HOME ਨਤੀਜਾ ਸ਼ਾਨਦਾਰ ਰਿਹਾ

ਨਤੀਜਾ ਸ਼ਾਨਦਾਰ ਰਿਹਾ

ਡਾ. ਇਕਬਾਲ ਸਿੰਘ ਸਕਰੌਦੀ
ਡਾ. ਇਕਬਾਲ ਸਿੰਘ ਸਕਰੌਦੀ ਸੰਗਰੂਰ
   (ਸਮਾਜ ਵੀਕਲੀ)   ਲੈਕਚਰਾਰ ਸੰਤ ਸਿੰਘ ਫੰਮਣਵਾਲ ਪਿਛਲੇ ਹਫ਼ਤੇ ਹੀ ਪ੍ਰਿੰਸੀਪਲ ਪ੍ਰਮੋਟ ਹੋਇਆ ਸੀ। ਸ਼ਹਿਰ ਦੇ ਨੇੜਲੇ ਪੇਂਡੂ ਸਕੂਲ ਵਿੱਚ ਡਿਊਟੀ ਨਿਭਾਉਂਦਿਆਂ ਅੱਜ ਉਸ ਨੂੰ ਛੇਵਾਂ ਦਿਨ ਸੀ। ਅੱਜ ਸਵੇਰੇ ਹੀ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਸੀ। ਬਾਰ੍ਹਵੀਂ ਜਮਾਤ ਦੇ ਇੰਚਾਰਜ ਲੈਕਚਰਾਰ ਧੰਨਾ ਸਿੰਘ ਨੇ ਪ੍ਰਿੰਸੀਪਲ ਦਫ਼ਤਰ ਦਾ ਜਾਲੀ ਵਾਲ਼ਾ ਬੂਹਾ ਖੋਲ੍ਹਿਆ। ਉਸ ਨੇ ਬੜੇ ਮਾਣ ਨਾਲ਼ ਪ੍ਰਿੰਸੀਪਲ ਸਾਹਿਬ ਨੂੰ ਵਧਾਈਆਂ ਦਿੱਤੀਆਂ। ਤੇ ਫ਼ੇਰ ਕਿਹਾ- “ਦੇਖ ਲਓ ਪ੍ਰਿੰਸੀਪਲ ਸਾਹਿਬ! ਤੁਸੀਂ ਕਿੰਨੇ ਭਾਗਾਂ ਆਲ਼ੇ ਓਂ। ਅਜੇ ਪਿਛਲੇ ਹਫ਼ਤੇ ਹੀ ਤੁਸੀਂ ਆਪਣੇ ਸਕੂਲ ਵਿੱਚ ਜੁਆਇੰਨ ਕੀਤਾ ਹੈ। ਤੁਹਾਡੇ ਮੁਬਾਰਕ ਚਰਨ ਪੈਂਦਿਆਂ ਈ ਬੱਚਿਆਂ ਦੇ ਭਾਗ ਜਾਗ ਪਏ ਐ। ਆਪਣੇ ਸਕੂਲ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ, ਸਰ।”ਪ੍ਰਿੰਸੀਪਲ ਸਾਹਿਬ ਨੇ ਆਪਣਾ ਮੋਬਾਇਲ ਫ਼ੋਨ ਚੁੱਕਿਆ। ਉਨ੍ਹਾਂ ਬੋਰਡ ਵੱਲੋਂ ਨੈੱਟ ‘ਤੇ ਪਾਇਆ ਨਤੀਜਾ ਧੰਨਾ ਸਿੰਘ ਨੂੰ ਦਿਖਾਉਂਦਿਆਂ ਕਿਹਾ, “ਸਰਦਾਰ ਧੰਨਾ ਸਿੰਘ ਜੀ, ਆਪਣੇ ਸਕੂਲ ਦੇ ਨੱਬੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ। ਦਸ ਵਿਦਿਆਰਥੀ ਤਾਂ ਪੂਰੀ ਤਰ੍ਹਾਂ ਫੇਲ੍ਹ ਨੇ। ਸੋਲ਼ਾਂ ਵਿਦਿਆਰਥੀਆਂ ਦੀ ਰੀਅਪੀਅਰ ਆਈ ਹੈ। ਤੁਸੀਂ ਇਹਨੂੰ ਸ਼ਾਨਦਾਰ ਨਤੀਜਾ ਕਿਵੇਂ ਕਹਿ ਰਹੇ ਹੋ?” “ਪ੍ਰਿੰਸੀਪਲ ਸਾਹਿਬ, ਤੁਸੀਂ ਅਜੇ ਨਵੇਂ-ਨਵੇਂ ਪ੍ਰਿੰਸੀਪਲ ਬਣੇਂ ਓਂ। ਏਸ ਲਈ ਤੁਸੀਂ ਅਜੇ ਏਹ ਪਾੜ੍ਹਤਾਂ ਨੀਂ ਜਾਣਦੇ। ਆਪਾਂ ਅਗਲੇ ਸਾਲ ਲਈ ਵੀ ਤਾਂ ਸਕੂਲ ਦਾ ਦਾਖ਼ਲਾ ਵਧਾਉਣਾ ਹੈ। ਮੈਂ ਤਾਂ ਅਖ਼ਬਾਰਾਂ ਵਿੱਚ ਖ਼ਬਰ ਛਪਾਉਣ ਲਈ ਪ੍ਰੈੱਸ ਨੋਟ ਵੀ ਤਿਆਰ ਕਰ ਲਿਆਂਦਾ ਹੈ। ਆਹ ਲਓ! ਮਾਰੋ ਏਹ ‘ਤੇ ਘੁੱਗੀ। ਮੈਂ ਹੁਣੇ ਸਾਰੇ ਅਖ਼ਬਾਰਾਂ ਨੂੰ ਵੱਟਸਐਪ ‘ਤੇ ਭੇਜ ਦਿੰਦਾ ਹਾਂ।”  ਪ੍ਰਿੰਸੀਪਲ ਸਾਹਿਬ ਧੰਨਾ ਸਿੰਘ ਵੱਲੋਂ ਤਿਆਰ ਕੀਤਾ ਪ੍ਰੈੱਸ ਨੋਟ ਪੜ੍ਹਨ ਲੱਗ ਪਏ। ਜਿਸ ਤੇ ਸਾਫ਼ ਸੁਥਰੇ ਢੰਗ ਨਾਲ਼ ਟਾਈਪ ਕੀਤਾ ਹੋਇਆ ਸੀ- “ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਨੇ ਇਸ ਦਾ ਸਿਹਰਾ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬੂਟਾ ਸਿੰਘ, ਸਕੂਲ ਦੇ ਮਿਹਨਤੀ ਸਟਾਫ਼ ਮੈਂਬਰਜ਼ ਅਤੇ ਵਿਦਿਆਰਥੀਆਂ ਦੇ ਸਿਰ ਬੰਨ੍ਹਿਆ ਹੈ।” ਪ੍ਰੈੱਸ ਨੋਟ ਪੜ੍ਹ ਕੇ ਪ੍ਰਿੰਸੀਪਲ ਸਾਹਿਬ ਦੇ ਚਿਹਰੇ ‘ਤੇ ਇੱਕ ਲੰਮੀ ਮੁਸਕੁਰਾਹਟ ਫ਼ੈਲ ਗਈ ਸੀ। ਉਨ੍ਹਾਂ ਹਰਾ ਪੈੱਨ ਚੁੱਕਿਆ। ਅੰਗਰੇਜ਼ੀ ਵਿੱਚ ਐੱਸ ਐੱਸ ਪਾ ਕੇ ਇੱਕ ਲੰਮੀ ਲਕੀਰ ਖਿੱਚ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.sa
Previous articleਸੋਂ ਜਾ ਬੱਬੂਆ ਮਾਣੋ ਬਿੱਲੀ ਆਈ ਆ।
Next articleਬਿਆਨੀਆ ਕਵਿਤਾ ਦਾ ਮਹਾਨ ਸ਼ਾਇਰ- ਲਾਲਾ ਕਿਰਪਾ ਸਾਗਰ