*ਪਹਿਲੀ ਵਾਰ ਧਰਨਾ ਲਗਾਉਣ ‘ਤੇ ਹੋਏ ਸਮਝੌਤੇ ਅਨੁਸਾਰ ਠੇਕਾ ਮਾਲਕਾਂ ਨੇ ਤੈਅ ਸਮੇਂ ‘ਤੇ ਨਹੀਂ ਚੁੱਕਿਆ ਠੇਕਾ-ਪਿੰਡ ਵਾਸੀ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਵਿਰਕਾਂ ਵਿਖੇ ਪਿੰਡ ਦੀ ਸੰਘਣੀ ਅਬਾਦੀ ‘ਚ ਖੁੱਲੇ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਲਈ ਸਤਪਾਲ ਵਿਰਕ ਸੀਨੀਅਰ ਬਸਪਾ ਆਗੂ ਤੇ ਰਾਮ ਸਰੂਪ ਚੰਬਾ ਸਾਬਕਾ ਸਰਪੰਚ ਵਿਰਕਾਂ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆਂ ਵਲੋਂ ਦੂਸਰੀ ਵਾਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬੋਲਦਿਆਂ ਸਤਪਾਲ ਵਿਰਕ ਸੀਨੀਅਰ ਬਸਪਾ ਆਗੂ ਤੇ ਰਾਮ ਸਰੂਪ ਚੰਬਾ ਸਾਬਕਾ ਸਰਪੰਚ ਵਿਰਕਾਂ ਦੀ ਅਗਵਾਈ ਹੇਠ ਸਮੂਹ ਮੋਹਤਬਰਾਂ ਨੇ ਕਿਹਾ ਕਿ ਜਿਹੜੀ ਜਗਾ ਸ਼ਰਾਬ ਦਾ ਠੇਕਾ ਖੋਲਿਆ ਗਿਆ ਹੈ, ਉਹ ਜਗਾ ਪਿੰਡ ਦੀ ਸੰਘਣੀ ਅਬਾਦੀ ‘ਚ ਪੈਂਦੀ ਹੈ | ਇਸਦੇ ਕੋਲ ਹੀ ਇੱਕ ਬਿਰਧ ਆਸ਼ਰਮ ਤੇ ਇੱਕ ਮੰਦਿਰ ਵੀ ਸਥਿਤ ਹੈ, ਜਦਕਿ ਪਿੰਡ ਦੀਆਂ ਔਰਤਾਂ ਦੇ ਬੱਚੇ ਵੀ ਇੱਥੇ ਸੈਰ ਕਰਨ ਲਈ ਆਉਂਦੇ ਹਨ | ਉਨਾਂ ਅੱਗੇ ਕਿਹਾ ਕਿ ਇਸ ਲਈ ਅਸੀਂ ਪਹਿਲਾਂ ਵੀ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ | ਜਿਸ ਉਪਰੰਤ ਦੋਵਾਂ ਧਿਰਾਂ ‘ਚ ਬੀਤੀ ਮਿਤੀ 7 ਸਤੰਬਰ ਨੂੰ ਇੱਕ ਲਿਖਤੀ ਰਾਜ਼ੀਨਾਮਾ ਵੀ ਹੋਇਆ ਸੀ | ਜਿਸ ਅਨੁਸਾਰ ਠੇਕੇ ਦੇ ਮਾਲਿਕ ਜਾਂ ਕਰਿੰਦੇ ਉਕਤ ਜਗਾ ਤੋਂ ਸ਼ਰਾਬ ਦਾ ਠੇਕਾ ਮਿਤੀ 27 ਸਤੰਬਰ ਤੱਕ ਚੁੱਕ ਲੈਣਗੇ | ਪਿੰਡ ਵਾਸੀਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਉਨਾਂ ਅਜੇ ਤੱਕ ਵੀ ਉਕਤ ਜਗਾ ਤੋਂ ਸ਼ਰਾਬ ਦਾ ਠੇਕਾ ਨਹੀਂ ਚੁੱਕਿਆ ਤੇ ਸਮਝੌਤੇ ਦਾ ਉਲੰਘਣਾ ਕੀਤੀ ਹੈ | ਉਨਾਂ ਮੰਗ ਕੀਤੀ ਹੈ ਕਿ ਉਕਤ ਜਗਾ ਤੋਂ ਜਲਦ ਤੋਂ ਜਲਦ ਸ਼ਰਾਬ ਦਾ ਠੇਕਾ ਚੁਕਵਾਇਆ ਜਾਵੇ | ਧਰਨਾ ਲੱਗਣ ਦੀ ਸੂਚਨਾ ਮਿਲਦਿਆਂ ਹੀ ਸ. ਪਲਵਿੰਦਰ ਸਿੰਘ ਐੱਸ. ਐੱਚ ਓ. ਗੋਰਾਇਆ, ਏ. ਐੱਸ. ਆਈ ਚਰਨਜੀਤ ਸਿੰਘ ਦੁਸਾਂਝ ਕਲਾਂ ਤੇ ਠੇਕੇਦਾਰ ਪੁਨੀਤ ਘਟਨਾ ਸਥਾਨ ‘ਤੇ ਪਹੁੰਚ ਗਏ | ਇਸ ਮੌਕੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ‘ਚ ਦੋਵਾਂ ਧਿਰਾਂ ‘ਚ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜੋ ਕਿ ਸਿਰੇ ਨਹੀਂ ਚੜ ਸਕੀਆਂ, ਜਿਸ ਕਾਰਣ ਸਮੂਹ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਪਿੰਡ ‘ਚ ਸ਼ਰਾਬ ਦਾ ਠੇਕਾ ਚੁੱਕਿਆ ਨਹੀਂ ਜਾਂਦਾ, ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly