ਰਮੇਸ਼ ਸੇਠੀ
(ਸਮਾਜ ਵੀਕਲੀ) ਸੌਣਾ ਇੱਕ ਕੁਦਰਤ ਦੀ ਬਖਸ਼ੀ ਹੋਈ ਬਹੁਤ ਖੂਬਸੂਰਤ ਕਿਰਿਆ ਹੈ। ਜੋ ਪ੍ਰਾਣੀਆਂ ਲਈ ਵਰਦਾਨ ਹੈ। ਖੋਰੇ ਇਸੇ ਲਈ ਉਸਨੇ ਰਾਤ ਬਣਾਈ ਤਾਂਕਿ ਪ੍ਰਾਣੀ ਕੁਝ ਸਮਾਂ ਅਰਾਮ ਕਰ ਲੈਣ। ਨੀਂਦ ਦੇ ਦੌਰਾਨ ਪ੍ਰਾਣੀ ਦਾ ਦਿਲ ਲਗਾਤਾਰ ਧੜਕਦਾ ਰਹਿੰਦਾ ਹੈ ਪ੍ਰੰਤੂ ਦਿਮਾਗ ਅਤੇ ਸਰੀਰ ਆਰਾਮ ਅਵਸਥਾ ਵਿੱਚ ਹੁੰਦੇ ਹਨ। ਇੱਕ ਤਰਾਂ ਨਾਲ ਉਹ ਬੇਸੁੱਧ ਹੁੰਦਾ ਹੈ। ਨੀਂਦ ਦੌਰਾਨ ਉਸਦਾ ਦਿਲ ਲੱਗਿਆ ਰਹੇ ਇਸ ਲਈ ਉਸਨੂੰ ਕਾਲਪਨਿਕ ਸੁਫ਼ਨੇ ਆਉਂਦੇ ਰਹਿੰਦੇ ਹਨ। ਉਹ ਜਿੰਦਗੀ ਦੀਆਂ ਪੁਰਾਣੀਆਂ ਅਤੇ ਅਜੀਬ ਜਿਹੀਆਂ ਫ਼ਿਲਮਾਂ ਦੇਖਦਾ ਰਹਿੰਦਾ ਹੈ ਮਤਲਬ ਇੱਕ ਅਗਿਆਤ ਜਿਹੀ ਐਲ ਈ ਡੀ ਉਸ ਦੇ ਸਾਹਮਣੇ ਚਲਦੀ ਰਹਿੰਦੀ ਹੈ ਜਿਸ ਵਿਚ ਉਹ ਖੁਦ ਇੱਕ ਐਕਟਰ ਹੁੰਦਾ ਹੈ।
ਹਰ ਪ੍ਰਾਣੀ ਦੇ ਸੌਣ ਦਾ ਸਮਾਂ ਅਤੇ ਢੰਗ ਅਲੱਗ ਅਲੱਗ ਹੁੰਦਾ ਹੈ। ਉਹ ਬੈਠੇ, ਖੜੇ, ਲੇਟੇ ਹੋਏ ਸੌਂ ਸਕਦੇ ਹਨ।
ਇਨਸਾਨ ਵੀ ਵੱਖ ਵੱਖ ਪੁਜੀਸ਼ਨਾਂ ਵਿੱਚ ਸੌਂਦਾ ਹੈ। ਕੁਝ ਲੋਕ ਜਵਾਂ ਸਿੱਧੇ ਲੇਟਦੇ ਹਨ। ਇਸ ਤਰ੍ਹਾਂ ਸਿੱਧਾ ਲੇਟ ਕੇ ਸੌਣ ਨੂੰ ਸਾਡੇ ਸਮਾਜ ਵਿੱਚ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਜਵਾਂ ਸਿੱਧਾ ਜਾਂ ਤਾਂ ਮਰੀਜ਼ ਲੇਟਦੇ ਹਨ ਜਾਂ ਫਿਰ ਮੁਰਦਾ ਦੇਹਿ ਨੂੰ ਲਿਟਾਇਆ ਜਾਂਦਾ ਹੈ। ਪਰ ਆਰਾਮ ਨੂੰ ਮੁੱਖ ਰੱਖਕੇ ਕਈ ਸਿੱਧਾ ਲੇਟਦੇ ਹਨ। ਕੁਝ ਪੁੱਠੇ ਪੈਂਦੇ ਹਨ। ਦੋਵੇਂ ਹੱਥ ਅਤੇ ਪੈਰ ਖਿਲਾਰਕੇ। ਅਕਸਰ ਜਿਆਦਾ ਥੱਕੇ ਜਾਂ ਸ਼ਰਾਬੀ ਇਸ ਅਵਸਥਾ ਵਿੱਚ ਸੌਂਦੇ ਹਨ। ਉਂਜ ਟੇਡਾ ਸੌਣ ਨੂੰ ਸਹੀ ਮੰਨਿਆ ਜਾਂਦਾ ਹੈ ਉਹ ਵੀ ਡੇਢ ਟੰਗ ਖੋਲ੍ਹਕੇ। ਮਤਲਬ ਸੌਣ ਵੇਲੇ ਇੱਕ ਲੱਤ ਜਵਾਂ ਸਿੱਧੀ ਹੋਣੀ ਚਾਹੀਦੀ ਹੈ ਤੇ ਦੂਸਰੀ ਮੁੜੀ ਹੋਈ। ਇਹ ਸਭ ਤੋਂ ਵਧੀਆ ਪੁਜੀਸ਼ਨ ਮੰਨੀ ਗਈ ਹੈ। ਇਸ ਲਈ ਵੀ ਸੱਜੇ ਪਾਸੇ ਜਾਂ ਖੱਬੇ ਪਾਸੇ ਸੌਣ ਦੇ ਵੱਖਰੇ ਨਿਯਮ ਹਨ। ਕਈ ਧੋਣ ਨੂੰ ਉਪਰ ਚੁੱਕਕੇ ਸੌਂਦੇ ਹਨ। ਕਈ ਗਰਦਨ ਸਿੱਧੀ ਰੱਖਦੇ ਹਨ। ਮੇਰੇ ਵਰਗੇ ਕਈ ਦੋ ਸਿਰਹਾਣੇ ਲੈਕੇ ਸੌਂਦੇ ਹਨ ਤੇ ਕੁਝ ਬਿਨਾਂ ਸਿਰਹਾਣੇ ਤੋਂ ਨੀਂਦ ਦਾ ਲੁਤਫ਼ ਉਠਾਉਂਦੇ ਹਨ। ਆਪਣਾ ਸਰੀਰ ਢੱਕ ਕੇ ਸੌਣ ਵਾਲਿਆਂ ਦੇ ਆਪਣੇ ਤਰਕ ਹਨ ਤੇ ਕਈ ਬਿਨਾਂ ਚਾਦਰ ਖੇਸ ਦੇ ਹੀ ਸੋਂ ਜਾਂਦੇ ਹਨ। ਰਾਤ ਨੂੰ ਲਾਈਟ ਜਗਾਕੇ ਸੌਣਾ ਮੱਧਮ ਲਾਈਟ ਵਿੱਚ ਸੌਣਾ ਅਤੇ ਬਿਲਕੁਲ ਹਨੇਰੇ ਵਿੱਚ ਸੌਣ ਦੀਆਂ ਆਦਤਾਂ ਵੱਖ ਵੱਖ ਹੁੰਦੀਆਂ ਹਨ। ਕਦੇ ਰਿਕਸ਼ੇ ਵਾਲੇ ਨੂੰ ਰਿਕਸ਼ੇ ਦੀ ਸੀਟ ਟੇਡੀ ਕਰਕੇ ਸੁੱਤਾ ਵੇਖਿਓਂ। ਉਹ ਬੇਫਿਕਰ ਹੋਕੇ ਸੌਂਦਾ ਹੈ।ਉਹ ਇਸ ਨੂੰ ਬਹੁਤ ਅਰਾਮ ਵਾਲ਼ੇ ਪਲ ਮੰਨਦਾ ਹੈ। ਤੇ ਕਈ ਅੱਠ ਇੰਚੀ ਫੋਮ ਦੇ ਗੱਦਿਆਂ ਤੇ ਸਾਰੀ ਰਾਤ ਜਾਗਕੇ ਲੰਘਾ ਦਿੰਦੇ ਹਨ। ਕਈਆਂ ਨੂੰ ਬਿਸਤਰੇ ਵਿੱਚ ਪਈ ਇੱਕ ਸਿਲਵਟ ਸਾਰੀ ਰਾਤ ਸੌਣ ਨਹੀਂ ਦਿੰਦੀ। ਕਹਿੰਦੇ ਨੀਂਦ ਨਾ ਵੇਖੇ ਬਿਸਤਰਾ, ਇਸ਼ਕ ਨਾ ਦੇਖੇ ਜਾਤ। ਬਿਮਾਰਾਂ ਅਤੇ ਆਸ਼ਕਾਂ ਦੀ ਕਿਸਮਤ ਵਿਚ ਨੀਂਦ ਕਿੱਥੇ? ਪਰ ਕਹਿੰਦੇ ਮਿਰਜ਼ਾ ਜੰਡ ਹੇਠ ਸੌ ਗਿਆ ਸੀ ਤੇ ਸੱਸੀ ਸੁੱਤੀ ਰਹਿ ਗਈ ਸੀ ਤੇ ਉਹ ਪੁੰਨੁ ਨੂੰ ਲ਼ੈ ਗਏ। ਮੇਰਾ ਇੱਕ ਦੋਸਤ ਹੈ ਉਹ ਸੌਣ ਤੋਂ ਪਹਿਲ਼ਾਂ ਦੋ ਸਿਗਰਟਾਂ ਫੂਕਦਾ ਹੈ ਫਿਰ ਨੀਂਦ ਆਉਂਦੀ ਹੈ। ਮੂੰਹ ਖੋਲ੍ਹ ਕੇ ਸੌਣ ਵਾਲੇ ਵੀ ਸਾਡੇ ਵਿਚੋਂ ਹੀ ਹੁੰਦੇ ਹਨ। ਮੇਰੇ ਨਾਨਕੇ ਪਰਿਵਾਰ ਵਿੱਚ ਡੋਲੀ ਨਾਲ ਆਈ ਨੈਨ ਮੂੰਹ ਖੋਲ੍ਹਕੇ ਸੌਂਦੀ ਸੀ ਕਿਸੇ ਨੇ ਸੁੱਤੀ ਹੋਈ ਦੇ ਮੂੰਹ ਵਿੱਚ ਲੱਡੂ ਪਾ ਦਿੱਤਾ। ਹਾਸੀ ਦੀ ਗੱਲ ਨਹੀਂ ਸੌਣਾ ਅਤੇ ਨਾ ਸੌਣਾ ਦੋਨੇ ਹੀ ਬਿਮਾਰੀਆਂ ਹਨ। ਕਿਸੇ ਨੂੰ ਗੋਲੀ ਖਾ ਕੇ ਵੀ ਨੀਂਦ ਨਹੀਂ ਆਉਂਦੀ ਉਹ ਸਾਰੀ ਰਾਤ ਸਾਹਮਣੇ ਲੱਗੇ ਕਲੌਕ ਨੂੰ ਦੇਖਦਾ ਰਹਿੰਦਾ ਹੈ। ਕੋਈਂ ਬੈਠਾ ਬੈਠਾ ਸੌ ਜਾਂਦਾ ਹੈ। ਜਿਲ੍ਹਾ ਲੈਵਲ ਦਾ ਮੇਰਾ ਇੱਕ ਦੋਸਤ ਰੋਟੀ ਖਾਂਦਾ ਖਾਂਦਾ ਸੌ ਜਾਂਦਾ ਸੀ। ਇੱਕ ਵਾਰੀ ਕਹਿੰਦੇ ਉਹ ਹਾਈ ਕੋਰਟ ਵਿੱਚ ਹੀ ਸੌਂ ਗਿਆ। ਇਹ ਬਹੁਤ ਭੈੜੀ ਬਿਮਾਰੀ ਹੈ। ਦਫਤਰ ਵਿੱਚ ਤਾਂ ਉਹ ਗੱਲ ਕਰਦਾ ਕਰਦਾ ਸੋਂ ਜਾਂਦਾ ਸੀ। ਕੁਝ ਲੋਕ ਸੌਂਦੇ ਹੀ ਆਪਣਾ ਪੀਟਰ ਇੰਜਨ ਚਾਲੂ ਕਰ ਦਿੰਦੇ ਹਨ। ਉਹ ਸੁੱਤੇ ਹੋਏ ਸਾਇਰਨ ਸੀਟੀ ਅਤੇ ਕਈ ਹੋਰ ਸਾਜ ਵਜਾਉਂਦੇ ਹਨ। ਉਹਨਾਂ ਦੇ ਹੁੰਦਿਆਂ ਕੋਈਂ ਹੋਰ ਨਹੀਂ ਸੋਂ ਸਕਦਾ। ਮੇਰੇ ਪਾਪਾ ਜੀ ਕਿਹਾ ਕਰਦੇ ਸੀ ਕਿ “ਖਾਕੇ ਜਾਈਏ ਸੋਂ ਤੇ ਮਾਰਕੇ ਜਾਈਏ ਭੱਜ।” ਉਹ ਦੁਪਹਿਰ ਦੀ ਰੋਟੀ ਤੋਂ ਬਾਅਦ ਜਰੂਰ ਸੌਂਦੇ ਚਾਹੇ ਦਸ ਮਿੰਟ ਹੀ। ਹੁਣ ਇਹ ਖਾਨਦਾਨੀ ਪਰੰਪਰਾ ਮੇਰਾ ਛੋਟਾ ਭਰਾ ਨਿਭਾ ਰਿਹਾ ਹੈ।
ਕਈ ਬੱਸ ਦਾ ਸਫ਼ਰ ਸੋਂ ਕੇ ਪੂਰਾ ਕਰਦੇ ਹਨ। ਸਕੂਲਾਂ ਦੀਆਂ ਭੈਣਜੀਆਂ ਚਲਦੀ ਬੱਸ ਵਿੱਚ ਖੜੇ ਖੜੇ ਹੀ ਨੀਂਦ ਲ਼ੈ ਲੈਂਦੀਆਂ ਹਨ। ਸਾਰੀਆਂ ਨਹੀਂ ਤਾਂ ਅੱਧੀਆਂ ਰਸਤੇ ਵਿੱਚ ਨੀਂਦ ਪੂਰੀ ਕਰਦੀਆਂ ਹਨ। ਕਈਆਂ ਦੇ ਘੁਰਾੜੇ ਸਟਾਫ ਰੂਮ ਦਾ ਮਾਹੌਲ ਰੰਗੀਨ ਬਣਾਉਂਦੇ ਹਨ। ਇੱਕ ਰਾਤ ਜਾਗਣ ਨਾਲ ਮੇਰਾ ਗਲਾ ਬੈਠ ਜਾਂਦਾ ਹੈ ਤੇ ਅਗਲੇ ਦਿਨ ਮੇਰੀ ਆਵਾਜ਼ ਫੱਟਣ ਲੱਗ ਜਾਂਦੀ ਹੈ। ਮੈਂ ਕਦੇ ਪੂਰਾ ਜਗਰਾਤਾ ਨਹੀਂ ਸੁਣਿਆ। ਪ੍ਰੰਤੂ ਕਈ ਰਾਤਾਂ ਨੂੰ ਲਗਾਤਾਰ ਜਾਗਦੇ ਹਨ ਪ੍ਰੰਤੂ ਦਿਨੇ ਕੰਮ ਕਰਦੇ ਹਨ। ਸਾਡੇ ਸਕੂਲ ਵਿੱਚ ਇੱਕ ਸਾਬਕਾ ਫੌਜੀ ਚੌਕੀਦਾਰ ਦੀ ਅੱਠ ਘੰਟੇ ਦੀ ਡਿਊਟੀ ਕਰਦਾ ਸੀ। ਸ਼ੁਰੂ ਸ਼ੁਰੂ ਵਿੱਚ ਉਹ ਦੋ ਸ਼ਿਫਟਾਂ ਇਕੱਠੀਆਂ ਲਗਾ ਲੈਂਦਾ ਫਿਰ ਤਿੰਨ ਸ਼ਿਫਟਾਂ ਲਗਾਉਣ ਲੱਗ ਪਿਆ। ਆਪਣੀ ਸਾਹੁਲੀਅਤ ਲਈ ਉਹ ਲਗਾਤਾਰ ਚਾਰ ਸਿਫਟ ਯਾਨੀ 32 ਘੰਟੇ ਡਿਊਟੀ ਦਿੰਦਾ ਤੇ ਫਿਰ ਉਹ ਲਗਾਤਾਰ ਦੋ ਦਿਨ ਸੌਂਦਾ।
ਬੱਚਿਆਂ ਨੂੰ ਸਵਾਉਣ ਲਈ ਲੋਰੀ ਦੇਣ ਦਾ ਰਿਵਾਜ਼ ਸੀ ਹੁਣ ਉਹ ਬੱਚੇ ਲੋਰੀ ਦੀ ਬਜਾਏ ਮੋਬਾਇਲ ਦੇਖਦੇ ਦੇਖਦੇ ਸੋਂ ਜਾਂਦੇ ਹਨ। ਪਹਿਲ਼ਾਂ ਮਾਵਾਂ ਬੱਚਿਆਂ ਨੂੰ ਸੰਵਾਉਣ ਲਈ ਹਰੀ ਸਿੰਘ ਨਲੂਏ ਦਾ ਨਾਮ ਲੈਂਦੀਆਂ ਸਨ ਫਿਰ ਇਹ ਮਹਿਕਮਾ ਗੱਬਰ ਸਿੰਘ ਨੇ ਸੰਭਾਲ ਲਿਆ। ਕੁਝ ਦੇਰ ਬੱਚਿਆਂ ਨੂੰ ਸੰਵਾਉਣ ਲਈ ਮਾਣੋਂ ਬਿੱਲੀ ਨੂੰ ਵੀ ਯਾਦ ਕੀਤਾ ਜਾਂਦਾ ਰਿਹਾ ਹੈ। ਹਿੰਦੇ ਜਦੋਂ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਜਾਂ ਸਿਮਰਨ ਕਰਨਾ ਆਰੰਭ ਕਰੋ ਤਾਂ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਭੁਖਿਆਂ ਨੂੰ ਵੀ ਨੀਂਦ ਨਹੀਂ ਆਉਂਦੀ ਫਿਰ ਉਹ ਅੱਧੀ ਰਾਤ ਨੂੰ ਪਰੌਂਠੇ ਬਣਾ ਕੇ ਖਾਂਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.sa



