ਗੀਤ

ਕੰਵਰ ਇਕਬਾਲ ਸਿੰਘ

(ਸਮਾਜ ਵੀਕਲੀ)

ਐਂਵੇਂ ਤੇਰਾ ਮਿੱਤਰਾ ਮੈਂ ਛੱਡ ਆਈ ਸ਼ਹਿਰ
ਲਗਦਾ ਨਾ ਦਿਲ ਹੁਣ ਤੇਰੇ ਤੋਂ ਬਗ਼ੈਰ
ਮੈਂ ਤਾਂ ਮਾਰੀ ਗਈ ਨਸੀਬਾਂ ‘ਤੇ ਵਿਸਾਹ ਕਰ ਕੇ
ਰੋਂਦੀ ਰਹਿੰਨੀਂ ਆਂ ਸਰਾਹਣੇ ਹੇਠਾਂ ਬਾਂਹ ਧਰ ਕੇ

ਮੈਨੂੰ ਕੀ ਪਤਾ ਸੀ ਚੂੜੀਗਰਾ ਠੱਗੀ ਜਾਵਾਂਗੀ ?
ਤੇਰੀ ਹੱਟ ‘ਤੇ ਮੈਂ ਅੱਜੀਂ-ਪੱਜੀਂ ਨਿੱਤ ਆਵਾਂਗੀ
ਹੱਥੀਂ ਬਹਿ ਜਾਵਾਂਗੀ ਜ਼ਿੰਦਗੀ ਤਬਾਹ ਕਰ ਕੇ
ਰੋਂਦੀ ਰਹਿੰਨੀ ਆਂ ਸਰਾਹਣੇ ਹੇਠਾਂ…..,

ਤੇਰੇ ਸੀਨੇ ਨਾਲ਼ ਲੱਗ ਮੈਥੋਂ ਰੋਇਆ ਨਾ ਗਿਆ
ਤੈਨੂੰ ਲੇਖਾਂ ਵਾਲ਼ੀ ਗਾਨੀ ‘ਚ ਪਰੋਇਆ ਨਾ ਗਿਆ
ਮੈਂ ਵੀ ਵੇਖ ਲੈਂਦੀ ਕੱਚੇ ‘ਤੇ ਝਨਾਂ ਤਰ ਕੇ
ਰੋਂਦੀ ਰਹਿੰਨੀਂ ਆਂ ਸਰਾਹਣੇ ਹੇਠਾਂ….,

ਰਹਿੰਦੀ ਸੀਨੇ ‘ਚ ਪਿਆਰ ਵਾਲ਼ੀ ਅੱਗ ਬਲ਼ਦੀ
ਸੋਹਣੇ ਯਾਰ ਦੀ ਜੁਦਾਈ ਰਹੇ ਜਿੰਦ ਛਲ਼ਦੀ
ਤੈਨੂੰ ਮਿਲ਼ਿਆ ਕੀ ਰੱਬਾ ਵੇ ਜੁਦਾ ਕਰ ਕੇ ?
ਰੋਂਦੀ ਰਹਿੰਨੀਂ ਆਂ ਸਰਾਹਣੇ ਹੇਠਾਂ….,

ਤੈਥੋਂ ਤੱਕ ਨਹੀਓਂ ਹੋਣਾ ਮੇਰਾ ਤੱਤੜੀ ਦਾ ਹਾਲ਼
ਜਿੰਦ ਰੋਲ਼ ਬਹਿਣੀਂ ਮੇਰੇ ਵਾਂਗੂੰ ਤੂੰ ਵੀ “ਇਕਬਾਲ”
ਮੁੱਕੀ ਹਿਜ਼ਰ ‘ਚ ਤੇਰੇ ਵੇ ਮੈਂ ਖ਼ਰ-ਖ਼ਰ ਕੇ
ਰੋਂਦੀ ਰਹਿੰਨੀਂ ਆਂ ਸਰਾਹਣੇ ਹੇਠਾਂ ਬਾਂਹ ਧਰ ਕੇ !

******

ਚੂੜੀਗਰ ਦਾ ਸਿਰਨਾਵਾਂ:

ਕੰਵਰ ਇਕਬਾਲ ਸਿੰਘ

ਬਰਾਈਡਲ ਗੈਲਰੀ,
ਅੰਮ੍ਰਿਤ ਬਾਜ਼ਾਰ ਕਪੂਰਥਲਾ (ਪੰਜਾਬ)
ਸੰਪਰਕ:98149-73578
Email: [email protected]

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੈਡਾਲ ਮਾਰਚ ਕੱਢਿਆ
Next articleਸਫ਼ਰ