ਸੀਜ਼ਨ ਵਿਆਹਾਂ ਦਾ

(ਸਮਾਜ ਵੀਕਲੀ)

ਦੋ ਪਹੀਏ ਇੱਕੋ ਸਾਈਕਲ ਦੇ,ਇੱਕ ਅੱਗੇ ਹੈ ਇੱਕ ਪਿੱਛੇ ਹੈ
ਇਹ ਦੋਨੋਂ ਹੀ ‘ਕੱਠੇ ਚੱਲਦੇ ਨੇ, ਇੱਕ ਧੱਕੇ ਤੇ ਇੱਕ ਖਿੱਚੇ ਹੈ

ਜੇ ਇੱਕ ਵੀ ਪੈਂਚਰ ਹੋ ਜਾਵੇ ਤਾਂ ਦੂਜਾ ਵੀ ਓਦੋਂ ਖਲੋਂਦਾ ਹੈ
ਜੇ ਇੱਕ ਦੀ ਹਵਾ ਵੀ ਘੱਟ ਹੋਵੇ ਦੂਜਾ ਵੀ ਚੱਲਣੋ ਰੋਂਦਾ ਹੈ

ਹਵਾ ਵੀ ਪੂਰੀ ਰੱਖਿਓ ਦੋਵੇਂ, ਚੈਨ ਵੀ ਗ੍ਰੀਸ ਕਰਾਉਂਦੇ ਰਹੋ
ਚੀਂਚੀਂ ਜੇ ਕਿਧਰੇ ਹੋ ਜਾਵੇ ਤਾਂ ਗੀਤ ਫੇਰ ਵੀ ਗਾਉਂਦੇ ਰਹੋ

ਜੋ ਖਾਧੇ ਨੇ ਇਹ ਬੂਰ ਦੇ ਲੱਡੂ, ਖਾ ਕੇ ਹੁਣ ਪਛਤਾਇਓ ਨਾ
ਕਿਧਰੇ ਐਵੇਂ ਤੈਸ਼ ‘ਚ ਆ ਕੇ ਕੋਰਟ ਕਚਹਿਰੀ ਜਾਇਓ ਨਾ

ਗੁੱਸਾ ਗਿਲਾ ਜੇ ਹੋ ਵੀ ਜਾਵੇ ਚੁੱਪ ਰਹਿ ਕੇ ਡੰਗ ਟਪਾ ਲੈਣਾ
ਕਦੇ ਕਿਸੇ ਦੀ ਸ਼ਹਿ ਵਿੱਚ ਆ ਕੇ ਪੇਕੇ ਨਾ ਡੇਰਾ ਲਾ ਲੈਣਾ

ਬੰਦਾ ਹਰਪਲ ਫਸਿਆ ਹੁੰਦਾ ਹੈ ਦੋ ਪਿੜਾਂ ਦੇ ਐਨ ਵਿਚਾਲੇ
ਇੱਕ ਪਾਸੇ ਦੀ ਓਹ ਗੱਲ ਜੇ ਮੰਨੇ ਤਾਂ ਦੂਜੇ ਤੋਂ ਝਿੜਕਾਂ ਖਾਲੇ

ਜੇ ਮੂੰਹ ਹੀ ਕਦੇ ਕਰਾਰਾ ਕਰਨੈ ਤਾਂ ਝਗੜਾ ਹੀ ਨਹੀਂ ਜਰੂਰੀ
ਇੱਕ ਦੋ ਦਿਨ ਜਾਓ ਘੁੰਮਕੇ ਆਓ ਚਾਹੇ ਸ਼ਿਮਲਾ ਜਾਂ ਮਸੂਰੀ

ਤੰਦ ਤਾਂ ਵਿਗੜੇ ਤਾਨੀ ਨਾ ਵਿਗੜੇ ਨਹੀਂ ਫੇਰ ਕਰੋਨਾ ਆਊ
ਮੂੰਹ ਉੱਤੇ ਮਾਸਕ ਛੇ ਫੁੱਟ ਦੂਰੀ ਓਹ ਦੋਨਾਂ ਦੇ ਵਿੱਚ ਕਰਾਊ

ਔਖੇ ਸੌਖੇ ਰੇੜ ਲਓ ਗੱਡੀ ਪਰ ਕਦੇ ਫੇਲ ਨਾ ਹੋਣ ਬਰੇਕਾਂ
ਘਰ ਦੀ “ਇੰਦਰ” ਘਰੇ ਨਿਬੇੜੋ ਕੋਈ ਬਾਹਰ ਸੁਣੇ ਨਾ ਹੇਕਾਂ

ਇੰਦਰ ਪਾਲ ਸਿੰਘ – ਪਟਿਆਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਇਰਾਂ ਤੇ ਫਨਕਾਰਾਂ ਅੰਦਰ
Next articleਮੋੜਾਂ ਵਾਲੇ ਰਾਹ