੁਕਤ ਨਹੀਂ ਹੋ ਸਕੇ। ਉਸ ਦਾ ਸ਼ਿਅਰ ਦੇਖੋ –
” ਗੁਰੂਆਂ ਪੀਰਾਂ ਨੇ ਬਥੇਰਾ ਸਮਝਾਇਆ,
ਫਿਰ ਵੀ ਪਾਖੰਡ ਦਾ ਬੂਟਾ  ਨਾ ਗਿਆ ਮੁਰਝਾਇਆ।” (ਪੰਨਾ 52)
ਪੁਸਤਕ ਵਿਚਲੀ ਸ਼ਾਇਰਾ ਰੁਪਿੰਦਰ ਕੌਰ ਸਿੱਧੂ ਅੱਜ ਦੇ ਹਾਲਾਤਾਂ ਮੁਤਾਬਕ ਇਨਸਾਨੀਅਤ ਦੇ ਖ਼ੂਨ ਦੇ ਰੰਗ ਨੂੰ ਚਿੱਟਾ ਖ਼ੂਨ ਆਖਿਆ ਹੈ। ਅੱਜ ਮਤਲਬ ਦੇ ਰਿਸ਼ਤਿਆਂ ਦੀ ਪੇਸ਼ਗੋਈ ਕਰਦੀ ਸ਼ਾਇਰਾ ਮਨੁੱਖ ਨੂੰ ਕੁਝ ਸਲਾਹ ਅਤੇ ਸਝਾਅ ਵੀ ਦਿੰਦੀ ਜਾਪਦੀ ਹੈ। ਉਸ ਦੀ ਕਵਿਤਾ ਮਤਲਵੀ ਰਿਸ਼ਤੇ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ। ਅਜਿਹੇ ਲੋਕਾਂ ਦਾ ਖ਼ੂਨ ਦਾਨ ਕਰਨ ਯੋਗ ਵੀ ਨਹੀਂ ਲਗਦਾ। ਉਸ ਦੀ ਕਵਿਤਾ ਦਾ ਬੰਦ ਗੌਰ ਏ ਤਲਬ ਹੈ –
” ਰਿਸ਼ਤਿਆਂ ‘ਚ ਖ਼ੂਨ ਦਾ ਸਫ਼ੇਦ ਰੰਗ ਹੋ ਗਿਆ,
ਇਹਨਾਂ ਲਈ ਵੀ ਖ਼ੂਨ ਦਾਨ ਅੱਡ ਦੇਣਾ ਚਾਹੀਦਾ। ” (ਪੰਨਾ 60)
ਇੰਜ ਹੀ ਹੋਰ ਵੀ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਬਾਰੇ ਦੇਖਣਾ ਬਣਦਾ ਹੈ ਜਿਵੇਂ -ਦੁਨੀਆ ਫੇਰ ਨਾ ਸੁਧਰੇ ਵਿੱਚ ਬਲਵਿੰਦਰ ਸਿੰਘ ਪੰਨੂ ਲਿਖਦਾ ਹੈ
” ਮਾਪਿਆਂ ਦੇ ਲਈ ਪੁੱਤ ਜਰੂਰੀ ਪਰ ਧੀਆਂ ਨਾ ਪਾਉਂਦੀਆਂ ਦੂਰੀ,
ਜੋ ਸਾਰ ਹਮੇਸ਼ਾ ਲੈਂਦੀਆਂ, ਦੁਨੀਆ ਫੇਰ ਨਾ ਸੁਧਰੇ। ” (ਪੰਨਾ 104) ਬਹੁਤ ਡੂੰਘੇ ਅਰਥ ਸਮੋਈ ਬੈਠੀ ਹੈ। ਡਾਕਟਰ ਟਿੱਕਾ ਜੇ ਐਸ ਸਿੱਧੂ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਆਪਣੀ ਇਕ ਗ਼ਜ਼ਲ ਦੇ ਸ਼ਿਅਰ ਵਿੱਚ ਆਖਦੇ ਹਨ –
” ਤੇਰੀ ਫੋਟੋ ਦਿਲ ਵਿੱਚ ਵਸਾ ਰੱਖੀ ਹੈ।
ਤੈਨੂੰ ਮਿਲਣੇ ਦੀ ਆਸ ਜਗਾ ਰੱਖੀ ਹੈ। ” (ਪੰਨਾ 178)
ਇਸੇਤਰ੍ਹਾਂ ਪੁਸਤਕ ਵਿਚਲੇ ਕੁਝ ਹੋਰ ਪੰਕਤੀਆਂ ਦਾ ਮੁਤਾਲਿਆ ਕਰਨਾ ਚਾਹੀਦਾ ਹੈ। ਡਾਕਟਰ ਰਾਜਬੀਰ ਕੌਰ ਵੀਰ ਗਰੇਵਾਲ ਨੇ ਪੁਰਾਣੀਆਂ ਖੇਡਾਂ ਦੀ, ਚਰਨਜੀਤ ਅੱਟਾ ਨੇ ਕੁੜੀਆਂ ਚਿੜੀਆਂ ਦੀ, ਸੀਮਾ ਕਲਿਆਣ ਨੇ ” ਮੈਂ ” ਨੂੰ ਆਪਣੇ ਅੰਦਰੋਂ ਕੱਢਣ ਦੀ, ਸੇਵਾ ਸਿੰਘ ਨੂਰਪੁਰੀ ਨੇ ਗੁਲਾਮੀ ਦੀ, ਅੰਜੂ ਵ ਰੱਤੀ ਨੇ ਨਸ਼ਾ ਮੁਕਤੀ ਦੀ ਅਤੇ ਅਮਰਜੀਤ ਕੌਰ ਸਿੱਧੂ ਪ੍ਰੀਤ ਨੇ ਆਪਣੀਆਂ ਲਿਖਤਾਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਬਾਰੇ ਗੱਲ ਕੀਤੀ ਹੈ। ਇਹਨਾਂ ਤੋ ਇਲਾਵਾ ਡਾਕਟਰ ਪਰਦੀਪ ਨਾਂਗਲੂ, ਰੇਣੂ ਦੇਵੀ, ਓਂਕਾਰ ਸਿੰਘ ਰੰਧਾਵਾ, ਪ੍ਰੋ. ਛਿੰਦਰਪਾਲ ਛਿੰਦਾ, ਮੰਨਤ ਲਵਲੀ, ਕੈਪਟਨ ਦਵਿੰਦਰ ਸਿੰਘ ਜੱਸਲ, ਅਸ਼ੋਕ ਭੰਡਾਰੀ ਧੂਰੀ, ਪ੍ਰੋ. ਕੁਲਵਿੰਦਰ ਸਿੰਘ ਬੱਬੂ, ਗਗਨਦੀਪ ਕੌਰ ਅਤੇ ਦਿਲਪ੍ਰੀਤ ਗੁਰੀ ਆਦਿ ਲੇਖਕਾਂ ਦੀਆਂ ਰਚਨਾਵਾਂ ਵੀ ਸ਼ਾਮਿਲ ਹਨ।
ਇਹਨਾਂ ਲੇਖਕਾਂ ਵਿਚ ਬਹੁਤ ਸਾਰੇ ਕਵੀ ਡਿਫੈਂਸ ਵਿਭਾਗ ਵਿਚ ਜਾਂ ਤਾਂ ਕ੍ਰਿਤਾਰਥ ਹਨ ਜਾਂ ਸੇਵਾ ਮੁਕਤ ਹੋ ਚੁੱਕੇ ਹਨ। ਜਿਆਦਾਤਰ ਸਿੱਖਿਆ ਵਿਭਾਗ ਨਾਲ ਬਾਵਸਤਾ ਹਨ। ਇਹਨਾਂ ਰਚਨਾਵਾਂ ਵਿਚ ਕਈ ਕਵੀਆਂ ਦੀਆਂ ਰਚਨਾਵਾਂ ਅਜੇ ਪੂਰੇ ਤੌਰ ਤੇ ਸਮਰਥ ਨਹੀਂ ਲੱਗੇ। ਕਈ ਕਵੀਆਂ ਦੇ ਨਾਲ ਉਹਨਾਂ ਦੇ ਸੰਪਰਕ ਨੰਬਰ ਨਹੀਂ ਹਨ ਜਿਹੜਾ ਕਿ ਅਜੋਕੇ ਦੌਰ ਵਿੱਚ ਜਰੂਰੀ ਸਮਝਿਆ ਜਾਂਦਾ ਹੈ ਅਤੇ ਸੰਪਰਕ ਕੀਤਾ ਜਾ ਸਕਦਾ ਹੈ। ਹਰੇਕ ਕਵੀ ਨੂੰ ਉਹਨਾਂ ਦੀਆਂ ਰਚਨਾਵਾਂ ਅਤੇ ਸਵੈ ਕਥਨ ਲਈ ਚਾਰ – ਚਾਰ ਪੰਨੇ ਦਿੱਤੇ ਗਏ। ਇਸ ਸਾਂਝੇ ਕਾਵਿ ਸੰਗ੍ਰਹਿ ਦੇ ਪ੍ਰਿੰਟ ਦਾ ਫੋਂਟ ਬਹੁਤ ਹੀ ਜਿਆਦਾ ਬਰੀਕ ਹੈ ਜਿਸ ਨਾਲ ਕਈ ਪਾਠਕਾਂ ਨੂੰ ਪੜ੍ਹਨ ਵਿੱਚ ਦਿੱਕਤ ਆ ਸਕਦੀ ਹੈ। ਪੁਸਤਕ ਵਿਚ ਪ੍ਰਕਾਸ਼ਨ ਸਾਲ, ਕੀਮਤ ਅਤੇ ਸਥਾਨ ਵੀ ਦਰਜ ਨਹੀਂ ਹੈ। ਫਿਰ ਵੀ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਦਾ ਸ਼ਲਾਘਾਯੋਗ ਉਪਰਾਲਾ ਹੈ। ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।

ਸਾਬਕਾ ਏ ਐਸ ਪੀ ਅਤੇ
ਬਾਨੀ/ ਪ੍ਰਧਾਨ, ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ 

095010-00224

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੂੰਹ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ : ਡਾ. ਜਸਵਿੰਦਰ ਸਿੰਘ
Next articleਮਾਂ ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਉਮਰ ਕੈਦ