
ਵਿਰੋਧੀ ਪਾਰਟੀਆਂ ਵੱਲੋਂ ਮਿੱਟੀ ਦੇ ਖੜੇ ਕੀਤੇ ਮਹਿਲ ਡਿੱਗਣੇ ਸ਼ੁਰੂ ਹੋਏ, ਇਸ ਵਾਰ ਪੰਜਾਬ, ਪੰਜਾਬੀਅਤ ਦੇ ਹੱਕ ਵਿੱਚ ਹੋਵੇਗਾ ਫੈਸਲਾ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਵਿਧਾਨ ਸਭਾ ਹਲਕਾ ਪੱਛਮੀ ਦੀ ਉੱਪ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਰੋਜ਼ਾਨਾ ਵਾਂਗ ਸਵੇਰੇ ਪਾਰਕ ਵਿੱਚ ਸੈਰ ਕਰਨ ਵੇਲੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਇਲਾਕੇ ਦੀਆਂ ਬੁਨਿਆਦੀ ਸਹੂਲਤਾਂ ਦੀ ਕਮੀ ਅਤੇ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ । ਐਡਵੋਕੇਟ ਘੁੰਮਣ ਨੇ ਉੱਪ ਚੋਣ ਲਈ ਅੱਜ ਆਪਣੇ ਨਾਮਾਂਕਨ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਪ੍ਰੀਵਾਰ ਸਮੇਤ ਦੁਰਗਾ ਮਾਤਾ ਮੰਦਿਰ ਭਾਈ ਰਣਧੀਰ ਸਿੰਘ ਨਗਰ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਭਗਵਾਨ ਬਾਲਮੀਕੀ ਜੀ ਮੰਦਿਰ ਜਵਾਹਰ ਨਗਰ ਕੈਂਪ ਵਿਖੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਉਸ ਤੋਂ ਬਾਅਦ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਇੱਕ ਆਮ ਨਾਗਰਿਕ ਵਾਂਗ ਗੱਡੀ ਚਲਾ ਕੇ ਡਿਪਟੀ ਕਮਿਸ਼ਨ ਦਫਤਰ ਅਪਣਾ ਨਾਮਾਂਕਨ ਪੱਤਰ ਦਾਖਲ ਕਰਨ ਪੁੱਜੇ। ਇਸ ਵਕਤ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਕਤਾਰ ਦੇ ਆਗੂ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰਿਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਰਣਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਨਰੇਸ਼ ਧੀਗਾਨ, ਗੁਰਦੀਪ ਸਿੰਘ ਲੀਲ ਵੀ ਮੌਜੂਦ ਸਨ। ਇਸ ਮੌਕੇ ਐਡਵੋਕੇਟ ਘੁੰਮਣ ਨੇ ਸਭ ਤੋਂ ਪਹਿਲਾਂ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜੋ ਮੈਨੂੰ ਹਲਕਾ ਪੱਛਮੀ ਤੋਂ ਚੋਣ ਲੜਨ ਦਾ ਮੌਕਾ ਮਿਲਿਆ ਹੈ ਉਹ ਪਾਰਟੀ ਦੇ ਕਾਰਨ ਹੀ ਮਿਲਿਆ ਹੈ। ਉਨ੍ਹਾ ਕਿਹਾ ਕਿ ਮੈਂ ਹਲਕਾ ਪੱਛਮੀ ਦੇ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅਥਾਹ ਪਿਆਰ ਤੇ ਸਤਿਕਾਰ ਦਿੱਤਾ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਝੂਠ ਅਤੇ ਫਰੇਬ ਦੀ ਰਾਜਨੀਤੀ ਕਰਕੇ ਉਸਾਰੇ ਮਹਿਲ ਡਿੱਗਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਹਲਕਾ ਪੱਛਮੀ ਦੇ ਵੋਟਰਾਂ ਦਾ ਫਤਵਾ ਪੰਜਾਬ, ਪੰਜਾਬੀਅਤ ਹੱਕ ਵਿੱਚ ਹੋਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਐਡਵੋਕੇਟ ਘੁੰਮਣ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਵੱਧ ਦੇ ਸਮੇਂ ਦੌਰਾਨ ਜੋ ਸੰਤਾਪ ਪੰਜਾਬ ਦੇ ਲੋਕਾਂ ਨੇ ‘ਆਮ ਆਦਮੀ ਪਾਰਟੀ’ ਦੇ ਕਾਰਜਕਾਲ ਦੌਰਾਨ ਅਪਣੇ ਪਿੰਡੇ ਤੇ ਹੰਢਾਇਆ ਉਹ ਕਿਸੇ ਤੋਂ ਛੁਪਾਇਆ ਨਹੀਂ ਜਾ ਸਕਦਾ। ਪੰਜਾਬ ਦੇ ਲੋਕ ਅੱਜ ਆਪਣੇ ਕੀਤੇ ਦਾ ਪਛਤਾਵਾ ਕਰ ਰਹੇ ਹਨ। ਪੰਜਾਬ ਅੰਦਰ ਲਾਅ ਐਂਡ ਆਡਰ ਦੀ ਸਥਿਤੀ ਨਾਂ ਬਰਾਬਰ ਹੈ। ਪੰਜਾਬ ਦੀ ਵਾਂਗਡੋਰ ਅੱਜ ਦਿੱਲੀ ਤੋਂ ਭਜਾਏ ਉਨ੍ਹਾਂ ਲੋਕਾਂ ਹੱਥ ਫੜਾਈ ਜਾ ਰਹੀ ਹੈ ਜਿਨ੍ਹਾਂ ਨੇ ਜ਼ੇਲ੍ਹ ਦੀਆਂ ਸਲਾਖਾਂ ਅੰਦਰ ਦਿਨ ਅਤੇ ਰਾਤਾਂ ਬਤੀਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦੇ ਰਾਜ ਵਿੱਚ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਅੱਜ ਵੀ ਯਾਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਆਉਣ ਵਾਲਾ ਸਮਾ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ। ਐਡਵੋਕੇਟ ਘੁੰਮਣ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਦਾ ਸਾਥ ਮਿਲ ਰਿਹਾ ਹੈ ਉਸ ਨਾਲ ਆਉਣ ਵਾਲੇ ਸਮੇਂ ਵਿੱਚ ਹਲਕਾ ਪੱਛਮੀ ਦੇ ਲੋਕਾਂ ਨੂੰ ਹਰ ਸੁੱਖ ਸਹੂਲਤ ਮਿਲੇਗੀ ਜਿਸ ਤੋਂ ਉਹ ਅਜੇ ਤੱਕ ਵਾਂਝੇ ਹਨ। ਉਨ੍ਹਾਂ ਹਲਕਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲੈਣ ਕਿ ਇਲਾਕੇ ਦੇ ਭਵਿੱਖ ਬਾਰੇ ਕੌਣ ਸੋਚ ਸਕਦਾ ਹੈ। ਇਸ ਮੌਕੇ ਐਡਵੋਕੇਟ ਘੁੰਮਣ ਨੇ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਤੱਪਦੀ ਕੜਕ ਧੁੱਪ ਵਿੱਚ ਉਨ੍ਹਾਂ ਦੀ ਆਵਾਜ ਨੂੰ ਆਵਾਮ ਤੱਕ ਪਹੁੰਚਾਣ ਦਾ ਉਪਰਾਲਾ ਕੀਤਾ। ਇਸ ਮੌਕੇ ਐਡਵੋਕੇਟ ਘੁੰਮਣ ਨਾਲ ਵੱਡੀ ਗਿਣਤੀ ਵਿੱਚ ਵਕੀਲ ਭਾਈਚਾਰਾ ਵੀ ਹਾਜ਼ਰ ਸੀ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


