ਸਮਾਜ ਵੀਕਲੀ ਯੂ ਕੇ-

ਅੱਜ ਅਲਸਬਰੀ HS2 ਦੀ ਜੌਬ ਤੇ ਦੂਜਾ ਹਫ਼ਤਾ ਸ਼ੁਰੂ ਹੋ ਗਿਆ ਸੀ। ਜਿਓਂ ਹੀ ਬ੍ਰੇਕ ਟਾਈਮ ਹੋਇਆ ਤਾਂ ਸਾਰੇ ਜਾਣਿਆ ਵਿੱਚ ਰੋਟੀ, ਸਬਜ਼ੀ ਗਰਮ ਕਰਨ ਦੀ ਹਫੜਾ ਦਫੜੀ ਜਿਹੀ ਪੈ ਗਈ । ਬੋਹਤੇ ਗੋਰੇ ਰੈਡੀਮੇਡ Tesco ਅਤੇ Sainsbury ਤੋਂ ਖਰੀਦੇ ਭੋਜਨ ਨੂੰ ਬਗੈਰ ਦੁੱਧ ਦੇ ਕਾਲੀ ਕੌਫੀ ਨਾਲ ਖਾਣ ਵਿੱਚ ਮਸਰੂਫ ਹੋ ਗਏ । ਬੋਹਤੇ ਖਾਣ ਦੇ ਨਾਲ ਨਾਲ ਫੋਨ ਤੇ ਵੀ ਰੁੱਝੇ ਹੋਏ ਸਨ। ਖਾਣਾ ਖਾਣ ਦੇ ਨਾਲ ਨਾਲ ਫੋਨ ਵੇਖਣਾ ਯਾ ਫੋਨ ਕਰਨਾ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਏ, ਕਿਉਂਕਿ ਫੋਨ ਤੇ ਵੇਖੀ ਜਾ ਰਹੀ ਤਸਵੀਰ ਜਾਂ ਸਮੱਗਰੀ ਦੇ ਹਾਵ ਭਾਵ ਦਾ ਸਾਡੇ ਖਾਣ ਸਮੇਂ ਲੀਵਰ ਤੇ ਸਿੱਧਾ ਅਸਰ ਪੈਂਦਾ ਹੈ। ਸ਼ਾਇਦ ਇਸੇ ਕਰਕੇ ਸਾਡੇ ਵੱਡ ਵਡੇਰੇ ਖਾਣਾ ਖਾਣ ਸਮੇਂ ਬੋਲਣ ਤੇ ਵੀ ਪਾਬੰਦੀ ਲਾਉਂਦੇ ਸਨ। ਖਾਣਾ ਖਾਣ ਸਮੇਂ ਤੁਹਾਡਾ ਸਾਰਾ ਧਿਆਨ ਸਿਰਫ ਭੋਜਨ ਵੱਲ ਹੀ ਹੋਣਾ ਚਾਹੀਦਾ ਹੈ। ਸਾਡੇ ਰੋਜ਼ਾਨਾ ਦੇ ਭੋਜਨ ਅਤੇ ਖਾਣ ਪਾਣ ਦੇ ਗਲਤ ਤਰੀਕਿਆਂ ਕਰਨ ਦੁਨੀਆ ਦੇ 90% ਲੋਕ ਲੀਵਰ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ।
ਮੇਰੇ ਨਾਲ ਦੇ ਮੇਜ਼ ਤੇ ਚਾਰ ਪੰਜਾਬੀ ਮੁੰਡੇ ਰੋਟੀ ਖਾ ਰਹੇ ਸਨ। ਉਹਨਾਂ ਨੇ ਰੋਟੀਆਂ ਦੀਆਂ ਤਹਿਆਂ ਲਾ ਕੇ ਰੱਖੀਆਂ ਸਨ ਅਤੇ ਸਬਜ਼ੀਆਂ ਅਤੇ ਅੰਬ ਦੇ ਆਚਾਰ ਦੀਆਂ ਫਾੜੀਆਂ ਨਾਲ ਗੁੱਥਮ ਗੁੱਥਾ ਹੋ ਰਹੇ ਸਨ। ਇਹਨਾਂ ਵਿਚੋਂ ਇਕ ਸਿਆਣੀ ਉਮਰ ਦਾ ਲੱਗਦਾ ਸੀ, ਉਸਨੇ ਚਾਰ ਰੋਟੀਆਂ ਦੇ ਨਾਲ ਘਰ ਦੀ ਬਣਾਈ ਖੀਰ ਅਤੇ ਦਹੀਂ ਦਾ ਡੱਬਾ ਵੀ ਖੋਲ ਕੇ ਰੱਖਿਆ ਹੋਇਆ ਸੀ। ਮੈਂ ਧਿਆਨ ਨਾਲ ਵੇਖਿਆ ਤਾਂ ਦਹੀਂ ਵਿਚ ਤੜਕੇ ਨੁਮਾਂ ਕੱਚਾ ਪਿਆਜ਼, ਹਰੀਆਂ ਮਿਰਚਾਂ, ਮਸਾਲਾ ਅਤੇ ਹਰਾ ਧਨੀਆ ਵੀ ਪਾਇਆ ਹੋਇਆ ਸੀ। ਉਸਨੂੰ ਦਹੀਂ ਅਤੇ ਖੀਰ ਇਕੱਠੇ ਖਾਂਦਿਆਂ ਵੇਖ ਮੈਨੂੰ ਗੁਰਦੁਆਰੇ ਵਿੱਚ ਸੰਗਤ ਰੂਪੀ ਲੋਕਾਂ ਨੂੰ ਲਾਲਚ ਅਧੀਨ ਥਾਲੀਆਂ ਵਿੱਚ ਗੁਰਦੁਆਰੇ ਵਿੱਚ ਬਣੀਆਂ ਸਾਰੀਆਂ ਚੀਜ਼ਾਂ ਨੂੰ ਇੱਕੋ ਥਾਲੀ ਵਿੱਚ ਲੈ ਕੇ ਖਾਣੇ ਵੇਖਿਆ ਹੈ। ਇੱਕੋ ਥਾਲੀ ਵਿੱਚ ਵਿਭਿੰਨ ਕਿਸਮ ਦੀਆਂ ਸਾਰੀਆਂ ਸਬਜ਼ੀਆਂ, ਪਕੌੜੇ, ਦਹੀਂ ਅਤੇ ਖੀਰ ਨਾਲ ਚਾਹ ਨਾਲ ਵਰਤੀਆਂ ਜਾਣ ਵਾਲੀਆਂ ਮਿੱਠੀਆਂ ਚੀਜ਼ਾਂ ਜਿਵੇਂ ਬਰਫੀ, ਵੇਸਣ, ਗੁਲਾਬ ਜਾਮੁਨ, ਰਸਗੁੱਲੇ ਆਦਿ । ਇੱਕੋ ਥਾਲੀ ਵਿੱਚ ਸਾਰੀਆਂ ਖਾਣ ਵਾਲੀਆਂ ਵਸਤਾਂ ਅਤੇ ਦਹੀਂ ਦੇ ਨਾਲ ਮੁਫ਼ਤ ਵਿੱਚ ਮਿਲਦੀ ਖੀਰ ਵੀ ਲੋਕ ਚਾਅ ਨਾਲ ਖਾਂਦੇ ਹਨ ਪਰ ਇਹਨਾਂ ਬੋਹਤੇ ਮੂਰਖ ਮਤ ਪੇਟ ਪੂਜਕ ਲੋਕਾਂ ਨੂੰ ਦਹੀਂ ਅਤੇ ਖੀਰ ਦੇ ਇਕੱਠਿਆਂ ਖਾਣ ਨਾਲ ਲੀਵਰ ਵਿੱਚ ਜਨਮ ਲੈਂਦੀਆਂ ਬਿਮਾਰੀਆਂ ਦਾ ਗਿਆਨ ਨਹੀਂ ਹੁੰਦਾ। ਅੱਜਕਲ੍ਹ ਬੋਹਤੀ ਜਨਤਾ ਗੁਰੂ ਘਰ ਵਿੱਚ ਬਣੇ ਵੰਨ-ਸੁਵੰਨੇ ਖਾਣਿਆਂ ਨੂੰ ਲਾਲਚ ਅਧੀਨ ਖਾਣ ਜਾਂਦੇ ਹਨ ਪਰ ਮੱਥਾ ਟੇਕਣ ਲਈ ਘਰੋਂ ਵਾਧੂ ਪਏ ਸਿੱਕੇ ਦੁਆਨੀਆਂ, ਚੁਆਨੀਆਂ, ਵੀਹ ਪੈਂਸ, ਪੰਜਾਹ ਪੈਂਸ ਦੇ ਸਿੱਕੇ ਜੇਬ ਵਿੱਚ ਪਾ ਲੈਂਦੇ ਹਨ । ਅਜਿਹੇ ਪੇਟੂਆਂ ਦਾ ਗੁਰੂ ਸ਼ਬਦ ਨਾਲ ਜਾਂ ਲੰਗਰ ਵਿੱਚ ਸੇਵਾ ਕਰਨ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ । ਇੰਗਲੈਂਡ ਵਿੱਚ ਵੱਖ ਵੱਖ ਥਾਵਾਂ ਤੇ ਵੇਖਣ ਵਿੱਚ ਆਇਆ ਹੈ ਕਿ ਗੁਰੂ ਗੁਰਾਂ ਦੇ ਨੇੜੇ ਰਹਿਣ ਵਾਲੇ ਬੋਹਤੀ ਆਲਸੀ ਅਤੇ ਨਲਾਇਕ ਸ਼ਾਮ ਸਵੇਰੇ ਲੰਗਰ ਦਾ ਵਕਤ ਨਹੀਂ ਖੁੰਝਣ ਦਿੰਦੇ ਪਰ ਨਿਤਨੇਮ ਜਾਂ ਰਹਿਰਾਸ ਸਾਹਿਬ ਦੇ ਪਾਠ ਦੇ ਵਕਤ ਨਾਲ ਉਹਨਾਂ ਦਾ ਵਾਹ ਵਾਸਤਾ ਵੀ ਨਹੀਂ ਹੁੰਦਾ । ਗੁਰੂ ਘਰ ਵਿਚ ਭੋਜਨ ਦੀ ਅਵਸਥਾ ਲੋੜਵੰਦਾਂ ਲਈ ਸੀ। ਅੱਜਕਲ ਬੋਹਤੇ ਗੁਰੂ ਘਰਾਂ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਸ਼ਾਮ ਸਵੇਰੇ ਭੋਜਨ ਖਾਣ ਦੀ ਅਨੁਮਤੀ ਦੇ ਨਾਲ ਨਾਲ ਸਵੇਰੇ ਕੰਮ ਤੇ ਲੈਕੇ ਜਾਣ ਦੀ ਵੀ ਪ੍ਰਵਾਨਗੀ ਹੈ । ਗੁਰੂ ਘਰਾਂ ਵਿੱਚ ਅਜਿਹੇ ਵਿਧਿਆਰਥੀਆਂ ਨੂੰ ਮਿਲਣ ਤੇ ਪਤਾ ਲੱਗਾ ਕਿ ਗੁਰਦੁਆਰਿਆਂ ਵਿਚ ਬੋਹਤੇ ਬਜ਼ੁਰਗ ਬੰਦੇ ਅਤੇ ਬੀਬੀਆਂ ਜਿਨ੍ਹਾਂ ਦੀ ਘਰਾਂ ਵਿਚ ਕੋਈ ਪੁੱਛ ਦੱਸ ਨਹੀਂ ਉਹ ਗੁਰੂਦਵਾਰਿਆਂ ਵਿਚ ਆ ਕੇ ਆਪਣੀ ਹਉਮੈ ਨੂੰ ਹਰੇ ਪੱਠੇ ਪਾਉਂਦੇ ਹਨ ਅਤੇ ਅਜਿਹੇ ਵਿਦਿਆਰਥੀ ਜਿਹੜੇ ਵਿਚਾਰੇ ਲੋੜਵੰਦ ਹੁੰਦੇ ਹਨ ਉਹਨਾਂ ਨੂੰ ਰੋਟੀ ਸਬਜ਼ੀ ਦੇਣ ਸਮੇਂ ਬੇਇੱਜ਼ਤੀ ਕਰਨੀ ਜਾਂ ਤਿਰਸਕਾਰ ਨਾਲ ਵੇਖਣਾ ਆਮ ਜਿਹੀ ਗੱਲ ਬਣ ਗਈ ਹੈ । ਮਹੀਨਾ ਕੁ ਪਹਿਲਾਂ ਲੰਡਨ ਦੇ ਇਕ ਗੁਰਦੁਆਰੇ ਦੇ ਨਲਾਇਕ ਪ੍ਰਬੰਧਕਾਂ ਵੱਲੋਂ ਰੋਜ਼ਾਨਾ ਸ਼ਾਮ ਸਵੇਰੇ ਰੋਟੀ ਖਾਣ ਆਉਂਦੇ ਵਿਦਿਆਰਥੀਆਂ ਨੂੰ ਲੋਕਲ ਪੁਲਿਸ ਕੋਲ ਫੜਵਾ ਦਿੱਤਾ ਗਿਆ। ਗੁਰਦੁਆਰਿਆਂ ਵਿੱਚ ਬਹੁਤੇ ਪ੍ਰਬੰਧਕ ਸਨਕੀ, ਜਾਤ ਪਾਤ ਦਾ ਝੰਡਾ ਬੁਲੰਦ ਕਰਨ ਵਾਲੇ ਹੁੰਦੇ ਨੇ ਅਤੇ ਜਿਨ੍ਹਾਂ ਦੀ ਘਰ ਵਿੱਚ ਕੋਈ ਪੁੱਛ ਦੱਸ ਨਹੀਂ ਉਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਟੀਮ ਦਾ ਹਿੱਸਾ ਬਣ ਜਾਂਦੇ ਹਨ। ਪੰਜਾਬੀ ਲੋਕਾਂ ਦੀ ਬਿਮਾਰ ਮਾਨਸਿਕਤਾ ਕਾਰਨ ਉਹ ਪੱਛਮੀ ਮੁਲਕਾਂ ਵਿੱਚ ਆ ਤਾਂ ਗਏ ਹਨ ਪਰ ਜਾਤਾਂ ਪਾਤਾਂ ਅਤੇ ਜੱਟਵਾਦ ਦੀ ਸੰਸਕਾਰਾਂ ਵਿੱਚ ਮਿਲੀ ਬਿਮਾਰੀ ਨਾਲ ਲੈ ਆਏ ਹਨ। ਤੁਹਾਨੂੰ ਅੱਜ ਜੱਟ ਸਿੱਖਾਂ, ਮਜ਼੍ਹਬੀ ਸਿੱਖਾਂ, ਚਮਾਰ ਸਿੱਖਾਂ, ਅਰੋੜੇ ਸਿੱਖਾਂ, ਲੁਬਾਣੇ ਸਿੱਖਾਂ, ਰਾਮਗੜ੍ਹੀਆ ਸਿੱਖਾਂ ਦੇ ਗੁਰਦੁਆਰੇ ਤਾਂ ਮਿਲ ਜਾਣਗੇ ਪਰ ਗੁਰੂ ਨਾਨਕ ਦਾ ਗੁਰੂ ਘਰ ਭਾਵ ਗੁਰੂ ਨਾਨਕ ਦਾ ਗੁਰਦੁਆਰਾ ਬਾਰਾਂ ਬਾਰਾਂ ਕੋਹ ਤੇ ਨਹੀਂ ਮਿਲੇਗਾ। ਅਸੀਂ ਪੰਜਾਬੀ ਇੰਨੇ ਕਮੀਨੇ ਅਤੇ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਹਾਂ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫੀ ਨੂੰ ਸਮਝ ਹੀ ਨਹੀਂ ਸਕੇ। ਅੱਜ ਦਾ ਸਿੱਖ ਮੀਟ ਆਂਡਾ ਖਾਈਏ ਜਾਂ ਨਾ ਦੇ ਚੱਕਰ ਵਿੱਚ ਹੀ ਫਸ ਕੇ ਰਹਿ ਗਿਆ ਏ।
ਮੇਰੇ ਸੱਜੇ ਪਾਸੇ ਇਕ ਪੰਜਾਬੀ ਖਾਣਾ ਖਾ ਰਿਹਾ ਸੀ। ਮੈਂ ਉਹਦੇ ਖਾਣੇ ਨੂੰ ਵੇਖ ਕੇ ਪਹਿਲਾਂ ਤਾਂ ਅਚੰਭਿਤ ਹੋਇਆ ਅਤੇ ਫਿਰ ਉਠ ਕੇ ਉਹਦੇ ਮੇਜ਼ ਨਾਲ ਲੱਗੀਆਂ ਕੁਰਸੀਆਂ ਤੇ ਜਾ ਬੈਠਾ । ਮੈਂ ਕਦੇ ਉਸ ਪਲੇਟ ਵੱਲ ਧਿਆਨ ਮਾਰਦਾ ਅਤੇ ਕਦੇ ਦੂਜੇ ਪਾਸੇ ਚਾਰ ਪੰਜਾਬੀ ਜਿਹੜੇ ਰੋਟੀਆਂ ਦੀਆਂ ਤਿਹੀਆਂ, ਸਬਜ਼ੀਆਂ, ਦਾਲਾਂ, ਦਹੀਂ ਅਤੇ ਖੀਰ ਨਾਲ ਆਖ ਮਿਚੋਲੀ ਖੇਡ ਰਹੇ ਸਨ । ਮੈਂ ਉਸ ਬਾਈ ਨੂੰ ਪੁੱਛੇ ਬਿਨਾ ਨਾ ਰਹਿ ਸਕਿਆ। ਉਸਨੂੰ ਪੁੱਛਣ ਤੇ ਪਤਾ ਲੱਗਿਆ ਕੇ ਉਸਦਾ ਨਾਮ ਗੌਰਵ ਹੈ ਅਤੇ ਉਸਦਾ ਪਿਛੋਕੜ ਅੰਮ੍ਰਿਤਸਰ ਦਾ ਹੈ । ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੈਲਥ ਇੰਸਪੈਕਟਰ ਦਾ ਕੋਰਸ ਵੀ ਕੀਤਾ ਹੋਇਆ ਏ । ਉਹ ਵੇਖਣ ਤੋ ਪੱਚੀ ਤੀਹ ਸਾਲ ਦੇ ਦਰਮਿਆਨ ਦਾ ਲੱਗਦਾ ਸੀ ਪਰ ਉਸਨੇ ਆਪਣੀ ਉਮਰ ਪੰਤਾਲੀ ਸਾਲ ਦੱਸੀ। ਮੈਂ ਉਹਨੂੰ ਉਸਦੀ ਚੰਗੀ ਸਿਹਤ ਦਾ ਰਾਜ਼ ਪੁੱਛਿਆ ਤਾਂ ਉਸਨੇ ਬੋਲਣ ਦੀ ਬਜਾਏ ਆਪਣੀ ਇਕੱਲੀ ਪਲੇਟ ਅਤੇ ਨਾਲ ਦੇ ਮੇਜ਼ ਵਾਲੇ ਪੰਜਾਬੀਆਂ ਦੇ ਰੋਟੀਆਂ, ਸਬਜ਼ੀਆਂ, ਅਚਾਰ, ਚਟਨੀ, ਦਹੀਂ ਅਤੇ ਖੀਰ ਵੱਲ ਇਸ਼ਾਰਾ ਕੀਤਾ। ਗੌਰਵ ਨੇ ਇਸ਼ਾਰੇ ਨਾਲ ਨਾ ਬੋਲਣ ਦਾ ਇਸ਼ਾਰਾ ਕੀਤਾ ਤਾਂ ਮੈਂ ਝੱਟ ਹੀ ਸਮਝ ਗਿਆ । ਮੈਂ ਉਸ ਵੱਲੋਂ ਖਾਦੇ ਜਾ ਰਹੇ ਖਾਣੇ ਬਾਰੇ ਪੁੱਛਿਆ ਤਾਂ ਉਹ ਦੱਸਣ ਲੱਗ ਪਿਆ। ਉਹ ਰਾਤ ਨੂੰ ਓਟਸ ਨੂੰ ਇਕ ਫੂਡ ਵਾਲੇ ਟਿਫ਼ਨ ਵਿਚ ਪਾ ਕੇ ਉਸਨੂੰ ਗਰਮ ਜਾਂ ਕੱਚੇ ਦੁੱਧ ਵਿਚ ਮਿਕਸ ਕਰ ਲੈਂਦਾ ਏ। ਓਟਸ ਨੂੰ ਦੁੱਧ ਵਿਚ ਮਿਕਸ ਕਰਕੇ ਉਸ ਵਿਚ ਵਿਭਿੰਨ ਕਿਸਮ ਬੀਜਣ ਨੂੰ ਮਿਕਸ ਕਰਦਾ ਹੈ ਜਿਵੇਂ ਪੰਪਕਿਨ ਸੀਡ, ਫਲੈਕਸ ਸੀਡ, ਚਿਆ ਸੀਡ, ਬਾਮਜੀਲ ਨਟ, ਪ੍ਰੋਟੀਨ ਪਾਊਡਰ, ਦੋ ਵਧੀਆ ਕਿਸਮ ਦੀਆਂ ਖਜੂਰਾਂ, ਸਵਾਦ ਅਨੁਸਾਰ ਹਰੀ ਇਲਾਇਚੀ ਪਾਊਡਰ ਅਤੇ ਕੁੱਜ ਕੁ ਪਸੰਦ ਅਨੁਸਾਰ ਫਲ ਵੀ ਕੱਟ ਕੇ ਓਟਸ ਵਿੱਚ ਪਾ ਕੇ ਮਿਕਸ ਕਰ ਲੈਂਦਾ ਏ । ਸਵੇਰੇ ਪਹਿਲੀ ਬ੍ਰੇਕਫਾਸਟ ਵਾਲੀ ਬ੍ਰੇਕ ਵਿੱਚ ਉਹ ਓਟਸ ਵਾਲੇ ਟਿਫ਼ਨ ਨੂੰ ਬੜੇ ਧਿਆਨ ਨਾਲ ਖਾਂਦਾ ਹੈ । ਗੌਰਵ ਖਾਨ ਸਮੇਂ ਫੋਨ ਨੂੰ ਬੰਦ ਕਰ ਦੇਂਦਾ ਏ, ਦੂਜੀ ਬ੍ਰੇਕ ਵਿੱਚ ਹਲਕਾ ਜਿਹਾ ਫਰੂਟ ਅਤੇ ਬਲੈਕ ਕੌਫੀ ਦਾ ਸ਼ੌਕੀਨ ਹੈ । ਪੁੱਛਣ ਤੇ ਗੌਰਵ ਨੇ ਦੱਸਿਆ ਕਿ ਉਹ ਰਾਤ ਦਾ ਖਾਣਾ ਨਹੀਂ ਖਾਂਦਾ ਸਿਰਫ ਸਲਾਦ ਅਤੇ ਇੱਕ ਚਮਚ olive virgin oil ਬੜੇ ਸ਼ੌਕ ਨਾਲ ਖਾਂਦਾ ਏ । ਰਾਤ ਵੇਲੇ ਕੋਸੇ ਪਾਣੀ ਨਾਲ ਇਕ ਚਮਚ olive oil ਉਹ ਕਦੀ ਨਹੀਂ ਭੁੱਲਦਾ। ਗੌਰਵ ਬਾਜ਼ਾਰੂ ਪੀਜ਼ਿਆਂ ਜਾਂ ਜੰਕ ਫੂਡ ਤੋਂ ਕੋਹਾਂ ਦੂਰ ਰਹਿੰਦਾ ਏ । ਗੌਰਵ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੰਕ ਫੂਡ ਦੀ ਖਾਸ ਕਰਕੇ ਪੀਜ਼ਾ ਸਾਡੀ ਉਮਰ ਘਟਾਉਂਦਾ ਏ । ਗੌਰਵ ਨੇ ਦੱਸਿਆ ਕਿ ਉਹ ਸਾਦਾ ਸ਼ੁੱਧ ਪਾਣੀ ਅਤੇ ਹੱਥੀਂ ਬਣਾਏ ਓਟਸ, ਫਰੂਟ ਅਤੇ ਹਰੀਆਂ ਸਬਜ਼ੀਆਂ, ਸਲਾਦ ਹੀ ਪਸੰਦ ਕਰਦਾ ਏ । ਗੌਰਵ ਕਦੇ ਕਤਾਈਂ Russian vodka ਵੀ ਪਸੰਦ ਕਰਦਾ। ਵਰਜ਼ਿਸ਼, ਜਿਮ ਅਤੇ Saturday Sunday ਉਹ ਗਰਾਊਂਡ ਵਿੱਚ ਵਰਜ਼ਿਸ਼ ਕਰਦਾ ਅਤੇ ਘੋੜੇ ਦੀ ਰੇਬੀਆ ਚਾਲ ਚੱਲਦਾ ਅਕਸਰ ਹੀ ਮਿਲ ਜਾਂਦਾ ਹੈ । ਗੌਰਵ ਕੱਚੇ ਗੋਂਗਲੂਆਂ ਭਾਵ ਸ਼ਲਗਮ ਬੜੇ ਚਾਅ ਨਾਲ ਖਾਂਦਾ ਹੈ। ਉਸਨੇ ਦੱਸਿਆ ਕਿ ਉਹ ਜ਼ਿਆਦਾਤਰ ਕੱਚੀਆਂ ਸਬਜ਼ੀਆਂ ਖਾਣੀਆਂ ਪਸੰਦ ਕਰਦਾ ਏ । ਬ੍ਰੇਕ ਦਾ ਟਾਈਮ ਵੀ ਖ਼ਤਮ ਹੋ ਚੱਲਿਆ ਸੀ । ਗੌਰਵ ਨੇ ਫੇਰ ਮਿਲਣ ਦਾ ਵਾਅਦਾ ਕਰਕੇ ਆਪਣਾ ਫੋਨ ਲਿਆ ਤੇ ਉੱਠ ਕੇ ਚਲਾ ਗਿਆ । ਮੈਂ ਪੰਜਾਬੀ ਗਵਾਂਢੀਆਂ ਦੇ ਮੇਜ਼ ਵੱਲ ਵੇਖਿਆ ਤਾਂ ਇੱਕ ਪੰਜਾਬੀ ਜੋ ਵੇਖਣ ਪਾਖਣ ਤੋਂ ਸਿਆਣੀ ਉਮਰ ਦਾ ਲੱਗਦਾ ਸੀ, ਉਂਗਲਾਂ ਨਾਲ ਖੀਰ ਵਾਲੀ ਕੌਲੀ ਚੱਟੀ ਜਾ ਰਿਹਾ ਸੀ ।
ਮੈਨੂੰ ਗੌਰਵ ਤੁਰਿਆ ਜਾਂਦਾ ਭਾਗਵਟੀ ਦਾ ਗ੍ਰੰਥ ਲੱਗਿਆ ਅਤੇ ਉਸਦੇ ਸ਼ਬਦ ਕਣਕ ਵਿਚਲੀ ਸ਼ੂਗਰ ਨੂੰ ਨਫ਼ਰਤ ਅਤੇ ਵੰਨ ਸੁਵੰਨੇ ਮਿਲੇਟ ਗ੍ਰੇਨ, ਬਾਜਰਾ, ਰਾਗੀ, ਜੌਂਅ, ਮੱਕੀ, ਹਰੀਆਂ ਸਬਜ਼ੀਆਂ, ਸਲਾਦ, ਅਤੇ virgin olive oil ਗੜਗੱਜਾਂ ਪਾ ਰਹੇ ਸਨ ।



