ਗੀਤ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਲੰਘ ਗਿਆ ਸੋ ਲੰਘ ਗਿਆ

ਲੰਘ ਗਿਆ ਸੋ ਲੰਘ ਗਿਆ
ਹੁਣ ਵੇਲ਼ੇ ਨੂੰ ਪਛਤਾਈਏ ਕਿਉਂ
ਜੇ ਰੋਣਾ ਕੋਈ ਹੱਲ ਨਹੀਂ
ਫਿਰ ਐਵੇਂ ਨੀਰ ਵਹਾਈਏ ਕਿਉਂ

ਇੱਕ ਪੱਤ ਟੁੱਟੇ ਰੁੱਖ ਨਾਲੋਂ
ਸੌ ਪੱਤ ਹੋਰ ਉਗਾਉਂਦਾ ਏ
ਦੱਸ ਖਾਂ ਟੁੱਟੇ ਤਾਰਿਆਂ ਦਾ
ਕਦ ਅੰਬਰ ਸੋਗ ਮਨਾਉਂਦਾ ਏ
ਜੋ ਹੋਣਾ ਹੋ ਕੇ ਰਹਿਣਾਂ ਏ
ਹੋਣੀ ਤੋਂ ਘਬਰਾਈਏ ਕਿਉਂ

ਬੂਹਿਆਂ ਨੂੰ ਕੋਈ ਫਿਕਰ ਨਹੀਂ
ਲਗਦੇ ਖੁੱਲਦੇ ਤਾਲਿਆਂ ਦੀ
ਸਾਗਰ ਨੂੰ ਨਾ ਫਿਕਰ ਕੋਈ
ਰਸਤੇ ਵਿਚ ਸੁੱਕੇ ਨਾਲਿਆਂ ਦੀ
ਖੜ ਕੇ ਪਾਣੀ ਵੀ ਮੁਸ਼ਕ ਜਾਏ
ਅਸੀਂ ਆਪਣੀ ਸੋਚ ਖੜਾਈਏ ਕਿਉਂ

ਬਾਜ਼ਾਂ ਨੇ ਉਡਣਾ ਛੱਡਿਆ ਨਾ
ਡਰਕੇ ਤਿੱਤਰ ,ਬਟੇਰਿਆਂ ਤੋਂ
ਸੂਰਜ ਚੜਨੋ ਹਟਦਾ ਨਾ
ਡਰਕੇ ਕਦੇ ਹਨੇਰਿਆਂ ਤੋਂ
ਕਰ ਮਾਣ ਆਪਣੀ ਕਿਰਤ ਉੱਤੇ
ਕਿਸਮਤ ਦੇ ਤਰਲੇ ਪਾਈਏ ਕਿਉਂ
ਲੰਘ ਗਿਆ ਸੋ ਲੰਘ ਗਿਆ
ਹੁਣ ਵੇਲ਼ੇ ਨੂੰ ਪਛਤਾਈਏ ਕਿਉਂ
ਜੇ ਰੋਣਾ ਕੋਈ ਹੱਲ ਨਹੀਂ
ਫਿਰ ਐਵੇਂ ਨੀਰ ਵਹਾਈਏ ਕਿਉਂ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011

 

Previous articleਸ਼੍ਰੀ ਆਨੰਦਪੁਰ ਸਾਹਿਬ ਖਾਲਸਾ ਅਕੈਡਮੀ ਵਲੋਂ 28ਵਾ ਸਾਲਾਨਾ ਖੇਡ ਮੁਕਾਬਲਾ ਸਮਾਪਤ
Next articleਆਲ ਇੰਡੀਆ ਸਿਵਲ ਸਰਵਿਸਿਜ਼ ਕਬੱਡੀ ਟੂਰਨਾਮੈਂਟ ਲਈ ਜਿਲ੍ਹੇ ਕਪੂਰਥਲਾ ਦੀਆਂ ਦੋ ਪੀ ਟੀ ਆਈ ਅਧਿਆਪਕਾਂ ਦੀ ਖਿਡਾਰਨਾਂ ਲਈ ਚੋਣ