ਵਿਆਹਾਂ ‘ਚ ਖ਼ਤਮ ਹੁੰਦੀ ਜਾ ਰਹੀ ਦਿਖਾਵਾ ਦਿਖਾਉਣ ਦੀ ਰਸਮ

ਸੰਜੀਵ ਸਿੰਘ ਸੈਣੀ

(ਸਮਾਜ ਵੀਕਲੀ)

ਪੰਜਾਬੀ ਸੱਭਿਆਚਾਰ ਬਹੁਤ ਹੀ ਅਮੀਰ ਵਿਰਸਾ ਹੈ। ਵਿਆਹ ਜਿਹੇ ਪ੍ਰੋਗਰਾਮਾਂ ਵਿੱਚ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਜੇ ਵਿਆਹ ਸਾਡੇ ਘਰ ਵਿਚ ਹੋਵੇ ਤਾਂ ਸਾਨੂੰ ਗੋਡੇ-ਗੋਡੇ ਚਾਅ ਚੜ੍ਹ ਜਾਂਦਾ ਹੈ।ਪਰ ਅੱਜ ਕੱਲ ਮੈਰਿਜ ਪੈਲੇਸਾਂ ਨੇ ਘਰ ਵਿੱਚ ਹੋਣ ਵਾਲੇ ਵਿਆਹਾਂ ਦੀ ਜਗ੍ਹਾ ਲੈ ਲਈ ਹੈ। ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਕਿ ਇਸ ਘਰ ਵਿੱਚ ਕੋਈ ਵਿਆਹ ਹੈ। ਜਦੋਂ ਘਰ ਤੇ ਬਿਜਲੀ ਵਾਲੀ ਲੜੀਆਂ ਪਾ ਦਿੱਤੀ ਜਾਂਦੀਆਂ ਹਨ ਤਾਂ ਪਤਾ ਲੱਗਦਾ ਹੈ ਕਿ ਇੱਥੇ ਅੱਜ ਕੋਈ ਵਿਆਹ ਹੈ। ਪੁਰਾਣੇ ਵੇਲਿਆਂ ਵਿੱਚ ਜਦੋਂ ਚਿੱਠੀ ਲਿਖਾ ਦਿੱਤੀ ਜਾਂਦੀ ਸੀ, ਤਾਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਂਦੀਆਂ ਸਨ।

ਰਿਸ਼ਤੇਦਾਰ ਪਹਿਲਾਂ ਹੀ ਵਿਆਹ ਤੋਂ ਕਈ ਦਿਨ ਪਹਿਲਾਂ ਹੀ ਆ ਜਾਂਦੇ ਸਨ। ਅੱਜ ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਦਿਨ ਪ੍ਰਤੀ ਦਿਨ ਇਹ ਰਸਮਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਵਿਆਹ ਤੋਂ ਪਹਿਲੇ ਖ਼ੂਬ ਖਰੀਦਦਾਰੀ ਕੀਤੀ ਜਾਂਦੀ ਹੈ। ਚਾਹੇ ਉਹ ਮੁੰਡੇ ਦਾ ਵਿਆਹ ਹੋਵੇ ਜਾਂ ਕੁੜੀ ਦਾ ਵਿਆਹ ।ਮੁੰਡੇ ਦੇ ਵਿਆਹ ਵਿੱਚ ਚਲੋਂ ਘੱਟ ਖ਼ਰੀਦਾਰੀ ਹੁੰਦੀ ਹੈ,ਪਰ ਕੁੱੜੀ ਦੇ ਵਿਆਹ ਵਿੱਚ ਜੋ ਸਹੁਰਿਆਂ ਨੂੰ ਕੱਪੜੇ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਸਾਮਾਨ ਦੇਣਾ ਹੁੰਦਾ ਹੈ, ਬਹੁਤ ਖ਼ਰੀਦਦਾਰੀ ਕੁੜੀ ਦੇ ਵਿਆਹ ਵਿੱਚ ਹੁੰਦੀ ਹੈ। ਫ਼ਿਰ ਵੀ ਅੰਤ ਸਮੇਂ ਤੱਕ ਕੁੱਝ ਨਾ ਕੁੱਝ ਸਾਮਾਨ ਰਹਿ ਵੀ ਜਾਂਦਾ ਹੈ।

ਅੱਜ ਜੇ ਕੁੜੀ ਦੇ ਵਿਆਹ ਦੀ ਚਿੱਠੀ ਲਿਖਾਈ ਜਾਂਦੀ ਹੈ ਜੋ ਉਸ ਨੂੰ ਕੱਪੜੇ ਅੱਗੇ ਸਹੁਰਾ ਪਰਿਵਾਰ ਵਿੱਚ ਦੇਣੇ ਹੁੰਦੇ ਹਨ, ਉਹ ਦਿਖਾਵਾ ਦਿਖਾਉਣ ਦੀ ਰਸਮ ਵੀ ਅੱਜ ਖ਼ਤਮ ਹੋ ਚੁੱਕੀ ਹੈ। ਜੇ ਗੱਲ 15 ਸਾਲ ਪਹਿਲੇ ਦੀ ਕਰੀਏ ਤਾਂ ਜਦੋਂ ਕੁੜੀ ਦੇ ਵਿਆਹ ਲਈ ਖ਼ਰੀਦਦਾਰੀ ਕੀਤੀ ਜਾਂਦੀ ਸੀ, ਤਾਂ ਪਿੰਡ ਵਿੱਚ ਨਾਈ ਵੱਲੋਂ ਸੱਦਾ ਦਿੱਤਾ ਜਾਂਦਾ ਸੀ, ਕਿ ਭਾਈ ਫ਼ਲਾਣੇ ਦੀ ਕੁੜੀ ਦਾ ਵਿਆਹ ਹੈ। ਉਹਨਾਂ ਨੇ ਦਿਖਾਵਾ ਦਿਖਾਉਣਾ ਹੈ, ਜੋ ਕੁੜੀ ਨੂੰ ਵਿਆਹ ਵਿੱਚ ਸਮਾਨ, ਜਿਵੇਂ ਕਪੜੇ, ਗਹਿਣੇ, ਫਰਨੀਚਰ ਦੇਣਾ ਹੈ। ਹੋਰ ਤਾਂ ਹੋਰ ਜੋ ਨਾਨਕ ਛੱਕ ਵਿੱਚ ਨਾਨਕਾ ਮੇਲ ਕੱਪੜੇ, ਗਹਿਣੇ ,ਹੋਰ ਵੀ ਤਰ੍ਹਾਂ ਤਰ੍ਹਾਂ ਦਾ ਸਮਾਨ ਲੈ ਕੇ ਆਉਂਦਾ ਸੀ ,ਉਹ ਮੰਜਿਆਂ ਤੇ ਰੱਖ ਕੇ ਪੂਰੇ ਪਿੰਡ ਨੂੰ ਦਿਖਾਏ ਜਾਂਦੇ ਸਨ। ਨਾਨਕੀ ਛੱਕ ਵਿਚ ਲਿਆਂਦੇ ਗਏ ਕੱਪੜਿਆਂ ਤੇ ਪਰਚੀਆਂ ਲਗਾਈਆਂ ਜਾਂਦੀਆਂ ਸਨ ਕਿ ਫਲਾਣੀ ਔਰਤ ਦਾ ਸੂਟ ਹੈ, ਜਾਂ ਉਸ ਬੰਦੇ ਦੀ ਲੋਈ ਹੈ। ਪਿੰਡ ਦੀਆਂ ਜ਼ਨਾਨੀਆਂ ਖੋਲ੍ਹ ਖੋਲ੍ਹ ਕੇ ਕਪੜੇ ਦੇਖਦੀਆਂ ਸਨ।

ਇਕ ਜਿੰਮੇਵਾਰ ਔਰਤ ਨੂੰ ਪਰਾਂਤ ਵਿੱਚ ਸੋਨੇ ,ਚਾਂਦੀ ਦੇ ਗਹਿਣੇ, ਪੈਸੇ ਰੱਖ ਕੇ ਦਿਖਾਵੇ ਵਾਲੀ ਥਾਂ ਤੇ ਕੋਲ ਬਿਠਾ ਦਿੱਤਾ ਜਾਂਦਾ ਸੀ। ਜਦੋਂ ਔਰਤਾਂ ਦਿਖਾਵਾ ਦੇਖ ਕੇ ਜਾਂਦੀਆਂ ਸਨ ਤਾਂ ਉਹਨਾਂ ਨੂੰ ਚਾਹ ਪਾਣੀ ਵੀ ਪੁੱਛਿਆ ਜਾਂਦਾ ਸੀ । ਕਿਉਂਕਿ ਨਾਨਕਿਆਂ ਦਾ ਅੱਧਾ ਵਿਆਹ ਹੁੰਦਾ ਸੀ। ਅੱਜ ਦੇ ਜ਼ਮਾਨੇ ਵਿੱਚ ਤਾਂ ਨਾਨਕਿਆਂ ਵੱਲੋਂ ਪੈਸੇ ਦੇ ਦਿੱਤੇ ਜਾਂਦੇ ਹਨ। ਇਹ ਦਿਖਾਵਾ ਦਿਖਾਉਣ ਦੀ ਰਸਮ, ਨਾਨਕਿਆਂ ਵੱਲੋਂ ਲਿਆਇਆ ਗਿਆ ਸਾਮਾਨ ਸਭ ਕੁੱਝ ਖ਼ਤਮ ਹੋ ਰਿਹਾ ਹੈ। ਕਿਉਂਕਿ ਪੈਸਾ ਪ੍ਰਧਾਨ ਬਣ ਚੁੱਕਿਆ ਹੈ। ਵੈਸੇ ਵੀ ਅੱਜਕੱਲ ਕਿਸੇ ਦਾ ਲਿਆਂਦਾ ਹੋਇਆ ਕੋਈ ਕੱਪੜਾ ਥੋੜੀ ਪਸੰਦ ਕਰਦਾ ਹੈ ,ਆਪਣੀ ਮਨ ਮਰਜੀ ਚੱਲਦੀ ਹੈ। ਬਸ ਦੋ ਚਾਰ ਜ਼ਿੰਮੇਵਾਰ ਇਨਸਾਨਾਂ ਨੂੰ ਹੀ ਨਾਨਕ ਛੱਕ ਵਿੱਚ ਲਿਆਂਦਾ ਗਿਆ ਸਾਮਾਨ ਦਿਖਾ ਦਿੱਤਾ ਜਾਂਦਾ ਹੈ।

ਪਰ ਅੱਜ ਵੀ ਕਈ ਪਿੰਡਾਂ ਵਿੱਚ ਨਾਨਕਿਆਂ ਵੱਲੋਂ ਲਿਆਈ ਗਈ ਛੱਕ ਪੂਰੇ ਪਿੰਡ ਵਿੱਚ ਦਿਖਾਵੇ ਵਜੋਂ ਦਿਖਾਈ ਜਾਂਦੀ ਹੈ। ਵਿਆਹ ਵਾਲ਼ਿਆਂ ਵੱਲੋਂ ਨਾਨਕਾ ਪਰਿਵਾਰ ਨੂੰ ਜੋ ਲੈਣ ਦੇਣ ਕਰਨਾ ਹੁੰਦਾ ਹੈ ,ਉਹ ਵੀ ਪੰਚਾਇਤ ਮੈਂਬਰਾਂ ਦੇ ਸਾਹਮਣੇ ਬਿਠਾ ਕੇ ਦਿਖਾਇਆ ਜਾਂਦਾ ਹੈ। ਕਹਿਣ ਦਾ ਮਤਲਬ ਹੈ ਕਿ ਇਹ ਰਸਮ ਵਿਆਹ ਦੀ ਕਾਫ਼ੀ ਮਹੱਤਵਪੂਰਨ ਹੁੰਦੀ ਸੀ। ਨਾਨਕਿਆਂ ਦਾ ਪੂਰਾ ਆਦਰ ਸਤਿਕਾਰ ਕੀਤਾ ਜਾਂਦਾ ਸੀ। ਸਿੱਠਣੀਆਂ ਦਿੱਤੀਆਂ ਜਾਂਦੀਆਂ ਸਨ। ਅੱਜ ਕੱਲ ਤਾਂ ਵਿਆਹਾਂ ਵਿੱਚ ਸਿੱਠਣੀਆਂ ਦੇਣ ਦੀ ਰਸਮ ਵੀ ਖ਼ਤਮ ਹੋ ਗਈ ਹੈ।

ਜਦੋਂ ਮੁੰਡੇ ਦਾ ਵਿਆਹ ਧਰਿਆ ਜਾਂਦਾ ਹੈ , ਤਾਂ ਆਉਣ ਵਾਲੀ ਨੂੰਹ ਲਈ ਵਰੀ ਤਿਆਰ ਕੀਤੀ ਜਾਂਦੀ ਹੈ। ਇਸ ਵਰੀ ਵਿੱਚ ਕੱਪੜੇ ,ਗਹਿਣੇ, ਨੂੰਹ ਲਈ ਜੁੱਤੀਆ ਤਿਆਰ ਕੀਤੀ ਜਾਂਦੀਆਂ ਹਨ। ਪਹਿਲਾਂ ਤਾਂ ਇਹ ਇੱਕ ਟਰੰਕ ਵਿੱਚ ਰੱਖੀ ਜਾਂਦੀ ਸੀ। ਪਰ ਅੱਜ ਕੱਲ ਦੇ ਜ਼ਮਾਨੇ ਵਿਚ ਇਹ ਅਟੈਚੀਆਂ ਵਿੱਚ ਆ ਚੁੱਕੀ ਹੈ। ਨਾਈ ਆਪਣੇ ਸਿਰ ਤੇ ਵਰ੍ਹੀ ਰੱਖ ਕੇ ਲੈ ਕੇ ਜਾਂਦਾ ਸੀ। ਜਦੋਂ ਬਾਰਾਤ ਕੁੜੀ ਵਾਲਿਆਂ ਦੇ ਵਿਹੜੇ ਪਹੁੰਚਦੀ ਸੀ , ਤਾਂ ਚਾਹ ਪਾਣੀ ਪੀਣ ਤੋਂ ਬਾਅਦ ਉੱਥੇ ਜ਼ਿੰਮੇਵਾਰ ਮੈਂਬਰਾਂ ਨੂੰ ਇਹ ਵਰੀ ਦਿਖਾਈ ਜਾਂਦੀ ਸੀ। ਕਿ ਅਸੀਂ ਆਉਣ ਵਾਲੀ ਨੂੰਹ ਨੂੰ ਕਿ ਕੁੱਝ ਚੜਾਇਆ ਹੈ। ਪਰ ਅੱਜਕਲ੍ਹ ਵਿਆਹਾਂ ਵਿਚ ਵੀ ਵਰ੍ਹੀ ਦਿਖਾਉਣ ਦੀ ਰਸਮ ਖ਼ਤਮ ਹੋ ਚੁੱਕੀ।

ਸਮਾਂ ਨਹੀਂ ਰਿਹਾ। ਮਹਿੰਗਾਈ ਨੇ ਲੋਕ ਸਿਆਣੇ ਕਰ ਦਿੱਤੇ ਹਨ। ਵਿਆਹ ਦੀਆਂ ਰਸਮਾਂ ਸਿਰਫ਼ ਨਾਮਾਤਰ ਹੀ ਰਹਿ ਚੁੱਕੀਆਂ ਹਨ। ਰਹਿੰਦੀ ਕਸਰ ਮੈਰਿਜ ਪੈਲੇਸਾਂ ਨੇ ਪੂਰੀ ਕਰ ਦਿੱਤੀ ਹੈ। ਅੱਜ ਕੱਲ ਤਾਂ ਨਾਨਕਾ ਮੇਲ ਵੀ ਉਸੇ ਦਿਨ ਹੀ ਵਿਆਹ ਵਿਚ ਆਉਂਦਾ ਹੈ ਜਿਸ ਦਿਨ ਵਿਆਹ ਧਰਿਆ ਹੋਵੇ। ਸਮੇਂ ਦੀ ਘਾਟ ਕਾਰਨ ਇਹ ਰਸਮਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਪਰਿਵਾਰਕ ਮੈਂਬਰ ਵੀ ਅੱਜ ਕੱਲ ਕੁੱੜੀ ਨੂੰ ਦਾਜ ਦੇਣ ਦੀ ਬਜਾਏ ਕੈਸ਼ ਦਿੰਦੇ ਹਨ। ਸੋ ਸਾਨੂੰ ਆਪਣੇ ਸੱਭਿਆਚਾਰ ਦੇ ਮੁਤਾਬਕ ਇਹ ਰਸਮਾਂ ਜ਼ਰੂਰ ਕਰਨੀ ਚਾਹੀਦੀਆਂ ਹਨ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਮੌੜ’ ਫਿਲਮ ਦੇ ਸੈੱਟਸ ਅਤੇ ਆਰਟ ਕਾਰਜ ਦੀ ,ਹਰ ਫਿ਼ਲਮੀ ਸ਼ਖ਼ਸੀਅਤ ਅਤੇ ਦਰਸ਼ਕਾਂ ਵੱਲੋਂ ਰੱਜਵੀਂ ਪ੍ਰਸੰਸਾਂ ਕੀਤੀ ਜਾ ਰਹੀ :- ਕਾਜੀ
Next articleਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਆਲਮੀ ਯੋਗ ਦਿਹਾੜਾ ਮਨਾਇਆ ਗਿਆ ।