HOME ਤਰਕਸ਼ੀਲਾਂ ਵੱਲੋਂ ਸਤਵੀਂ ਵਿਦਿਆਰਥੀ ਚੇਤਨਾ ਪ੍ਰੀਖਿਆ ਗ਼ਦਰ ਲਹਿਰ ਦੀ ਨਾਇਕਾ ਗ਼ਦਰੀ ...

ਤਰਕਸ਼ੀਲਾਂ ਵੱਲੋਂ ਸਤਵੀਂ ਵਿਦਿਆਰਥੀ ਚੇਤਨਾ ਪ੍ਰੀਖਿਆ ਗ਼ਦਰ ਲਹਿਰ ਦੀ ਨਾਇਕਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ

ਸੂਬਾ ਪੱਧਰੀ ਚੇਤਨਾ ਪ੍ਰੀਖਿਆ 29 ਤੇ 31 ਅਗਸਤ ਨੂੰ 
  ਵਿਦਿਆਰਥੀ ਚੇਤਨਾ ਪ੍ਰੀਖਿਆ ਦੀ ਸਿਲੇਬਸ ਪੁਸਤਕਾਂ  ਉਪਲੱਬਧ 
ਮਾਸਟਰ ਪਰਮਵੇਦ

 ਸੰਗਰੂਰ   (ਸਮਾਜ ਵੀਕਲੀ)   ਤਰਕਸ਼ੀਲ ਸੁਸਾਇਟੀ ਪੰਜਾਬ ਵਿਗਿਆਨਕ ਚੇਤਨਾ ਦਾ ਪ੍ਰਚਾਰ ਕਰਨ ਵਾਲੀ ਇਕ ਅਜਿਹੀ ਸੰਸਥਾ ਹੈ ਜਿਹੜੀ ਲੰਮੇ ਸਮੇਂ ਤੋਂ ਸਮਾਜ ਵਿੱਚ ਪ੍ਰਚਲਤ ਅੰਧਵਿਸ਼ਵਾਸਾਂ ,ਵਹਿਮ -ਭਰਮਾਂ ਤੇ ਪਿਛਾਂਹ ਖਿੱਚੂ ਸੰਸਕਾਰਾਂ ਤੇ ਰਸਮੋ ਰਿਵਾਜਾਂ ਦੇ ਖਾਤਮੇ ਲਈ ਯਤਨਸ਼ੀਲ਼ ਹੈ ।ਸੁਸਾਇਟੀ ਵੱਲੋਂ ਆਪਣੇ ਇਸ ਕਾਰਜ ਦੀ ਪੂਰਤੀ ਲਈ ਦੋ ਮਾਸਿਕ ਮੈਗਜ਼ੀਨ ( ਪੰਜਾਬੀ ਤੇ ਹਿੰਦੀ )ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਜਿਸ ਵਿਚ ਪਾਠਕਾਂ ਲਈ ਦੋ ਮਹੀਨਿਆਂ ਵਿੱਚ ਵਾਪਰਨਾ ਵਾਲੀਆਂ ਘਟਨਾਵਾਂ ਦੇ ਵਰਨਣ ਤੋਂ ਇਲਾਵਾ ਮਨੋਵਿਗਿਆਨ ਸਿਹਤ ਸਿੱਖਿਆ ਤੇ ਸੰਸਾਰ ਪੱਧਰ ਦੀਆਂ ਵਿਗਿਆਨਕ ਖੋਜਾਂ ਬਾਰੇ ਪੜ੍ਹਨਯੋਗ ਰਚਨਾਵਾਂ ਹੁੰਦੀਆਂ ਹਨ। ਸੁਸਾਇਟੀ ਵੱਲੋਂ ਹੁਣ ਤਕ 50 ਦੇ ਕਰੀਬ ਪੁਸਤਕਾਂ ਛਾਪੀਆਂ ਜਾ ਚੁੱਕੀਆਂ ਹਨ। ਇਹਨਾਂ ਪੁਸਤਕਾਂ ਦੇ ਚਾਨਣ ਨੂੰ ਹਰੇਕ ਸਕੂਲ ,ਕਾਲਜ ,ਪਿੰਡ, ਸ਼ਹਿਰ ਤਕ ਪੁਜਦਾ ਕਰਨ ਲਈ ਤਰਕਸ਼ੀਲ ਸਾਹਿਤ ਵੈਨ ਵੀ ਹੈ। ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਦਾ ਸੰਚਾਰ ਕਰਨ ਲਈ ਪਿਛਲੇ 7 ਸਾਲਾਂ ਤੋਂ ਹਰ ਸਾਲ ਇਕ ਪ੍ਰੀਖਿਆ ਲਈ ਜਾਂਦੀ ਹੈ ,ਜਿਸ ਵਿੱਚ ਪੰਜਾਬ ਭਰ ਵਿਚੋਂ ਹਜ਼ਾਰਾਂ ਵਿਦਿਆਰਥੀਆਂ ਭਾਗ ਲੈਂਦੇ ਹਨ।ਇਸ ਲਈ ਤਰਕਸ਼ੀਲ ਸੁਸਾਇਟੀ ਮਿਡਲ ਅਤੇ ਇਸ ਤੋਂ ਉੱਪਰਲੀਆਂ ਸ਼੍ਰੇਣੀਆਂ ਲਈ ਵੱਖ ਵੱਖ ਪੁਸਤਕਾਂ ਛਾਪਦੀ ਹੈ ,ਜਿਨ੍ਹਾਂ ਵਿੱਚ ਅੰਧਵਿਸ਼ਵਾਸ ਅਤੇ ਵਹਿਮਾਂ- ਭਰਮਾਂ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਅਪਨਾਉਣ ਲਈ ਸੇਧ ਦੇਣ ਵਾਲੇ ਪਾਠ ਹੁੰਦੇ ਹਨ। ਇਨ੍ਹਾਂ ਵਿੱਚ ਉਨ੍ਹਾਂ ਵਿਗਿਆਨੀਆਂ, ਸ਼ਹੀਦਾਂ ,ਚਿੰਤਕਾਂ ਨਾਲ ਜਾਣ ਪਛਾਣ ਕਰਵਾਈ ਜਾਂਦੀ ਹੈ ,ਜਿਨ੍ਹਾਂ ਨੇ ਇਸ ਧਰਤੀ ਉੱਤੇ ਮਨੁੱਖੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਪਣੀਆਂ ਜ਼ਿੰਦਗੀਆਂ ਅਰਪਣ ਕਰ ਦਿੱਤੀਆਂ।ਇਸ ਪੁਸਤਕ ਵਿੱਚ ਸਹੀ ਖਾਣ ਪੀਣ, ਮਾਨਸਿਕ ਤੇ ਸਰੀਰਕ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਬੁਰੀਆਂ ਆਦਤਾਂ ਤੋਂ ਬਚਣ ਸਬੰਧੀ ਵੀ ਲਿਖਤਾਂ ਹੁੰਦੀਆ ਹਨ! ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਵਿਦਿਆਰਥੀ  ਸਿਲੇਬਸ ਦੇ ਦਾਇਰੇ ਵਿੱਚੋਂ ਬਾਹਰ ਨਿਕਲ ਕੇ ਸੰਸਾਰ ਅੰਦਰ ਵਾਪਰਨ ਵਾਲ਼ੇ ਹੋਰ ਵਰਤਾਰਿਆਂ ਬਾਰੇ ਸਹੀ ਜਾਣਕਾਰੀ ਹਾਸਲ ਕਰਦੇ ਹਨ।ਜੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ,ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਤੇ  ਵਿਤ ਮੁਖੀ ਸੋਹਣ ਸਿੰਘ ਮਾਝੀ ਨੇ ਦੱਸਿਆ ਕਿ ਇਸ ਵਾਰ ਸੂਬਾ ਪੱਧਰੀ ਸਤਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ 29 ਤੇ 31ਅਗਸਤ ਨੂੰ ਲਈ ਜਾਵੇਗੀ।ਇਸ ਸਾਲ ਇਹ ਪ੍ਰੀਖਿਆ ਗ਼ਦਰ ਲਹਿਰ ਦੀ ਨਾਇਕਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਹੈ।ਇਸ ਪ੍ਰੀਖਿਆ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੱਖਾਂ ਰੁਪਏ ਦੀਆਂ ਅਗਾਂਹ ਵਧੂ ਵਿਚਾਰਾਂ ਵਾਲੀਆਂ ਪੁਸਤਕਾਂ ਇਨਾਮ ਵਿੱਚ ਦਿਤੀਆਂ ਜਾਣਗੀਆਂ ਅਤੇ ਪੰਜਾਬ ਪੱਧਰ ਤੇ ਸਿਖਰਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਵਿਦਿਆਰਥੀਆਂ ਕੋਲੋਂ ਪੁਸਤਕ ਦੀ ਲਾਗਤ ਕੀਮਤ ਚਾਲੀ ਰੁਪਏ ਹੀ ਲਈ ਜਾਵੇਗੀ।ਇਸ ਕਾਰਜ ਲਈ ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ,ਸਕੂਲ ਮੁਖੀਆਂ, ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਪਹਿਲਾਂ  ਦੀ ਤਰ੍ਹਾਂ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ।ਸਮਾਜ ਦੇ ਭਲੇ ਲਈ ਵਿਗਿਆਨਕ ਚੇਤਨਾ ਦਾ ਪ੍ਰਚਾਰ ਪ੍ਰਸਾਰ ਚਾਹੁੰਦੇ ਸਹਿਯੋਗੀਆਂ ਤੋਂ ਆਰਥਿਕ ਸਹਾਇਤਾ ਦੀ ਅਪੀਲ ਵੀ ਕੀਤੀ ਹੈ ਤਾਂ ਕਿ ਇਸ ਸਾਰਥਿਕ ਕਾਰਜ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਲਿਜਾ ਸਕੀਏ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਭਰਮ ਮੁਕਤ ,ਲੁੱਟ -ਖਸੁੱਟ ਰਹਿਤ ,ਚੰਗੀਆਂ ਕਦਰਾਂ ਕੀਮਤਾਂ ਵਾਲੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਮਾਸਟਰ ਪਰਮ ਵੇਦ 
ਜੋਨ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖਿਡਾਰੀਆਂ ਦਾ ਖੇਡਾਂ ਦੁਆਰਾ ਸਰੀਰਕ ਤੇ ਸਮਾਜਿਕ ਵਿਕਾਸ ਹੁੰਦਾ ਹੈ,,,ਸਰਬਜੀਤ ਮੰਗੂਵਾਲ
Next articleਅੱਖੀ ਵੇਖਿਆ ਆਸਟਰੇਲੀਆ ਦਾ ਖੇਡ ਸਿਸਟਮ , ਡਿਰੁਇਨ ਬੈਡਮਿੰਟਨ ਹਾਲ ਦਾ ਕੀਤਾ ਦੌਰਾ