ਪੁੱਡੂਚੇਰੀ (ਸਮਾਜ ਵੀਕਲੀ): ਪੁੱਡੂਚੇਰੀ ’ਚ ਅੱਜ ਐੱਨਡੀਏ ਮੰਤਰੀ ਮੰਡਲ ’ਚ ਪੰਜ ਮੰਤਰੀ ਸ਼ਾਮਲ ਕੀਤੇ ਗਏ ਹਨ। ਮੁੱਖ ਮੰਤਰੀ ਐੱਨ ਰੰਗਾਸਵਾਮੀ ਦੇ ਸਹੁੰ ਚੁੱਕਣ ਤੋਂ ਕਰੀਬ ਦੋ ਮਹੀਨੇ ਬਾਅਦ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਦਿਵਾਈ। ਸਹੁੰ ਚੁੱਕਣ ਵਾਲੇ ਮੰਤਰੀਆਂ ’ਚ ਏ ਨਮਾਸ਼ਿਵਾਯਮ, ਕੇ ਲਕਸ਼ਮੀਨਾਰਾਇਣ, ਸੀ ਡੀਜਯਾਕੁਮਾਰ, ਚੰਦਰਿਕਾ ਪ੍ਰਿਯੰਗਾ ਅਤੇ ਏਕੇ ਸਾਈ ਜੇ ਸਰਵਨ ਕੁਮਾਰ ਸ਼ਾਮਲ ਹਨ। ਇਸ ਮੌਕੇ ਮੁੱਖ ਮੰਤਰੀ ਰੰਗਾਸਵਾਮੀ ਤੇ ਹੋਰ ਹਸਤੀਆਂ ਹਾਜ਼ਰ ਸਨ। ਹਾਲਾਂਕਿ ਮੰਤਰੀਆਂ ਦੇ ਵਿਭਾਗਾਂ ਬਾਰੇ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਹੈ।
ਲਕਸ਼ਮੀਨਾਰਾਇਣ, ਡੀਜਯਾਕੁਮਾਰ ਅਤੇ ਪ੍ਰਿਯੰਗਾ ਏਆਈਐੱਨਆਰਸੀ ਦੇ ਆਗੂ ਹਨ ਜਦਕਿ ਨਮਾਸ਼ਿਵਾਯਮ ਤੇ ਸ਼ਰਵਨ ਕੁਮਾਰ ਭਾਜਪਾ ਆਗੂ ਹਨ। ਯੂਟੀ ’ਚ ਪਹਿਲੀ ਵਾਰ ਭਗਵਾਂ ਪਾਰਟੀ ਮੰਤਰੀ ਮੰਡਲ ’ਚ ਸ਼ਾਮਲ ਹੋਈ ਹੈ। ਏਆਈਐੱਨਆਰਸੀ ਵਿਧਾਇਕ ਚੰਦਰਿਕਾ ਪ੍ਰਿਯੰਗਾ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਹੀ ਪੁੱਡੂਚੇਰੀ ’ਚ ਇਤਿਹਾਸ ਰਚ ਦਿੱਤਾ ਹੈ। ਯੂਟੀ ’ਚ 41 ਸਾਲ ਬਾਅਦ ਮੰਤਰੀ ਬਣਨ ਵਾਲੀ ਉਹ ਪਹਿਲੀ ਮਹਿਲਾ ਹੈ। ਪ੍ਰਿਯੰਗਾ ਤੋਂ ਪਹਿਲਾਂ ਮਰਹੂਮ ਕਾਂਗਰਸ ਆਗੂ ਰੇਣੂਕਾ ਅੱਪਾਦੁਰਈ ਸਾਲ 1980-83 ਤੱਕ ਪੁੱਡੂਚੇਰੀ ’ਚ ਮਹਿਲਾ ਮੰਤਰੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly