
(ਸਮਾਜ ਵੀਕਲੀ) ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ ਸੰਨ 1563 ਈਸਵੀ ਨੂੰ ਸ੍ਰੀ ਗੋਬਿੰਦਵਾਲ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ ਜੀ ਸਨ ।ਆਪ ਜੀ ਦੀ ਸੁਪਤਨੀ ਦਾ ਨਾਮ ਮਾਤਾ ਗੰਗਾ ਜੀ ਸੀ । ਆਪ ਜੀ ਦੇ ਘਰ ਇੱਕ ਸਪੁੱਤਰ ਨੇ ਜਨਮ ਲਿਆ ।ਜਿਸ ਦਾ ਨਾਮ (ਗੁਰੂ) ਹਰਗੋਬਿੰਦ (ਸਾਹਿਬ ਜੀ )ਰੱਖਿਆ ਗਿਆ।
ਬਚਪਨ ਤੋਂ ਹੀ ਆਪ ਨੂੰ ਸਿੱਖੀ ਵਾਤਾਵਰਨ ਵਿੱਚ ਹਰ ਪ੍ਰਕਾਰ ਦੀ ਧਾਰਮਿਕ ਅਤੇ ਆਤਮਿਕ ਸਿੱਖਿਆ ਮਿਲ ਰਹੀ ਸੀ। ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਹੋਣਹਾਰ ਬਾਲਕ ਦੀਆਂ ਗੱਲਾਂ ਤੇ ਖੇਡਾਂ ਵੇਖ ਕੇ ਪਛਾਣ ਲਿਆ ਸੀ।ਕਿ ਇਹ “ਕੋਈ ਵੱਡਾ ਪੁਰਖ ਹੈ ਭਾਰੀ।”ਇੱਕ ਹੋਰ ਕਥਨ ਅਨੁਸਾਰ ਗੁਰੂ ਅਮਰਦਾਸ ਜੀ ਨੇ “ਦੋਹਿਤਾ ਬਾਣੀ ਦਾ ਬੋਹਿਥਾ” ਦੀ ਭਵਿੱਖਬਾਣੀ ਵੀ ਕੀਤੀ।
ਗੁਰਮੁਖੀ ਅੱਖਰ ਆਪੂ ਗੁਰੂ ਅਮਰਦਾਸ ਜੀ ਨੇ ਸਿਖਾਏ। ਵੇਖ -ਰੇਖ ਬਾਬਾ ਬੁੱਢਾ ਜੀ ਕਰ ਰਹੇ ਸਨ। ਮੋਹਰੀ ਜੀ ਨੇ ਗਣਿਤ ਵਿੱਦਿਆ ਸਿਖਾਈ । ਦੇਵ ਨਾਗਰੀ ਪਿੰਡ ਦੀ ਪਾਠਸ਼ਾਲਾ ਤੋਂ ਸਿੱਖੀ। ਸੰਸਕ੍ਰਿਤ ਦਾ ਗਿਆਨ ਪੰਡਿਤ ਬੈਣੀ ਕੋਲੋਂ ਸਿੱਖਿਆ। ਗੁਰੂ ਅਰਜਨ ਦੇਵ ਜੀ ਨੇ ਹਰ ਵਿਦਿਆ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਆਪ ਜੀ ਨੇ ਚਿੱਤਰਕਾਰੀ ਵੀ ਸਿੱਖ ਲਈ ਸੀ, ਅਤੇ ਉਸਾਰੀ ਤੇ ਸ਼ਿਲਪ ਕਲਾ ਵਿੱਚ ਵੀ ਨਿਪੁੰਨ ਹੋ ਗਏ ਸਨ । ਹਰਿਮੰਦਰ ਸਾਹਿਬ, ਤਰਨਤਾਰਨ, ਡੱਬੀ ਬਾਜ਼ਾਰ ਲਾਹੌਰ, ਬਾਉਲੀ ਸਾਹਿਬ ਤੇ ਦੀਵਾਨ ਖ਼ਾਨਾ ,ਕਰਤਾਰਪੁਰ (ਜਿਲਾ ਜਲੰਧਰ) ਦਾ ਸੀਸ਼ ਮਹਿਲ ਅਤੇ ਉਹਨਾਂ ਦੁਆਰਾ ਲਗਾਏ ਗਏ ਬਾਗ ਢੁਕਵੀਆਂ ਉਦਾਹਰਨਾਂ ਹਨ ।ਘੋੜਸਵਾਰੀ ਦੇ ਆਪ ਜੀ ਮਾਰ ਸਨ। ਨੇਜ਼ਾ ਬਾਜ਼ੀ ਉਹਨਾਂ ਵਰਗੀ ਕੋਈ ਨਹੀਂ ਜਾਣਦਾ ਸੀ। ਸੇਵਾ ਵਿੱਚ ਟੁੱਟੇ ਰਹਿੰਦੇ ਸਨ।
(ਗੁਰੂ) ਅਰਜਨ ਦੇਵ ਜੀ ਗੁਰਬਾਣੀ ਦੇ ਪ੍ਰਚਾਰ ਵੱਲ ਬਹੁਤ ਧਿਆਨ ਦਿੰਦੇ ਸਨ ।ਲੰਗਰ ਦੀ ਰਸਦ, ਮਾਇਆ ਤੇ ਮਸੰਦਾਂ ਰਾਹੀਂ ਬਾਹਰੋਂ ਆਈ ਮਾਇਆ ਦਾ ਹਿਸਾਬ ਪ੍ਰਿਥੀ ਚੰਦ ਜੀ ਰੱਖਦੇ ਸਨ ।(ਗੁਰੂ) ਅਰਜਨ ਦੇਵ ਜੀ ਸਿਰਫ ਸੇਵਾ ਹੀ ਆਪਣਾ ਮੁੱਖ ਮੰਤਵ ਸਮਝਦੇ ਸਨ । ਮਹਾਦੇਵ ਜੀ ਇਹਨਾਂ ਨੂੰ ਖਲਜਗਣ ਕਹਿੰਦੇ ਸਨ ਤੇ ਸਾਰਾ ਸਮਾਂ (ਅਤੀਤ) ਵੈਰਾਗੀ ਰੂਪ ਵਿੱਚ ਗੁਜ਼ਾਰਦੇ ਸਨ।
ਸ੍ਰੀ ਗੁਰੂ ਰਾਮਦਾਸ ਜੀ, ਚੌਥੇ ਗੁਰੂ ਦੁਆਰਾ ਆਪ ਜੀ ਵਿਚਲੇ ਗੁਣਾਂ, ਸੇਵਾ-ਸੰਪੰਨਤਾ, ਤਿਆਗ, ਦਲੇਰੀ ,ਗਿਆਨ ਅਤੇ ਕੁਰਬਾਨੀ ਦੇ ਜਜ਼ਬਿਆਂ ਅਤੇ ਗੁਰਗੱਦੀ ਸੰਭਾਲਣ ਦੀ ਯੋਗਤਾ ਸਦਕਾ ਇੱਕ ਸਤੰਬਰ, ਸੰਨ 1581 ਈਸਵੀ ਨੂੰ ਆਪ ਜੀ ਨੂੰ ਗੁਰਗੱਦੀ ਦੀ ਸੇਵਾ ਸੰਭਾਲ ਦਿੱਤੀ। ਗੁਰੂ ਜੀ ਦੀ ਉਮਰ ਉਸ ਸਮੇਂ 18 ਸਾਲ ਚਾਰ ਮਹੀਨੇ ਹੀ ਸੀ। ਆਪ ਜੀ ਇਸ ਗੁਰਤਾ ਗੱਦੀ ਤੇ 30 ਮਈ ਸਨ 1606 ਤੱਕ ਬਿਰਾਜਮਾਨ ਰਹੇ।
ਗੁਰੂ ਘਰ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ, ਅਤੇ ਲੋੜਵੰਦਾਂ ਦੀ ਮੱਦਦ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖਾਂ ਲਈ ਦਸਵੰਧ ਦੀ ਮਰਿਆਦਾ ਬੰਨ੍ਹੀ ।ਇਹ ਮਾਇਆ ਉਸ ਸਮੇਂ ਦੇ ਮਸੰਦ ਸੰਗਤਾਂ ਪਾਸੋਂ ਇਕੱਠੀ ਕਰਕੇ ਗੁਰੂ ਸਾਹਿਬ ਕੋਲ ਪਹੁੰਚਾਉਂਦੇ ਸਨ।
ਸੰਨ 1588 ਈਸਵੀ ਜਨਵਰੀ ਦੀ ਤਿੰਨ (ਮਾਘੀ ਵਾਲੇ ਦਿਨ) ਆਪ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕੇਂਦਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਲਈ ਨੀਂਹ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਈ। ਸ੍ਰੀ ਹਰਿਮੰਦਰ ਸਾਹਿਬ ਦੇ ਬਣਨ ਨਾਲ ਸਿੱਖੀ ਦਾ ਕੇਂਦਰ ਮਜ਼ਬੂਤ ਹੋ ਗਿਆ। ਇਸ ਸਥਾਨ ਨੂੰ ਗੋਲਡਨ ਟੈਂਪਲ ਕਹਿਣਾ ਵੱਡੀ ਭੁੱਲ ਅਤੇ ਅਗਿਆਨਤਾ ਹੈ ।ਕਿਉਂਕਿ ਇਸਦੀ ਮਹਾਨਤਾ ਸੋਨੇ ਕਰਕੇ ਨਹੀਂ ਬਲਕਿ (ਹਰੀ )ਪਰਮਾਤਮਾ ਦੇ ਨਾਮ ਦੀ ਕੀਰਤੀ ਦੇ ਕੇਂਦਰ ਵਜੋਂ ਹੈ। ਇਸ ਦੇ ਚਾਰ ਦਰਵਾਜੇ ਚਾਰਾਂ ਦਿਸ਼ਾਵਾਂ ਨੂੰ ਖੁੱਲਦੇ ਹਨ। ਜਿਸ ਨਾਲ ਪੂਰਬ, ਪੱਛਮ ਆਦਿ ਦਿਸ਼ਾਵਾਂ ਦਾ ਝਗੜਾ ਹੀ ਮੁਕਾ ਦਿੱਤਾ ਅਤੇ ਇਸ ਨੂੰ ਸਰਬ ਸਾਂਝਾ ਅਤੇ ਸਰਬ ਲੋਕਾਈ ਲਈ ਪਰਮ ਪਵਿੱਤਰ ਅਸਥਾਨ ਬਣਾ ਦਿੱਤਾ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਨਵਾਂ ਨਗਰ ਸੰਨ 1590 ਈਸਵੀ ਵਿੱਚ ਵਸਾਇਆ ।ਜਿਸ ਦਾ ਨਾਮ ਤਰਨ ਤਾਰਨ ਰੱਖਿਆ ਗਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਦੀ ਉਸਾਰੀ ਤੋਂ ਵਿਹਲੇ ਹੋ ਕੇ ਦੁਆਬੇ ਵੱਲ ਗਏ। ਦੁਆਬੇ ਵਿੱਚ ਵਹਿਮ ਪ੍ਰਸਤੀ ਦਾ ਬਹੁਤ ਜ਼ੋਰ ਸੀ । ਕਹੀਆਂ ਜਾਂਦੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੇ ਇਸਲਾਮ ਧਰਮ ਨੂੰ ਆਪਣਾ ਲਿਆ ਸੀ। ਕਿਉਂਕਿ ਉਸ ਰਾਹੀਂ ਸਮਾਜ ਵਿੱਚ ਉਹਨਾਂ ਦੀ ਕਦਰ ਵੱਧਦੀ ਸੀ। ਗੁਰੂ ਜੀ ਨੇ ਉਸ ਪਾਸੇ ਵੀ ਧਿਆਨ ਦਿੱਤਾ ਅਤੇ ਦੁਆਬੇ ਵਿੱਚ ਵੀ ਪ੍ਰਚਾਰ ਕੇਂਦਰ ਬਣਾਉਣ ਦਾ ਫੈਸਲਾ ਕੀਤਾ। ਸੰਨ 1593 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਦੀ ਨੀਹ ਰੱਖੀ। ਕਰਤਾਰਪੁਰ ਵਿੱਚ ਹੀ ਮਾਤਾ ਗੰਗਾ ਜੀ ਦੇ ਨਾਂ ਦਾ ਖੂਹ ਲਗਵਾਇਆ, ਇਸ ਨੂੰ ਗੰਗਾਸਰ ਕਹਿੰਦੇ ਹਨ।
ਤਕਰੀਬਨ ਇੱਕ ਸਾਲ ਦੁਆਬੇ ਵਿੱਚ ਪ੍ਰਚਾਰ ਕਰਕੇ ਗੁਰੂ ਜੀ ਨੇ 1594 ਈਸਵੀ ਨੂੰ ਵਡਾਲੀ ਵੱਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ।ਆਪ ਜੀ ਨੇ ਪੱਕਾ ਟਿਕਾਣਾ ਵਡਾਲੀ ਰੱਖਿਆ ਤੇ ਉੱਥੋਂ ਹੀ ਪ੍ਰਚਾਰ ਕਰਨ ਲਈ ਜਾਂਦੇ। 19 ਜੂਨ ਸੰਨ 15 95 ਈਸਵੀ ਨੂੰ ਗੁਰੂ ਹਰਗੋਬਿੰਦ ਜੀ ਦਾ ਜਨਮ ਵਡਾਲੀ ਵਿੱਚ ਹੋਇਆ । ਇਨਾਂ ਹੀ ਸਾਲਾਂ ਵਿੱਚ ਪੰਜਾਬ ਵਿੱਚ ਬਹੁਤ ਵੱਡਾ ਕਾਲ ਪਿਆ। ਮੀਂਹ ਨਾ ਹੋਣ ਕਰਕੇ ਖੇਤੀ ਅਤੇ ਫਸਲਾਂ ਮਾਰੀਆਂ ਗਈਆਂ ।ਖੂਹ ਵੀ ਬਹੁਤ ਘੱਟ ਸਨ ।ਗੁਰੂ ਜੀ ਨੇ ਖੂਬ ਪਟਵਾਉਣ ਦੀ ਮੁਹਿੰਮ ਸ਼ੁਰੂ ਕੀਤੀ। ਗੁਰੂ ਜੀ ਨੇ ਵਕਤ ਦੀ ਲੋੜ ਨੂੰ ਮੁੱਖ ਰੱਖ ਕੇ ਇੱਕ – ਹਰਟੇ ਖੂਹ ਦੀ ਥਾਂ ਦੋ -ਹਰਟੇ ਚੁ -ਹਰਟੇ ਖੂਹ ਲਗਾਉਣੇ ਸ਼ੁਰੂ ਕੀਤੇ ।ਇਸੇ ਤਜ਼ਰਬੇ ਨੂੰ ਕਾਮਯਾਬ ਕਰਨ ਲਈ ਗੁਰੂ ਜੀ ਨੇ ਵਡਾਲੀ ਲਾਗੇ ਪੱਛਮ ਵੱਲ ਇੱਕ ਛੇ -ਹਰਟਾਂ (ਛੇਹਰਟਾ ) ਵਾਲਾ ਖੂਹ ਲਵਾਇਆ ਜਿੱਥੇ ਹੁਣ ਇੱਕ ਸਿੱਧ ਗੁਰਦੁਆਰਾ ਸਾਹਿਬ ਹੈ। ਲਾਹੌਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਗੁਰੂ ਘਰ ਦੀ ਉਸਾਰੀ ਕੀਤੀ ਇਸ ਦੀ ਇਤਿਹਾਸ ਵਿੱਚ ਸੰਨ 1597 ਈਸਵੀ ਦਰਜ਼ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਤੇ ਸੰਪਾਦਨ —
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਚਾਰ ਗੁਰੂ ਸਾਹਿਬਾਨ ,ਭਗਤਾਂ ,ਭੱਟਾਂ ,ਅਤੇ ਗੁਰਸਿੱਖਾਂ ਦੀ ਬਾਣੀ ਨੂੰ ਇਕੱਠਾ ਕਰਕੇ ਰਾਗਾਂ ਤੇ ਬਾਣੀਆਂ ਦੀ ਤਰਤੀਬ ਦੇ ਇਹ ਭਾਈ ਗੁਰਦਾਸ ਜੀ ਪਾਸੋਂ ਗੁਰਦੁਆਰਾ ਸ੍ਰੀ ਰਾਮਸਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਬੀੜ ਲਿਖਵਾਈ। ਇਹ ਕਾਰਜ ਗੁਰੂ ਜੀ ਨੇ ਸਨ 1601 ਈਸਵੀ ਵਿੱਚ ਸ਼ੁਰੂ ਕੀਤਾ ਜਿਹੜਾ ਸੰਨ 1604 ਈਸਵੀ ਵਿੱਚ ਸੰਪੂਰਨ ਹੋਇਆ। ਇਸ ਥਾਂ ਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਅੱਜ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ (ਬੀੜਾ )ਬਹੁਤ ਸ਼ਰਧਾ ਤੇ ਸਤਿਕਾਰ ਸਹਿਤ ਛਾਪ ਕੇ ਤਿਆਰ ਕੀਤੇ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਪੋਥੀ ਸਾਹਿਬ ਕਿਹਾ ਜਾਂਦਾ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਪੋਥੀ ਸਾਹਿਬ (ਆਦਿ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ )ਦੀ ਪਹਿਲਾਂ ਪ੍ਰਕਾਸ਼ ਇੱਕ ਸਿਤੰਬਰ ਸਨ 1604 ਈਸਵੀ ਨੂੰ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਸਭ ਤੋਂ ਪਹਿਲੇ ਗ੍ਰੰਥੀ ਥਾਪਿਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਆਪ ਜੀ ਦੀ ਸਭ ਤੋਂ ਵਧੇਰੇ ਬਾਣੀ ਦਰਜ਼ ਹੈ ।ਜੋ ਕਿ 30 ਰਾਗਾਂ ਵਿੱਚ ਹੈ ਅਤੇ 2218 ਸ਼ਬਦ ਬਣਦੇ ਹਨ।
ਸ਼ਹਾਦਤ ਕਿਵੇਂ ਹੋਈ———-
ਸ੍ਰੀ ਗੁਰੂ ਅਰਜਨ ਦੇਵ ਜੀ ਜਦ ਲਾਹੌਰ ਪੁੱਜੇ ਤਾਂ ਉਨਾਂ ਉੱਤੇ ਕਈ ਦੂਸ਼ਣ ਲਗਾਏ ਗਏ ।ਖੁਸਰੋ ਦੀ ਮੱਦਦ ਕਰਨ ਦਾ ਇਲਜ਼ਾਮ ਸਭ ਤੋਂ ਉੱਤੇ ਸੀ ।ਗੁਰੂ ਜੀ ਦੇ ਸਾਹਮਣੇ ਦੋ ਰਸਤੇ ਪੇਸ਼ ਕੀਤੇ ਗਏ। ਗੁਰੂ ਜੀ ਨੇ ਹਰ ਦੋਰਾਹੇ ਉਤੇ ਕਠਿਨ ਰਸਤਾ ਹੀ ਅਪਣਾਇਆ ।ਇੱਕ ਪਾਸੇ ਚੰਦੂ ਦੀ ਈਰਖਾ ਸੀ ।ਦੂਜੇ ਪਾਸੇ ਸੰਗਤ ਦਾ ਹੁਕਮ ।ਇੱਕ ਪਾਸੇ ਤੱਤੀਆਂ ਤਵੀਆਂ ਦਿਖਦੀਆਂ ਸਨ ।ਦੂਜੇ ਪਾਸੇ ਸ਼ਰਨ ਆਏ ਦੀ ਲਾਜ਼ ਸੀ। ਇੱਕ ਪਾਸੇ ਦੇਗ ਵਿੱਚ ਉਬਾਲਣਾ ਸੀ। ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਸੀ। ਜਹਾਂਗੀਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਵੀ ਆਖਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਹਾਦਤ ਵਾਲਾ ਰਸਤਾ ਹੀ ਠੀਕ ਸਮਝਿਆ ।ਗੁਰੂ ਜੀ ਨੂੰ ਲਾਹੌਰ ਦੇ ਹਾਕਮ ਮੁਰਤਜ਼ਾ ਖਾਨ ਹਵਾਲੇ ਕੀਤਾ ਗਿਆ।ਜਹਾਂਗੀਰ ਕੁਝ ਚਿਰ ਲਈ ਅੱਗੇ ਪੇਸ਼ਵਾਲ ਵੱਲ ਚਲਾ ਗਿਆ। ਜਲਦੀ ਹੀ ਵਾਪਸ ਲਾਹੌਰ ਆ ਗਿਆ। ਮੁਰਤਜ਼ਾ ਖ਼ਾਨ ਨੇ ਉਸ ਨਿਰਦਈ ਕੰਮ ਲਈ ਦੀਵਾਨ ਚੰਦੂ ਨੂੰ ਲਗਾਇਆ, ਤਾਂ ਜੋ ਗੁਰੂ ਜੀ ਦੇ ਵਿਰੋਧੀ ਹੋਣ ਦੇ ਕਾਰਨ ਚੰਦੂ ਦੇ ਹਿਰਦੇ ਵਿੱਚ ਤਸੀਹੇ ਦੇਣ ਤੋਂ ਕੋਈ ਸੰਕੋਚ ਪੈਦਾ ਨਾ ਹੋਵੇ। ਆਪ ਜੀ ਨੂੰ ਤੱਤੀ ਤਵੀ ਉੱਤੇ ਬਿਠਾ ਕੇ ਸਿਰ ਉੱਤੇ ਤੱਤੀ ਰੇਤ ਪਾਈ ਗਈ ।ਫਿਰ ਉਬਲਦੇ ਪਾਣੀ ਵਿੱਚ ਉਬਾਲਿਆ ਗਿਆ। ਸਰੀਰ ਛਾਲੇ ਛਾਲੇ ਹੋ ਗਿਆ। ਪਰ ਗੁਰੂ ਜੀ ਨੇ, ਤੇਰਾ ਕੀਆ ਮੀਠਾ ਲਾਗੈ’ ਦੀ ਧੁੰਨੀ ਜ਼ਾਰੀ ਰੱਖੀ। ਸਾਈ ਮੀਆਂ ਮੀਰ ਜੀ ਨੇ ਵਿੱਚ ਪੈ ਕੇ ਇਹ ਝਗੜਾ ਮੁਕਾਉਣ ਦੀ ਕੋਸ਼ਿਸ਼ ਕੀਤੀ। ਪਰ ਵਾਹ ਨਾ ਚੱਲੀ। ਜਹਾਂਗੀਰ ਉਸ ਵੇਲੇ ਦਾ ਮੀਆਂ ਮੀਰ ਦੀ ਅਜ਼ਮਤ ਤੋਂ ਜਾਣੂ ਨਹੀਂ ਸੀ। ਗੁਰੂ ਜੀ ਨੇ ਮੀਆਂ ਮੀਰ ਨੂੰ ਵੀ ਵਾਹਿਗੁਰੂ ਦੇ ਹੁਕਮ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਤੇ ਫਰਮਾਇਆ ਕਿ “ਕੀ ਹੋਇਆ ਜੇ ਤਨ ਤਪ ਰਿਹਾ ਹੈ। ਸਾਈ ਦੇ ਪਿਆਰਿਆਂ ਨੂੰ ਭਾਣੇ ਵਿੱਚ ਹੀ ਰਸ ਮਾਨਣਾ ਚਾਹੀਦਾ ਹੈ। ਦੁੱਖ ਰਤਾ ਵੀ ਨਹੀਂ ਹੈ। ਸਰੀਰ ਤੇ ਸੰਸਾਰ ਝੂਠਾ ਹੈ। ਆਤਮਾ ਨਿਰਲੇਪ ਹੈ ।”
ਆਖ਼ਰ ਜਲਾਦਾਂ ਨੇ ਫਿਰ ਵਿਚਾਰਿਆ ਕਿ ਜੇ ਸਰੀਰ ਤੇ ਠੰਡਾ ਪਾਣੀ ਪਾਇਆ ਜਾਵੇ ਤਾਂ ਹੋਰ ਤਕਲੀਫ ਹੋਵੇਗੀ ।ਪੰਜ ਦਿਨ ਤਸੀਹੇ ਦਿੱਤੇ ਜਾਂਦੇ ਰਹੇ। ਜ਼ਾਲਮਾਂ ਨੇ ਆਪਣੇ ਭੈੜੇ ਇਰਾਦਿਆਂ ਨੂੰ ਪੂਰਾ ਕਰਨ ਲਈ ਛੇਵੇਂ ਦਿਨ 30 ਮਈ ਸੰਨ 16 06 ਈਸਵੀ ਨੂੰ ਗੁਰੂ ਜੀ ਦੇ ਨਿਰਬਲ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ। ਛਾਲਿਆਂ ਨਾਲ ਛਾਨਣੀ ਹੋਏ ਸਰੀਰ ਨੂੰ ਰਾਵੀ ਦੀ ਭੇਟ ਕਰ ਦਿੱਤਾ ।ਦਰਿਆ ਵਿੱਚ ਰੋੜੇ ਜਾਣ ਦੀ ਗਵਾਹੀ ਭਾਈ ਰਤਨ ਸਿੰਘ ਜੀ ਭੰਗੂ ਅਤੇ ਮੁਨਸ਼ੀ ਸੋਹਨ ਲਾਲ ਨੇ ਭਰੀ ਹੈ। ਇਸ ਥਾਂ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਡੇਰਾ ਸਾਹਿਬ (ਪਾਕਿਸਤਾਨ )ਸੁਸ਼ੋਭਿਤ ਹੈ।
ਇਸ ਤਰ੍ਹਾਂ 30 ਮਈ ਸੰਨ 1606 ਈਸਵੀ ਨੂੰ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ । ਜਿਨ੍ਹਾਂ ਦੀ ਯਾਦ ਵਿੱਚ ਸਿੱਖ ਕੌਮ ਅਤੇ ਹੋਰ ਧਰਮਾਂ ਦੇ ਲੋਕ ਵੀ ਬਰਸੀ ਮਨਾਉਂਦੇ ਹਨ। ਦਾਸ ਨੂੰ ਜਿੰਨੀ ਜਾਣਕਾਰੀ ਹੈ। ਉਹ ਮੈਂ ਲਿਖ ਦਿੱਤੀ ਹੈ। ਜੇਕਰ ਕੋਈ ਗ਼ਲਤੀ ਹੋਵੇ ਤਾਂ ਮਾਫ਼ ਕਰਨਾ।
ਸ਼ੁਭ ਚਿੰਤਕ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



