ਏਹੁ ਹਮਾਰਾ ਜੀਵਣਾ ਹੈ -297

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਅੱਜ ਦਾ ਮਨੁੱਖ ਨੂੰ ਜ਼ਿੰਦਗੀ ਜਿਊਣ ਲਈ ਬਹੁਤ ਸਾਰੇ ਪੱਖਾਂ ਤੋਂ ਜੱਦੋਜਹਿਦ ਕਰਦਾ ਨਜ਼ਰ ਆਉਂਦਾ ਹੈ, ਉਸ ਨੂੰ ਆਪਣੇ ਆਲ਼ੇ ਦੁਆਲ਼ੇ ਦੀਆਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਬਹੁਤ ਸਾਰੀਆਂ ਗੱਲਾਂ ਨੂੰ ਅਣਗੌਲਿਆਂ ਵੀ ਕਰਨਾ ਪੈਂਦਾ ਹੈ। ਗੱਲ ਤਾਂ ਜ਼ਿੰਦਗੀ ਨੂੰ ਸੁਖਾਲੇ ਤਰੀਕਿਆਂ ਨਾਲ ਜਿਊਣ ਦੀ ਹੁੰਦੀ ਹੈ। ਇਹੀ ਜ਼ਿੰਦਗੀ ਜਿਊਣ ਦੀ ਜਾਚ ਹੁੰਦੀ ਹੈ। ਪਰ ਇਹ ਸਭ ਮਨੁੱਖ ਦੇ ਆਪਣੇ ਆਪਣੇ ਸੁਭਾਅ ਮੁਤਾਬਿਕ ਗੁਣਾਂ ਜਾਂ ਔਗੁਣਾਂ ਤੇ ਨਿਰਭਰ ਹੁੰਦਾ ਹੈ ਕਿਉਂਕਿ ਕਈ ਲੋਕ ਜ਼ਿੰਦਗੀ ਵਿੱਚ ਬਹੁਤ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਹੀ ਵੱਡੇ ਰੋਗ ਬਣਾ ਕੇ ਸਹੇੜ ਲੈਂਦੇ ਹਨ ਤੇ ਕਈ ਲੋਕ ਵੱਡੀਆਂ ਵੱਡੀਆਂ ਗੱਲਾਂ ਨੂੰ ਵੀ ਹਲਕੇ ਵਿੱਚ ਲੈ ਕੇ ਆਪਣੇ ਜੀਵਨ ਉੱਪਰ ਕੋਈ ਬਹੁਤਾ ਦੁਰ ਪ੍ਰਭਾਵ ਨਹੀਂ ਪੈਣ ਦਿੰਦੇ।

ਇੱਕ ਵਾਰੀ ਦੀ ਗੱਲ ਹੈ ਕਿ ਮੇਰੇ ਨਾਲ ਪੜ੍ਹਾਉਣ ਵਾਲੀ ਇੱਕ ਅਧਿਆਪਕਾ ਦੀ ਛੋਟੀ ਜਿਹੀ ਗ਼ਲਤੀ ਕਾਰਨ ਉਸ ਨੂੰ ਅਚਨਚੇਤ ਸਕੂਲ ਪ੍ਰਬੰਧਕਾਂ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ। ਉਦੋਂ ਹਜੇ ਉਹ ਮਸਾਂ ਹੀ ਸਤਾਈ ਅਠਾਈ ਵਰ੍ਹਿਆਂ ਦੀ ਹੋਵੇਗੀ। ਉਸ ਦੇ ਇੱਕ ਧੀ ਸੀ ਜਿਸ ਦੀ ਉਮਰ ਮਸਾਂ ਸਾਲ ਕੁ ਦੀ ਸੀ। ਉਸ ਅਧਿਆਪਕਾ ਨੇ ਕੁਛ ਕੁ ਤਾਂ ਹੱਤਕ ਮੰਨਦੇ ਹੋਏ ਤੇ ਕੁਛ ਅਚਾਨਕ ਬੇਰੁਜ਼ਗਾਰ ਹੋਣ ਕਾਰਨ ਇਹ ਗੱਲ ਦਿਲ ਨੂੰ ਲਾ ਲਈ ਤੇ ਮਾਨਸਿਕ ਤਣਾਅ ਕਾਰਨ ਉਸ ਨੂੰ ਉਸੇ ਦਿਨ ਬੁਖਾਰ ਹੋ ਗਿਆ, ਦੋ ਤਿੰਨ ਦਿਨ ਲਗਾਤਾਰ ਬੁਖਾਰ ਰਹਿਣ ਤੋਂ ਬਾਅਦ ਉਹ ਗੰਭੀਰ ਡਿਪਰੈਸ਼ਨ ਵਿੱਚ ਚਲੀ ਗਈ ਤੇ ਆਖ਼ਰ ਦਿਮਾਗ਼ ਦੀ ਨਸ ਫਟਣ (ਬ੍ਰੇਨ ਹੈਮਰੇਜ) ਨਾਲ ਉਸ ਦੀ ਮੌਤ ਹੋ ਗਈ।

ਗੱਲ ਤਾਂ ਛੋਟੀ ਜਿਹੀ ਸੀ,ਜੇ ਉਸੇ ਗੱਲ ਨੂੰ ਉਹ ਹਲਕੇ ਵਿੱਚ ਲੈਂਦੇ ਹੋਏ ਸੋਚਦੀ ਕਿ ਜਦ ਤੱਕ ਅਗਾਂਹ ਨੌਕਰੀ ਨਹੀਂ ਮਿਲਦੀ ਮੈਂ ਆਪਣੀ ਧੀ ਨਾਲ ਸਮਾਂ ਬਿਤਾਵਾਂਗੀ ਜਾਂ ਫਿਰ ਇਹ ਸੋਚਦੀ ਕਿ ਪ੍ਰਾਈਵੇਟ ਸੰਸਥਾਵਾਂ ਵਿੱਚ ਤਾਂ ਨੌਕਰੀ ਦਾ ਕੋਈ ਭਰੋਸਾ ਨਹੀਂ ਹੁੰਦਾ,ਇਸ ਲਈ ਇਹੋ ਜਿਹੀ ਕੋਈ ਹੋਰ ਨੌਕਰੀ ਮਿਲ਼ ਜਾਵੇਗੀ। ਗੱਲ ਤਾਂ ਮਨ ਨੂੰ ਸਮਝਾਉਣ ਦੀ ਹੁੰਦੀ ਹੈ। ਜਿਸ ਵਿਅਕਤੀ ਨੂੰ ਆਪਣੇ ਮਨ ਨਾਲ ਸਾਂਝ ਪਾਉਣੀ ਆ ਗਈ, ਆਪਣੇ ਮਨ ਨੂੰ ਸਮਝਾਉਣਾ ਆ ਗਿਆ ,ਉਹ ਵਿਅਕਤੀ ਨਾ ਤਾਂ ਕਦੇ ਡੋਲਦਾ ਹੈ ਤੇ ਨਾ ਹੀ ਕਦੇ ਜ਼ਿੰਦਗੀ ਤੋਂ ਈਨ ਮੰਨਦਾ ਹੈ। ਗੁਰੂ ਨਾਨਕ ਦੇਵ ਜੀ ਦੀ ਮਹਾਨ ਤੁਕ ,”ਮਨਜੀਤੇ ਜਗਜੀਤ” ਦਾ ਫ਼ਲਸਫ਼ਾ ਵੀ ਤਾਂ ਇਸੇ ਗੱਲ ਦੀ ਗਵਾਹੀ ਭਰਦਾ ਹੈ।

ਪਰ ਕਈ ਲੋਕ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਆਪਣੇ ਉੱਪਰ ਐਨਾ ਭਾਰੂ ਕਰ ਲੈਂਦੇ ਹਨ ਕਿ ਉਹ ਜਾਨਲੇਵਾ ਸਾਬਤ ਹੋ ਜਾਂਦੀਆਂ ਹਨ। ਜਿਵੇਂ ਇੱਕ ਵਾਰੀ ਇੱਕ ਚੰਗੇ ਭਲੇ ਹਸਦੇ ਵਸਦੇ ਪਰਿਵਾਰ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ। ਕੁਝ ਸਮੇਂ ਬਾਅਦ ਮੁੰਡੇ ਦੀ ਵਹੁਟੀ ਦੀ ਸਹੁਰੇ ਪਰਿਵਾਰ ਨਾਲ਼ ਨਾ ਬਣੀ ਤੇ ਉਹ ਰੁੱਸ ਕੇ ਪੇਕੇ ਚਲੀ ਗਈ। ਮੁੰਡੇ ਦਾ ਪਿਓ,ਜੋ ਇੱਕ ਚੰਗਾ ਭਲਾ ਸਰਕਾਰੀ ਅਫ਼ਸਰ ਰਿਟਾਇਰ ਸੀ ,ਉਹ ਇਸ ਗੱਲ ਨੂੰ ਦਿਲ ਤੇ ਲਾ ਬੈਠਾ ਕਿ ਇੱਕ ਪਾਸੇ ਤਾਂ ਉਸ ਦੇ ਪੁੱਤਰ ਦਾ ਘਰ ਖ਼ਰਾਬ ਹੋ ਗਿਆ ਤੇ ਦੂਜਾ ਸਮਾਜ ਵਿੱਚ ਬੇਇੱਜ਼ਤੀ ਹੋ ਗਈ ਸੀ। ਇਹ ਗੱਲਾਂ ਸੋਚ ਸੋਚ ਕੇ ਉਹ ਐਨਾ ਡਿਪਰੈਸ਼ਨ ਵਿੱਚ ਚਲਿਆ ਗਿਆ ਕਿ ਇੱਕ ਦਿਨ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰ ਇਸ ਤੋਂ ਉਲਟ ਉਸ ਦੀ ਪਤਨੀ ਨੇ ਹੌਂਸਲੇ ਤੋਂ ਕੰਮ ਲੈਂਦੀ ਨੇ ਕੁਝ ਰਿਸ਼ਤੇਦਾਰ ਵਿੱਚ ਪਾ ਕੇ ਕੁੜੀ ਤੋਂ ਉਸ ਦੀ ਮਰਜ਼ੀ ਪੁੱਛ ਕੇ ਕਿ ਕੀ ਉਹ ਉਹਨਾਂ ਨਾਲ਼ ਰਹਿਣਾ ਚਾਹੁੰਦੀ ਹੈ ਜਾਂ ਨਹੀਂ ?

ਕੁੜੀ ਦੇ ਨਾਂਹ ਕਰਨ ਤੇ ਕੁੜੀ ਵਾਲਿਆਂ ਨਾਲ਼ ਸਮਝੌਤਾ ਵੀ ਕੀਤਾ,ਉਸ ਤੋਂ ਬਾਅਦ ਮੁੰਡੇ ਦਾ ਫਿਰ ਵਿਆਹ ਕੀਤਾ ਤੇ ਮੁੰਡੇ ਦੇ ਘਰ ਬੱਚੇ ਹੋ ਕੇ ਉਸ ਦਾ ਘਰ ਵੀ ਵਸ ਗਿਆ, ਪਰਿਵਾਰ ਫਿਰ ਤੋਂ ਖੁਸ਼ਹਾਲ ਅਤੇ ਰੌਣਕਾਂ ਭਰਪੂਰ ਹੋ ਗਿਆ। ਜੇ ਮੁੰਡੇ ਦਾ ਪਿਓ ਉਸ ਸਮੱਸਿਆ ਨੂੰ ਇੱਕ ਸਮਾਜਿਕ ਵਰਤਾਰਾ ਸਮਝ ਕੇ ਕੋਈ ਹਲ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਉਹ ਵੀ ਆਪਣੇ ਇਸ ਖੁਸ਼ਹਾਲ ਪਰਿਵਾਰ ਦਾ ਬਹੁਤ ਲੰਮੇ ਸਮੇਂ ਤੱਕ ਹਿੱਸਾ ਬਣ ਕੇ ਆਨੰਦ ਮਾਣ ਸਕਦਾ ਸੀ। ਇਸੇ ਤਰ੍ਹਾਂ ਕਈ ਲੋਕਾਂ ਨੂੰ ਕੋਈ ਨਿੱਕਾ ਜਿਹਾ ਸਰੀਰਕ ਕਸ਼ਟ ਵੀ ਵੱਡਾ ਲੱਗ ਰਿਹਾ ਹੁੰਦਾ ਹੈ ਤੇ ਉਸ ਨੂੰ ਸਾਰੀ ਦੁਨੀਆ ਕੋਲ਼ ਡੌਂਡੀ ਪਿੱਟ ਪਿੱਟ ਕੇ ਵੱਡਾ ਰੋਗ ਬਣਾ ਲੈਂਦੇ ਹਨ ਤੇ ਕਈ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਵੀ ਹੱਸਦੇ ਹੱਸਦੇ ਮੁਕਾਬਲਾ ਕਰਕੇ ਉਸ ਨੂੰ ਹਰਾ ਦਿੰਦੇ ਹਨ। ਇਹ ਗੱਲ ਤਾਂ ਮਨੋਵਿਗਿਆਨਕਾਂ ਨੇ ਵੀ ਸਿੱਧ ਕਰ ਦਿੱਤੀ ਹੈ ਕਿ ਅਸੀਂ ਮਨ ਵਿੱਚੋਂ ਜਿਹੋ ਜਿਹੀਆਂ ਭਾਵਨਾਵਾਂ ਪੈਦਾ ਕਰਕੇ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਵਿੱਚ ਤਰੰਗਾਂ ਫੈਲਾਉਂਦੇ ਹਾਂ ਉਹੋ ਜਿਹਾ ਹੀ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਸਿਰਜਿਆ ਜਾਂਦਾ ਹੈ ਤੇ ਉਹੀ ਤਰੰਗਾਂ ਵਾਪਸ ਸਾਡੇ ਕੋਲ ਵਾਪਸ ਆਉਂਦੀਆਂ ਹਨ। ਫਿਰ ਮਨ ਵਿੱਚ ਚੰਗੀ ਸੋਚ ਪੈਦਾ ਕਰਕੇ ਆਪਣੇ ਆਲੇ ਦੁਆਲੇ ਚੰਗਾ ਵਾਤਾਵਰਨ ਹੀ ਕਿਉਂ ਨਾ ਸਿਰਜਿਆ ਜਾਵੇ?

ਇਹੋ ਜਿਹੀਆਂ ਰਲਵੀਆਂ ਮਿਲਵੀਆਂ ਸਮੱਸਿਆਵਾਂ ਵਿੱਚੋਂ ਅੱਜ ਦਾ ਨੌਜਵਾਨ ਵੀ ਗੁਜ਼ਰ ਰਿਹਾ ਹੈ। ਸਿੱਟਾ ਆਪਣੇ ਸਭ ਦੇ ਸਾਹਮਣੇ ਹੈ ,ਕੋਈ ਨਸ਼ਿਆਂ ਦਾ ਆਦੀ ਹੋ ਰਿਹਾ ਹੈ, ਕੋਈ ਮਾਨਸਿਕ ਤਣਾਓ ਦਾ ਸ਼ਿਕਾਰ ਹੋ ਰਿਹਾ ਹੈ,ਕੋਈ ਆਪਣੇ ਪਰਿਵਾਰ ਤੋਂ ਬਾਗ਼ੀ ਹੋ ਰਿਹਾ ਹੈ। ਅੱਜ ਕੱਲ੍ਹ ਜ਼ਿਆਦਾਤਰ ਮਾਪੇ ਸਕੂਲੀ ਸਮੇਂ ਤੋਂ ਹੀ ਬੱਚਿਆਂ ਦੀ ਦਸ ਵਰ੍ਹੇ ਬਾਅਦ ਆਉਣ ਵਾਲ਼ੀ ਜ਼ਿੰਦਗੀ ਪ੍ਰਤੀ ਇਹੋ ਜਿਹਾ ਨਜ਼ਰੀਆ ਰੱਖ ਕੇ ਵਾਤਾਵਰਨ ਸਿਰਜਦੇ ਹਨ ਕਿ ਉਹਨਾਂ ਨੂੰ ਹਰ ਵੇਲੇ ਆਉਣ ਵਾਲੇ ਸਮੇਂ ਦੀ ਦੁਹਾਈ ਦਿੰਦੇ ਹੋਏ ਉਹਨਾਂ ਨੂੰ ਅਕਸਰ ਹੀ ਇਹ ਆਖ਼ਦੇ ਸੁਣੇ ਜਾਂਦੇ ਹਨ ਕਿ ਉਨ੍ਹਾਂ ਦਾ ਭਵਿੱਖ ਬਹੁਤ ਮੁਸੀਬਤਾਂ ਤੇ ਚੁਣੌਤੀਆਂ ਭਰਪੂਰ ਹੈ, ਮੁਕਾਬਲੇ ਦਾ ਜ਼ਮਾਨਾ ਹੈ,ਜੇ ਹੁਣੇ ਮਿਹਨਤ ਨਾ ਕੀਤੀ ਤਾਂ ਉਨ੍ਹਾਂ ਦਾ ਭਵਿੱਖ ਚੰਗਾ ਨਹੀਂ ਹੋਵੇਗਾ। ਆਪਣੇ ਵੱਲੋਂ ਉਹ ਬੱਚੇ ਦੀ ਭਲਾਈ ਕਰ ਰਹੇ ਹੁੰਦੇ ਹਨ ਪਰ ਇਸ ਤਰ੍ਹਾਂ ਕਰਕੇ ਉਹ ਬੱਚਿਆਂ ਦੀਆਂ ਕੋਮਲ ਭਾਵਨਾਵਾਂ ਨੂੰ ਨਾ ਸਮਝਦੇ ਹੋਏ ਅੱਜ ਦੇ ਸਮੇਂ ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਨ ਦੀ ਥਾਂ ਉਨ੍ਹਾਂ ਦੇ ਮਨ ਵਿੱਚ ਆਉਣ ਵਾਲੇ ਸਮੇਂ ਨੂੰ ਇੱਕ ਡਰਾਉਣਾ ਭੂਤ ਬਣਾ ਕੇ ਵਸਾ ਦਿੰਦੇ ਹਨ।ਜਿਸ ਨਾਲ ਉਹਨਾਂ ਦੇ ਮਨ ਵਿੱਚ ਉਹੋ ਜਿਹਾ ਹੀ ਵਾਤਾਵਰਨ ਸਿਰਜਿਆ ਜਾਂਦਾ ਹੈ ਤੇ ਉਹ ਭਵਿੱਖ ਨੂੰ ਲੈ ਕੇ ਆਪਣੇ ਮਨ ਵਿੱਚ ਇੱਕ ਨਾਕਾਰਾਤਮਕ ਰੱਵਈਆ ਸਿਰਜ ਲੈਂਦਾ ਹੈ,ਜਿਸ ਦਾ ਨਤੀਜਾ ਆਪਾਂ ਸਭ ਦੇ ਸਾਹਮਣੇ ਹੈ।

ਸੋ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਲਈ ਆਪਣੇ ਆਉਣ ਵਾਲੇ ਸਮੇਂ ਪ੍ਰਤੀ ਨਾਂਹ ਪੱਖੀ ਸੋਚ ਤੋਂ ਕਿਨਾਰਾ ਕਰਦੇ ਹੋਏ ਆਪਣੇ ਅੰਦਰ ਅਤੇ ਆਲ਼ੇ ਦੁਆਲ਼ੇ ਇੱਕ ਸਾਕਾਰਾਤਮਕ ਊਰਜ਼ਾ ਪੈਦਾ ਕਰਨੀ ਚਾਹੀਦੀ ਹੈ,ਚਾਹੇ ਮਨੁੱਖ ਕਿੰਨੇ ਵੀ ਕਸ਼ਟਮਈ ਸਮੇਂ ਵਿੱਚੋਂ ਈ ਕਿਉਂ ਨਾ ਗੁਜ਼ਰ ਰਿਹਾ ਹੋਵੇ। ਸਾਕਾਰਾਤਮਕ ਸੋਚ ਅਤੇ ਉਸ ਵਿੱਚੋਂ ਪੈਦਾ ਹੋਣ ਵਾਲੀ ਊਰਜਾ ਜਿੱਥੇ ਮਨੁੱਖ ਨੂੰ ਜਿੰਦਾ ਦਿਲ ਇਨਸਾਨ ਬਣਾਉਂਦੀ ਹੈ ਉੱਥੇ ਹੀ ਉਸ ਨੂੰ ਵੱਡੀਆਂ ਵੱਡੀਆਂ ਮੁਸ਼ਕਲਾਂ ਨੂੰ ਹਰਾਉਣ ਦੇ ਯੋਗ ਵੀ ਬਣਾਉਂਦੀ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਲਵਾਨ ਕੁੜੀਆਂ ਨਾਲ ਜਬਰ ਜਨਾਹ
Next articleਗੀਤ