(ਸਮਾਜ ਵੀਕਲੀ)
ਬਾਪੂ ਜੀ ਦੇ ਯਾਰ- ਸੋਹਣੇ ਸਰਦਾਰ
ਸ਼ਾਇਰਃ ਅਮਾਨਤ ਅਲੀ ਮੁਸਾਫ਼ਿਰ, ਲਾਹੌਰ
ਰੰਗ ਬਰੰਗੀਆਂ ਪੱਗਾਂ ਤੋੜੇ ਮਾਨ ਬਹਾਰਾਂ ਦੇ।
ਫੁੱਲਾਂ ਨਾਲੋਂ ਸੋਹਣੇ ਲਗਦੇ ਪੁੱਤ ਸਰਦਾਰਾਂ ਦੇ।
ਗੁਰੂਆਂ ਦਾ ਇਹ ਪਾਣੀ ਭਰਦੇ,
ਮਾਂ ਬੋਲੀ ਦੀ ਰਾਖੀ ਕਰਦੇ,
ਮਿੱਠਾ ਮਿੱਠਾ ਬੋਲਣ ਪੱਕੇ ਕੌਲ ਕਰਾਰਾਂ ਦੇ..
ਫੁੱਲਾਂ ਨਾਲੋਂ ਸੋਹਣੇ ਲਗਦੇ ਪੁੱਤ ਸਰਦਾਰਾਂ ਦੇ।
ਕੰਘਾ, ਕੇਸ, ਕੜ੍ਹਾ, ਕ੍ਰਿਪਾਨ
ਇਹ ਵੀਰਾਂ ਦੀ ਖਾਸ ਪਛਾਣ,
ਹਰਦਮ ਤੇੜ ਕਛਹਿਰਾ, ਉੱਚੇ ਨੇ ਕਿਰਦਾਰਾਂ ਦੇ….
ਅੰਮ੍ਰਿਤ ਵੇਲੇ ਬਾਣੀ ਪੜ੍ਹਦੇ,
ਹੱਕ ਦੀ ਖਾਤਰ ਸੂਲ਼ੀ ਚੜ੍ਹਦੇ,
ਊਧਮ, ਭਗਤ, ਸਰਾਭਾ, ਪੱਕੇ ਹਨ ਵਿਚਾਰਾਂ ਦੇ…..
ਰਲ ਮਿਲ ਦੇਸ਼ ਆਜ਼ਾਦ ਕਰਾਇਆ,
ਹਰ ਥਾਂ ਖਾਲਸਾ ਪੰਥ ਸਜਾਇਆ,
ਸਦਕੇ ਵਾਰੀ ਜਾਈਏ ਇਹਨਾਂ ਸ਼ਾਹ-ਅਸਵਾਰਾਂ ਦੇ….
ਸਾਡਾ ਖੂਨ ਸਮਾਜ ਵੀ ਇੱਕੋ,
ਨਾਨਕ ਜੀ ਮਹਾਰਾਜ ਵੀ ਇੱਕੋ,
ਰੱਬ ਕਰਾਵੇ ਮੇਲ ਜੇ ਕਿਧਰੇ ਵਿੱਛੜੇ ਯਾਰਾਂ ਦੇ…
ਯਾਰ ਮੁਸਾਫ਼ਿਰ ਯਾਦ ਨਹੀਂ ਭੁੱਲਦੀ,
ਗੰਢ ਹਿਜਰ ਦੀ ਮੂਲ ਨਾਂ ਖੁੱਲ੍ਹਦੀ
ਬਿਨ ਮਤਲਬ ਨਾਂ ਪੁੱਛੇ ਕੋਈ ਹਾਲ ਬਿਮਾਰਾਂ ਦੇ…..
ਫੁੱਲਾਂ ਨਾਲੋਂ ਸੋਹਣੇ ਲਗਦੇ ਪੁੱਤ ਸਰਦਾਰਾਂ ਦੇ..
ਸ਼ਾਇਰ.
ਅਮਾਨਤ ਅਲੀ ਮੁਸਾਫ਼ਿਰ ਲਾਹੌਰ
00923004969513
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly