ਅੱਜਕੱਲ੍ਹ ਵਿਆਹਾਂ ਦੇ ਬਦਲਦੇ ਰੀਤੀ ਰਿਵਾਜ

ਦਵਿੰਦਰ ਕੌਰ

(ਸਮਾਜ ਵੀਕਲੀ)

ਪਹਿਲਾਂ ਨਾਲੋਂ ਅੱਜਕੱਲ੍ਹ ਦੇ ਰੀਤੀ ਰਿਵਾਜ ਬਹੁਤ ਜ਼ਿਆਦਾ ਬਦਲ ਗਏ ਹਨ।ਉਂਜ ਤਾਂ ਸਾਡੇ ਮਾਝੇ ਮਾਲਵੇ ਦੁਆਬੇ ਦੇ ਵੱਖ -ਵੱਖ ਰਿਵਾਜ਼ ਹਨ।ਮਾਲਵੇ ਵਿੱਚ ਵੀ ਹਰ ਜ਼ਿਲ੍ਹੇ ਦੇ ਵੱਖ -ਵੱਖ ਰਿਵਾਜ ਹਨ।ਪਰ ਜੋ ਰੀਤੀ ਰਿਵਾਜ ਪਿਛਲੇ ਜ਼ਮਾਨੇ ਦੇ ਵਿੱਚ ਸਨ, ਉਹ ਰਿਵਾਜ ਅੱਜਕੱਲ੍ਹ ਬਿਲਕੁਲ ਖ਼ਤਮ ਹੋ ਚੁੱਕੇ ਹਨ। ਮਾਡਰਨ ਜ਼ਮਾਨਾ ਹੋਣ ਕਰਕੇ ਪਿਛਲੇ ਰਿਵਾਜਾਂ ਨੂੰ ਭੁੱਲ ਗਿਆ ਹੈ, ਤੇ ਆਪਣੇ ਹੀ ਰਿਵਾਜ ਚਲਾ ਰਹੇ ਹਨ। ਪਹਿਲਾਂ ਕੁੜੀ ਦੇ ਵਿਆਹ ਤੇ ਪੂਰਾ ਪਿੰਡ ਇਕੱਠਾ ਹੁੰਦਾ ਸੀ ।ਇਹ ਮੰਨਦੇ ਸਨ ਕਿ ਪੂਰੇ ਪਿੰਡ ਦੀ ਹੀ ਕੁੜੀ ਦਾ ਵਿਆਹ ਹੈ ।ਉਹ ਇੱਕ ਘਰ ਦੀ ਕੁੜੀ ਨਹੀਂ ਪੂਰੇ ਪਿੰਡ ਦੀ ਧੀ ਹੈ।ਵਿਆਹ ਸ਼ੁਰੂ ਹੋਣ ਤੋਂ ਲੈ ਕੇ ਵਿਆਹ ਦੇ ਖ਼ਤਮ ਹੋਣ ਤੱਕ ਪੂਰਾ ਪਿੰਡ ਆਪਣੇ ਘਰ ਦਾ ਵਿਆਹ ਸਮਝ ਕੇ ਵਿਆਹ ਨੂੰ ਭੁਗਤਾਉਂਦਾ ਸੀ।ਬਰਾਤ ਦੀ ਆਓ ਭਗਤ ਵੀ ਪੂਰੇ ਪਿੰਡ ਵਾਲੇ ਬਹੁਤ ਵਧੀਆ ਢੰਗ ਨਾਲ ਕਰਦੇ ਸਨ।

ਘਰ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ ਕਿ ਬਰਾਤ ਆ ਗਈ ਜਾਂ ਨਹੀਂ ।ਬਰਾਤ ਲਈ ਰਹਿਣ ਦਾ ਇੰਤਜ਼ਾਮ ਪਿੰਡ ਵਾਲੇ ਹੀ ਕਰਦੇ ਸਨ। ਚਾਹੇ ਜੰਝ ਘਰ ਵਿੱਚ ਚਾਹੇ ਆਪੋ ਆਪਣੇ ਘਰਾਂ ਦੇ ਕੁਝ ਕਮਰੇ ਖਾਲੀ ਕਰਕੇ ਬਰਾਤ ਦਾ ਠਹਿਰਾਓ ਕੀਤਾ ਜਾਂਦਾ ਸੀ । ਉਸ ਟਾਈਮ ਵਿਆਹ ਪੰਦਰਾਂ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ ।ਘਰ ਵਿਚ ਕੰਮ ਕਰਵਾਉਣ ਲਈ ਪੰਦਰਾਂ ਦਿਨ ਪਹਿਲਾਂ ਹੀ ਪਿੰਡ ਇਹ ਹਰ ਘਰ ਵਿੱਚ ਨਿਓਤਾ ਦਿੱਤਾ ਜਾਂਦਾ ਸੀ।ਪੂਰੇ ਪਿੰਡ ਵਿੱਚ ਇੱਕ ਰੌਣਕ ਵਾਲਾ ਮਾਹੌਲ ਹੁੰਦਾ ਸੀ। ਸਾਡੇ ਪਿੰਡ ਵਿੱਚ ਇੱਕ ਵਿਆਹ ਹੈ।ਪੂਰੇ ਪਿੰਡ ਦੀ ਰੋਟੀ ਵੀ ਵਿਆਹ ਵਾਲੇ ਘਰ ਵਿੱਚ ਹੀ ਹੁੰਦੀ ਸੀ।ਕੜਾਹੀ ਵਿਆਹ ਵਾਲੇ ਦਿਨ ਕੁਝ ਦਿਨ ਪਹਿਲਾਂ ਚੜ੍ਹਾਈ ਜਾਂਦੀ ਸੀ ।

ਨਾਲੇ ਪੂਰਾ ਪਿੰਡ ਲੱਡੂ ਵੱਟਦਾ ਸੀ, ਨਾਲੇ ਪਿੰਡ ਦੀਆਂ ਔਰਤਾਂ ਲੱਡੂਆਂ ਦੇ ਨਾਲ ਨਾਲ ਗੀਤ ਵੀ ਗਾਉਂਦੀਆਂ ਸਨ।ਵਿਆਹ ਵਾਲੇ ਘਰ ਵਿੱਚ ਗੀਤ ਗਾਉਣ ਦਾ ਰਿਵਾਜ ਜਿਸ ਦਿਨ ਵਿਆਹ ਬੰਨ੍ਹ ਦਿੱਤਾ ਜਾਂਦਾ ਸੀ। ਉਸੇ ਦਿਨ ਤੋਂ ਸਿੱਠਣੀਆਂ ਤੇ ਲੋਕ ਗੀਤ ਗਾਏ ਜਾਂਦੇ ਸਨ।ਸੁਹਾਗ ਵੀ ਗਾਏ ਜਾਂਦੇ ਸਨ। ਫਿਰ ਹੌਲੀ -ਹੌਲੀ ਰਿਸ਼ਤੇਦਾਰਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਸੀ । ਜਿਸ ਦਿਨ ਨਾਨਕੇ ਆਉਂਦੇ ਸਨ ਪੂਰੇ ਪਿੰਡ ਦੇ ਵਿੱਚ ਢੋਲਕੀਆਂ ਤੇ ਗੀਤ ਗਾਏ ਜਾਂਦੇ ਸਨ।ਨਾਨਕਿਆਂ ਦਾ ਸਵਾਗਤ ਪੂਰੀ ਧੂਮਧਾਮ ਨਾਲ ਕੀਤਾ ਜਾਂਦਾ ਸੀ। ਨਾਨਕੇ ਆਉਣ ਦੀ ਸੁਬ੍ਹਾ ਤੋਂ ਹੀ ਉਡੀਕ ਕੀਤੀ ਜਾਂਦੀ ਹੈ।ਉਸ ਟਾਈਮ ਨਾਨਕੇ ਗੱਡਿਆਂ ਤੇ ਆਉਂਦੇ ਸਨ। ਗੱਡੇ ਵੀ ਪੂਰੀ ਤਰ੍ਹਾਂ ਸਜਾਏ ਹੁੰਦੇ ਸਨ ॥ਸਾਰੇ ਨਾਨਕਿਆਂ ਦੇ ਤੁਰਲੇ ਵਾਲੀਆਂ ਪੱਗਾਂ ਤੇ

ਚਾਦਰੇ ਬੰਨ੍ਹੇ ਹੁੰਦੇ ਸਨ। ਔਰਤਾਂ ਦੇ ਸੱਗੀ ਫੁੱਲ ਤੇ ਘੱਗਰੇ ਪਾਏ ਹੁੰਦੇ ਹਨ ।ਅੌਰਤਾਂ ਸੋਲ਼ਾਂ ਸ਼ਿੰਗਾਰ ਕਰਕੇ ਕਿਤੇ ਗਿੱਧੇ ਦੀ ਰੌਣਕ ਬਣਾਉਂਦੀਆਂ ਸਨ। ਪਿੱਪਲ ਪੱਤੀਆਂ, ਸੱਗੀ ਫੁੱਲ ,ਨੱਥ, ਝਾਂਜਰ ਤੇ ਰਾਣੀ ਹਾਰ ਦਾ ਬਹੁਤ ਜ਼ਿਆਦਾ ਰਿਵਾਜ ਹੁੰਦਾ ਸੀ ।ਨਾਨਕੇ ਆਉਂਦੇ ਹੀ ਦਾਦਕੀਆਂ ਨੂੰ ਸਿੱਠਣੀਆਂ ਦੇਣ ਲੱਗ ਜਾਂਦੇ ਸਨ। ਇਕ ਪਾਸੇ ਦਾਦਕਿਆਂ ਤੇ ਨਾਨਕਿਆਂ ਦਾ ਬੜਾ ਵਧੀਆ ਪਿਆਰ ਵਾਲਾ ਇਕ ਟਾਕਰਾ ਗਿੱਧੇ ਦੀ ਹੋਰ ਰੌਣਕ ਵਧਾਉਂਦਾ ਸੀ ।ਬੜੇ ਚਾਅ ਨਾਲ ਜੋ ਨਾਨਕੇ ਨਾਨਕ ਛੱਕ ਵਿੱਚ ਜੋ ਸਾਮਾਨ ਲੈ ਕੇ ਆਉਂਦੇ ਸਨ।

ਉਹ ਪੂਰੇ ਪਿੰਡ ਵਿੱਚ ਦਿਖਾਇਆ ਜਾਂਦਾ ਸੀ।ਵਿਆਹ ਵਾਲੀ ਕੁੜੀ ਦਾ ਆਨੰਦ ਕਾਰਜ ਵਾਲਾ ਸੂਟ , ਕੁੜੀ ਦਾ ਚੂੜਾ ਵੀ ਨਾਨਕੇ ਮਾਮਾ ਹੀ ਲੈ ਕੇ ਆਉਂਦਾ ਸੀ।ਵਿਆਹ ਤੋਂ ਇਕ ਦਿਨ ਪਹਿਲਾਂ ਜਾਗੋ ਕੱਢੀ ਜਾਂਦੀ ਸੀ ।ਉਸ ਟਾਈਮ ਦੀ ਜਾਗੋ ਦੇਖਣ ਵਾਲੀ ਹੁੰਦੀ ਸੀ ।ਪੂਰੇ ਪਿੰਡ ਵਿੱਚ ਜਾਗੋ ਕੱਢੀ ਜਾਂਦੀ ਸੀ । ਵੱਡੀ ਮਾਮੀ ਸਿਰ ਤੇ ਜਾਗੋ ਚੁੱਕ ਕੇ ਪੂਰੇ ਪਿੰਡ ਵਿੱਚ ਗੇੜਾ ਦਿੰਦੀ ਸੀ।ਜਦੋਂ ਨਾਨਕੀਆਂ ਸੱਜ ਧੱਜ ਕੇ ਜਾਗੋ ਲੈ ਕੇ ਬਾਹਰ ਨਿਕਲਦੀਆਂ ਸਨ ,ਤਾਂ ਪੂਰਾ ਪਿੰਡ ਕੋਠਿਆਂ ਉੱਪਰ ਚੜ੍ਹ ਕੇ ਜਾਗੋ ਨਿਕਲ ਦੀ ਦੇਖਦਾ ਸੀ ।

ਪੂਰਾ ਪਿੰਡ ਲਾਈਟਾਂ ਤੇ ਫੁੱਲਾਂ ਦੇ ਨਾਲ ਸਜਾਇਆ ਹੁੰਦਾ ਸੀ।ਚੰਨ ਦੀ ਰੋਸ਼ਨੀ, ਲਾਈਟਾਂ ਦੀ ਰੋਸ਼ਨੀ ਤੇ ਜਾਗੋ ਵਾਲੇ ਦੀਵਿਆਂ ਦੀ ਲੋਅ ਦਾ ਇੱਕ ਅਲੱਗ ਹੀ ਨਜ਼ਾਰਾ ਹੁੰਦਾ ਸੀ ।ਉਸ ਟਾਈਮ ਕੋਈ ਵੀ ਨਾਨਕਿਆਂ ਦੇ ਸਵਾਗਤ ਲਈ ਪੂਰਾ ਪਿੰਡ ਆਪੋ ਆਪਣੇ ਦਰਵਾਜ਼ੇ ਖੁੱਲ੍ਹੇ ਛੱਡ ਦਿੰਦੇ ਸਨ। ਹਰ ਘਰ ਦੇ ਵਿਚ ਜਿਸ ਦੇ ਸਿਰ ਤੇ ਜਾਗੋ ਹੁੰਦੀ ਸੀ ,ਉਸ ਨੂੰ ਸ਼ਗਨ ਦਿੱਤਾ ਜਾਂਦਾ ਸੀ ।ਅੱਧਾ ਪਿੰਡ ਬਰਾਤ ਦੀ ਸਾਂਭ ਸੰਭਾਈ ਦੇ ਵਿੱਚ ਲੱਗਿਆ ਹੁੰਦਾ ਸੀ ।ਬਰਾਤ ਲਈ ਖਾਣ ਪੀਣ ਦਾ ਜੋ ਵੀ ਪ੍ਰਬੰਧ ਸੀ, ਉਹ ਪਿੰਡ ਵਾਲੇ ਹੀ ਕਰਦੇ ਸਨ ।ਉਸ ਟਾਇਮ ਬਰਾਤ ਵੀ ਪਿੰਡ ਵਿੱਚ ਚਾਰ ਪੰਜ ਦਿਨ ਰਹਿੰਦੀ ਸੀ।ਬਰਾਤ ਊਠਾਂ ਤੇ ਘੋੜਿਆਂ ਤੇ ਆਉਂਦੀ ਸੀ।

ਅਨੰਦ ਕਾਰਜ ਸੂਬਾ ਦੇ ਟਾਈਮ ਪੰਜ ਵਜੇ ਤੱਕ ਕਰ ਦਿੱਤੇ ਜਾਂਦੇ ਸਨ। ਜਾਗੋ ਤੋਂ ਅਗਲੇ ਦਿਨ ਆਨੰਦ ਕਾਰਜ ਦੀ ਰਸਮ ਹੋਣੀ ਹੁੰਦੀ ਹੈ। ਉਸ ਦਿਨ ਸੁਬ੍ਹਾ ਪਹਿਲਾਂ ਪੂਰੀ ਬਰਾਤ ਨੂੰ ਤਿਆਰ ਕੀਤਾ ਜਾਂਦਾ ਹੈ।ਉੱਧਰ ਕੁੜੀ ਦੀ ਨ੍ਹਾਈ ਧੋਈ ਵਟਣਾ ਮਲ ਕੇ ਕੀਤੀ ਜਾਂਦੀ ਹੈ।ਪਹਿਲਾਂ ਪੂਰੇ ਜੋ ਅੰਗੀ ਸਾਕੀ ਹੁੰਦੇ ਹਨ। ਕੁੜੀ ਦੇ ਵੱਟਣਾ ਮਲਦੇ ਹਨ, ਫਿਰ ਨੈਣ ਨਾਈ ਤੋਂ ਹੀ ਕਰਵਾਉਂਦੀ ਹੈ।ਨ੍ਹਾਈ ਧੋਈ ਵੇਲੇ ਵੀ ਕਾਫ਼ੀ ਰਿਵਾਜ ਵਰਤੇ ਜਾਂਦੇ ਸਨ। ਜਿਵੇਂ ਦੀਵਾ ਰੱਖਣਾ,ਇਕ ਪਲੇਟ ਦੇ ਵਿਚ ਸਾਰਾ ਸ਼ਗਨ ਦਾ ਸਮਾਨ ਸਜਾਇਆ ਜਾਂਦਾ ਸੀ ।ਜਿਵੇਂ ਪਿੱਪਲ ਦੇ ਪੱਤੇ ਘਾਹ ਖੰਮ੍ਹਣੀ ਆਦਿ ਨ੍ਹਾਈ ਧੋਈ ਤੋਂ ਬਾਅਦ ਮਾਮਾ ਕੁੜੀ ਨੂੰ ਚੁੱਕ ਕੇ ਦੀਵੇ ਉੱਤੇ ਪੈਰ ਰੱਖਦਾ ਸੀ ।

ਥੱਲੇ ਰੱਖੇ ਹੋਏ ਦੀਵੇ ਕੁੜੀ ਨੇ ਤੋੜਨੇ ਹੁੰਦੇ ਸੀ।ਕੁੜੀ ਦੇ ਉੱਪਰ ਸ਼ਗਨਾਂ ਵਾਲੀ ਫੁਲਕਾਰੀ ਦਿੱਤੀ ਜਾਂਦੀ ਸੀ।ਨ੍ਹਾਈ ਧੋਈ ਵੇਲੇ ਕੁੜੀਆਂ ਪਿੰਡ ਦੀਆਂ ਔਰਤਾਂ ਗੀਤ ਗਾਉਂਦੀਆਂ ਸਨ ।ਨ੍ਹਾਈ ਧੋਈ ਤੋਂ ਬਾਅਦ ਕੁੜੀ ਨੂੰ ਚੂੜਾ ਪਹਿਨਾਇਆ ਜਾਂਦਾ ਸੀ । ਕੱਚੇ ਦੁੱਧ ਦੇ ਵਿੱਚੋਂ ਕੱਢ ਕੇ ਫੇਰ ਮਾਮਾ ਚੂੜਾ ਪਹਿਨਾਉਂਦਾ ਸੀ ।ਫਿਰ ਕੁੜੀ ਨੂੰ ਆਨੰਦ ਕਾਰਜ ਲਈ ਤਿਆਰ ਕੀਤਾ ਜਾਂਦਾ ਸੀ। ਨਾਨਕਿਆਂ ਵੱਲੋਂ ਆਇਆ ਹੋਇਆ ਸੂਟ ਕੁੜੀ ਨੂੰ ਪਵਾਇਆ ਜਾਂਦਾ ਸੀ। ਕੁੜੀ ਦਾ ਮੂੰਹ ਪੂਰੀ ਤਰ੍ਹਾਂ ਚੁੰਨੀ ਦੇ ਨਾਲ ਕਵਰ ਕੀਤਾ ਜਾਂਦਾ ਸੀ। ਜੋ ਕਿ ਬਰਾਤੀ ਕੁੜੀ ਨੂੰ ਨਾ ਵੇਖ ਸਕਣ ।ਚੰਦ ਦੀ ਚਾਨਣੀ ਦੇ ਵਿੱਚ ਅਨੰਦ ਕਾਰਜ ਕੀਤੇ ਜਾਂਦੇ ਸਨ।ਕੁੜੀ ਨੂੰ ਲਾਵਾਂ ਦਿਵਾਉਣ ਲਈ ਚਾਰ ਭਰਾ ਚਾਰੇ ਕੋਨਿਆਂ ਤੇ ਖੜ੍ਹੇ ਕੀਤੇ ਜਾਂਦੇ ਸਨ ।

ਉਹੀ ਭਰਾ ਕੁੜੀ ਨੂੰ ਫਡ਼ ਕੇ ਲਾਵਾਂ ਦਿਵਾਉਂਦੇ ਸਨ। ਕੁੜੀ ਦਾ ਮੂੰਹ ਤਾਂ ਘੁੰਡ ਦੇ ਨਾਲ ਕਵਰ ਕੀਤਾ ਹੁੰਦਾ ਸੀ । ਕੁੜੀ ਨੂੰ ਫਡ਼ ਕੇ ਲਾਵਾਂ ਲਈਆਂ ਜਾਂਦੀਆਂ ਸਨ ।ਪੂਰੇ ਪਿੰਡ ਦੇ ਲੋਕ ਸ਼ਗਨ ਵੀ ਕੁੜੀ ਨੂੰ ਬਾਬਾ ਜੀ ਦੀ ਬੀੜ ਅੱਗੇ ਹੀ ਦਿੰਦੇ ਸਨ ।ਉਸ ਆਨੰਦ ਕਾਰਜ ਤੋਂ ਬਾਅਦ ਮੁੰਡੇ ਨੂੰ ਮੱਠੜੀਆਂ ਚਬਾਈਆਂ ਜਾਂਦੀਆਂ ਸਨ। ਉਸ ਟਾਈਮ ਸਾਲ਼ੀਆਂ ਮੁੰਡੇ ਨੂੰ ਮਹਿੰਦੀ ਵੀ ਲਾਉਂਦੀਆਂ ਸਨ। ਤੇ ਮਜ਼ਾਕ ਵੀ ਬਹੁਤ ਕਰ ਲੈਂਦੀਆਂ ਸਨ।ਮੁੰਡੇ ਵੱਲੋਂ ਸਾਲੀਆਂ ਨੂੰ ਸ਼ਗਨ ਚਾਂਦੀ ਦੇ ਛੱਲੇ ਤੇ ਇੱਕ ਮੁੰਦਰੀ ਦਿੱਤੀ ਜਾਂਦੀ ਸੀ।ਵਿਆਹ ਤੋਂ ਬਾਅਦ ਕੁੜੀ ਦੀ ਪਹਿਲੀ ਰੋਟੀ ਕੁੜੀ ਦਾ ਸਹੁਰਾ ਥਾਲੀ ਸਜਾ ਕੇ ਵਿੱਚ ਸ਼ਗਨ ਰੱਖ ਕੇ ਕੁੜੀ ਨੂੰ ਖਾਣ ਲਈ ਭੇਜਦਾ ਸੀ।

ਉਸ ਤੋਂ ਬਾਅਦ ਕੁੜੀ ਨੂੰ ਤੋਰਨ ਦੀ ਰਸਮ ਸ਼ੁਰੂ ਹੋ ਜਾਂਦੀ ਸੀ ।ਪਿੰਡ ਦੀ ਜੂਹ ਤਕ ਡੋਲੀ ਨੂੰ ਕੁੜੀ ਦੇ ਭਰਾ ਹੀ ਕੰਧੇ ਚੁੱਕ ਕੇ ਛੱਡ ਕੇ ਆਉਂਦੇ ਸਨ।ਕੁੜੀ ਡੋਲੀ ਤੁਰਨ ਵੇਲੇ ਚੌਲਾਂ ਦੀ ਰਸਮ ਅਦਾ ਕੀਤੀ ਜਾਂਦੀ ਸੀ।ਉਸ ਦਾ ਮਤਲਬ ਇਹ ਹੁੰਦਾ ਸੀ ,ਕਿ ਮੇਰੇ ਪੇਕਿਆਂ ਦੇ ਘਰ ਹਮੇਸ਼ਾਂ ਭਰੇ ਰਹਿਣ ।

ਪਰ ਅੱਜਕੱਲ੍ਹ ਸਾਰੇ ਰਸਮ ਰਿਵਾਜ ਖ਼ਤਮ ਹੋ ਚੁੱਕੇ ਹਨ।ਨਾ ਹੀ ਹੁਣ ਉਹੋ ਜਿਹੀ ਜਾਗੋ ਰਹੀ, ਨਾ ਹੀ ਹੁਣ ਛੱਜ ਤੋੜਦਾ ਹੈ ਕੋਈ ।ਕੁਝ ਰਿਸ਼ਤੇਦਾਰ ਤਾਂ ਵਿਆਹ ਤੋਂ ਪਹਿਲਾਂ ਹੀ ਰੁੱਸ ਜਾਂਦੇ ਹਨ। ਪਰ ਜੋ ਰਿਸ਼ਤੇਦਾਰ ਆਉਂਦੇ ਹਨ , ਉਹ ਸਵੇਰੇ ਆਉਂਦੇ ਹਨ ਤੇ ਸ਼ਾਮ ਨੂੰ ਚਲੇ ਜਾਂਦੇ ਹਨ। ਹੁਣ ਤਾਂ ਨਾਨਕੇ ਵੀ ਸਵੇਰੇ ਆਉਂਦੇ ਹਨ ਤੇ ਸ਼ਾਮ ਨੂੰ ਚਲੇ ਜਾਂਦੇ ਹਨ।ਹੁਣ ਪਹਿਲਾਂ ਵਾਲੀ ਰਸਮ ਰਿਵਾਜ ਵੀ ਬਿਲਕੁਲ ਖ਼ਤਮ ਹੋ ਚੁੱਕੇ ਹਨ ।ਕੋਸ਼ਿਸ਼ ਕਰੀਏ ਕਿ ਆਪਾਂ ਪਹਿਲਾਂ ਵੱਲ ਆਪਣਾ ਵਿਰਸਾ ਪਹਿਲਾਂ ਵਾਲੇ ਆਪਣੇ ਰਸਮ ਰਿਵਾਜ ਵਾਪਸ ਲੈ ਕੇ ਆਈਏ ।

ਦਵਿੰਦਰ ਕੌਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਟੂ ਲੀਡਰਾਂ ਨੇ ਜੀਣਾਂ ਹਰਾਮ ਕਰਤਾ
Next articleਆਰ.ਸੀ.ਐਫ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਮਹਿਲਾ ਦੀ ਭੇਦ ਭਰੇ ਹਾਲਤ ਵਿੱਚ ਮੌਤ