ਸਥਿਤੀ ਆਮ ਹੋਣ ਮਗਰੋਂ ਬਹਾਲ ਹੋਵੇਗਾ ਸੂਬੇ ਦਾ ਦਰਜਾ: ਸ਼ਾਹ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਜੰਮੂ ਕਸ਼ਮੀਰ  ਵਿੱਚ ਵਿਧਾਨ ਸਭਾ ਚੋਣਾਂ ਹੱਦਬੰਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਹੋਣਗੀਆਂ ਤੇ ਯੂਟੀ ਵਿੱਚ ਹਾਲਾਤ ਠੀਕ ਹੋਣ ਮਗਰੋਂ ਸੂਬੇ ਦਰਜਾ ਬਹਾਲ ਕਰ ਦਿੱਤਾ ਜਾਵੇਗਾ। ਵਰਚੁਅਲ ਮਾਧਿਅਮ ਰਾਹੀਂ ਭਾਰਤ ਦਾ ਪਹਿਲਾ ‘ਜ਼ਿਲ੍ਹਾ ਚੰਗਾ ਸੁਸ਼ਾਸਨ ਸੂਚਕ ਅੰਕ’ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜੀਹ ਹੈ ਤੇ ਯੂਟੀ ਦੇ ਵਿਕਾਸ ਲਈ ਬਹੁਪੱਖੀ ਯਤਨ ਕੀਤੇ ਜਾ ਰਹੇ ਹਨ।’ ਉਨ੍ਹਾਂ ਕਿਹਾ, ‘ਜਿੱਥੋਂ ਤੱਕ ਲੋਕਤੰਤਰੀ ਪ੍ਰਕਿਰਿਆ ਦਾ ਸਬੰਧੀ ਹੈ, ਹੱਦਬੰਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਦੇ ਮੁਕੰਮਲ ਹੋਣ ਮਗਰੋਂ ਅਸੀਂ ਵਿਧਾਨ ਸਭਾ ਚੋਣਾਂ ਕਰਾਵਾਂਗੇ। ਕੁਝ ਲੋਕਾਂ ਨੇ ਬਹੁਤ ਗੱਲਾਂ ਕਹੀਆਂ ਹਨ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੰਸਦ ਵਿੱਚ ਭਰੋਸਾ ਦਿੱਤਾ ਹੈ ਕਿ ਜੰਮੂ ਕਸ਼ਮੀਰ ਸੂਬੇ ਦਾ ਦਰਜਾ ਮੁੜ ਬਹਾਲ ਕੀਤਾ ਜਾਵੇਗਾ।’

ਸ੍ਰੀ ਸ਼ਾਹ ਨੇ ਕਿਹਾ ਕਿ ਕੁਝ ਲੋਕ ਘਾਟੀ ਦੇ ਲੋਕਾਂ ਦੇ ਮਨਾਂ ’ਚ ਦੁਚਿੱਤੀ ਪੈਦਾ ਕਰਨਾ ਚਾਹੁੰਦੇ ਹਨ ਤੇ ਉਹ ਸਾਰਿਆਂ ਨੂੰ ਉਨ੍ਹਾਂ ਦੇ ਜਾਲ ’ਚ ਨਾ ਫਸਣ ਦੀ ਬੇਨਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਪ੍ਰਣਾਲੀ ਦੇ ਲਾਗੂ ਹੋਣ ਨਾਲ ਲੋਕਤੰਤਰ ਸਮਾਜ ਦੇ ਹੇਠਲੇ ਪੱਧਰ ਤੱਕ ਪੁੱਜ ਗਿਆ ਹੈ ਤੇ ਇਹੀ ਗੱਲ ਹੈ ਕਿ ਕੁਝ ਲੋਕ ਚਿੰਤਾਤੁਰ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦਾ ਵਿਕਾਸ ਲੋਕਤੰਤਰੀ ਢੰਗ ਨਾਲ ਹੀ ਸੰਭਵ ਹੈ ਤੇ ਲੋਕ ਲੋਕਤੰਤਰ ਰਾਹੀਂ ਹੀ ਖੁਸ਼ ਰਹਿ ਸਕਦੇ ਹਨ ਤੇ ਨੌਜਵਾਨ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ,‘ਲੋਕਤੰਤਰ ਕਾਇਮ ਰੱਖਣ ਲਈ ਸ਼ਾਂਤੀ ਜ਼ਰੂਰੀ ਹੈ। ਮੈਂ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਨਿੱਜੀ ਹਿੱਤਾਂ ਵਾਲੇ ਲੋਕਾਂ ਦੀਆਂ ਗੱਲਾਂ ’ਚ ਨਾ ਆਉਣ।’ ਉਨ੍ਹਾਂ ਸੂਬੇ ਦੇ ਲੋਕਾਂ ਨੂੰ ‘ਜ਼ਿਲ੍ਹਾ ਚੰਗਾ ਸੁਸ਼ਾਸਨ ਸੂਚਕ ਅੰਕ’ ਜਾਰੀ ਹੋਣ ’ਤੇ ਮੁਬਾਰਕਬਾਦ ਦਿੱਤੀ। 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਹ ਵੱਲੋਂ ਕੈਰਾਨਾ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ
Next articleJal Jeevan Mission tableau to showcase water supply at 13K ft altitude